ਹਾਊਸਿੰਗ ਇੰਡਸਟਰੀ ਅਸੋਸੀਏਸ਼ਨ (HIA) ਨੇ ਫੈਡਰਲ ਅਤੇ ਸਾਊਥ ਆਸਟ੍ਰੇਲੀਆ ਸਰਕਾਰ ਵੱਲੋਂ 801.5 ਮਿਲੀਅਨ ਡਾਲਰ ਦੇ ਸਾਂਝੇ ਫੰਡ ਦਾ ਸਵਾਗਤ ਕੀਤਾ ਹੈ। ਇਸ ਫੰਡ ਨਾਲ ਸਾਊਥ ਆਸਟ੍ਰੇਲੀਆ ਵਿੱਚ 17,000 ਤੱਕ ਨਵੇਂ ਘਰ ਬਣਾਉਣ ਦਾ ਰਾਹ ਖੁੱਲੇਗਾ, ਜਿਨ੍ਹਾਂ ਵਿੱਚੋਂ ਲਗਭਗ 7,000 ਘਰ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਹੋਣਗੇ।
HIA ਦੀ ਮੈਨੇਜਿੰਗ ਡਾਇਰੈਕਟਰ ਜੋਸਲਿਨ ਮਾਰਟਿਨ ਨੇ ਕਿਹਾ ਹੈ ਕਿ, “ਇਹ ਨਿਵੇਸ਼ ਬਹੁਤ ਹੀ ਸਮੇਂ ਸਿਰ ਹੈ ਕਿਉਂਕਿ 40 ਸਾਲ ਤੋਂ ਘੱਟ ਉਮਰ ਵਾਲਿਆਂ ਵਿੱਚ ਘਰ ਮਾਲਕੀ ਦੀ ਦਰ ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਘੱਟ ਪੱਧਰ ‘ਤੇ ਹੈ ਅਤੇ ਇਹ ਫੰਡ ਘਰਾਂ ਦੀ ਘਾਟ ਨੂੰ ਘਟਾਉਣ ਵਿੱਚ ਮਦਦ ਕਰੇਗਾ। ਇਸ ਫੰਡਿੰਗ ਵਿੱਚ ਸਸਤੇ ਕਰਜ਼ੇ ਅਤੇ ਗ੍ਰਾਂਟ ਸ਼ਾਮਲ ਹਨ, ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਘਰ ਜਲਦੀ ਤਿਆਰ ਕਰਨ ਵਿੱਚ ਮਦਦ ਕਰਨਗੇ। ਫੰਡ ਦਾ ਵੱਡਾ ਹਿੱਸਾ ਬੁਨਿਆਦੀ ਢਾਂਚੇ ਲਈ ਵਰਤਿਆ ਜਾਵੇਗਾ, ਜਿਵੇਂ ਸੜਕਾਂ, ਪਾਣੀ ਦੀ ਸਪਲਾਈ, ਸਿਵਰੇਜ ਅਤੇ ਬਿਜਲੀ। ਇਹ ਉਹ ਸੁਵਿਧਾਵਾਂ ਹਨ ਜਿਨ੍ਹਾਂ ਦੀ ਕਮੀ ਕਾਰਨ ਕਈ ਹਾਊਸਿੰਗ ਪ੍ਰੋਜੈਕਟ ਦੇਰ ਨਾਲ ਪੂਰੇ ਹੁੰਦੇ ਹਨ।
801.5 ਮਿਲੀਅਨ ਡਾਲਰ ਦੇ ਫੰਡ ਵਿੱਚ ਕਈ ਵੱਡੇ ਪ੍ਰੋਜੈਕਟ ਸ਼ਾਮਲ ਹਨ। ਇਸ ਵਿੱਚ ਐਡਿਲੇਡ ਦੇ ਉੱਤਰੀ ਇਲਾਕਿਆਂ ਵਿੱਚ ਪਾਣੀ ਦੇ ਢਾਂਚੇ ਲਈ 300 ਮਿਲੀਅਨ ਡਾਲਰ ਦਾ ਸਸਤਾ ਕਰਜ਼ਾ ਸ਼ਾਮਲ ਹੈ, ਜਿਸ ਨਾਲ ਲਗਭਗ 4,000 ਨਵੇਂ ਘਰ ਬਣਨਗੇ। ਪਲੇਫੋਰਡ ਅਲਾਈਵ ਪ੍ਰੋਜੈਕਟ ਹੇਠ 400 ਨਵੇਂ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਘਰਾਂ ਲਈ 50 ਮਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਐਡਿਲੇਡ ਦੇ ਵੱਖ-ਵੱਖ ਸ਼ਹਿਰੀ ਨਵੀਨੀਕਰਨ ਪ੍ਰੋਜੈਕਟਾਂ ਲਈ 184 ਮਿਲੀਅਨ ਡਾਲਰ ਦਾ ਫੰਡ ਦਿੱਤਾ ਜਾਵੇਗਾ, ਜਿਸ ਨਾਲ 1,700 ਤੋਂ ਵੱਧ ਘਰ ਤਿਆਰ ਹੋਣਗੇ। 133.6 ਮਿਲੀਅਨ ਡਾਲਰ ਦੀ ਗ੍ਰਾਂਟ ਰਕਮ ਰਾਜ ਸਰਕਾਰ ਵੱਲੋਂ ਵੀ ਬਰਾਬਰ ਕੀਤੀ ਜਾਵੇਗੀ, ਜਿਸ ਨਾਲ ਹੋਰ ਯੋਜਨਾਵਾਂ ਰਾਹੀਂ 750 ਘਰ ਬਣਾਏ ਜਾਣਗੇ।
HIA ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਬੁਨਿਆਦੀ ਢਾਂਚੇ ਲਈ ਵਧੇਰੇ ਫੰਡ ਦੀ ਮੰਗ ਕਰ ਰਹੀ ਸੀ, ਤਾਂ ਜੋ ਨਵੇਂ ਘਰਾਂ ਦੇ ਪ੍ਰੋਜੈਕਟ ਜਲਦੀ ਸ਼ੁਰੂ ਹੋ ਸਕਣ। ਇਸ ਨਵੇਂ ਫੰਡ ਨਾਲ ਕਈ ਪ੍ਰੋਜੈਕਟ “ਸ਼ਵਲ-ਰੇਡੀ” ਬਣਣਗੇ ਅਤੇ ਘਰਾਂ ਦੀ ਸਪਲਾਈ ਵਧੇਗੀ। ਇਹ ਫੰਡ ਸਾਊਥ ਆਸਟ੍ਰੇਲੀਆ ਹੀ ਨਹੀਂ, ਸਗੋਂ ਪੂਰੇ ਦੇਸ਼ ਵਿੱਚ ਹਾਊਸਿੰਗ ਸਮੱਸਿਆ ਨੂੰ ਘਟਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।