ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਨੂੰ 2 ਬੁਲੇਟ ਪਰੂਫ਼ ਗੱਡੀਆਂ ‘ਤੇ 50 ਪੁਲਿਸ ਜਵਾਨ ਲੈਕੇ ਮਾਨਸਾ ਪੁੱਜੇ

ਚੰਡੀਗੜ੍ਹ – ਚੰਡੀਗੜ੍ਹ – ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਪੰਜਾਬ ਦੇ ਮਾਨਸਾ ਲਿਆਂਦਾ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗੈਂਗਸਟਰ ਲਾਰੈਂਸ ਦਾ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਪੰਜਾਬ ਪੁਲਿਸ ਨੇ ਉਸ ਨੂੰ ਸ਼ਾਮ 4:30 ਵਜੇ ਅਦਾਲਤ ਵਿੱਚੋਂ ਰਿਮਾਂਡ ਲੈ ਲਿਆ ਸੀ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲਾਰੈਂਸ ਤੋਂ ਪੰਜਾਬ ਪੁਲਿਸ ਵਲੋਂ ਪੁੱਛਗਿੱਛ ਕੀਤੀ ਜਾਵੇਗੀ। ਪੰਜਾਬ ਪੁਲਿਸ ਰਾਤ 8:30 ਵਜੇ ਦੇ ਕਰੀਬ ਲਾਰੈਂਸ ਨੂੰ ਲੈਕੇ ਦਿੱਲੀ ਤੋਂ ਰਵਾਨਾ ਹੋਈ। ਇਸ ਤੋਂ ਬਾਅਦ ਇਹ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਤੜਕੇ 3:30 ਵਜੇ ਮਾਨਸਾ ਪਹੁੰਚੀ। ਉਸ ਦਾ ਮੈਡੀਕਲ ਮਾਨਸਾ ਵਿਖੇ 4 ਵਜੇ ਕੀਤਾ ਗਿਆ। ਹੁਣ ਉਸ ਨੂੰ ਪੁੱਛਗਿੱਛ ਲਈ ਮੋਹਾਲੀ ਦੇ ਖਰੜ ਸਥਿਤ ਸੀਆਈਏ ਸਟਾਫ਼ ਵਿਖੇ ਲਿਆਂਦਾ ਜਾ ਰਿਹਾ ਹੈ ਜਿੱਥੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਉਸ ਤੋਂ ਪੁੱਛਗਿੱਛ ਕਰੇਗੀ।

ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਪਹਿਲਾਂ ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਤੋਂ ਬਾਅਦ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਟਰਾਂਜ਼ਿਟ 7 ਦਿਨ ਦਾ ਰਿਮਾਂਡ ਦੇ ਦਿੱਤਾ। ਜਿਸ ਤੋਂ ਬਾਅਦ ਲਾਰੈਂਸ ਨੂੰ 2 ਬੁਲੇਟ ਪਰੂਫ ਗੱਡੀਆਂ ਵਿੱਚ ਵੀਡੀਓਗ੍ਰਾਫੀ ਕਰਦਿਆਂ ਪੰਜਾਬ ਦੇ ਮਾਨਸਾ ਲਿਆਂਦਾ ਗਿਆ ਅਤੇ ਇਸ ਦੌਰਾਨ 50 ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲਾਰੈਂਸ ਤੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।

ਵਰਨਣਯੋਗ ਹੈ ਕਿ ਪੰਜਾਬ ਪੁਲਿਸ 2 ਬੁਲੇਟ ਪਰੂਫ ਗੱਡੀਆਂ, ਵੀਡੀਓ ਕੈਮਰਿਆਂ ਅਤੇ ਭਾਰੀ ਸੁਰੱਖਿਆ ਨਾਲ ਦਿੱਲੀ ਪਹੁੰਚੀ। ਇਸ ਤੋਂ ਇਲਾਵਾ ਲਾਰੈਂਸ ਨੂੰ ਲਿਆਉਣ ਲਈ 50 ਅਧਿਕਾਰੀ ਪਹੁੰਚੇ ਹੋਏ ਸਨ। ਪੰਜਾਬ ਪੁਲਿਸ ਨੇ ਵੀਡੀਓ ਕੈਮਰਿਆਂ ਦੁਆਰਾ ਲਾਰੈਂਸ ਦੀ ਵੀਡੀਓ ਰਿਕਾਰਡਿੰਗ ਕੀਤੇ ਜਾਣ ਦੀ ਗੱਲ ਕੀਤੀ ਅਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਲਾਰੈਂਸ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਵਾਹਨਾਂ ਵਿੱਚ ਕੈਮਰੇ ਲੱਗੇ ਹਨ ਅਤੇ ਪੁਲੀਸ ਮੁਲਾਜ਼ਮ ਆਧੁਨਿਕ ਹਥਿਆਰਾਂ ਨਾਲ ਲੈਸ ਹਨ।

ਪੰਜਾਬ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿੱਚ ਦੋ ਅਰਜ਼ੀਆਂ ਦਿੱਤੀਆਂ ਸਨ। ਪਹਿਲੀ ਅਰਜ਼ੀ ਮਾਨਸਾ ਅਦਾਲਤ ਵੱਲੋਂ ਜਾਰੀ ਗੈਂਗਸਟਰ ਲਾਰੈਂਸ ਦੇ ਗ੍ਰਿਫ਼ਤਾਰੀ ਵਾਰੰਟ ਦੀ ਸੀ। ਜਿਸ ਵਿੱਚ ਉਸ ਨੂੰ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਬਣਾਇਆ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਪੰਜਾਬ ਪੁਲਿਸ ਨੂੰ ਲਾਰੈਂਸ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਮੂਸੇਵਾਲਾ ਕਤਲ ਕਾਂਡ ਵਿੱਚ ਲਾਰੈਂਸ ਦੀ ਭੂਮਿਕਾ ਦੇ ਸਬੂਤ ਪੇਸ਼ ਕੀਤੇ। ਇਸ ਦੇ ਲਈ ਪੰਜਾਬ ਪੁਲਿਸ ਨੇ ਮਾਨਸਾ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਲੈ ਲਿਆ ਹੈ। ਜਿਸ ਦਾ ਪਤਾ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਗੋਲਡੀ ਬਰਾੜ, ਲਾਰੈਂਸ ਗੈਂਗ ਅਤੇ ਸਚਿਨ ਥਾਪਨ ਦੀਆਂ ਫੇਸਬੁੱਕ ਪੋਸਟਾਂ ਅਦਾਲਤ ਵਿੱਚ ਦਿਖਾਈਆਂ। ਉਨ੍ਹਾਂ ਕਿਹਾ ਕਿ ਲਾਰੇਂਸ ਤੋਂ ਪੁੱਛ-ਪੜਤਾਲ ਜ਼ਰੂਰੀ ਸੀ ਕਿਉਂਕਿ ਇਹ ਕਤਲ ਉਸ ਨੇ ਹੀ ਕੀਤਾ ਸੀ।

ਇਸ ਮਾਮਲੇ ਵਿੱਚ ਲਾਰੈਂਂਸ ਦੇ ਵਕੀਲ ਨੇ ਕਿਹਾ ਅਦਾਲਤ ਵਿੱ ਕਿਹਾ ਸੀ ਕਿ ਪੰਜਾਬ ਪੁਲਿਸ ਨੂੰ ਲਾਰੈਂਸ ਨੂੰ ਹਥਕੜੀਆਂ ਬੇੜੀਆਂ ਦੇ ਵਿੱਚ ਲਿਜਾਣਾ ਚਾਹੀਦਾ ਹੈ। ਪੁਲਿਸ ਨੂੰ ਅਜਿਹਾ ਕੋਈ ਵੀ ਮੌਕਾ ਨਹੀਂ ਛੱਡਣਾ ਚਾਹੀਦਾ ਜਿਸ ਵਿੱਚ ਝੂਠੇ ਮੁਕਾਬਲੇ ਦੀ ਗੁੰਜਾਇਸ਼ ਹੋਵੇ। ਪੁਲਿਸ ਨੂੰ ਇਸ ਮਾਮਲੇ ਵਿੱਚ ਲਾਰੈਂਸ ਨੂੰ ਲਿਜਾਣ ਵਾਲੇ ਅਫਸਰਾਂ ਬਾਰੇ ਦੱਸੇ। ਪੰਜਾਬ ਪੁਲਿਸ ਦਾ ਹਲਫਨਾਮਾ ਦਾਇਰ ਕਰੇ ਅਤੇ ਇਹ ਵੀ ਦੱਸੇ ਕਿ ਲਾਰੈਂਸ ਨੂੰ ਕਿਹੜੇ ਵਾਹਨਾਂ ਵਿੱਚ ਲਿਜਾਇਆ ਜਾ ਰਿਹਾ ਹੈ। ਉਹ ਕਿਹੜੇ ਪੁਲਿਸ ਅਫਸਰ ਲੈ ਕੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਰੈਂਕ ਕੀ ਹੈ?

