ਚੰਡੀਗੜ੍ਹ – ਸੁਖਬੀਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਮੁੱਚੀ ਜਥੇਬੰਦੀ ਨੂੰ ਭੰਗ ਕਰ ਦਿੱਤਾ ਹੈ। ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ, ਕੋਰ ਕਮੇਟੀਆਂ, ਅਹੁਦੇਦਾਰਾਂ ਸਮੇਤ ਸਾਰੇ ਵਿੰਗ ਵੀ ਭੰਗ ਕਰ ਦਿੱਤੇ ਗਏ ਹਨ। ਇਹ ਫੈਸਲਾ ਅਕਾਲੀ ਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਵਧ ਰਹੀ ਬਗਾਵਤ ਤੋਂ ਬਾਅਦ ਲਿਆ ਗਿਆ ਹੈ। ਪਹਿਲਾਂ ਵਿਧਾਇਕ ਮਨਪ੍ਰੀਤ ਇਆਲੀ ਨੇ ਲੀਡਰਸ਼ਿਪ ‘ਤੇ ਉਠਾਏ ਸਵਾਲ ਸਨ। ਹੁਣ ਸੀਨੀਅਰ ਆਗੂ ਤੇ ਕੋਰ ਕਮੇਟੀ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਗੁੱਸੇ ਵਿੱਚ ਹਨ ਅਤੇ ਉਹਨਾਂ ਨੇ ਕੋਰ ਕਮੇਟੀ ਵਿੱਚ ਝੂੰਦਾ ਕਮੇਟੀ ਦੀ ਰਿਪੋਰਟ ਰੱਖਣ ’ਤੇ ਸਵਾਲ ਖੜ੍ਹੇ ਕੀਤੇ ਸਨ। ਸੁਖਬੀਰ ਬਾਦਲ ਕੱਲ੍ਹ ਚੰਦੂਮਾਜਰਾ ਨੂੰ ਮਨਾਉਣ ਲਈ ਵੀ ਗਏ ਸਨ। ਪਰ ਚੰਦੂਮਾਜਰਾ ਦਾ ਗੁੱਸਾ ਦੇਖਕੇ ਅਤੇ ਪਾਰਟੀ ਦੇ ਵਿੱਚ ਬਗਾਵਤ ਦੇ ਮਾਹੌਲ ਨੂੰ ਭਾਂਪਦਿਆਂ ਦੇਰ ਰਾਤ ਸੁਖਬੀਰ ਬਾਦਲ ਨੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਬਗਾਵਤ ਤੇਜ਼ ਹੋ ਗਈ ਹੈ। ਕੱਲ੍ਹ ਹੋਈ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਨਹੀਂ ਹੋਏ। ਹੁਣ ਉਨ੍ਹਾਂ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਸਿੱਧੇ ਕੋਰ ਕਮੇਟੀ ਵਿੱਚ ਰੱਖਣ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਨੂੰ ਸਮੀਖਿਆ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ ਸੀ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਪ੍ਰਧਾਨ ਸੁਖਬੀਰ ਬਾਦਲ ਨੇ ਕਮੇਟੀ ਕਨਵੀਨਰ ਬਲਵਿੰਦਰ ਭੂੰਦੜ ਨੂੰ ਸਮੀਖਿਆ ਕਮੇਟੀ ਦੀ ਮੀਟਿੰਗ ਕਰਨ ਲਈ ਕਿਹਾ ਸੀ। ਝੂੰਦਾ ਕਮੇਟੀ ਦੀ ਰਿਪੋਰਟ ‘ਤੇ ਗੌਰ ਕਰੋ। ਫਿਰ ਸਾਂਝੀ ਰਾਏ ਬਣਾ ਕੇ ਕੋਰ ਕਮੇਟੀ ਵਿਚ ਲੈ ਕੇ ਆਉਣ। ਇਸ ਦੇ ਬਾਵਜੂਦ ਰਿਪੋਰਟ ਸਿੱਧੇ ਕੋਰ ਕਮੇਟੀ ਵਿੱਚ ਰੱਖੀ ਗਈ। ਮੈਂ ਰਿਪੋਰਟ ਵੀ ਨਹੀਂ ਪੜ੍ਹੀ। ਮੈਨੂੰ ਨਹੀਂ ਪਤਾ ਕਿ ਰਿਪੋਰਟ ਸਿੱਧੀ ਉੱਥੇ ਕਿਉਂ ਭੇਜੀ ਗਈ ਸੀ। ਕੱਲ੍ਹ ਮੇਰੇ ਨੇੜੇ ਦੇ ਕੁੱਝ ਰਿਸ਼ਤੇਦਾਰਾਂ ਦਾ ਭੋਗ ਸੀ, ਇਸ ਲਈ ਮੈਨੂੰ ਉੱਥੇ ਭੋਗ ਲਈ ਜਾਣਾ ਪਿਆ, ਇਸ ਲਈ ਮੈਂ ਮੀਟਿੰਗ ਵਿੱਚ ਨਹੀਂ ਆ ਸਕਿਆ। ਪੰਜਾਬ ਵਿਧਾਨ ਸਭਾ ਵਿੱਚ ਪਾਰਟੀ ਆਗੂ ਵਿਧਾਇਕ ਮਨਪ੍ਰੀਤ ਇਆਲੀ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਵਿੱਚ ਬਗਾਵਤ ਕੀਤੀ ਅਤੇ ਉਨ੍ਹਾਂ ਨੇ ਪਾਰਟੀ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਭਾਜਪਾ ਸਮਰਥਿਤ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਨਹੀਂ ਪਾਈ। ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰ ਦਿੱਤਾ। ਇਆਲੀ ਨੇ ਕਿਹਾ ਕਿ ਇਹ ਸਮਰਥਨ ਸਿੱਖ, ਪੰਜਾਬ ਅਤੇ ਹੋਰ ਮੁੱਦਿਆਂ ‘ਤੇ ਬਿਨਾਂ ਕਿਸੇ ਭਰੋਸੇ ਦੇ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਪਰਸੋਂ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਝੂੰਦਾਂ ਕਮੇਟੀ ਦੀ ਰਿਪੋਰਟ ਸਿੱਧੇ ਕੋਰ ਕਮੇਟੀ ਕੋਲ ਪੇਸ਼ ਕਰਨ ’ਤੇ ਸਵਾਲ ਖੜ੍ਹੇ ਕੀਤੇ ਹਨ। ਚੰਦੂਮਾਜਰਾ ਨੇ ਕਿਹਾ ਕਿ ਇਸ ਰਿਪੋਰਟ ਨੂੰ ਪਹਿਲਾਂ ਸਮੀਖਿਆ ਕਮੇਟੀ ਵਿੱਚ ਰੱਖਿਆ ਜਾਣਾ ਚਾਹੀਦਾ ਸੀ।
ਇਸੇ ਦੌਰਾਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਰਿਪੋਰਟ ਵਿੱਚ ਹਰ ਗੱਲ ’ਤੇ ਪ੍ਰੋਫੈਸਰ ਚੰਦੂਮਾਜਰਾ ਦੀ ਸਲਾਹ ਲਈ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਅੱਜ ਦੀ ਮੀਟਿੰਗ ਵਿੱਚ ਨਹੀਂ ਆ ਸਕਦੇ। ਕੱਲ੍ਹ ਵੀ ਕੋਰ ਕਮੇਟੀ ਵਿੱਚ ਉਹੀ ਮੈਂਬਰ ਸਨ, ਜਿਨ੍ਹਾਂ ਨੂੰ ਰੀਵਿਊ ਕਮੇਟੀ ਵਿੱਚ ਰੱਖਿਆ ਗਿਆ ਸੀ।
ਝੂੰਦਾ ਕਮੇਟੀ ਨੇ ਦਿੱਤੇ 42 ਸੁਝਾਅ
ਅਕਾਲੀ ਦਲ ਵਲੋਂ ਚੋਣ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੀਨੀਅਰ ਆਗੂ ਇਕਬਾਲ ਝੂੰਦਾਂ ਦੀ ਅਗਵਾਈ ਹੇਠ ਇੱਕ 13 ਮੈਂਬਰੀ ਚੋਣ ਸਮੀਖਿਆ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਨੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿੱਚ ਕੱਲ੍ਹ 5 ਘੰਟੇ ਤੱਕ ਵਿਚਾਰ ਚਰਚਾ ਕੀਤੀ। ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਦੇ 117 ਵਿੱਚੋਂ 100 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਫੀਡਬੈਕ ਲਿਆ ਹੈ। ਅਕਾਲੀ ਵਰਕਰਾਂ ਦੇ ਨਾਲ-ਨਾਲ ਸਿੱਖ ਸੰਗਤ ਤੋਂ ਇਹ ਵੀ ਪੁੱਛਿਆ ਗਿਆ ਕਿ 2022 ਵਿਚ ਅਕਾਲੀ ਦਲ ਦੀ ਹਾਰ ਕਿਵੇਂ ਹੋਈ? ਰਿਪੋਰਟ ਵਿੱਚ ਜੋ ਵੀ ਨਿਚੋੜ ਸਾਹਮਣੇ ਆਇਆ ਹੈ, ਉਹ ਪਾਰਟੀ ਨੂੰ ਸੌਂਪ ਦਿੱਤਾ ਗਿਆ ਹੈ। ਝੂੰਦਾ ਨੇ ਕਿਹਾ ਕਿ ਲੀਡਰਸ਼ਿਪ ਦੇ ਖਿਲਾਫ ਕੀ ਗਿਆ, ਉਸ ਦਾ ਵੀ ਰਿਪੋਰਟ ਵਿੱਚ ਜ਼ਿਕਰ ਹੈ। ਰਿਪੋਰਟ ਵਿੱਚ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਇਸ ਨੂੰ ਇੱਕ ਜਾਂ ਦੋ ਮੀਟਿੰਗਾਂ ਤੋਂ ਬਾਅਦ ਜਨਤਕ ਕੀਤਾ ਜਾਵੇਗਾ। ਇਸ ਉਪਰੰਤ ਸੀਨੀਅਰ ਆਗੂ ਬਲਵਿੰਦਰ ਭੂੰਦੜ ਨੇ ਕਿਹਾ ਕਿ ਝੂੰਦਾਂ ਕਮੇਟੀ ਨੇ 42 ਸੁਝਾਅ ਦਿੱਤੇ ਹਨ। ਜਿਨ੍ਹਾਂ ਨੂੰ ਸਵੀਕਾਰ ਕਰ ਲਿਆ ਗਿਆ ਹੈ। ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਕੋਈ ਸੁਝਾਅ ਨਹੀਂ ਹੈ। ਅਕਾਲੀ ਆਗੂ ਨੇ ਸਪੱਸ਼ਟ ਕੀਤਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਲੀਡਰਸ਼ਿਪ ਬਦਲਣ ਯਾਨੀ ਸੁਖਬੀਰ ਬਾਦਲ ਨੂੰ ਬਦਲਣ ਦਾ ਸੁਝਾਅ ਨਹੀਂ ਹੈ ਅਤੇ ਸੁਖਬੀਰ ਬਾਦਲ ਪਾਰਟੀ ਦੇ ਮੁਖੀ ਬਣੇ ਰਹਿਣਗੇ। ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚੋਣ ਸਮੀਖਿਆ ਕਮੇਟੀ ਦੀ ਰਿਪੋਰਟ ਵਿਚ ਪਾਰਟੀ ਦੀ ਪ੍ਰਾਪਤੀ ਤੇ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਪਾਰਟੀ ਨੁੰ ਦਰਪੇਸ਼ ਚੁਣੌਤੀਆਂ ਤੇ ਮੌਕਿਆਂ ਦੀ ਗੱਲ ਕੀਤੀ ਗਈ ਹੈ। ਸਰਦਾਰ ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਇਸ ਕਮੇਟੀ ਦਾ ਗਠਨ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਕੀਤਾ ਸੀ। ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਪੁਨਰਗਠਨ ਤੇ ਕੰਮਕਾਜ ਨੂੰ ਨਵੇਂ ਸਿਰੇ ਤੋਂ ਲੀਹ ’ਤੇ ਲਿਆਉਣ ਵਾਸਤੇ ਟੀਮ ਦਾ ਗਠਨ ਦਾ ਅਧਿਕਾਰ ਸੌਂਪਿਆ ਗਿਆ ਹੈ। ਉਹ ਸਿੱਖ ਬੁੱਧੀਜੀਵੀਆਂ, ਧਾਰਮਿਕ ਤੇ ਸਿਆਸੀ ਹਸਤੀਆਂ, ਅਧਿਆਪਕਾਂ, ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਤੇ ਸਮਾਜਿਕ ਕਾਰਕੁੰਨਾਂ ਸਮੇਤ ਪੰਜਾਬੀਆਂ ਨਾਲ ਰਾਇ ਮਸ਼ਵਰਾ ਕਰਨਗੇ।