ਮੈਲਬੌਰਨ ਦੇ ਵਿੱਚ ਕਤਲ ਅਤੇ ਅਗਵਾ ਦੇ ਦੋਸ਼ਾਂ ਹੇਠ 6 ਵਿਅਕਤੀ ਗ੍ਰਿਫਤਾਰ !

ਵਿਕਟੋਰੀਆ ਪੁਲਿਸ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪੁਲਿਸ ਨੇ ਚਾਰ ਨੌਜਵਾਨਾਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਪਛਾਣ ਇੱਕ ਵਿਅਕਤੀ ਦੀ ਮੌਤ ਅਤੇ ਕਥਿਤ ਅਗਵਾ ਦੇ ਮਾਮਲੇ ਦੇ ਵਿੱਚ ਹੋਈ ਹੈ। ਪਿਛਲੇ ਮਹੀਨੇ ਮੈਲਬੌਰਨ ਦੇ ਵੈਸਟਰਨ ਇਲਾਕੇ ਵਿੱਚ ਇੱਕ ਬੱਚਿਆਂ ਦੇ ਖੇਡ ਮੈਦਾਨ ਦੇ ਕੋਲੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ।

ਵਿਕਟੋਰੀਆ ਪੁਲਿਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 15 ਮਈ ਦੀ ਸਵੇਰ ਨੂੰ ਸਾਊਥ ਮੋਰੈਂਗ ਵਿੱਚ ਡੇਰੀਅਸ ਟੈਰੇਸ ਦੇ ਇੱਕ ਘਰ ਵਿੱਚੋਂ ਇੱਕ 30 ਸਾਲਾ ਵਿਅਕਤੀ ਨੂੰ ਅਗਵਾ ਕਰ ਲਿਆ ਗਿਆ ਸੀ। ਦੋਸ਼ ਹੈ ਕਿ ਉਸ ਵਿਅਕਤੀ ਨੂੰ ਸਵੇਰੇ 3 ਵਜੇ ਦੇ ਕਰੀਬ ਉਸਦੇ ਘਰੋਂ ਘਸੀਟ ਕੇ ਇੱਕ ਗੱਡੀ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਸਦੀ ਲਾਸ਼ ਉਸੇ ਸਵੇਰੇ 4:30 ਵਜੇ ਦੇ ਕਰੀਬ ਟਾਰਨੀਟ ਵਿੱਚ ਬਰੂਨੀ ਡਰਾਈਵ ‘ਤੇ ਸਥਿਤ ਇੱਕ ਖੇਡ ਮੈਦਾਨ ਦੇ ਕੋਲੋਂ ਮਿਲੀ ਸੀ। ਪੁਲਿਸ ਦਾ ਮੰਨਣਾ ਹੈ ਕਿ ਇਸ ਵਾਰਦਾਤ ਦੇ ਵਿੱਚ ਵਰਤੀ ਗਈ ਗੱਡੀ ਨੂੰ ਬਾਅਦ ਵਿੱਚ ਆਇਨਸਬਰੀ ਦੇ ਮਾਊਂਟ ਮੈਰੀ ਰੋਡ ਦੇ ਉਪਰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ।

ਪੁਲਿਸ ਨੇ ਕੱਲ੍ਹ ਬੁੱਧਵਾਰ ਨੂੰ ਮੈਲਬੌਰਨ ਦੇ ਵਿੱਚ ਵਿੰਡਹੈਮ ਵੇਲ, ਪੁਆਇੰਟ ਕੁੱਕ, ਮੈਮਬੋਰੀਨ, ਵੈਰੀਬੀ ਅਤੇ ਟਾਰਨੀਟ ਵਿੱਚ ਅੱਠ ਥਾਵਾਂ ਦੇ ਉਪਰ ਛਾਪੇਮਾਰੀ ਕੀਤੀ। ਪੁਲਿਸ ਅਧਿਕਾਰੀਆਂ ਨੇ ਇੱਕ 23 ਸਾਲ ਦੇ ਟਰੱਗਨੀਨਾ ਵਿਅਕਤੀ, ਇੱਕ 18 ਸਾਲ ਦੇ ਪੁਆਇੰਟ ਕੁੱਕ ਵਿਅਕਤੀ ਅਤੇ ਚਾਰ 17 ਸਾਲਾ ਦੇ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ। 23 ਸਾਲ ਦੇ ਵਿਅਕਤੀ ਅਤੇ ਚਾਰ 17 ਸਾਲਾ ਮੁੰਡਿਆਂ ਦੇ ਉਪਰ ਕਤਲ, ਅਗਵਾ, ਇੱਕ ਘਰ ਵਿੱਚ ਗੰਭੀਰ ਹਮਲਾ ਕਰਨ ਅਤੇ ਅੱਗ ਨਾਲ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਗਏ ਹਨ। ਗ੍ਰਿਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਦੇ ਵਿੱਚੋਂ 18 ਸਾਲਾ ਦੇ ਇੱਕ ਵਿਅਕਤੀ ‘ਤੇ ਅਪਰਾਧੀਆਂ ਦੀ ਸਹਾਇਤਾ ਕਰਨ ਅਤੇ ਅੱਗ ਨਾਲ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਇਹਨਾਂ ਸਾਰੇ ਦੋਸ਼ੀਆਂ ਵਿੱਚੋਂ ਇੱਕ 23 ਸਾਲਾ ਟਰੱਗਨੀਨਾ ਦੇ ਵਿਅਕਤੀ ਨੂੰ ਮੈਜਿਸਟ੍ਰੇਟ ਕੋਰਟ ਵਿੱਚ ਜਦਕਿ ਚਾਰ 17 ਸਾਲਾਂ ਦੇ ਮੁੰਡਿਆਂ ਨੂੰ ਚਿਲਡਰਨ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਜਿਸ ਕਿਸੇ ਨੇ ਵੀ ਇਨ੍ਹਾਂ ਘਟਨਾਵਾਂ ਨੂੰ ਦੇਖਿਆ ਹੈ, ਕੁੱਝ ਵੀ ਦੇਖਿਆ ਜਾਂ ਕੋਈ ਜਾਣਕਾਰੀ ਹੈ, ਉਹਨਾਂ ਨੂੰ ਕ੍ਰਾਈਮ ਸਟੌਪਰਜ਼ ਨਾਲ 1800 333 000 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

Related posts

ਇਸਰਾਇਲ ਬਨਾਮ ਫ਼ਲਸਤੀਨ ਗਾਜ਼ਾ ਜੰਗ ‘ਚ ਗਲੋਬਲ ਸਰਮਾਏਦਾਰੀ ਦਾ ਖ਼ੂਨੀ ਚਿਹਰਾ !

ਦਿੱਲੀ ਦੇ ਹੋਟਲ ਵਿੱਚ ਅੱਗ : ਹੁਣ ਤੱਕ 21 ਲੋਕਾਂ ਦੀ ਮੌਤ

ਕਿਸਾਨ ਕ੍ਰੈਡਿਟ ਕਾਰਡ ‘ਚ ਸੁਧਾਰਾਂ ਨਾਲ ਪੰਜਾਬ ਦੇ 13 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ !