ਇਜ਼ਰਾਈਲ ਦੁਆਰਾ ਅਮਰੀਕਾ ਨਾਲ ਮਿਲ ਕੇ ਕੀਤੇ ਗਏ ਇੱਕ ਯੋਜਨਾਬੱਧ ਹਮਲੇ ਦੇ ਵਿੱਚ ਈਰਾਨ ਦੇ 86 ਸਾਲਾ ਧਾਰਮਿਕ ਆਗੂ ਅਤੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਸਮੇਤ 20 ਹੋਰ ਅਹਿਮ ਲੀਡਰਾਂ ਨੂੰ ਮਾਰ ਮੁਕਾਇਆ ਹੈ। ਇਸ ਹਮਲੇੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਸਮੇਤ ਹੋਰ ਕਈ ਦੇਸ਼ਾਂ ਦੇ ਵਿੱਚ ਸ਼ੀਆ ਮੁਸਲਮਾਨਾਂ ਦੇ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਜ਼ਰਾਈਲ ਅਤੇ ਈਰਾਨ ਵਿਚਕਾਰ ਵਧਦੇ ਟਕਰਾਅ ਦੌਰਾਨ ਭਾਰਤ ਅਤੇ ਖਾੜੀ ਦੇਸ਼ਾਂ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਵੀ ਸੁਰੱਖਿਆ ਵਜੋਂ ਉਡਾਣਾ ਨੂੰ ਰੱਦ ਕੀਤੇ ਜਾਣ ਦੇ ਕਾਰਣ ਹਵਾਈ ਅੱਡਿਆਂ ਦੇ ਉਪਰ ਯਾਤਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸ੍ਹਾਮਣਾ ਕਰਨਾ ਪੈ ਰਿਹਾ ਹੈ। ਇਸ ਹਮਲੇ ਦਾ ਪ੍ਰਭਾਵ ਭਾਰਤ-ਪਾਕਿਸਤਾਨ ਅਤੇ ਮਿਡਲ ਈਸਟ ਸਮੇਤ ਹੋਰਨਾਂ ਦੇਸ਼ਾਂ ਦੇ ਉਪਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਉਪਰ ਕੀਤੀ ਗਈ ਇਸ ਫੌਜੀ ਕਾਰਵਾਈ ਨੂੰ ‘ਆਪ੍ਰੇਸ਼ਨ ਏਪਿਕ ਫਿਊਰੀ’ ਦਾ ਨਾਮ ਦਿੱਤਾ ਗਿਆ ਜਿਸਦਾ ਮੰਤਵ ਈਰਾਨ ਵਿੱਚ ਸ਼ਾਸਨ ਤਬਦੀਲੀ ਹੈ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਵਿਰੁੱਧ ਕਾਰਵਾਈ ਦੇ ਲਈ ਇਜ਼ਰਾਈਲ ਅਤੇ ਅਮਰੀਕਾ ਵਲੋਂ ਪਿਛਲੇ ਸਾਲ ਤੋਂ ਹੀ ਇੱਕ ਯੋਜਨਾ ਉਪਰ ਕੰਮ ਕੀਤਾ ਜਾ ਰਿਹਾ ਸੀ। ਇਸ ਲਈ ਅਯਾਤੁੱਲਾ ਅਲੀ ਖਮੇਨੀ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖੀ ਜਾ ਰਹੀ ਸੀ, ਜਾਣਕਾਰੀਆਂ ਸਾਂਝੀਆਂ ਕੀਤੀ ਜਾ ਰਹੀਆਂ ਸਨ ਅਤੇ ਇੰਤਜ਼ਾਰ ਸਿਰਫ਼ ਵੱਧ ਤੋਂ ਸਰਗਰਮ ਲੀਡਰਾਂ ਨੂੰ ਇੱਕੋ ਕਾਰਵਾਈ ਦੇ ਵਿੱਚ ਮਾਰ-ਮੁਕਾਉਣ ਦਾ ਸੀ। ਦੋਵਾਂ ਦੇਸ਼ਾਂ ਦੀਆਂ ਖੁਫੀਆ ਏਜੰਸੀਆਂ ਸੀਨੀਅਰ ਈਰਾਨੀ ਰਾਜਨੀਤਿਕ ਅਤੇ ਫੌਜੀ ਨੇਤਾਵਾਂ ਦੀ ਮੀਟਿੰਗ ਦੀ ਉਡੀਕ ਕਰ ਰਹੀਆਂ ਸਨ ਤਾਂ ਜੋ ਉਨ੍ਹਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਜਾ ਸਕੇ। ਇਜ਼ਰਾਈਲ ਅਤੇ ਅਮਰੀਕਾ ਦੀਆਂ ਖੁਫ਼ੀਆਂ ਏਜੰਸੀਆਂ ਨੂੰ ਸ਼ਨੀਵਾਰ ਨੂੰ ਈਰਾਨੀ ਲੀਡਰਾਂ ਦੁਆਰਾ ਤਿੰਨ ਮੀਟਿੰਗਾਂ ਬਾਰੇ ਖੁਫੀਆ ਜਾਣਕਾਰੀ ਪ੍ਰਾਪਤ ਹੋਈ ਸੀ ਅਤੇ ਖਮੇਨੀ ਦੇ ਸਥਾਨ ਦੀ ਵੀ ਸੂਚਨਾ ਮਿਲੀ। ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋੲ ਸ਼ਨੀਵਾਰ, 28 ਫਰਵਰੀ 2026 ਨੂੰ ਸਥਾਨਕ ਸਮੇਂ ਅਨੁਸਾਰ ਦਿਨ-ਦਿਹਾੜੇ ਸਵੇਰੇ 8:15 ਵਜੇ ਹਮਲਾ ਕਰ ਦਿੱਤਾ ਗਿਆ। ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਖਮੇਨੀ ਦੇ ਕੰਪਲੈਕਸ ‘ਤੇ 31 ਬੰਬ ਸੁੱਟੇ। ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ, ਇਜ਼ਰਾਈਲ ਅਤੇ ਅਮਰੀਕਾ ਦੁਆਰਾ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਮਾਰੇ ਗਏ ਹਨ। ਈਰਾਨ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
19 ਅਪ੍ਰੈਲ 1939 ਵਿੱਚ ਜਨਮੇ ਅਯਾਤੁੱਲਾ ਅਲੀ ਖਮੇਨੀ 1989 ਤੋਂ ਲਗਭਗ 37 ਸਾਲਾਂ ਤੋਂ ਈਰਾਨ ਦੀ ਅਗਵਾਈ ਕਰ ਰਹੇ ਸਨ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਲੰਬੇ ਸਮੇਂ ਤੋਂ ਭੂਮੀਗਤ ਰਹਿ ਰਹੇ ਸਨ। ਇਸ ਲਈ ਜਿਵੇਂ ਹੀ ਇਜ਼ਰਾਈਲ ਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਪਤਾ ਲੱਗਾ ਉਸ ਕੰਪਲੈਕਸ ‘ਤੇ 40 ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਅਤੇ ਪੂਰਾ ਰਾਸ਼ਟਰਪਤੀ ਮਹਿਲ ਮਲਬੇ ਵਿੱਚ ਬਦਲ ਗਿਆ। ਈਰਾਨ ਦੇ ਸੁਪਰੀਮ ਲੀਡਰ ਆਪਣੇ ਮਹਿਲ ਵਿੱਚ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਮੀਟਿੰਗ ਕਰ ਰਹੇ ਸਨ। ਇਹ ਮੀਟਿੰਗ ਬਹੁਤ ਗੁਪਤ ਸੀ ਪਰ ਕਿਸੇ ਸੂਹੀਏ ਨੇ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ਨੂੰ ਇਸ ਮੀਟਿੰਗ ਦੀ ਸੂਚਨਾ ਦੇ ਦਿੱਤੀ। ਮੋਸਾਦ ਦੇ ਜਾਸੂਸਾਂ ਨੂੰ ਈਰਾਨੀ ਸਰਕਾਰ ਦੇ ਅੰਦਰੋਂ ਖਮੇਨੀ ਦੀ ਮੀਟਿੰਗ ਦੀ ਜਗ੍ਹਾ, ਸਮਾਂ ਕੀ ਹੋਵੇਗਾ ਅਤੇ ਮੀਟਿੰਗ ਵਿੱਚ ਕੌਣ ਸ਼ਾਮਲ ਹੋਵੇਗਾ, ਵਾਰੇ ਬਹੁਤ ਭਰੋਸੇਯੋਗ ਜਾਣਕਾਰੀ ਮਿਲੀ ਸੀ। ਵੈਸੇ ਕਿਸੇ ਦੇਸ਼ ਉਪਰ ਹਮਲੇ ਆਮ ਤੌਰ ‘ਤੇ ਅੱਧੀ ਰਾਤ ਨੂੰ ਕੀਤੇ ਜਾਂਦੇ ਹਨ ਪਰ ਖੁਫ਼ੀਆ ਏਜੰਸੀ ਮੋਸਾਦ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਇਜ਼ਰਾਈਲ ਨੇ ਤੁਰੰਤ ਦਿਨ-ਦਿਹਾੜੇ ਇਹ ਹਮਲਾ ਕਰਨ ਦਾ ਫੈਸਲਾ ਕੀਤਾ। ਇਸ ਹਮਲੇ ਵਿੱਚ ਅਯਾਤੁੱਲਾ ਅਲੀ ਖਮੇਨੀ ਸਮੇਤ ਘੱਟੋ-ਘੱਟ 40 ਸੀਨੀਅਰ ਨੇਤਾ ਅਤੇ ਅਧਿਕਾਰੀ ਮਾਰੇ ਗਏ। ਇਨ੍ਹਾਂ ਵਿੱਚ ਈਰਾਨ ਦੇ ਰੱਖਿਆ ਮੰਤਰੀ ਅਮੀਰ ਨਸੀਰਜ਼ਾਦੇਹ, ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਮੁਹੰਮਦ ਪਾਕਪੁਰ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਅਲੀ ਸ਼ਮਖਾਨੀ, ਸੁਪਰੀਮ ਲੀਡਰ ਦੇ ਫੌਜੀ ਸਕੱਤਰ ਮੁਹੰਮਦ ਸ਼ਿਰਾਜ਼ੀ ਸਮੇਤ ਕਈ ਹੋਰ ਵੱਡੇ ਲੀਡਰ ਸ਼ਾਮਲ ਸਨ।
ਅਯਾਤੁੱਲਾ ਅਲੀ ਖਮੇਨੀ ਦੀ ਮੌਤ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਡੋਨਾਲਡ ਟਰੰਪ ਨੇ ਤੁਰੰਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ‘ਤੇ ਇੱਕ ਪੋਸਟ ਵਿੱਚ ਕਿਹਾ ਕਿ, “ਇਤਿਹਾਸ ਦੇ ਸਭ ਤੋਂ ਭੈੜੇ ਲੋਕਾਂ ਵਿੱਚੋਂ ਇੱਕ ਅਯਾਤੁੱਲਾ ਅਲੀ ਖਮੇਨੀ ਨੂੰ ਮਾਰ ਦਿੱਤਾ ਗਿਆ ਹੈ।”
ਈਰਾਨ ਨੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਹੱਤਿਆ ਤੋਂ ਬਾਅਦ ਰਾਜ ਦੇ ਫਰਜ਼ਾਂ ਨੂੰ ਸੰਭਾਲਣ ਲਈ ਤਿੰਨ ਮੈਂਬਰੀ ਪਰਿਵਰਤਨਸ਼ੀਲ ਕੌਂਸਲ ਦੇ ਗਠਨ ਦਾ ਐਲਾਨ ਕੀਤਾ ਹੈ। ਇੱਕ ਸ਼ਕਤੀਸ਼ਾਲੀ ਸੰਵਿਧਾਨਕ ਨਿਗਰਾਨ ਦੇ ਮੈਂਬਰ, ਅਯਾਤੁੱਲਾ ਅਲੀਰੇਜ਼ਾ ਅਰਾਫੀ ਨੂੰ ਐਤਵਾਰ 1 ਮਾਰਚ 2026 ਨੂੰ ਅਸਥਾਈ ਕੌਂਸਲ ਵਿੱਚ ਨਿਯੁਕਤ ਕੀਤਾ ਗਿਆ ਸੀ, ਜਿਸ ਦੇ ਹੋਰ ਦੋ ਮੈਂਬਰ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੁਲਾਮ-ਹੁਸੈਨ ਮੋਹਸੇਨੀ-ਏਜੇਈ ਹਨ।
ਇਸ ਹਮਲੇ ਦਾ ਪ੍ਰਭਾਵ ਹੋਰਨਾਂ ਦੇਸ਼ਾਂ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਸ਼੍ਰੀਨਗਰ, ਜੰਮੂ, ਕਸ਼ਮੀਰ, ਲਖਨਊ ਤੋਂ ਲੈ ਕੇ ਪਾਕਿਸਤਾਨ ਤੱਕ ਤੱਕ ਸ਼ੀਆ ਮੁਸਲਿਮ ਭਾਈਚਾਰਾ ਵਿਰੋਧ ਪ੍ਰਦਰਸ਼ਨਾਂ ਵਿੱਚ ਸੜਕਾਂ ‘ਤੇ ਉਤਰ ਆਇਆ ਹੈ। ਦਰਅਸਲ, ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਮੇਨੀ ਦੇ ਸਬੰਧ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਨਾਲ ਹਨ। ਆਯਤੁੱਲਾ ਅਲੀ ਖਮੇਨੀ ਦੇ ਪੁਰਖਿਆਂ ਦੀਆਂ ਜੜ੍ਹਾਂ ਬਾਰਾਬੰਕੀ ਜ਼ਿਲ੍ਹੇ ਦੇ ਕਿੰਤੂਰ ਪਿੰਡ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਵੱਡੇ-ਵਡੇਰੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਅਗਲੀ ਪੀੜ੍ਹੀ ਜਾਲੇ ਵੀ ਉੱਥੇ ਰਹਿੰਦੀ ਹੈ। ਆਯਤੁੱਲਾ ਅਲੀ ਖੋਮੇਨੀ ਦੇ ਦਾਦਾ ਸਈਦ ਅਹਿਮਦ ਮੁਸਾਵੀ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਬਾਰਾਬੰਕੀ ਦੇ ਨੇੜੇ ਕਿੰਤੂਰ ਪਿੰਡ ਵਿੱਚ ਪੈਦਾ ਹੋਏ ਸਨ। ਬਾਅਦ ਵਿੱਚ ਉਹ ਤੀਰਥ ਯਾਤਰਾ ਲਈ ਈਰਾਨ ਗਏ ਅਤੇ ਖੋਮੇਨ ਵਿੱਚ ਵਸ ਗਏ। ਆਪਣੀਆਂ ਯਾਤਰਾਵਾਂ ਦੌਰਾਨ ਉਹ ਇਰਾਕ ਦੇ ਨਜਫ ਗਏ ਅਤੇ ਅੰਤ ਵਿੱਚ 1834 ਦੇ ਆਸਪਾਸ ਈਰਾਨ ਦੇ ਖੋਮੇਨ ਵਿੱਚ ਵਸ ਗਏ। ਅਹਿਮਦ ਮੁਸਾਵੀ ਦੇ ਪਿਤਾ ਦੀਨ ਅਲੀ ਸ਼ਾਹ, ਮੱਧ ਪੂਰਬ ਤੋਂ ਭਾਰਤ ਚਲੇ ਗਏ ਅਤੇ ਬਾਰਾਬੰਕੀ ਵਿੱਚ ਵਸ ਗਏ। ਅਹਿਮਦ ਮੁਸਾਵੀ ਨੇ ਆਪਣੇ ਨਾਮ ਵਿੱਚ “ਹਿੰਦੀ” ਉਪਨਾਮ ਜੋੜ ਕੇ ਭਾਰਤ ਨਾਲ ਆਪਣਾ ਸਬੰਧ ਬਣਾਈ ਰੱਖਿਆ। ਉਨ੍ਹਾਂ ਨੂੰ ਇਸਲਾਮੀ ਪੁਨਰ ਸੁਰਜੀਤੀ ਦਾ ਸਮਰਥਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਮੌਤ 1869 ਵਿੱਚ ਹੋਈ ਅਤੇ ਉਨ੍ਹਾਂ ਨੂੰ ਕਰਬਲਾ ਵਿੱਚ ਦਫ਼ਨਾਇਆ ਗਿਆ ਸੀ। ਉਨ੍ਹਾਂ ਦੇ ਪੋਤੇ ਅਯਾਤੁੱਲਾ ਖੋਮੇਨੀ ਨੇ ਬਾਅਦ ਵਿੱਚ 1979 ਵਿੱਚ ਈਰਾਨੀ ਇਸਲਾਮੀ ਇਨਕਲਾਬ ਦੀ ਅਗਵਾਈ ਕੀਤੀ। ਆਪਣੇ ਵਿਚਾਰਾਂ ਨਾਲ ਅਯਾਤੁੱਲਾ ਖੋਮੇਨੀ ਨੇ ਮੁਹੰਮਦ ਰਜ਼ਾ ਪਹਿਲਵੀ ਨੂੰ ਉਖਾੜ ਸੁੱਟਿਆ ਅਤੇ ਈਰਾਨ ਦੇ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ। ਉਹ ਦੇਸ਼ ਦੇ ਪਹਿਲੇ ਸਰਵਉੱਚ ਨੇਤਾ ਬਣੇ ਅਤੇ ਅੱਜ ਵੀ ਈਰਾਨੀ ਸ਼ਾਸਨ ਦੀ ਨੀਂਹ ਉਨ੍ਹਾਂ ਦੇ ਵਿਚਾਰਾਂ ‘ਤੇ ਟਿਕੀ ਹੋਈ ਹੈ। ਅਯਾਤੁੱਲਾ ਖੋਮੇਨੀ ਦੇ ਰਿਸ਼ਤੇਦਾਰ ਅਜੇ ਵੀ ਕਿੰਟੂਰ ਪਿੰਡ ਵਿੱਚ ਰਹਿੰਦੇ ਹਨ।
ਅਮਰੀਕਾ ਅਤੇ ਇਜ਼ਰਾਈਲੀ ਵੱਲੋਂ ਈਰਾਨ ‘ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਤੇਲ ਸਬੰਧੀ ਵਿਸ਼ਵਵਿਆਪੀ ਤਣਾਅ ਵਧਿਆ ਹੈ। ਈਰਾਨ ‘ਤੇ ਇਜ਼ਰਾਈਲੀ-ਅਮਰੀਕਾ ਹਮਲੇ ਦਾ ਇੱਕ ਪੱਖ ਤੇਲ ਵਾਲੇ ਇਸ ਖੇਤਰ ਉਪਰ ਕਬਜ਼ੇ ਦਾ ਯਤਨ ਵੀ ਮੰਨਿਆ ਜਾ ਰਿਹਾ ਹੈ। ਵਿਸ਼ਵਵਿਆਪੀ ਤੇਲ ਚਿੰਤਾਵਾਂ ਇਸ ਤੱਥ ਤੋਂ ਵੀ ਲਗਾਈਆ ਜਾ ਸਕਦੀਆਂ ਹਨ ਕਿ ਈਰਾਨ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਾਬਤ ਤੇਲ ਦਾ ਭੰਡਾਰ ਹੈ। 