ਜੋਕੋਵਿਕ ਡਿਪੋਰਟ ਹੋਵੇਗਾ ਜਾਂ ਨਹੀਂ ਦਾ ਫੈਸਲਾ ਸੋਮਵਾਰ ਨੂੰ ਹੋਵੇਗਾ !

ਮੈਲਬੌਰਨ – ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੇ ਮੈਲਬੌਰਨ ਪਹੁੰਚਣ ‘ਤੇ ਵੀਜ਼ਾ ਰੱਦ ਹੋਣ ਤੋਂ ਬਾਅਦ ਆਪਣੀ ਪਹਿਲੀ ਰਾਤ ਇਮੀਗ੍ਰੇਸ਼ਨ ਦੀ ਹਿਰਾਸਤ ਵਿਚ ਬਿਤਾਈ ਹੈ। ਜੋਕੋਵਿਚ ਦੀ ਲੀਗਲ ਟੀਮ ਨੇ ਵੀਜ਼ਾ ਉਲੰਘਣਾ ਕਰਨ ‘ਤੇ ਆਸਟ੍ਰੇਲੀਆ ਤੋਂ ਡਿਪੋਰਟ ਕਰਨ ਦੇ ਆਸਟ੍ਰੇਲੀਅਨ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਇਸਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਹੈ। ਨੋਵਾਕ ਜੋਕੋਵਿਕ ਨੇ ਆਸਟ੍ਰੇਲੀਅਨ ਓਪਨ ਵਿੱਚ ਖੇਡਣ ਦੀ ਇਜਾਜ਼ਤ ਦਿੱਤੇ ਜਾਣ ਨੂੰ ਲੈ ਕੇ ਅਦਾਲਤ ਦਾ ਸਹਾਰਾ ਲਿਆ ਹੈ ਜਿਸਦੀ ਸੁਣਵਾਈ ਅਗਲੇ ਸੋਮਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਪਰ ਫਿਲਹਾਲ ਜੋਕੋਵਿਕ ਨੂੰ ਕਾਰਲਟਨ ਦੇ ਪਾਰਕ ਹੋਟਲ ਵਿੱਚ ਇਮੀਗ੍ਰੇਸ਼ਨ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸਦੀ ਕਾਨੂੰਨੀ ਟੀਮ ਵਲੋਂ ਉਸਨੂੰ ਆਸਟ੍ਰੇਲੀਆ ਵਿਚੋਂ ਵਾਪਸ ਭੇਜੇ ਜਾਣ ਦੇ ਆਸਟ੍ਰੇਲੀਅਨ ਸਰਕਾਰ ਦੇ ਫੈਸਲੇ ਨੂੰ ਉਲਟਾਉਣ ਦੇ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ।

ਨੋਵਾਕ ਜੋਕੋਵਿਕ ਦੇ ਪਿਤਾ ਨੇ ਆਸਟ੍ਰੇਲੀਅਨ ਸਰਕਾਰ ‘ਤੇ ਵਿਸ਼ਵ ਦੇ ਨੰਬਰ ਇੱਕ ਟੈਨਿਸ ਸਟਾਰ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕਰਨ ਦਾ ਦੋਸ਼ ਲਗਾਇਆ ਹੈ। ਇਸੇ ਦੌਰਾਨ ਆਸਟ੍ਰੇਲੀਆ ਦੀ ਗ੍ਰਹਿ ਮੰਤਰੀ ਕੈਰੇਨ ਐਂਡਰਿਊਜ਼ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਹੈ ਕਿ, “ਜੋਕੋਵਿਕ ਨੂੰ ਆਸਟ੍ਰੇਲੀਆ ਵਿੱਚ ਬੰਦੀ ਨਹੀਂ ਰੱਖਿਆ ਗਿਆ ਅਤੇ ਜੇਕਰ ਉਹ ਚਾਹੇ ਤਾਂ ਕਿਸੇ ਵੀ ਸਮੇਂ ਆਸਟ੍ਰੇਲੀਆ ਛੱਡਕੇ ਵਾਪਸ ਆਪਣੇ ਦੇਸ਼ ਸਰਬੀਆ ਜਾਣ ਲਈ ਆਜ਼ਾਦ ਹੈ।

ਇਸ ਵੇਲੇ ਇਹ ਮਾਮਲਾ ਅੰਤਰਾਸ਼ਟਰੀ ਪੱਧਰ ‘ਤੇ ਮੀਡੀਆ ਦੇ ਵਿੱਚ ਛਾਇਆ ਹੋਇਆ ਹੈ। ਦੁਨੀਆਂ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਮੈਲਬੌਰਨ ਸਥਿਤ ਕਾਰਲਟਨ ਦੇ ਪਾਰਕ ਹੋਟਲ ‘ਤੇ ਲੱਗੀਆਂ ਹੋਈਆਂ ਹਨ ਜਿਥੇ ਦੁਨੀਆਂ ਦੇ ਮਸ਼ਹੂਰ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਨੂੰ ਨਜ਼ਰਬੰਦ ਕੀਤਾ ਗਿਆ ਹੈ। ਨੋਵਾਕ ਜੋਕੋਵਿਕ ਦੀ ਨਜ਼ਰਬੰਦੀ ਨੂੰ ਲੈਕੇ ਉਸਦੇ ਚਾਹੁਣ ਵਾਲਿਆਂ ਵਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸ ਹੋਟਲ ਦੀ ਵਰਤੋਂ ਪਿਛਲੇ ਕੁੱਝ ਸਮੇਂ ਤੋਂ ਬਹੁਤ ਵਿਵਾਦਪੂਰਨ ਰਹੀ ਹੈ। ਕਾਰਲਟਨ ਵਿੱਚ ਪਾਰਕ ਹੋਟਲ ਦੀ ਵਰਤੋਂ ਆਸਟ੍ਰੇਲੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਦੁਆਰਾ ਬਹੁਤ ਸਾਰੇ ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਨੂੰ ਨਜ਼ਰਬੰਦ ਕਰਨ ਲਈ ਕੀਤੀ ਜਾਂਦੀ ਹੈ।

ਵਰਨਣਯੋਗ ਹੈ ਕਿ ਟੈਨਿਸ ਆਸਟ੍ਰੇਲੀਆ ਨੇ 34 ਸਾਲਾ ਖਿਡਾਰੀ ਨੋਵਾਕ ਜੋਕੋਵਿਕ ਨੂੰ ਆਸਟ੍ਰੇਲੀਆ ਦੇ ਵਿੱਚ ਆ ਕੇ ਆਸਟ੍ਰੇਲੀਅਨ ਓਪਨ ਟੂਰਨਾਮੈਂਟ ਦੇ ਵਿੱਚ ਖੇਡਣ ਦੀ ਇਜ਼ਾਜ਼ਤ ਇਸ ਕਰਕੇ ਦਿੱਤੀ ਸੀ ਕਿਉਂਕਿ ਜੋਕੋਵਿਕ ਨੇ ਕੋਵਿਡ-19 ਦੇ ਲਕਈ ਜਰੂਰੀ ਟੀਕਾਕਰਨ ਤੋਂ ਛੋਟ ਲਈ ਹੋਈ ਸੀ ਅਤੇ ਉਸਨੂੰ ਛੋਟ ਇਸ ਕਰਕੇ ਮਿਲੀ ਸੀ ਕਿਉਂਕਿ ਉਹ ਪਿਛਲੇ ਛੇ ਮਹੀਨਿਆਂ ਵਿਚ ਕੋਵਿਡ-19 ਤੋ ਪਾਜ਼ੇਟਿਵ ਹੋਣ ਤੋਂ ਬਾਅਦ ਠੀਕ ਹੋ ਗਿਆ ਸੀ।

Related posts

$100 Million Boost for Bushfire Recovery Across Victoria

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community