ਵਿਕਟੋਰੀਆ ਦੇ ਧਾਰਮਿਕ ਨੇਤਾਵਾਂ ਵਲੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ !

‘ਯੂਨਾਇਟਡ ਨੇਸ਼ਨਜ਼ ਵਰਲਡ ਇੰਟਰਫੇਥ ਹਾਰਮਨੀ ਵੀਕ’ ਦੇ ਮੌਕੇ 'ਤੇ ਵਿਕਟੋਰੀਆ ਦੇ ਧਾਰਮਿਕ ਨੇਤਾਵਾਂ ਵਲੋਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ‘ਮਲਟੀਫੇਥ ਐਡਵਾਈਜ਼ਰੀ ਗਰੁੱਪ’ ਨਾਲ ਜੁੜੇ ਵੱਖ-ਵੱਖ ਧਰਮਾਂ ਦੇ ਆਗੂਆਂ ਦੇ ਵਲੋਂ ਇਕੱਠਿਆਂ ਹੋ ਕੇ ‘ਯੂਨਾਇਟਡ ਨੇਸ਼ਨਜ਼ ਵਰਲਡ ਇੰਟਰਫੇਥ ਹਾਰਮਨੀ ਵੀਕ’ ਨੂੰ ਸ਼ਾਂਤੀਪੂਰਵਕ ਢੰਗ ਨਾਲ ਮਨਾਇਆ ਗਿਆ।

ਯੂਨਾਇਟਡ ਨੇਸ਼ਨਜ਼ ਦੇ ਵਲੋਂ ਇਹ ਅੰਤਰਰਾਸ਼ਟਰੀ ਸਮਾਗਮ ਹਰ ਸਾਲ ਮਨਾਇਆ ਜਾਂਦਾ ਹੈ, ਜਿਸਦਾ ਮਕਸਦ ਵੱਖ-ਵੱਖ ਧਰਮਾਂ ਅਤੇ ਸਮਾਜਿਕ ਸਮੂਹਾਂ ਨੂੰ ਏਕਤਾ, ਆਪਸੀ ਭਾਈਚਾਰਕ ਸਾਂਝ ਅਤੇ ਅਮਨ ਦੇ ਸੁਨੇਹੇ ਹੇਠ ਇਕੱਠਾ ਕਰਨਾ ਹੈ।

ਵਿਕਟੋਰੀਆ ਦੇ ‘ਮਲਟੀਫੇਥ ਐਡਵਾਈਜ਼ਰੀ ਗਰੁੱਪ’ ਦੀ ਇਸ ਮੀਟਿੰਗ ਵਿੱਚ ਵਿਕਟੋਰੀਆ ਦੇ ਈਸਾਈ, ਯਹੂਦੀ, ਮੁਸਲਿਮ, ਸਿੱਖ, ਹਿੰਦੂ, ਬੁੱਧ, ਬਹਾਈ ਅਤੇ ਹੋਰ ਧਰਮਾਂ ਦੇ ਵੱਡੇ ਆਗੂ ਸ਼ਾਮਲ ਹੋਏ। ਇਹਨਾਂ ਸਾਰੇ ਆਗੂਆਂ ਨੇ ਆਪਸ ਵਿੱਚ ਗੱਲਬਾਤ ਕਰਕੇ ਆਪਸੀ ਸਮਝ, ਗੱਲਬਾਤ ਅਤੇ ਸਹਿਯੋਗ ਨੂੰ ਉਤਸ਼ਾਹਿਤ ਕੀਤਾ, ਤਾਂ ਜੋ ਸਮਾਜ ਵਿੱਚ ਸ਼ਾਂਤੀ, ਉਮੀਦ ਅਤੇ ਭਾਈਚਾਰਿਆਂ ਦੇ ਵਿਚਕਾਰ ਆਪਸੀ ਸਾਂਝ ਬਰਕਰਾਰ ਰਹੇ।

ਵਿਕਟੋਰੀਆ ਦੇ ਮਲਟੀਕਲਚਰਲ ਅਫੇਅਰਜ਼ ਮੰਤਰੀ ਇੰਗ੍ਰਿਡ ਸਟਿੱਟ ਨੇ ਹੋਰਨਾਂ ਪਾਰਲੀਮੈਂਟ ਮੈਂਬਰਾਂ ਦੇ ਮਿਲ ਕੇ ਪਾਰਲੀਮੈਂਟ ਹਾਊਸ ਦੀਆਂ ਪੌੜੀਆਂ ਦੇ ਉਪਰ ਇੱਕ ਬੈਨਰ ਹੇਠ ਇਕੱਠੇ ਖੜ੍ਹੇ ਨਜ਼ਰ ਆਏ, ਜਿਸ ਉਪਰ ਸਮਾਜਿਕ ਅਤੇ ਧਾਰਮਿਕ ਸਹਿਮਤੀ ਦਾ ਸੁਨੇਹਾ ਦਿੱਤਾ ਗਿਆ ਸੀ।

ਇਸ ਤਰ੍ਹਾਂ ਦੇ ਬਹੁ-ਧਰਮੀ ਸਮਾਗਮ ਆਸਟ੍ਰੇਲੀਆ ਦੇ ਵਿੱਚ ਸਿਡਨੀ ਸ਼ਹਿਰ ਦੇ ਵਿੱਚ ਵਾਪਰੇ ਬੋਂਡੀ ਦਹਿਸ਼ਤਗਰਦ ਹਮਲੇ ਤੋਂ ਬਾਅਦ ਹੋਰ ਵੀ ਜ਼ਰੂਰੀ ਹੋ ਗਏ ਹਨ। ਇਥੇ ਜਿ਼ਕਰ ਕਰਨਾ ਜਰੂਰੀ ਹੈ ਕਿ ਸਿਡਨੀ ਦੇ ਮਸ਼ਹੂਰ ਇਲਾਕੇ ਬੌਂਡੀ ਬੀਚ ‘ਤੇ 14 ਦਸੰਬਰ 2025 ਨੂੰ ਯਹੂਦੀ ਭਾਈਚਾਰੇ ਦੇ ਸਾਲਾਨਾ ਵੱਡੇ ਤਿਉਹਾਰ ਹਾਨੂਕਾ ਦੇ ਦੌਰਾਨ ਬੋਂਡੀ ਬੀਚ ‘ਤੇ ਦੋ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਕਾਰਣ 16 ਲੋਕ ਮਾਰੇ ਗਏ ਸਨ ਅਤੇ 42 ਜ਼ਖਮੀ ਹੋ ਗਏ ਸਨ। ਅਜਿਹੇ ਸਮੇਂ ਦੇ ਦੌਰਾਨ ਨਫ਼ਰਤ ਅਤੇ ਹਿੰਸਾ ਨੂੰ ਠੱਲ੍ਹ ਪਾਉਣ ਦੇ ਲਈ ਪ੍ਰਾਰਥਨਾ, ਸਾਂਝ ਅਤੇ ਏਕਤਾ ਰਾਹੀਂ ਹੀ ਨਫ਼ਰਤ ਅਤੇ ਹਿੰਸਾ ਦੇ ਹਰ ਰੂਪ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

ਵਿਕਟੋਰੀਆ ਦੇ ‘ਮਲਟੀਫੇਥ ਐਡਵਾਈਜ਼ਰੀ ਗਰੁੱਪ’ ਦੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਵਿਕਟੋਰੀਆ ਦੇ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਵਲੋਂ ਵੱਖ-ਵੱਖ ਧਰਮਾਂ, ਸਮਾਜਿਕ ਗਰੁੱਪਾਂ ਨੂੰ ਆਪਸੀ ਏਕਤਾ, ਭਾਈਚਾਰਕ ਸਾਂਝ ਅਤੇ ਅਮਨ ਦਾ ਸੁਨੇਹਾ ਦਿੱਤਾ ਗਿਆ।

ਇਸ ਮੌਕੇ ਦੇ ਸਿੱਖ ਇੰਟਰਫੇਥ ਕੌਂਸਲ ਆਫ਼ ਵਿਕਟੋਰੀਆ ਦੇ ਚੇਅਰਮੈਨ ਜਸਬੀਰ ਸਿੰਘ ਸੂਰੋਪਾਡਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ, “ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਰੱਬ ਇੱਕ ਹੈ, ਮਨੁੱਖਤਾ, ਪਿਆਰ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ। ਅੱਜ ਸਿੱਖ ਕੌਮ ਜਦੋਂ, ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪਣਾ ਬਲੀਦਾਨ ਦੇਣ ਵਾਲੇ ਆਪਣੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾ ਰਹੀ ਹੈ, ਤਾਂ ਅੱਜ ਦੇ ਸਮੇਂ ਅਤੇ ਮਾਹੌਲ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਘਰ-ਘਰ ਫੈਲਾਉਣਾ ਹੋਰ ਵੀ ਢੁਕਵਾਂ ਅਤੇ ਮਹੱਤਵਪੂਰਨ ਹੋ ਜਾਂਦਾ ਹੈ।”

ਇਸ ਮੌਕੇ ਵਿਕਟੋਰੀਆ ਦੇ ਬੋਰਡ ਆਫ ਇਮਾਮਜ਼ ਦੇ ਸ਼ੇਖ ਮੁਹੰਮਦ ਨਵਾਸ ਸਲੀਮ ਨੇ ਕਿਹਾ ਕਿ,“ਇਸਲਾਮ ਵਿੱਚ ਦਇਆ, ਗੱਲਬਾਤ, ਰੱਬ ਅਤੇ ਗੁਆਂਢੀ ਦੇ ਨਾਲ ਪਿਆਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਰਲਡ ਇੰਟਰਫੇਥ ਹਾਰਮਨੀ ਵੀਕ ਦੌਰਾਨ ਅਸੀਂ ਇਹ ਮੁੱਲ ਹੋਰ ਧਰਮਾਂ ਨਾਲ ਸਾਂਝੇ ਕਰਦੇ ਹਾਂ।”

ਰੈਬਿਨਿਕਲ ਕੌਂਸਲ ਆਫ ਵਿਕਟੋਰੀਆ ਦੇ ਰਬਾਈ ਡੈਨੀਅਲ ਰੈਬਿਨ ਨੇ ਕਿਹਾ ਕਿ, “ਯਹੂਦੀ ਧਰਮ ਵਿੱਚ ‘ਰੇਡੀਫ਼ਤ ਸ਼ਾਲੋਮ’ – ਅਮਨ ਦੀ ਖੋਜ – ਸਾਨੂੰ ਗੱਲਬਾਤ ਅਤੇ ਮਿਲਜੁਲ ਕੇ ਜੀਊਣ ਦੀ ਸਿੱਖਿਆ ਦਿੰਦਾ ਹੈ। ਅਜਿਹੀਆਂ ਸ਼ਾਂਤੀਪੂਰਕ ਮੀਟਿੰਗਾਂ ਇਸ ਦੀ ਸ਼ੁਰੂਆਤ ਹੁੰਦੀਆਂ ਹਨ।”

ਐਂਗਲਿਕਨ ਡਾਇਓਸੀਜ਼ ਆਫ ਮੇਲਬੌਰਨ ਦੇ ਬਿਸ਼ਪ ਪੌਲ ਬਾਰਕਰ ਨੇ ਕਿਹਾ ਕਿ, ਐਂਗਲਿਕਨ ਚਰਚ ਵਿੱਚ ਅਸੀਂ ਵਿਸ਼ਵਾਸ, ਪਿਆਰ ਅਤੇ ਇਬਾਦਤ ਨੂੰ ਮਹੱਤਵ ਦਿੰਦੇ ਹਾਂ। ਇਸ ਇੰਟਰਫੇਥ ਹਾਰਮਨੀ ਵੀਕ ਦੌਰਾਨ ਅਸੀਂ ਹੋਰ ਧਰਮਾਂ ਨਾਲ ਸੁਣਦੇ ਹਾਂ ਅਤੇ ਇੱਕ ਪੁਲ ਬਣਾਉਂਦੇ ਹਾਂ।”

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਚੇਅਰਪਰਸਨ ਵਿਵੀਅਨ ਨਗੁਯੇਨ ੳੰ ਨੇ ਆਖਿਆ ਕਿ, “ਵਿਸ਼ਵ ਅੰਤਰ-ਧਰਮ ਸਦਭਾਵਨਾ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਾਰਮਿਕ ਅਤੇ ਵਿਸ਼ਵਾਸ ਭਿੰਨਤਾ ਸਾਡੀ ਤਾਕਤ ਹੈ। ਸਮਝ ਅਤੇ ਸਤਿਕਾਰ ਨੂੰ ਉਤਸ਼ਾਹਿਤ ਕਰਕੇ, ਅਸੀਂ ਸਾਰਿਆਂ ਲਈ ਇੱਕ ਵਧੇਰੇ ਸਮਾਵੇਸ਼ੀ ਅਤੇ ਸਦਭਾਵਨਾਪੂਰਨ ਵਿਕਟੋਰੀਆ ਬਣਾਉਂਦੇ ਹਾਂ।”

ਵਿਕਟੋਰੀਆ ਦੇ ‘ਮਲਟੀਫੇਥ ਐਡਵਾਈਜ਼ਰੀ ਗਰੁੱਪ’ ਦੀ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਵਿਕਟੋਰੀਆ ਦੇ ਮਲਟੀਕਲਚਰਲ ਅਫੇਅਰਜ਼ ਮੰਤਰੀ ਇੰਗ੍ਰਿਡ ਸਟਿੱਟ ਨੇ ਗੱਲਬਾਤ ਕਰਦਿਾਂ ਕਿਹਾ ਕਿ, “ਬੋਂਡੀ ਵਿੱਚ ਹੋਏ ਦਰਦਨਾਕ ਦਹਿਸ਼ਤਗਰਦ ਹਮਲੇ ਤੋਂ ਬਾਅਦ, ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਵਾਲੇ ਵਿਕਟੋਰੀਅਨ ਇੱਕਠੇ ਹੋ ਕੇ ਮਨੁੱਖਤਾ ਅਤੇ ਸਾਂਝ ਦਾ ਸੁਨੇਹਾ ਦੇਈਏ।”

Related posts

ਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !