ਮਸ਼ਹੂਰ ਨਿਰਮਾਤਾ ਅਤੇ ਐਮੀ ਐਵਾਰਡ ਜੇਤੂ ਏਕਤਾ ਕਪੂਰ ਟੀਵੀ, ਬਾਲੀਵੁੱਡ ਅਤੇ ਓਟੀਟੀ ਦੀ ਮਹਾਰਾਣੀ ਹੈ। 17 ਸਾਲ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਏਕਤਾ ਅੱਜ ਇੰਡਸਟਰੀ ਦੀਆਂ ਸਭ ਤੋਂ ਅਮੀਰ ਅਤੇ ਸਭ ਤੋਂ ਸਫਲ ਮਹਿਲਾ ਨਿਰਮਾਤਾਵਾਂ ਵਿੱਚੋਂ ਇੱਕ ਹੈ। ਏਕਤਾ ਕਪੂਰ ਨੇ ਮਨੋਰੰਜਨ ਜਗਤ ਦੇ ਵਿੱਚ ਇਕ ਵੱਖਰੀ ਅਤੇ ਮਜ਼ਬੂਤ ਪਛਾਣ ਬਣਾਈ ਹੈ। ਏਕਤਾ ਨੇ 7 ਜੂਨ ਨੂੰ ਆਪਣਾ 51ਵਾਂ ਜਨਮਦਿਨ ਮਨਾਇਆ ਹੈ। ਏਕਤਾ ਦਾ ਜਨਮ 7 ਜੂਨ 1975 ਨੂੰ ਮੁੰਬਈ ਵਿੱਚ ਅਦਾਕਾਰ ਜੀਤੇਂਦਰ ਅਤੇ ਸ਼ੋਭਾ ਕਪੂਰ ਦੇ ਘਰ ਵਿੱਚ ਹੋਇਆ ਸੀ।। ਉਸਦਾ ਛੋਟਾ ਭਰਾ ਤੁਸ਼ਾਰ ਕਪੂਰ ਵੀ ਇੱਕ ਬਾਲੀਵੁੱਡ ਅਦਾਕਾਰ ਹੈ। ਉਸਨੇ ਬੰਬੇ ਸਕਾਟਿਸ਼ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਮਿਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ।
ਏਕਤਾ ਕਪੂਰ ਨੇ ਇੱਕ ਵਾਰ ਦੱਸਿਆ ਸੀ ਕਿ ਜਦੋਂ ਉਹ 17 ਜਾਂ 18 ਸਾਲ ਦੀ ਸੀ ਤਾਂ ਉਹ ਦੋਸਤਾਂ ਨਾਲ ਘੁੰਮਣ-ਫਿਰਨ ਅਤੇ ਪਾਰਟੀਆਂ ਕਰਨ ਵਿੱਚ ਰੁੱਝੀ ਰਹਿੰਦੀ ਸੀ। ਇੱਕ ਦਿਨ ਉਸਦੇ ਪਿਤਾ ਜਤਿੰਦਰ ਨੇ ਉਸਨੂੰ ਇੱਕ ਗੰਭੀਰ ਚੁਣੌਤੀ ਦਿੱਤੀ ਕਿ ਜਾਂ ਤਾਂ ਵਿਆਹ ਕਰਾ ਲੈ ਜਾਂ ਕੰਮ ਵੱਲ ਧਿਆਨ ਦਿਉ। ਏਕਤਾ ਨੇ ਆਪਣੇ ਪਿਤਾ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇੱਕ ਕਰੀਅਰ ਚੁਣਿਆ। ਉਸਦੇ ਰੁਝੇਵੇਂ ਵਾਲੇ ਕੰਮ ਦੇ ਸ਼ਡਿਊਲ ਕਾਰਨ ਵਿਆਹ ਦਾ ਵਿਚਾਰ ਪਿੱਛੇ ਛੱਡ ਦਿੱਤਾ। ਏਕਤਾ ਦਾ ਮੰਨਣਾ ਹੈ ਕਿ ਸਮਾਜਿਕ ਦਬਾਅ ਹੇਠ ਵਿਆਹ ਕਰਨ ਨਾਲੋਂ ਸਹੀ ਸਮੇਂ ਦੀ ਉਡੀਕ ਕਰਨਾ ਬਿਹਤਰ ਹੈ। ਵਿਆਹ ਨਾ ਹੋਣ ਦੇ ਬਾਵਜੂਦ ਏਕਤਾ ਕਪੂਰ ਨੇ ਮਾਂ ਬਣਨ ਦਾ ਅਨੁਭਵ ਕੀਤਾ। 