ਵਿਕਟੋਰੀਆ ਦੀ ਪ੍ਰੀਮੀਅਰ ਨੂੰ ਆਪਣੇ ਮੰਤਰੀਮੰਡਲ ‘ਚ ਫੇਰਬਦਲ ਕਿਉਂ ਕਰਨਾ ਪਿਆ?

ਸਹੁੰ-ਚੁੱਕ ਸਮਾਗਮ ਤੋ ਬਾਅਦ ਵਿਕਟੋਰੀਆ ਦੀ ਪ੍ਰੀਮੀਅਰ ਜੇਸਿੰਟਾ ਐਲਨ ਆਪਣੇ ਨਵੇਂ ਮੰਤਰੀਆਂ ਦੇ ਦੇ ਨਾਲ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਆ ਦੀ ਪ੍ਰੀਮੀਅਰ ਨੇ ਆਪਣੀ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਕੀਤਾ ਹੈ। ਸੂਬੇ ਦੀ ਪ੍ਰੀਮੀਅਰ ਦੇ ਵਲੋਂ ਆਪਣੀ ਨਵੀਂ ਕੈਬਨਿਟ ਦੇ ਵਿੱਚ ਪਹਿਲਾਂ ਤੋਂ ਮੌਜੂਦ ਕਈ ਪੁਰਾਣੇ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਸੂਬੇ ਦੀ ਸਰਕਾਰ ਨੂੰ ਹੋਰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਜਿਥੇ ਕਈ ਪੁਰਾਣੇ ਮੰਤਰੀ ਪਹਲਿਾਂ ਵਾਂਗ ਹੀ ਕੰਮ ਸੰਭਾਲਦੇ ਰਹਿਣਗੇ ਉਥੇ ਹੀ, ਕਈ ਨਵੇਂ ਨੌਜਵਾਨ ਚਿਹਰਿਆਂ ਨੂੰ ਮੰਤਰੀ ਬਣਾ ਕੇ ਨਵੀਂਆਂ ਜਿੰਮੇਵਾਰੀਆਂ ਦਾ ਭਾਰ ਵੀ ਸੰਭਾਲਿਆ ਗਿਆ ਹੈ। ਵਿਕਟੋਰੀਆ ਦੀ 30ਵੀਂ ਗਵਰਨਰ ਮਾਰਗਰੇਟ ਗਾਰਡਨਰ ਦੇ ਵਲੋਂ ਵਿਕਟੋਰੀਆ ਦੇ ਨਵੇਂ ਮੰਤਰੀ ਮੰਡਲ ਨੂੰ ਗਵਰਨਮੈਂਟ ਹਾਊਸ ਦੇ ਵਿੱਚ ਅਹੁਦਿਆਂ ਦੇ ਨਾਲ ਵਫ਼ਾ ਨਿਭਾਉਣ ਦੀ ਸਹੁੰ ਵੀ ਚੁਕਾਈ ਗਈ ਹੈ।

ਵਿਕਟੋਰੀਆ ਦੀ ਪ੍ਰੀਮੀਅਰ ਜੇਸਿੰਟਾ ਐਲਨ ਨੇ ਆਪਣੀ ਕੈਬਿਨੇਟ ਵਿੱਚ ਕੀਤੇ ਗਏ ਵੱਡੇ ਬਦਲਾਅ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਮੈਂ ਇੱਕ ਨਵੀਂ ਕੈਬਨਿਟ ਦਾ ਐਲਾਨ ਕੀਤਾ ਹੈ ਤੇ ਇਹ ਇੱਕ ਮਜ਼ਬੂਤ ਅਤੇ ਸੰਯੁਕਤ ਟੀਮ ਸਭ ਤੋਂ ਮਹੱਤਵਪੂਰਨ ਚੀਜ਼ਾਂ ‘ਤੇ ਕੇਂਦ੍ਰਿਤ ਹੈ। ਇਸ ਨਵੀਂ ਟੀਮ ਦਾ ਮਕਸਦ ਵਿਕਟੋਰੀਆ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਆਸਾਨ, ਸੁਰੱਖਿਅਤ, ਵਧੇਰੇ ਕਿਫਾਇਤੀ ਅਤੇ ਹੋਰ ਬਿਹਤਰ ਬਣਾਉਣਾ ਹੈ। ਇਸ ਸਮੇਂ ਕੰਮ ਕਰਨ ਵਾਲੇ ਲੋਕਾਂ ‘ਤੇ ਸਭ ਤੋਂ ਵੱਡਾ ਦਬਾਅ ਜੀਵਨ ਦੀ ਲਾਗਤ ਹੈ। ਇਹੀ ਦਬਾਅ ਵਿਕਟੋਰੀਆ ਦੇ ਲੋਕ ਹਰ ਰੋਜ਼ ਮਹਿਸੂਸ ਕਰਦੇ ਹਨ – ਚੈੱਕਆਉਟ ‘ਤੇ, ਲੇਜ਼ਰ ‘ਤੇ, ਰਸੋਈ ਦੇ ਮੇਜ਼ ਦੇ ਆਲੇ-ਦੁਆਲੇ, ਪਰਿਵਾਰਕ ਬਜਟ ਅਤੇ ਪਰਿਵਾਰਕ ਸਮੇਂ ‘ਤੇ ਦਬਾਅ। ਇਸ ਲਈ ਮੇਰੀ ਇਹ ਨਵੀਂ ਟੀਮ ਇਹਨਾਂ ਮੁੱਦਿਆਂ ਉਪਰ ਧਿਆਨ ਕੇਂਦਰਿਤ ਕਰ ਰਹੀ ਹੈ।”

ਪ੍ਰੀਮੀਅਰ ਜੇਸਿੰਟਾ ਐਲਨ ਨੇ ਆਪਣੇ ਨਵੇਂ ਮੰਤਰਿਆਂ ਵਾਰੇ ਵਿਸਥਾਰ ਦੇ ਵਿੱਚ ਸਮਝਾਉਂਦਿਆਂ ਦੱਸਿਆ ਹੈ ਕਿ, “ਹੈਰੀਏਟ ਸ਼ਿੰਗ ਸਿਹਤ, ਐਂਬੂਲੈਂਸ ਸੇਵਾਵਾਂ ਅਤੇ ਪਾਣੀ ਦੀ ਨਵੀਂ ਮੰਤਰੀ ਬਣੀ ਹੈ। ਉਹ ਜਨਤਕ ਸਿਹਤ ਲਈ ਨਵੇਂ ਵਿਚਾਰ ਲਿਆਏਗੀ, ਸਾਡੇ ਸਮਰਪਿਤ ਵਰਕਫੋਰਸ ਨੂੰ ਸਮਰਥਨ ਦੇਵੇਗੀ, ਵਿਅਸਤ ਪਰਿਵਾਰਾਂ ਲਈ ਸਿਹਤ ਸੰਭਾਲ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਲਈ ਸਰਕਾਰ ਦੇ ਕੰਮ ਨੂੰ ਹੋਰ ਅੱਗੇ ਵਧਾਏਗੀ। ਇੰਗ੍ਰਿਡ ਸਟਿੱਟ ਪਾਰਦਰਸ਼ਤਾ, ਇਮਾਨਦਾਰੀ ਅਤੇ ਜਵਾਬਦੇਹੀ ‘ਤੇ ਸਰਕਾਰ ਦੇ ਕੰਮਾਂ ਦੀ ਅਗਵਾਈ ਕਰਨ ਵਾਲੀ ਨਵੀਂ ਵਿਸ਼ੇਸ਼ ਰਾਜ-ਮੰਤਰੀ ਬਣਾਈ ਗਈ ਹੈ। ਉਹ ਸਰਕਾਰੀ ਸੇਵਾਵਾਂ ਮੰਤਰੀ ਦੇ ਨਾਲ-ਨਾਲ ਬਹੁ-ਸੱਭਿਆਚਾਰਕ ਅਤੇ ਬਹੁ-ਧਰਮੀ ਵਿਕਟੋਰੀਆ ਦੀ ਮੰਤਰੀ ਦੇ ਵਜੋਂ ਵੀ ਕੰਮ ਕਰਦੀ ਰਹੇਗੀ। ਰਹਿਣ-ਸਹਿਣ ਦਾ ਖਰਚਾ ਪ੍ਰੀਵਾਰਕ ਬਜਟ ਅਤੇ ਪ੍ਰੀਵਾਰਕ ਸਮੇਂ ‘ਤੇ ਵੱਡਾ ਦਬਾਅ ਪਾ ਰਿਹਾ ਹੈ। ਅਸੀਂ ਘਰ ਤੋਂ ਕੰਮ ਨੂੰ ਇੱਕ ਅਧਿਕਾਰ ਬਣਾ ਰਹੇ ਹਾਂ, ਅਸੀਂ ਅਪ੍ਰੈਲ ਵਿੱਚ ਇੱਕ ਅਸਥਾਈ ਉਪਾਅ ਵਜੋਂ ਜਨਤਕ ਆਵਾਜਾਈ ਨੂੰ ਮੁਫਤ ਬਣਾਇਆ ਹੈ, ਅਸੀਂ ਹੋਰ ਅਜਿਹੇ ਘਰ ਦੇ ਰਹੇ ਹਾਂ ਜਿਹਨਾਂ ਨੂੰ ਨੌਜਵਾਨ ਟਰੇਨ ਸਟੇਸ਼ਨਾਂ ਅਤੇ ਨੌਕਰੀਆਂ ਦੇ ਨੇੜੇ ਖ੍ਰੀਦ ਸਕਣ। ਇਸ ਲਈ ਪਾਲ ਐਡਬਰੂਕ ਇਸ ਜ਼ਰੂਰੀ ਕੰਮ ਨੂੰ ਜਾਰੀ ਰੱਖਣ ਲਈ ਰਹਿਣ-ਸਹਿਣ ਦੀ ਲਾਗਤ ਦੇ ਨਵੇਂ ਮੰਤਰੀ ਬਣਾਏ ਗਏ ਹਨ। ਇਸ ਤੋਂ ਇਲਾਵਾ ਉਹ ਕਿਰਾਏਦਾਰਾਂ ਦੇ ਪਹਿਲੇ ਮੰਤਰੀ ਬਣਾਏ ਗਏ ਹਨ, ਕਿਉਂਕਿ ਸਰਕਾਰ ਕਿਰਾਏ ਨੂੰ ਨਿਰਪੱਖ ਅਤੇ ਹੋਰ ਕਿਫਾਇਤੀ ਬਣਾ ਰਹੀ ਹੈ। ਪੌਲ ੲੈੱਡਬਰੂਕ ਪੁਰਸ਼ਾਂ ਅਤੇ ਮੁੰਡਿਆਂ ਲਈ ਨਵੇਂ ਮੰਤਰੀ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਵੀ ਬਣਾਏ ਗਏ ਹਨ। ਸਟੀਵ ਡਿਮੋਪੋਲੋਸ, ਖੇਡ ਅਤੇ ਪ੍ਰਮੁੱਖ ਸਮਾਗਮਾਂ ਦੇ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਤੋਂ ਇਲਾਵਾ, ਆਰਥਿਕ ਵਿਕਾਸ ਅਤੇ ਨੌਕਰੀਆਂ ਦੇ ਮੰਤਰੀ ਦੀ ਭੂਮਿਕਾ ਵੀ ਨਿਭਾਉਣਗੇ। ਇੱਕ ਮਜ਼ਬੂਤ ਅਰਥਵਿਵਸਥਾ ਦਾ ਅਰਥ ਹੈ ਵਿਕਟੋਰੀਆ ਦੇ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵਧੇਰੇ ਨੌਕਰੀਆਂ, ਅਤੇ ਇਸੇ ਤਰ੍ਹਾਂ ਖੇਡਾਂ ਅਤੇ ਪ੍ਰਮੁੱਖ ਸਮਾਗਮਾਂ ਦੇ ਲਈ ਵੀ ਹੈ। ਉਹ ਇਹ ਯਕੀਨੀ ਬਣਾਉਣਾ ਜਾਰੀ ਰੱਖਣਗੇ ਕਿ ਵਿਕਟੋਰੀਆ ਇੱਕ ਵਿਸ਼ਵਵਿਆਪੀ ਲੀਡਰ ਬਣਿਆ ਰਹੇ। ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰਦੇ ਹੋਏ ਕਿ ਵਿਕਟੋਰੀਆ ਭਵਿੱਖ ਦੀਆਂ ਨੌਕਰੀਆਂ ਅਤੇ ਹੁਨਰਾਂ ਵਿੱਚ ਸਭ ਤੋਂ ਅੱਗੇ ਰਹੇ, ਕੋਲਿਨ ਬਰੂਕਸ ਉਦਯੋਗ ਅਤੇ ਉੱਨਤ ਨਿਰਮਾਣ ਮੰਤਰੀ, ਰੱਖਿਆ ਉਦਯੋਗ ਮੰਤਰੀ, ਅਤੇ ਸਕਿੱਲ ਤੇ ਟੇਫ਼ ਮੰਤਰੀ ਵਜੋਂ ਸੇਵਾ ਨਿਭਾਉਣਗੇ। ਅਸੀਂ ਹੋਰ ਵਿਕਟੋਰੀਆ ਵਾਸੀਆਂ ਨੂੰ ਸੁਰੱਖਿਅਤ ਨੌਕਰੀਆਂ ਲਈ ਲੋੜੀਂਦੇ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਮੁਫ਼ਤ ਟੇਫ਼ ਦਿੱਤਾ ਹੈ। ਕੋਲਿਨ ਬਰੂਕਸ ਇਹ ਯਕੀਨੀ ਬਣਾਉਣਾ ਜਾਰੀ ਰੱਖਣਗੇ ਕਿ ਇਹ ਭਵਿੱਖ ਵਿੱਚ ਵੀ ਸੁਰੱਖਿਅਤ ਰਹੇ। ਨੈਟਲੀ ਸੁਲੇਮਾਨ ਵੈਟਰਨਜ਼ ਮੰਤਰੀ ਅਤੇ ਛੋਟੇ ਅਤੇ ਪ੍ਰੀਵਾਰਕ ਕਾਰੋਬਾਰ ਅਤੇ ਰੁਜ਼ਗਾਰ ਮੰਤਰੀ ਵਜੋਂ ਆਪਣੇ ਪੋਰਟਫੋਲੀਓ ਤੋਂ ਇਲਾਵਾ ਸੈਰ-ਸਪਾਟਾ ਮੰਤਰੀ ਬਣਾਈ ਗਈ ਹੈ। ਡਿਪਟੀ ਪ੍ਰੀਮੀਅਰ ਬੇਨ ਕੈਰੋਲ ਨੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਮੈਡੀਕਲ ਖੋਜ ਨੂੰ ਵੀ ਸ਼ਾਮਲ ਕੀਤਾ ਹੈ ਜਦਕਿ ਐਂਥੋਨੀ ਕਾਰਬਾਈਨਸ ਸਦਨ ਦੇ ਨਵੇਂ ਨੇਤਾ ਬਣਾਏ ਗਏ ਹਨ। ਜੈਕਲੀਨ ਸਾਈਮਸ ਖਜ਼ਾਨਾ, ਉਦਯੋਗਿਕ ਸਬੰਧਾਂ ਲਈ ਮੰਤਰੀ ਅਤੇ ਵਿਧਾਨ ਪ੍ਰੀਸ਼ਦ ਵਿੱਚ ਸਰਕਾਰ ਦੀ ਨੇਤਾ ਤੋਂ ਇਲਾਵਾ ਵਿਕਟੋਰੀਆ ਅਤੇ ਪ੍ਰੀਸਿੰਕਟਸ ਲਈ ਵਿਕਾਸ ਮੰਤਰੀ ਵਜੋਂ ਸੇਵਾਵਾਂ ਨਿਭਾਏਗੀ। ਵਿਕਟੋਰੀਆ ਸਰਕਾਰ ਔਰਤਾਂ ਅਤੇ ਕੁੜੀਆਂ ਲਈ ਆਰਥਿਕ, ਸਿਹਤ ਅਤੇ ਸੁਰੱਖਿਆ ਨਤੀਜਿਆਂ ਦਾ ਸਹਿਯੋਗ ਕਰਦੀ ਰਹੇਗੀ। ਪਰ ਅਜੇ ਵੀ ਹੋਰ ਕੰਮ ਕਰਨਾ ਬਾਕੀ ਹੈ। ਇਸੇ ਲਈ ਗੈਬਰੀਏਲ ਵਿਲੀਅਮਜ਼ ਔਰਤਾਂ ਅਤੇ ਕੁੜੀਆਂ ਦੀ ਨਵੀਂ ਮੰਤਰੀ ਬਣੀ ਹੈ। ਸਬਅਰਬਨ ਰੇਲ ਲੂਪ ਵਿਅਸਤ ਪਰਿਵਾਰਾਂ ਲਈ ਆਉਣ-ਜਾਣ ਦੇ ਸਮੇਂ ਅਤੇ ਭੀੜ ਨੂੰ ਘਟਾਏਗਾ ਅਤੇ ਨਾਲ ਹੀ ਨੌਕਰੀਆਂ, ਸਿਹਤ ਸੰਭਾਲ, ਹਰੀਆਂ ਥਾਵਾਂ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਤੋਂ ਪੈਦਲ ਦੂਰੀ ਦੇ ਅੰਦਰ-ਅੰਦਰ 70 ਹਜ਼ਾਰ ਹੋਰ ਘਰ ਵੀ ਪ੍ਰਦਾਨ ਕਰੇਗਾ। ਨਿੱਕ ਸਟਾਈਕੋਸ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਜਾਰੀ ਰੱਖਦੇ ਹੋਏ, ਹਾਊਸਿੰਗ ਤੇ ਬਿਲਡਿੰਗ ਮੰਤਰੀ ਅਤੇ ਸਬਅਰਬਨ ਰੇਲ ਲੂਪ ਦੇ ਮੰਤਰੀ ਬਣਾਏ ਗਏ ਹਨ। ੲੈਨਵਰ ਏਰਡੋਗਨ ਵਾਤਾਵਰਣ ਅਤੇ ਬਾਹਰੀ ਮਨੋਰੰਜਨ ਮੰਤਰੀ ਦੇ ਨਾਲ ਕੈਸੀਨੋ, ਗੇਮਿੰਗ ਅਤੇ ਸ਼ਰਾਬ ਨਿਯਮ ਮੰਤਰੀ ਵਜੋਂ ਆਪਣੀਆਂ ਡਿਊਟੀਆਂ ਦਾ ਘੇਰਾ ਵਧਾ ਕੇ, ਇਹ ਯਕੀਨੀ ਬਣਾਉਣਗੇ ਕਿ ਵਿਕਟੋਰੀਆ ਦੇ ਪ੍ਰੀਵਾਰ ਕਿਫਾਇਤੀ ਕੀਮਤ ‘ਤੇ ਵਧੀਆ ਬਾਹਰੀ ਅਤੇ ਸਾਡੇ ਸ਼ਾਨਦਾਰ ਚਿੜੀਆਘਰਾਂ ਅਤੇ ਜਨਤਕ ਥਾਵਾਂ ਦਾ ਆਨੰਦ ਲੈ ਸਕਣ। ਸੋਨੀਆ ਕਿਲਕੇਨੀ ਅਟੋਰਨੀ-ਜਨਰਲ ਅਤੇ ਯੋਜਨਾਬੰਦੀ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਹਿੰਸਾ ਘਟਾਉਣ ਅਤੇ ਵਿੱਤ ਮੰਤਰੀ ਵੀ ਬਣਾਈ ਗਈ ਹੈ। ਅਸੀਂ ਸ਼ੁਰੂਆਤੀ ਦਖਲਅੰਦਾਜ਼ੀ ਅਤੇ ਗੰਭੀਰ ਨਤੀਜਿਆਂ ‘ਤੇ ਕੰਮ ਕੀਤਾ ਹੈ ਅਤੇ ਪੌਲ ਹੈਮਰ ਯੁਵਾ ਨਿਆਂ ਅਤੇ ਸੁਧਾਰ ਮੰਤਰੀ ਦੇ ਨਾਲ-ਨਾਲ ਸਥਾਨਕ ਸਰਕਾਰਾਂ ਮੰਤਰੀ ਵਜੋਂ ਇਹ ਕੰਮ ਜਾਰੀ ਰੱਖਣਗੇ। ਰੌਸ ਸਪੈਂਸ ਕਮਿਊਨਿਟੀ ਖੇਡ ਮੰਤਰੀ ਅਤੇ ਪਹਿਲੇ ਲੋਕਾਂ ਲਈ ਮੰਤਰੀ ਵਜੋਂ ਆਪਣੀਆਂ ਭੂਮਿਕਾਵਾਂ ਤੋਂ ਇਲਾਵਾ ਸੜਕਾਂ ਅਤੇ ਸੜਕ ਸੁਰੱਖਿਆ ਮੰਤਰੀ ਬਣਾਈ ਗਈ ਹੈ। ਮੇਲਿਸਾ ਹੌਰਨ ਨੇ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਪ੍ਰੀਵਾਰਕ ਹਿੰਸਾ ਰੋਕਥਾਮ ਮੰਤਰੀ ਦੀ ਭੂਮਿਕਾ ਨੂੰ ਵੀ ਸ਼ਾਮਲ ਕੀਤਾ ਹੈ। ਯੂਰੇਕਾ ਦੀ ਮੈਂਬਰ ਪਾਰਲੀਮੈਂਟ ਅਤੇ ਇੱਕ ਮਾਣਮੱਤੇ ਖੇਤਰੀ ਸੰਸਦ ਮੈਂਬਰ ਵਜੋਂ ਮਾਈਕੇਲਾ ਸੈਟਲ ਖੇਤਰੀ ਵਿਕਾਸ ਮੰਤਰੀ ਅਤੇ ਖੇਤੀਬਾੜੀ ਮੰਤਰੀ ਬਣਾਈ ਗਈ ਹੈ। ਲੂਬਾ ਗ੍ਰੀਗੋਰੋਵਿਜ਼ ਯੁਵਾ ਮੰਤਰੀ ਅਤੇ ਦੇਖਭਾਲ ਕਰਨ ਵਾਲਿਆਂ ਅਤੇ ਵਲੰਟੀਅਰਾਂ ਦੀ ਮੰਤਰੀ ਬਣਾਈ ਗਈ ਹੈ। ਟਿਮ ਰਿਚਰਡਸਨ ਨਵੀਂ ਕੈਬਨਿਟ ਸਕੱਤਰ ਬਣਾਏ ਗਏ ਹਨ।”

ਪ੍ਰੀਮੀਅਰ ਜੇਸਿੰਟਾ ਐਲਨ ਨੇ ਇਹ ਵੀ ਦੱਸਿਆ ਕਿ, “ਲਿਲੀ ਡੀ’ਐਂਬਰੋਸੀਓ ਪਹਿਲਾਂ ਵਾਂਗ ਹੀ ਜਲਵਾਯੂ ਕਾਰਵਾਈ ਮੰਤਰੀ, ਊਰਜਾ ਤੇ ਸਰੋਤ ਮੰਤਰੀ ਅਤੇ ਰਾਜ ਬਿਜਲੀ ਕਮਿਸ਼ਨ ਮੰਤਰੀ ਸੇਵਾਵਾਂ ਨਿਭਾਉਂਦੀ ਰਹੇਗੀ। ਲਿਜ਼ੀ ਬਲੈਂਡਥੋਰਨ ਪਹਿਲਾਂ ਵਾਂਗ ਵਿਧਾਨ ਪ੍ਰੀਸ਼ਦ ਵਿੱਚ ਸਰਕਾਰ ਦੀ ਡਿਪਟੀ ਲੀਡਰ, ਬਾਲ ਮੰਤਰੀ ਅਤੇ ਅਪਾਹਜਤਾ ਮੰਤਰੀ ਵਜੋਂ ਸੇਵਾਵਾਂ ਨੂੰ ਜਾਰੀ ਰੱਖੇਗੀ। ਇਸ ਦੇ ਨਾਲ-ਨਾਲ ਵਿੱਕੀ ਵਾਰਡ ਪਹਿਲਾਂ ਵਾਂਗ ਹੀ ਐਮਰਜੈਂਸੀ ਸੇਵਾਵਾਂ ਮੰਤਰੀ, ਕੁਦਰਤੀ ਆਫ਼ਤ ਰਿਕਵਰੀ ਮੰਤਰੀ, ਸਮਾਨਤਾ ਮੰਤਰੀ ਅਤੇ ਸਿਰਜਣਾਤਮਕ ਉਦਯੋਗ ਮੰਤਰੀ ਦੀਆਂ ਸੇਵਾਵਾਂ ਨਿਭਾਉਂਦੀ ਰਹੇਗੀ। ਇਹ ਇੱਕ ਮਜ਼ਬੂਤ ਅਤੇ ਇੱਕਜੁੱਟ ਟੀਮ ਹੈ ਜੋ ਵਿਕਟੋਰੀਆ ਦੇ ਲੋਕਾਂ ਦੇ ਲਈ ਕੰਮ ਕਰਨ ‘ਤੇ ਕੇਂਦ੍ਰਿਤ ਹੈ ਅਤੇ ਵਿਕਟੋਰੀਆ ਦੇ ਲੋਕਾਂ ਦੀ ਹੋਰ ਸੇਵਾ ਕਰਨ ਦੇ ਲਈ ਤਿਆਰ-ਬਰ-ਤਿਆਰ ਹੈ।”

Related posts

ਭਾਜਪਾ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕਰਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ – ਮੁੱਖ-ਮੰਤਰੀ ਮਾਨ

‘ਤੇਲ ਸਪਲਾਈ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ’ : ਪ੍ਰਧਾਨ ਮੰਤਰੀ ਵਲੋਂ ਵੀਵਾ ਰਿਫਾਈਨਰੀ ਦਾ ਦੌਰਾ !

ਹਵਾਈ ਸਫ਼ਰ ਦੌਰਾਨ ਛੇੜਛਾੜ ਦੇ ਦੋਸ਼ਾਂ ਹੇਠ ਭਾਰਤੀ ਗ੍ਰਿਫਤਾਰ