ਲਾਰੈਂਂਸ ਦੇ ਵਕੀਲ ਦਾ ਕਹਿਣਾ ਸੀ ਕਿ ਗੈਂਗਸਟਰ ਲਾਰੈਂਸ ਨੂੰ ਪੰਜਾਬ ਨਹੀਂ ਲਿਜਾਣਾ ਚਾਹੀਦਾ। ਉਸ ਦੀ ਦਲੀਲ ਸੀ ਕਿ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਵਿਚ ਪੰਜਾਬ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਇਸ ਮਾਮਲੇ ਵਿੱਚ ਲਾਰੈਂਸ ਨੇ ਐਨਆਈਏ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਹਾਲਾਂਕਿ ਉਸ ਨੂੰ ਕੋਈ ਰਾਹਤ ਨਹੀਂ ਮਿਲੀ।

ਇਥੇ ਇਹ ਵੀ ਵਰਨਣਯੋਗ ਹੈ ਕਿ ਮਾਨਸਾ ਦੇ ਜਵਾਹਰਕੇ ਵਿੱਚ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਦੀ ਜ਼ਿੰਮੇਵਾਰੀ ਲਾਰੈਂਸ ਦੇ ਕਰੀਬੀ ਕੈਨੇਡੀਅਨ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਨਸਾ ਪੁਲਿਸ ਨੇ ਉਸਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦਰਜ ਕੀਤੇ ਸਨ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮੂਸੇਵਾਲਾ ਨੂੰ ਲਾਰੈਂਸ ਗੈਂਗ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੁਲਿਸ ਨੇ ਸਿੱਧੇ ਤੌਰ ‘ਤੇ ਲਾਰੈਂਸ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਪਰ ਬਿਆਨ ‘ਚ ਉਸਦਾ ਨਾਮ ਦਰਜ ਹੈ। ਇਸ ਆਧਾਰ ‘ਤੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ। ਮੂਸੇਵਾਲਾ ਕਤਲ ਕਾਂਡ ਬਾਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਹਾ ਹੈ ਕਿ ਲਾਰੇਂਸ ਨੇ ਇਸ ਦੀ ਸਾਜ਼ਿਸ਼ ਰਚੀ ਸੀ। ਜਿਸ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਨੇ ਅੰਜਾਮ ਦਿੱਤਾ ਸੀ। ਸੂਤਰਾਂ ਅਨੁਸਾਰ ਲਾਰੈਂਸ ਮੋਹਾਲੀ ਵਿੱਚ ਆਪਣੇ ਕਰੀਬੀ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਨਾਰਾਜ਼ ਸੀ। ਜਿਸ ਤੋਂ ਬਾਅਦ ਉਸਨੇ ਤਿਹਾੜ ਜੇਲ ‘ਚ ਬੰਦ ਹੋਰ ਗੈਂਗਸਟਰਾਂ ਦੇ ਸਾਹਮਣੇ ਸਹੁੰ ਖਾਧੀ ਕਿ ਉਹ ਮੂਸੇਵਾਲਾ ਨੂੰ ਜ਼ਿੰਦਾ ਨਹੀਂ ਛੱਡਣਗੇ।

Related posts

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਮੁੜ ਨਾਸਾਜ਼ !

ਬਸੰਤ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ : ਡਾ. ਮਹਿਲ ਸਿੰਘ

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