ਮਾਂ ਬੋਲੀ ਤੋਂ ਟੁੱਟਿਆ ਨੂੰ ਸਾਂਭੇਗਾ ਕੌਣ ?

ਲੇਖਕ: ਹਰਮਨਪ੍ਰੀਤ ਸਿੰਘ,
ਸਰਹਿੰਦ

ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਮਨੁੱਖ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ਵਿੱਚ ਲੋਰੀਆਂ ਸੁਣਦਾ, ਉਸ ਤੋਂ ਬਾਅਦ ਆਪਣੇ ਜੀਵਨ ਦੇ ਅਲੱਗ-ਅਲੱਗ ਪੜਾਵਾਂ ਤੇ ਆਪਣੇ ਸਮਾਜ ਵਿਚ ਵਿਚਰਦੇ ਹੋਏ ਆਪਣੀ ਮਾਤਭਾਸ਼ਾ ਵਿਚ ਬਾਤਾਂ, ਕਹਾਣੀਆਂ,ਗੀਤ,ਘੋੜੀਆਂ, ਸੁਹਾਗ ਅਤੇ ਹਰ ਖੁਸ਼ੀ,ਗਮੀ ਵਿਚ ਜੋ ਬੋਲਦਾ ਸੁਣਦਾ ਹੈ ਉਹ ਮਾਂ ਬੋਲੀ ਅਖਵਾਉਂਦੀ ਹੈ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ ਹੁੰਦੀ ਸਗੋਂ ਉਸਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ। ਭਾਸ਼ਾ ਨਾਲ ਸਭ ਤੋਂ ਪਹਿਲਾ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ, ਤਾਹੀ ਤਾਂ ਇਹ ਪੰਜਾਬੀ ਭਾਸ਼ਾ “ਮਾਂ ਬੋਲੀ” ਅਖਵਾਉਂਦੀ ਹੈ।  ਸਾਨੂੰ  ਫਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਓਂ ਮਿੱਠੀ ਸਾਡੀ ਮਾਂ ਬੋਲੀ ਪੰਜਾਬੀ ਹੈ ਜੋ ਹੁਣ ਦੇਸ਼, ਵੇਦਸ਼ਾ ਵਿਚ ਵੀ ਬੋਲੀ,ਸੁਣੀ ਤੇ ਲਿਖੀਂ ਜਾ ਰਹੀ ਹੈ ਪ੍ਰੰਤੂ ਉਦੋਂ ਬਹੁਤ ਦਿਲ ਦੁੱਖਦਾ ਹੈ ਜਦੋ ਆਪਣੇ ਹੀ ਰਾਜ ,ਆਪਣੇ ਘਰ ਮਾਂ-ਬੋਲੀ ਰੋਜ਼-ਮਰ੍ਹਾ ਦੀ ਬੋਲ ਚਾਲ ਵਿੱਚੋ ਘਟਦੀ ਜਾ ਰਹੀ ਹੈ। ਸਮਾਜ ਵਿਚ ਵਿਚਰਦੇ ਹੋਏ ਸਾਨੂੰ ਪੰਜਾਬੀ ਬੋਲਣ ਵਿੱਚ ਕਦੀ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ। ਅਸੀਂ ਦੁਨੀਆਂ ਦੀਆ ਹੋਰ ਭਾਸ਼ਾਵਾਂ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਬਹੁਤ ਵਧੀਆ ਹਨ, ਪ੍ਰੰਤੂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲੋ ਨਾਤਾ ਕਦੀ ਵੀ ਨਹੀਂ ਤੋੜਨਾ ਚਾਹੀਦਾ।

ਮੈਂ  ਅਕਸਰ ਸੋਚਦਾਂ ਹਾ ਕਿ,
ਮਾਂ ਬੋਲੀ ਤੋਂ ਰੁੱਸਿਆ ਨੂੰ ਸਾਂਭੇਗਾ ਕੌਣ ?
ਮਾਂ ਬੋਲੀ ਤੋਂ ਟੁੱਟਿਆ ਨੂੰ ਸਾਂਭੇਗਾ ਕੌਣ ?
ਸਾਨੂੰ ਇੱਕ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾਉਣਾ ਨਹੀਂ ਕਿਉਂਕਿ ਇਹੀ ਸਾਨੂੰ ਸਾਡੇ ਵਿਰਸੇ, ਸਭਿਆਚਾਰ ਤੇ ਇਤਿਹਾਸ ਨਾਲ ਜੋੜਨ ਦਾ ਕੰਮ  ਕਰਦੀ  ਹੈ। ਇਕ ਗੱਲ ਪ੍ਰਚਲਤ ਹੈ ਕਿ  ਜੇ ਕਿਸੇ ਨੂੰ ਉਸਦੇ ਆਪਣੇ ਵਿਰਸੇ, ਉਸਦੀਆਂ ਜੜ੍ਹਾਂ ਨਾਲੋਂ ਤੋੜਨਾ ਹੋਵੇ ਤਾਂ ਉਸ ਕੋਲੋਂ ਉਸਦੀ ਮਾਂ-ਬੋਲੀ ਖੋਹ ਲਵੋ, ਉਹ ਹੌਲੀ ਹੌਲੀ ਆਪੇ ਹੀ ਆਪਣੀ ਪਛਾਣ ਭੁੱਲ ਜਾਵੇਗਾ। ਮੌਜੂਦਾ ਸਮੇਂ ਕਈ ਪੜ੍ਹੇ-ਲਿਖੇ ਪੰਜਾਬੀ ਕਹਿੰਦੇ ਹਨ ਕਿ ਪੰਜਾਬੀ ਤਾਂ ਅਨਪੜ੍ਹ ਦੀ ਬੋਲੀ ਹੈ, ਝੁਠੀ ਸ਼ਾਨ ਅਤੇ ਗਲਤ-ਫ਼ਹਿਮੀ ਦਾ ਸ਼ਿਕਾਰ ਉਹ ਆਪਣੇ ਘਰ ਪਰਵਾਰ ਵਿੱਚ ਵੀ ਪੰਜਾਬੀ ਬੋਲਣ ਤੋਂ ਗੁਰੇਜ਼ ਕਰਦੇ ਹਨ। ਉਹ ਪੰਜਾਬੀ ਵਿੱਚ ਗੱਲ-ਬਾਤ ਕਰਨ ਨੂੰ ਆਪਣੀ ਹੱਤਕ ਸਮਝਦੇ ਹਨ ਇਸ ਤਰਾਂ ਸਕੂਲ , ਕਾਲਜ ਵਿਚ ਵੀ ਪੰਜਾਬੀ ਨਾਲ ਵਿਤਕਰਾ ਕੀਤਾ ਜਾਂਦਾ ਹੈ। ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕੇ ਇਹ ਸਾਡੇ ਗੁਰੂਆਂ,ਪੀਰਾਂ ਦੀ ਭਾਸ਼ਾ ਹੈ ਜਿਸ ਨੂੰ ਮਾਂ ਦਾ ਦਰਜ ਮਿਲਿਆ।  ਇਸ ਬੋਲੀ ਰਹੀ ਹੀ ਤਾਂ ਸੂਫੀ ਸੰਤ ਫਰੀਦ ਜੀ, ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਅਨੇਕਾਂ ਹੀ ਸੂਫੀ ਸੰਤ,ਫਕੀਰਾਂ ਨੇ ਆਪਣੀਆਂ ਰਚਨਾਵਾਂ ਰਚੀਆਂ। ਇਸ ਤੋਂ ਇਲਾਵਾ ਅਨੇਕਾਂ ਹੀ ਕਵੀ, ਕਵੀਸ਼ਰੀਆਂ, ਲੇਖਕਾ ਨੇ ਮਾਂ ਬੋਲੀ ਰਾਹੀ  ਪੰਜਾਬੀ ਲੋਕ-ਗੀਤ, ਪੰਜਾਬੀ ਸਾਹਿਤ, ਪੰਜਾਬੀ ਸਭਿਆਚਾਰ ਨੂੰ ਪੇਸ਼ ਕਰਦੀਆਂ ਪੰਜਾਬੀ ਫਿਲਮਾਂ, ਪੰਜਾਬੀ ਗਾਣੇ, ਪੰਜਾਬੀ ਅਖੌਤਾਂ, ਮੁਹਾਵਰੇ, ਪੰਜਾਬੀ ਬੁਝਾਰਤਾਂ ਆਦਿ  ਪੰਜਾਬੀ ਬੋਲੀ ਵਿੱਚ ਸਿਰਜ ਕੇ ਸਾਡੀ ਝੋਲੀ ਪਾਈਆ। ਸਾਨੂੰ ਚਾਹੀਦਾ ਹੈ ਕੇ ਮਾਂ ਬੋਲੀ ਵਿਚ ਸਿਰਜਿਆ ਇਹ ਸ਼ਬਦ ਰੂਪੀ ਖਜਾਨਾ ਅਸੀਂ ਸਾਂਭੀਏ। ਆਓ  ਆਪਣੇ ਆਪ ਨਾਲ ਵਾਅਦਾ ਕਰੀਏ ਕਿ ਆਪਣੀ ਮਾਂ ਬੋਲੀ ਦੇ ਸਨਮਾਨ ਪ੍ਰਤੀ, ਮਾਂ ਬੋਲੀ ਦੇ ਪਿਆਰ ਪ੍ਰਤੀ, ਅਸੀ ਆਪ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਾਗੇ ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !