ਉੱਤਰ ਭਾਰਤ ਦੇ ਜ਼ਿਆਦਾਤਰ ਸੂਬੇ ਭਿਆਨਕ ਲੂ ਦੀ ਲਪੇਟ ’ਚ

ਨਵੀਂ ਦਿੱਲੀ – ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ‘ਚ ਗਰਮੀ ਤੇ ਲੂ ਨਾਲ ਲੋਕਾਂ ਦਾ ਹਾਲ ਬੇਹਾਲ ਹੈ। ਅਪ੍ਰੈਲ ਦੇ ਅੰਤ ਆਉਂਦੇ-ਆਉਂਦੇ ਦੇਸ਼ ਭਰ ‘ਚ ਗਰਮੀ ਦਾ ਖ਼ਤਰਨਾਕ ਰੂਪ ਨਜ਼ਰ ਆਉਣ ਲੱਗਾ ਹੈ। ਲਗਾਤਾਰ ਚੱਲ ਰਹੀ ਲੂ ਤੋਂ ਬਚਣਾ ਮੁਸ਼ਕਲ ਹੋ ਗਿਆ ਹੈ। ਤਾਪਮਾਨ ‘ਚ ਇਜ਼ਾਫਾ ਇੰਨਾ ਹੈ ਕਿ ਕਈ ਥਾਈਂ ਪਾਰਾ 45 ਡਿਗਰੀ ਦੇ ਪਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਅਨੁਮਾਨ ਪ੍ਰਗਟਾਇਆ ਹੈ ਕਿ ਮਈ ਦੀ ਸ਼ੁਰੂਆਤ ਤਕ ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਓਡੀਸ਼ਾ ‘ਚ ਕੁਝ ਅਜਿਹਾ ਹੀ ਮੌਸਮ ਰਹੇਗਾ। ਹਾਲਾਂਕਿ ਮੌਸਮ ਵਿਗਿਆਨੀ ਆਰ ਕੇ ਜੇਨਾਮਣੀ ਨੇ ਕਿਹਾ ਕਿ ਮਈ ਦੇ ਪਹਿਲੇ ਹਫ਼ਤੇ (ਚਾਰ ਤੋਂ ਸੱਤ ਮਈ) ‘ਚ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਨਾਲ ਗਰਮੀ ‘ਚ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਨੇ ਇਕ ਮਈ ਤਕ ਲਗਾਤਾਰ ਲੂ ਦੀ ਸਥਿਤੀ ਨੂੰ ਲੈ ਕੇ ਦਿੱਲੀ-ਐੱਨਸੀਆਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਰਾਜਸਥਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਜੇਨਾਮਣੀ ਨੇ ਕਿਹਾ ਕਿ 25 ਫਰਵਰੀ ਤੋਂ ਬਾਅਦ ਤੋਂ ਕੋਈ ਖ਼ਾਸ ਬਾਰਿਸ਼ ਨਹੀਂ ਹੋਈ। ਇਸ ਲਈ ਮੌਸਮ ਖੁਸ਼ਕ ਬਣਿਆ ਰਹਿਣ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ।

ਇਹ ਪੁੱਛੇ ਜਾਣ ‘ਤੇ ਕਿ ਕੀ ਪੂਰੇ ਦੇਸ਼ ਲਈ ਇਸ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ ਕੋਈ ਰਿਕਾਰਡ ਬਣਾ ਰਿਹਾ ਹੈ, ਜੇਨਾਣੀ ਨੇ ਕਿਹਾ, ‘2010 ‘ਚ ਪੂਰੇ ਭਾਰਤ ਲਈ ਹੁਣ ਤਕ ਦਾ ਸਭ ਤੋਂ ਗਰਮ ਅਪ੍ਰਰੈਲ ਸੀ।’ ਇਸ ਸਾਲ, ਉੱਤਰ ਪੱਛਮੀ ਭਾਰਤ ਤੇ ਮੱਧ ਭਾਰਤ ਦੇ ਵੱਡੇ ਹਿੱਸੇ ‘ਚ ਭਿਅੰਕਰ ਗਰਮੀ ਪੈ ਰਹੀ ਹੈ, ਉੱਤਰ ਪੂਰਬੀ ਖੇਤਰ, ਕੇਰਲ, ਤਾਮਿਲਨਾਡੂ ਦੇ ਵੱਡੇ ਹਿੱਸੇ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਅਜਿਹੇ ‘ਚ ਇਹ ਦੇਖਣ ਲਈ 30 ਅਪ੍ਰਰੈਲ ਤਕ ਇੰਤਜ਼ਾਰ ਕਰਨਾ ਪਵੇਗਾ ਕਿ ਔਸਤ ਕੀ ਨਿਕਲਦਾ ਹੈ।’

ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਦੌਰਾਨ ਉੱਤਰ ਪੱਛਮੀ ਤੇ ਮੱਧ ਭਾਰਤ ‘ਚ, ਜਦਕਿ ਅਗਲੇ ਦੋ ਦਿਨਾਂ ਦੌਰਾਨ ਪੂਰਬੀ ਭਾਰਤ ‘ਚ ਲੂ ਚੱਲਣ ਦੀ ਗੱਲ ਕਹੀ ਹੈ। 29-30 ਅਪ੍ਰਰੈਲ ਦੌਰਾਨ ਪੱਛਮੀ ਰਾਜਸਥਾਨ ‘ਚ ਵੱਖ-ਵੱਖ ਹਿੱਸਿਆਂ ‘ਚ ਭਿਅੰਕਰ ਗਰਮੀ ਦੇ ਨਾਲ ਲੂ ਦੀ ਸਥਿਤੀ ਬਣੀ ਰਹੇਗੀ।

ਮੱਧ ਪ੍ਰਦੇਸ਼ ‘ਚ ਗਰਮੀ ਦੇ ਤੇਵਰ ਹੋਰ ਤਿੱਖੇ ਹੁੰਦੇ ਹੀ ਤਾਪਮਾਨ 45 ਡਿਗਰੀ ਨੂੰ ਪਾਰ ਕਰ ਗਿਆ। ਵੀਰਵਾਰ ਨੂੰ ਸੂਬੇ ਦੇ ਅੱਠ ਸ਼ਹਿਰਾਂ ਰਾਜਗੜ੍ਹ, ਗਵਾਲੀਅਰ, ਖੰਡਵਾ, ਖਰਗੋਨ, ਖਜੁਰਾਹੋ, ਨੌਗਾਓਂ, ਦਮੋਹ ਤੇ ਰਤਲਾਮ ‘ਚ ਲੂ ਚੱਲੀ। ਮੌਸਮ ਵਿਗਿਆਨ ਕੇਂਦਰ ਦੇ ਸਾਬਕਾ ਸੀਨੀਅਰ ਮੌਸਮ ਵਿਗਿਆਨੀ ਅਜੇ ਸ਼ੁਕਲਾ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਗਰਮੀ ਦੇ ਤੇਵਰ ਹੋਰ ਤਿੱਖੇ ਹੋ ਸਕਦੇ ਹਨ।

ਰਾਜਸਥਾਨ ਦੇ ਕਈ ਜ਼ਿਲਿ੍ਹਆਂ ‘ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਜੈਪੁਰ, ਬੀਕਾਨੇਰ ਤੇ ਜੋਧਪੁਰ ਡਵੀਜ਼ਨ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਤੇਜ਼ ਗਰਮੀ ਤੇ ਧੂੜ ਭਰੀ ਹਨੇਰੀ ਦਾ ਦੌਰ 30 ਅਪ੍ਰਰੈਲ ਤਕ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਉੱਤਰਾਖੰਡ ਦੇ ਮੈਦਾਨੀ ਇਲਾਕਿਆਂ ‘ਚ ਲੂ ਕਾਰਨ ਲੋਕ ਬੇਹਾਲ ਹਨ। ਪਹਾੜ ਤੋਂ ਲੈ ਕੇ ਮੈਦਾਨ ਤਕ ਭਿਅੰਕਰ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਦੇਹਰਾਦੂਨ, ਹਰਿਦੁਆਰ ਸਮੇਤ ਹੋਰ ਮੈਦਾਨੀ ਇਲਾਕਿਆਂ ‘ਚ ਵੱਧ ਤੋਂ ਵੱਧ ਪਾਰਾ 40 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨ ਭਿਅੰਕਰ ਗਰਮੀ ਤੋੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ, ਤਾਜ਼ਾ ਪੱਛਮੀ ਗੜਬੜੀ ਕਾਰਨ ਐਤਵਾਰ ਨੂੰ ਪਹਾੜੀ ਇਲਾਕਿਆਂ ‘ਚ ਹਲਕੀ ਬਾਰਿਸ਼ ਤੇ ਗੜੇਮਾਰੀ ਹੋ ਸਕਦੀ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