2019 ਵਿੱਚ ਉਸਨੇ ਸਰੋਗੇਸੀ ਰਾਹੀਂ ਆਪਣੇ ਪੁੱਤਰ ਰਵੀ ਕਪੂਰ ਦਾ ਸਵਾਗਤ ਕੀਤਾ ਅਤੇ ਉਹ ਇੱਕ 7 ਸਾਲ ਦੇ ਪੁੱਤਰ ਦੀ ਮਾਂ ਹੈ।
ਬਾਲੀਵੁੱਡ ਦੇ ਦਿੱਗਜ ਅਦਾਕਾਰ ਜਤਿੰਦਰ ਕਪੂਰ ਅਤੇ ਸ਼ੋਭਾ ਕਪੂਰ ਦੀ ਧੀ ਹੋਣ ਦੇ ਬਾਵਜੂਦ ਏਕਤਾ ਨੇ ਬਾਲੀਵੁੱਡ ਦੇ ਵਿੱਚ ਐਕਟਿੰਗ ਕਰਨ ਦੀ ਬਜਾਏ ਆਪਣਾ ਵੱਖਰਾ ਰਸਤਾ ਚੁਣਿਆ। ਸਿਰਫ਼ 17 ਸਾਲ ਦੀ ਉਮਰ ਵਿੱਚ ਉਸਨੇ ਮਸ਼ਹੂਰ ਇਸ਼ਤਿਹਾਰਬਾਜ਼ੀ ਅਤੇ ਫੀਚਰ ਫਿਲਮ ਨਿਰਮਾਤਾ ਕੈਲਾਸ਼ ਸੁਰੇਂਦਰਨਾਥ ਦੇ ਨਾਲ ਇੱਕ ਇੰਟਰਨਸ਼ਿਪ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਹ ਇਸ ਕਲਾ ਨੂੰ ਸਮਝ ਗਈ ਅਤੇ ਆਪਣੇ ਪਰਿਵਾਰਕ ਬੈਨਰ, ਬਾਲਾਜੀ ਟੈਲੀਫਿਲਮਜ਼ ਹੇਠ ਖੁਦ ਇੱਕ ਨਿਰਮਾਤਾ ਬਣ ਗਈ ਏਕਤਾ ਦਾ ਕਰੀਅਰ ਆਸਾਨ ਨਹੀਂ ਸੀ। ਉਸਦੇ ਕਈ ਪਹਿਲੇ ਸ਼ੋਅ ਬਾਕਸ ਆਫਿਸ ਅਤੇ ਟੀਵੀ ‘ਤੇ ਬੁਰੀ ਤਰ੍ਹਾਂ ਫਲਾਪ ਹੋਏ। ਪਰ ਉਸਨੇ ਹਾਰ ਨਹੀਂ ਮੰਨੀ। 1995 ਵਿੱਚ ਉਸਨੇ “ਹਮ ਪਾਂਚ” ਨਾਮਕ ਇੱਕ ਸੀਰੀਅਲ ਬਣਾਇਆ। ਇਹ ਸ਼ੋਅ ਭਾਰਤੀ ਟੈਲੀਵਿਜ਼ਨ ‘ਤੇ ਬਹੁਤ ਵੱਡਾ ਹਿੱਟ ਸਾਬਤ ਹੋਇਆ ਅਤੇ ਇਸ ਸ਼ੋਅ ਨੇ ਏਕਤਾ ਕਪੂਰ ਦੀ ਕਿਸਮਤ ਹੀ ਬਦਲ ਦਿੱਤੀ। “ਹਮ ਪਾਂਚ” ਦੀ ਸਫਲਤਾ ਤੋਂ ਬਾਅਦ ਏਕਤਾ ਨੇ ਟੀਵੀ ਇੰਡਸਟਰੀ ਨੂੰ “ਕਿਓਂਕੀ ਸਾਸ ਭੀ ਕਭੀ ਬਹੂ ਥੀ,” “ਕਹਾਨੀ ਘਰ ਘਰ ਕੀ”, “ਕਸੌਟੀ ਜ਼ਿੰਦਗੀ ਕੀ” ਅਤੇ “ਨਾਗਿਨ” ਵਰਗੇ ਸੁਪਰਹਿੱਟ ਸ਼ੋਆਂ ਦੀ ਇੱਕ ਲੜੀ ਦਿੱਤੀ, ਜਿਹਨਾਂ ਨੇ ਏਕਤਾ ਨੂੰ ਘਰ-ਘਰ ਵਿੱਚ ਪਹੁੰਚਾ ਦਿੱਤਾ। ਟੀਵੀ ਤੋਂ ਇਲਾਵਾ ਉਸਨੇ “ਦਿ ਡਰਟੀ ਪਿਕਚਰ,” “ਸ਼ੂਟਆਊਟ ਐਟ ਲੋਖੰਡਵਾਲਾ,” ਅਤੇ “ਥੈਂਕ ਯੂ ਫਾਰ ਕਮਿੰਗ” ਵਰਗੀਆਂ ਹਿੱਟ ਫਿਲਮਾਂ ਦਾ ਨਿਰਮਾਣ ਵੀ ਕੀਤਾ।
ਫਿਲਮ ‘ਭੂਤ ਬੰਗਲਾ’ ਦੀ ਸਫਲਤਾ ਤੋਂ ਬਾਅਦ ਏਕਤਾ ਨੇ ਸੋਸ਼ਲ ਮੀਡੀਆ ‘ਤੇ ਇਕ ਖਾਸ ਨੋਟ ਸ਼ੇਅਰ ਕਰਦਿਆਂ ਆਪਣੇ ਪਿਤਾ ਜਤਿੰਦਰ ਦੇ ਲੰਬੇ ਕਰੀਅਰ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਦੀ ਤੁਲਨਾ ਅਕਸ਼ੈ ਕੁਮਾਰ ਨਾਲ ਕੀਤੀ। ਏਕਤਾ ਨੇ ਕਿਹਾ ਕਿ, “ਦੋਵੇਂ ਅਭਿਨੇਤਾ-ਨਿਰਮਾਤਾ ਦੇ ਵਿਜ਼ਨ ਨੂੰ ਸਮਝਦੇ ਹਨ। ਡੈਡੀ ਅਤੇ ਅਕਸ਼ੈ ਸਰ ਦੀ ਇਹ ਤਸਵੀਰ ਮੈਨੂੰ ਯਾਦ ਦਿਵਾਉਂਦੀ ਹੈ ਕਿ ਅਨੁਸ਼ਾਸਨ ਕੀ ਕਰ ਸਕਦਾ ਹੈ। ਉਹ ਇੰਨੇ ਮਿਲਦੇ-ਜੁਲਦੇ ਹਨ ਕਿ ਜਦੋਂ ਵੀ ਮੈਂ ਅਕਸ਼ੈ ਸਰ ਨਾਲ ਗੱਲ ਕਰਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰ ਰਹੀ ਹਾਂ। ਉਨ੍ਹਾਂ ਦਾ ਅਨੁਸ਼ਾਸਨ ਅਤੇ ਨਿਰਮਾਤਾ ‘ਤੇ ਭਰੋਸਾ, ਡੂੰਘਾ ਵਿਸ਼ਵਾਸ ਅਤੇ ਸਤਿਕਾਰ ਸੱਚਮੁੱਚ ਹੈਰਾਨੀਜਨਕ ਹੈ। ਜੀਤੇਂਦਰ ਅਤੇ ਅਕਸ਼ੈ ਵਰਗੇ ਅਦਾਕਾਰ ਇੰਡਸਟਰੀ ਨੂੰ ਸਿਰਫ਼ ਇੱਕ ਜਾਂ ਦੋ ਵੱਡੀਆਂ ਫਿਲਮਾਂ ਨਹੀਂ ਦਿੰਦੇ ਬਲਕਿ ਉਹ ਇਸਨੂੰ ਵਧਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦਾ ਲਗਾਤਾਰ ਕੰਮ ਨਿਰਮਾਤਾਵਾਂ ਨੂੰ ਫਿਲਮਾਂ ਬਣਾਉਣ ਦੇ ਵਧੇਰੇ ਮੌਕੇ ਦਿੰਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਕੰਮ ਦਿੰਦਾ ਹੈ। ਇਹ ਦੋ ਵਿਅਕਤੀ ਹਨ ਜਿਨ੍ਹਾਂ ਕਾਰਣ ਸਾਡਾ ਫਿਲਮ ਉਦਯੋਗ ਬਚਿਆ ਹੋਇਆ ਹੈ। ਅਕਸ਼ੈ ਦੀਆਂ ਫਿਲਮਾਂ ਦੀ ਗਿਣਤੀ ਮਾਇਨੇ ਰੱਖਦੀ ਹੈ ਕਿਉਂਕਿ ਇਹ ਵਧੇਰੇ ਨੌਕਰੀਆਂ ਪੈਦਾ ਕਰਦੀ ਹੈ ਅਤੇ ਉਦਯੋਗ ਨੂੰ ਚੱਲਦਾ ਰੱਖਦੀ ਹੈ। ਇਹ ਧਰਮਿੰਦਰ, ਜੀਤੇਂਦਰ ਅਤੇ ਅਕਸ਼ੈ ਵਰਗੇ ਲੋਕਾਂ ਦੇ ਕਾਰਣ ਹੀ ਹੈ ਕਿ ਇਹ ਉਦਯੋਗ ਇੰਨਾ ਵਧਿਆ ਫੁੱਲਿਆ ਹੈ। ਉਨ੍ਹਾਂ ਦੁਆਰਾ ਬਣਾਈ ਗਈ ਹਰ ਫਿਲਮ ਲੋਕਾਂ ਨੂੰ ਕੰਮ ਪ੍ਰਦਾਨ ਕਰਦੀ ਹੈ।”
ਏਕਤਾ ਕਪੂਰ ਨੂੰ 51ਵੇਂ ਅੰਤਰਰਾਸ਼ਟਰੀ ਐਮੀ ਪੁਰਸਕਾਰਾਂ ਵਿੱਚ ਵੱਕਾਰੀ “ਨਿਰਦੇਸ਼ਕ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਉਹ ਇਹ ਗਲੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਿਲਮ ਨਿਰਮਾਤਾ ਬਣੀ। ਏਕਤਾ ਕਪੂਰ ਨੂੰ ਕਲਾ ਦੇ ਖੇਤਰ ਵਿੱਚ ਉਸਦੇ ਕੰਮ ਲਈ 2020 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਏਕਤਾ ਕਪੂਰ ਨੇ ਆਪਣਾ ਓਟੀਟੀ ਪਲੇਟਫਾਰਮ “ਅੇਐਲਟੀ ਬਾਲਾਜੀ” ਲਾਂਚ ਕੀਤਾ। ਇਸ ਪਲੇਟਫਾਰਮ ਨੇ ਨੌਜਵਾਨਾਂ ਲਈ ਕਈ ਤਰ੍ਹਾਂ ਦੀ ਬੋਲਡ ਅਤੇ ਨਵੀਨਤਾਕਾਰੀ ਸਮੱਗਰੀ ਦਿੱਤੀ। ਇਹ ਫੈਸਲਾ ਇੱਕ ਸਿਆਣਾ ਕਾਰੋਬਾਰੀ ਫੈਸਲਾ ਸਾਬਤ ਹੋਇਆ, ਅਤੇ 2022 ਵਿੱਚ ਇਕੱਲੇ “ਅੇਐਲਟੀ ਬਾਲਾਜੀ” ਨੇ 102.6 ਕਰੋੜ ਰੁਪਏ ਕਮਾਏ। ਏਕਤਾ ਕਪੂਰ ਦੀ ਕੁੱਲ ਜਾਇਦਾਦ ਲਗਭਗ 95 ਕਰੋੜ ਰੁਪਏ ਹੈ। ਉਹ ਬਾਲਾਜੀ ਟੈਲੀਫਿਲਮਜ਼ ਲਿਮਟਿਡ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕ ਅਤੇ ਰਚਨਾਤਮਕ ਨਿਰਦੇਸ਼ਕ ਹੈ। ਉਸਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦਾ ਕੁੱਲ ਸਾਲਾਨਾ ਮਾਲੀਆ ਲਗਭਗ 422 ਕਰੋੜ ਰੁਪਏ ਹੈ। ਏਕਤਾ ਦੀ ਇੱਕ ਮਹੀਨੇ ਦੀ ਤਨਖਾਹ 2.8 ਕਰੋੜ ਰੁਪਏ ਹ, ਜਦੋਂ ਕਿ ਉਸਦੀ ਸਾਲਾਨਾ ਆਮਦਨ ਲਗਭਗ 30 ਕਰੋੜ ਰੁਪਏ ਹੈ। ਏਕਤਾ ਕਪੂਰ ਮੁੰਬਈ ਦੇ ਕੁੱਝ ਸਭ ਤੋਂ ਮਹਿੰਗੇ ਖੇਤਰਾਂ ਵਿੱਚ ਆਲੀਸ਼ਾਨ ਜਾਇਦਾਦਾਂ ਦੀ ਮਾਲਕ ਹੈ। ਉਸ ਕੋਲ ਮੁੰਬਈ ਦੇ ਜੁਹੂ ਵਿੱਚ ‘ਕ੍ਰਿਸ਼ਨ’ ਨਾਮ ਦਾ ਇੱਕ ਸੁੰਦਰ 1.5 ਏਕੜ ਦਾ ਬੰਗਲਾ ਰੱਖਦੀ ਹੈ ਜਿਸਦੀ ਕੀਮਤ ਲਗਭਗ 25 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਹ ਦੱਖਣੀ ਮੁੰਬਈ ਦੇ ਪਾਸ਼ ਅਲਟਾਮਾਉਂਟ ਰੋਡ ‘ਤੇ ਇੱਕ ਘਰ ਦੀ ਮਾਲਕ ਹੈ ਜਿਸਨੂੰ 30 ਕਰੋੜ ਰੁਪਏ ਵਿੱਚ ਖਰੀਦਿਆ ਸੀ। ਅੰਧੇਰੀ ਵਿੱਚ ਉਸਦਾ ਮਸ਼ਹੂਰ ਬਾਲਾਜੀ ਟੈਲੀਫਿਲਮਜ਼ ਦਫਤਰ ਵੀ ਲਗਭਗ 60 ਕਰੋੜ ਰੁਪਏ ਦੀ ਕੀਮਤ ਦਾ ਹੈ। ਉਹ ਭਾਰਤ ਅਤੇ ਵਿਦੇਸ਼ਾਂ ਵਿੱਚ ਵੀ ਕਈ ਮਹਿੰਗੀਆਂ ਜਾਇਦਾਦਾਂ ਦੀ ਮਾਲਕ ਵੀ ਹੈ। ਏਕਤਾ ਕਪੂਰ ਮਹਿੰਗੀਆਂ ਗੱਡੀਆਂ ਦੀ ਵੀ ਬਹੁਤ ਸ਼ੌਕੀਨ ਹੈ। ਉਸਦਾ ਗੈਰਾਜ ਦੁਨੀਆ ਦੀਆਂ ਕਈ ਆਲੀਸ਼ਾਨ ਕਾਰਾਂ ਨਾਲ ਭਰਿਆ ਹੋਇਆ ਹੈ। ਉਹ 70 ਲੱਖ ਰੁਪਏ ਦੀ ਇੱਕ ਜੈਗੁਆਰ ਐਫ-ਪੇਸ ਦੀ ਮਾਲਕ ਹੈ। ਉਹ 1.86 ਕਰੋੜ ਰੁਪਏ ਦੀ ਮਰਸੀਡੀਜ਼-ਬੈਂਜ਼ ਐਸ-ਕਲਾਸ ਮੇਅਬੈਕ ਐੱਸ 500 ਅਤੇ 3.57 ਕਰੋੜ ਰੁਪਏ ਦੀ ਬੈਂਟਲੇ ਕਾਂਟੀਨੈਂਟਲ ਜੀਟੀ ਵਰਗੀਆਂ ਕਾਰਾਂ ਵਿੱਚ ਵੀ ਯਾਤਰਾ ਕਰਦੀ ਹੈ। ਇਸ ਤੋਂ ਇਲਾਵਾ ਏਕਤਾ ਕਪੂਰ ਨੇ ਹਾਲ ਹੀ ‘ਚ ਲਗਜ਼ਰੀ ਜਿਊਲਰੀ ਸੈਕਟਰ ਵਿੱਚ ਵੀ ਐਂਟਰੀ ਕੀਤੀ ਹੈ ਅਤੇ ਉਸਦੀ ਹੀਰਿਆਂ ਦੇ ਬ੍ਰਾਂਡ ‘ਏਕਟਰਾ ਜਵੇਲਜ਼’ ਨਾਲ ਸਾਂਝੇਦਾਰੀ ਹੈ।