
ਸਰਹਿੰਦ
ਮਾਂ-ਬੋਲੀ ਹੀ ਹਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੁੰਦੀ ਹੈ। ਮਨੁੱਖ ਜਨਮ ਤੋਂ ਬਾਅਦ ਆਪਣੀ ਮਾਂ ਤੋਂ ਜਿਹੜੀ ਭਾਸ਼ਾ ਵਿੱਚ ਲੋਰੀਆਂ ਸੁਣਦਾ, ਉਸ ਤੋਂ ਬਾਅਦ ਆਪਣੇ ਜੀਵਨ ਦੇ ਅਲੱਗ-ਅਲੱਗ ਪੜਾਵਾਂ ਤੇ ਆਪਣੇ ਸਮਾਜ ਵਿਚ ਵਿਚਰਦੇ ਹੋਏ ਆਪਣੀ ਮਾਤਭਾਸ਼ਾ ਵਿਚ ਬਾਤਾਂ, ਕਹਾਣੀਆਂ,ਗੀਤ,ਘੋੜੀਆਂ, ਸੁਹਾਗ ਅਤੇ ਹਰ ਖੁਸ਼ੀ,ਗਮੀ ਵਿਚ ਜੋ ਬੋਲਦਾ ਸੁਣਦਾ ਹੈ ਉਹ ਮਾਂ ਬੋਲੀ ਅਖਵਾਉਂਦੀ ਹੈ। ਮਾਂ ਕੇਵਲ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ ਹੁੰਦੀ ਸਗੋਂ ਉਸਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ। ਭਾਸ਼ਾ ਨਾਲ ਸਭ ਤੋਂ ਪਹਿਲਾ ਮਾਂ ਹੀ ਬੱਚੇ ਦੀ ਸਾਂਝ ਪੁਆਉਂਦੀ ਹੈ, ਤਾਹੀ ਤਾਂ ਇਹ ਪੰਜਾਬੀ ਭਾਸ਼ਾ “ਮਾਂ ਬੋਲੀ” ਅਖਵਾਉਂਦੀ ਹੈ। ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਇਹ ਮਾਖਿਓਂ ਮਿੱਠੀ ਸਾਡੀ ਮਾਂ ਬੋਲੀ ਪੰਜਾਬੀ ਹੈ ਜੋ ਹੁਣ ਦੇਸ਼, ਵੇਦਸ਼ਾ ਵਿਚ ਵੀ ਬੋਲੀ,ਸੁਣੀ ਤੇ ਲਿਖੀਂ ਜਾ ਰਹੀ ਹੈ ਪ੍ਰੰਤੂ ਉਦੋਂ ਬਹੁਤ ਦਿਲ ਦੁੱਖਦਾ ਹੈ ਜਦੋ ਆਪਣੇ ਹੀ ਰਾਜ ,ਆਪਣੇ ਘਰ ਮਾਂ-ਬੋਲੀ ਰੋਜ਼-ਮਰ੍ਹਾ ਦੀ ਬੋਲ ਚਾਲ ਵਿੱਚੋ ਘਟਦੀ ਜਾ ਰਹੀ ਹੈ। ਸਮਾਜ ਵਿਚ ਵਿਚਰਦੇ ਹੋਏ ਸਾਨੂੰ ਪੰਜਾਬੀ ਬੋਲਣ ਵਿੱਚ ਕਦੀ ਵੀ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ। ਅਸੀਂ ਦੁਨੀਆਂ ਦੀਆ ਹੋਰ ਭਾਸ਼ਾਵਾਂ ਸਿੱਖੀਏ ਤੇ ਬੋਲੀਏ, ਪੜ੍ਹੀਏ ਤੇ ਲਿਖੀਏ ਕਿਉਂਕਿ ਸਾਰੀਆਂ ਬਹੁਤ ਵਧੀਆ ਹਨ, ਪ੍ਰੰਤੂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲੋ ਨਾਤਾ ਕਦੀ ਵੀ ਨਹੀਂ ਤੋੜਨਾ ਚਾਹੀਦਾ।