2024-25 ਵਿੱਤੀ ਸਾਲ ਦੇ ਅਨੁਮਾਨਾਂ ਦੇ ਆਧਾਰ ‘ਤੇ ਈਰਾਨ 208-209 ਬਿਲੀਅਨ ਬੈਰਲ ਤੇਲ ਦੇ ਭੰਡਾਰ ‘ਤੇ ਬੈਠਾ ਹੈ। ਇਹ ਵਿਸ਼ਵਵਿਆਪੀ ਤੇਲ ਭੰਡਾਰ ਦਾ ਲਗਭਗ 12 ਪ੍ਰਤੀਸ਼ਤ ਅਤੇ ਮੱਧ ਪੂਰਬ ਦੇ ਕੁੱਲ ਭੰਡਾਰ ਦਾ ਲਗਭਗ ਇੱਕ ਚੌਥਾਈ ਹਿੱਸਾ ਬਣਦਾ ਹੈ। ਸਾਲਾਂ ਦੀਆਂ ਪਾਬੰਦੀਆਂ ਅਤੇ ਸੀਮਤ ਵਿਦੇਸ਼ੀ ਨਿਵੇਸ਼ ਦੇ ਬਾਵਜੂਦ ਈਰਾਨ ਇੱਕ ਬਹੁਤ ਹੀ ਸੰਤੁਲਿਤ ਤੇਲ ਬਾਜ਼ਾਰ ਵਿੱਚ ਇੱਕ ਮੁੱਖ ਸਪਲਾਇਰ ਬਣਿਆ ਹੋਇਆ ਹੈ। ਈਰਾਨ ਦੇ ਕੱਚੇ ਤੇਲ ਦੇ ਨਿਰਯਾਤ ਦਾ ਲਗਭਗ 90 ਪ੍ਰਤੀਸ਼ਤ ਹਿੱਸਾ ਖਾਰਗ ਟਾਪੂ ਤੋਂ ਹੋਰਮੁਜ਼ ਜਲਡਮਰੂ ਰਾਹੀਂ ਲੰਘਦਾ ਹੈ, ਇਹ ਇੱਕ ਤੰਗ ਸਮੁੰਦਰੀ ਰਸਤਾ ਹੈ ਜੋ ਵਿਸ਼ਵਵਿਆਪੀ ਚਿੰਤਾ ਦਾ ਕੇਂਦਰ ਬਣ ਗਿਆ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਲਗਭਗ 20 ਪ੍ਰਤੀਸ਼ਤ ਵਿਸ਼ਵਵਿਆਪੀ ਤੇਲ ਸਪਲਾਈ ਹਰ ਰੋਜ਼ ਹੋਰਮੁਜ਼ ਜਲਡਮਰੂ ਵਿੱਚੋਂ ਲੰਘਦੀ ਹੈ। ਕੱਚਾ ਤੇਲ ਇਸ ਰਸਤੇ ਰਾਹੀਂ ਮੁੱਖ ਤੌਰ ‘ਤੇ ਖਾੜੀ ਉਤਪਾਦਕ ਦੇਸ਼ਾਂ: ਸਾਊਦੀ ਅਰਬ, ਇਰਾਕ, ਸੰਯੁਕਤ ਅਰਬ ਅਮੀਰਾਤ, ਕੁਵੈਤ ਅਤੇ ਕਤਰ ਤੋਂ ਵਗਦਾ ਹੈ, ਜੋ ਚੀਨ, ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਵਰਗੇ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ ਤੱਕ ਪਹੁੰਚਦਾ ਹੈ। ਅੰਤਰਰਾਸ਼ਟਰੀ ਰੱਖਿਆ ਮਾਹਿਰਾਂ ਦੇ ਅਨੁਸਾਰ ਈਰਾਨ ‘ਤੇ ਹਮਲਾ ਕਰਕੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਚੀਨ ਦੇ ਖੇਤਰੀ ਢਾਂਚੇ ਦੇ ਇੱਕ ਥੰਮ੍ਹ ਨੂੰ ਢਾਹ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਈਰਾਨ ‘ਤੇ ਅਮਰੀਕੀ ਹਮਲੇ ਨਾਲ ਸਰਕਾਰ ਢਹਿ ਜਾਂਦੀ ਹੈ ਤਾਂ ਇਹ ਵੈਨੇਜ਼ੁਏਲਾ ਤੋਂ ਬਾਅਦ ਚੀਨ ਲਈ ਇੱਕ ਵੱਡਾ ਝਟਕਾ ਹੋਵੇਗਾ। ਚੀਨ ਈਰਾਨ ਦੇ ਕੁੱਲ ਕੱਚੇ ਤੇਲ ਨਿਰਯਾਤ ਦਾ 90 ਪ੍ਰਤੀਸ਼ਤ ਤੋਂ ਵੱਧ ਬਹੁਤ ਘੱਟ ਕੀਮਤ ‘ਤੇ ਖਰੀਦਦਾ ਹੈ। ਈਰਾਨ ਦੀ ਮਜਬੂਰੀ ਇਹ ਹੈ ਕਿ ਕੋਈ ਹੋਰ ਦੇਸ਼ ਅਮਰੀਕੀ ਪਾਬੰਦੀਆਂ ਦੇ ਕਾਰਣ ਉਸ ਕੋਲੋਂ ਤੇਲ ਨਹੀਂ ਖਰੀਦ ਸਕਦੇ ਅਤੇ ਚੀਨ ਇਸ ਮਜਬੂਰੀ ਦਾ ਫਾਇਦਾ ਉਠਾਉਂਦਾ ਹੈ। ਵੈਨੇਜ਼ੁਏਲਾ ਵੀ ਚੀਨ ਨੂੰ ਇਸੇ ਤਰ੍ਹਾਂ ਦਾ ਤੇਲ ਸਪਲਾਈ ਕਰਦਾ ਸੀ। 2021 ਤੋਂ ਚੀਨ ਨੇ ਲਗਭਗ 140 ਬਿਲੀਅਨ ਡਾਲਰ ਦਾ ਈਰਾਨੀ ਤੇਲ ਖਰੀਦਿਆ ਹੈ ਅਤੇ ਇਹ ਚੀਨ ਹੀ ਸੀ ਜਿਸਨੇ ਈਰਾਨ ਨੂੰ ਦੀਵਾਲੀਆਪਨ ਤੋਂ ਬਚਾਈ ਰੱਖਿਆ ਹੈ।
ਅਮਰੀਕਨ ਟਰੰਪ ਪ੍ਰਸ਼ਾਸਨ ਨੇ ਇਸ ਫੌਜੀ ਕਾਰਵਾਈ ਨੂੰ ‘ਆਪ੍ਰੇਸ਼ਨ ਏਪਿਕ ਫਿਊਰੀ’ ਦਾ ਨਾਮ ਦਿੱਤਾ ਹੈ, ਜਿਸਦਾ ਉਦੇਸ਼ ਈਰਾਨ ਵਿੱਚ ਸ਼ਾਸਨ ਤਬਦੀਲੀ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਭਰੋਸਾ ਦਿੱਤਾ ਹੈ ਕਿ ਇਹ ਹਮਲਾ ਇਰਾਕ ਯੁੱਧ ਵਾਂਗ ਸਾਲਾਂ ਤੱਕ ਨਹੀਂ ਚੱਲੇਗਾ ਅਤੇ ਅਮਰੀਕਾ ਕਿਸੇ ਵੀ ਦਲਦਲ ਵਿੱਚ ਨਹੀਂ ਫਸੇਗਾ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ‘ਤੇ ਕੀਤੇ ਜਾ ਰਹੇ ਹਮਲੇ ਕਿੰਨੇ ਦਿਨ ਹੋਰ ਜਾਰੀ ਰਹਿਣਗੇ? ਕੀ ਅਮਰੀਕਾ ਜਾਂ ਰੂਸ ਇਸ ਸਥਿਤੀ ਵਿੱਚ ਈਰਾਨ ਦੀ ਹਮਾਇਤ ਕਰਨਗੇ ਜਾਂ ਨਹੀਂ? ਈਰਾਨ ਵਿੱਚ ਸੱਤਾ ਤਬਦੀਲੀ ਨੂੰ ਕਿੰਨੇ ਦਿਨ ਲੱਗਣਗੇੇ? ਕੀ ਈਰਾਨ ਵਿੱਚ ਸੱਤਾ-ਤਬਦੀਲੀ ਤੋਂ ਬਾਅਦ ਇਸ ਖੇਤਰ ਦੇ ਵਿੱਚ ਸ਼ਾਂਤੀ ਪਸਰ ਜਾਵੇਗੀ? ਕੀ ਹਾਲਾਤ ਵਿਸ਼ਵ-ਯੁੱਧ ਵੱਲ ਨੂੰ ਵੱਧਦੇ ਜਾ ਰਹੇ ਹਨ? ਇਹ ਕੁੱਝ-ਇੱਕ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਮਿਲਣ ਨੂੰ ਹਾਲੇ ਕੁੱਝ ਦਿਨ ਹੋਰ ਜਾਂ ਬਲਕਿ ਕਾਫ਼ੀ ਲੰਬਾ ਸਮਾਂ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ।