ਵਾਸ਼ਿੰਗਟਨ – ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਅੱਜ ਸਵੇਰੇ ਸਾਬਕਾ ਰਾਸ਼ਟਰਪਤੀ ਦੇ ਫਲੋਰੀਡਾ ਦੇ ਪਾਮ ਬੀਚ ‘ਤੇ ਸਥਿਤ ਆਲੀਸ਼ਾਨ ਘਰ ‘ਮਾਰ-ਏ-ਲਿਗੋ ‘ਤੇ ਛਾਪਾ ਮਾਰਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਫਬੀਆਈ ਦੇ ਕਈ ਏਜੰਟਾਂ ਨੇ ਟਰੰਪ ਦੇ ਘਰ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਛਾਪੇਮਾਰੀ ਦੀ ਪੁਸ਼ਟੀ ਕੀਤੀ ਹੈ। ਅਤੇ ਟਰੰਪ ਦਾ ਕਹਿਣਾ ਹੈ ਕਿ ਉਹ ਮੈਨੂੰ ਚੋਣ ਲੜਨ ਤੋਂ ਰੋਕ ਰਹੇ ਹਨ। ਟਰੰਪ ਨੇ ਕਿਹਾ, ‘ਫਲੋਰੀਡਾ ਦੇ ਪਾਮ ਬੀਚ ‘ਤੇ ਮੇਰਾ ਖੂਬਸੂਰਤ ਘਰ ਮਾਰ-ਏ-ਲਿਗੋ ਨੂੰ ਐੱਫਬੀਆਈ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਇੱਥੇ ਜਾਂਚ ਜਾਰੀ ਹੈ। ਐਫਬੀਆਈ ਏਜੰਟ ਇੱਥੇ ਹਨ। ਟਰੰਪ ਨੇ ਕਿਹਾ, ਇਹ ਸਾਡੇ ਦੇਸ਼ ਲਈ ਕਾਲਾ ਸਮਾਂ ਹੈ। ਅਜਿਹਾ ਅਮਰੀਕਾ ਦੇ ਰਾਸ਼ਟਰਪਤੀ ਨਾਲ ਪਹਿਲਾਂ ਕਦੇ ਨਹੀਂ ਹੋਇਆ। ਜਾਂਚ ਏਜੰਸੀਆਂ ਦੇ ਸਹਿਯੋਗ ਦੇ ਬਾਵਜੂਦ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨਿਆਂ ਪ੍ਰਣਾਲੀ ਦੀ ਇੱਕ ਹਥਿਆਰ ਵਜੋਂ ਦੁਰਵਰਤੋਂ ਕਰਨ ਦੇ ਬਰਾਬਰ ਹੈ। ਇਹ ਕੱਟੜ ਖੱਬੇ ਡੈਮੋਕਰੇਟਸ ਦਾ ਹਮਲਾ ਹੈ। ਉਹ ਨਹੀਂ ਚਾਹੁੰਦੇ ਕਿ ਮੈਂ 2024 ਦੀਆਂ ਚੋਣਾਂ ਲੜਾਂ।
ਟਰੰਪ ਦੇ ਦੋ ਕਰੀਬੀ ਦੋਸਤਾਂ ਨੇ ਦੱਸਿਆ ਕਿ ਇਹ ਛਾਪੇਮਾਰੀ ਬਿਨਾਂ ਕਿਸੇ ਨੋਟਿਸ ਦੇ ਕੀਤੀ ਗਈ। ਰਿਪੋਰਟਾਂ ਦੇ ਅਨੁਸਾਰ, ਜਦੋਂ ਐਫਬੀਆਈ ਏਜੰਟਾਂ ਨੇ ਮਾਰ-ਏ-ਲਿਗੋ ‘ਤੇ ਛਾਪਾ ਮਾਰਿਆ ਤਾਂ ਟਰੰਪ ਖੁਦ ਉੱਥੇ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਉਹ ਇਸ ਸਮੇਂ ਨਿਊਜਰਸੀ ਵਿੱਚ ਹੈ। ਇੱਥੇ ਉਹ ਇੱਕ ਕੇਸ ਦੇ ਸਿਲਸਿਲੇ ਵਿੱਚ ਗਿਆ ਹੋਇਆ ਹੈ। ਕੁਝ ਦਿਨ ਪਹਿਲਾਂ ਟਰੰਪ ਦੇ ਖਿਲਾਫ 6 ਜਨਵਰੀ ਦੀ ਹਿੰਸਾ ਦੀ ਜਾਂਚ ਕਰ ਰਹੀ ਸੰਸਦੀ ਕਮੇਟੀ ਨੇ ਕਿਹਾ ਸੀ ਕਿ ਐਫਬੀਆਈ ਨੂੰ ਉਸਦੇ ਖਿਲਾਫ ਜਾਂਚ ਤੇਜ਼ ਕਰਨੀ ਚਾਹੀਦੀ ਹੈ।
ਵਰਨਣਯੋਗ ਹੈ ਕਿ ਜਦੋਂ ਟਰੰਪ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਛੱਡਿਆ ਸੀ ਤਾਂ ਉਹ ਆਪਣੇ ਨਾਲ ਕਈ ਦਸਤਾਵੇਜ਼ ਲੈ ਗਏ ਸਨ। ਹਾਲਾਂਕਿ ਹੁਣ ਤੱਕ ਐਫਬੀਆਈ ਵੱਲੋਂ ਇਸ ਦੋਸ਼ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਦਸਤਾਵੇਜ਼ ਕਈ ਵੱਡੇ ਬਕਸਿਆਂ ਵਿੱਚ ਮਾਰ-ਏ-ਲਿਗੋ ਲਿਜਾਏ ਗਏ ਦੱਸੇ ਜਾਂਦੇ ਹਨ। ਉਦੋਂ ਤੋਂ ਹੀ ਅਮਰੀਕੀ ਖੁਫੀਆ ਏਜੰਸੀਆਂ ਟਰੰਪ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀਆਂ ‘ਤੇ ਨਜ਼ਰ ਰੱਖ ਰਹੀਆਂ ਹਨ। ਹਾਲਾਂਕਿ, ਟਰੰਪ ਨੇ ਇੱਕ ਸਾਲ ਬਾਅਦ ਜਨਵਰੀ 2022 ਵਿੱਚ ਇਹ ਬਕਸੇ ਨੈਸ਼ਨਲ ਆਰਕਾਈਵਜ਼ ਨੂੰ ਵਾਪਸ ਕਰ ਦਿੱਤੇ ਸਨ। ਫਿਰ ਵੀ ਇਹ ਛਾਪੇਮਾਰੀ ਇਹ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਕੀ ਦੱਖਣੀ ਫਲੋਰੀਡਾ ਵਿਚ ਟਰੰਪ ਦੇ ਆਲੀਸ਼ਾਨ ਘਰ ਵਿਚ ਵਾਧੂ ਰਿਕਾਰਡ ਜਾਂ ਕੋਈ ਸੰਵੇਦਨਸ਼ੀਲ ਦਸਤਾਵੇਜ਼ ਹਨ।
ਕੁੱਝ ਮਹੀਨੇ ਪਹਿਲਾਂ ਟਰੰਪ ‘ਤੇ ਅਹੁਦੇ ‘ਤੇ ਰਹਿੰਦੇ ਹੋਏ ਅਧਿਕਾਰਤ ਦਸਤਾਵੇਜ਼ਾਂ ਨੂੰ ਪਾੜਨ ਅਤੇ ਫਲੱਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਟਰੰਪ ਨੇ ਇੰਨੇ ਕਾਗਜ਼ਾਂ ਨੂੰ ਫਲੱਸ਼ ਕੀਤਾ ਕਿ ਇਸ ਕਾਰਨ ਵ੍ਹਾਈਟ ਹਾਊਸ ਦਾ ਟਾਇਲਟ ਜਾਮ ਹੋ ਗਿਆ ਸੀ। ਨੈਸ਼ਨਲ ਆਰਕਾਈਵ ਚਾਹੁੰਦਾ ਹੈ ਕਿ ਸਾਬਕਾ ਰਾਸ਼ਟਰਪਤੀ ਦੀ ਕਾਗਜ਼ ਪਾੜਨ ਦੀ ਆਦਤ ਦੀ ਹੋਰ ਮਾਮਲਿਆਂ ਦੇ ਨਾਲ-ਨਾਲ ਜਾਂਚ ਕੀਤੀ ਜਾਵੇ।
ਨਿਊਯਾਰਕ ਟਾਈਮਜ਼ ਦੀ ਪੱਤਰਕਾਰ ਮੈਗੀ ਹੈਬਰਮੈਨ ਨੇ ਆਪਣੀ ਕਿਤਾਬ ‘ਕਾਂਫਿਡੈਂਸ ਮੈਨ’ ‘ਚ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਕਿਤਾਬ ਦੇ ਮੁਤਾਬਕ, ਵ੍ਹਾਈਟ ਹਾਊਸ ਦੇ ਸਟਾਫ ਨੇ ਦੇਖਿਆ ਕਿ ਪੇਪਰ ਕਾਰਨ ਟਾਇਲਟ ਬੰਦ ਸੀ। ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਟਰੰਪ ਨੇ ਦਸਤਾਵੇਜ਼ਾਂ ਨੂੰ ਗਾਇਬ ਕਰ ਦਿੱਤਾ।
ਟਰੰਪ ਕਈ ਮੌਕਿਆਂ ‘ਤੇ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਚੋਣ ਲੜਨਾ ਚਾਹੁੰਦੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ‘ਚ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਉਨ੍ਹਾਂ ਦੇ ਕੱਦ ਦਾ ਕੋਈ ਹੋਰ ਨੇਤਾ ਨਹੀਂ ਹੈ। ਹਾਲਾਂਕਿ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ‘ਚ ਵੀ ਉਸ ‘ਤੇ ਗੰਭੀਰ ਦੋਸ਼ ਹਨ ਅਤੇ ਉਸ ਨੂੰ ਮਹਾਦੋਸ਼ ਦਾ ਸਾਹਮਣਾ ਵੀ ਕਰਨਾ ਪਿਆ ਹੈ।