ਕੀ ਸੁਖਬੀਰ ਬਾਦਲ ‘ਝੂੰਦਾਂ ਕਮੇਟੀ’ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲੈਣਗੇ ?

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿੱਚ 5 ਘੰਟੇ ਤੱਕ ਵਿਚਾਰ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਅਕਾਲੀ ਆਗੂਆਂ ਨੇ ਦੱਸਿਆ ਕਿ ਪਾਰਟੀ ਨੇ 13 ਮੈਂਬਰੀ ਝੂੰਦਾਂ ਕਮੇਟੀ ਦੀ ਸਿਫ਼ਾਰਸ਼ ਨੂੰ ਪ੍ਰਵਾਨ ਕਰ ਲਿਆ ਹੈ। ਇਸ ਵਿੱਚ 42 ਸੁਝਾਅ ਹਨ। ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਦਾ ਫੈਸਲਾ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੀ ਲੈਣਗੇ।

ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਦੱਸਿਆ ਕਿ ਉਨ੍ਹਾਂ ਪੰਜਾਬ ਦੇ 117 ਵਿੱਚੋਂ 100 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਫੀਡਬੈਕ ਲਿਆ ਹੈ। ਅਕਾਲੀ ਵਰਕਰਾਂ ਦੇ ਨਾਲ-ਨਾਲ ਸਿੱਖ ਸੰਗਤ ਤੋਂ ਇਹ ਵੀ ਪੁੱਛਿਆ ਗਿਆ ਕਿ 2022 ਵਿਚ ਅਕਾਲੀ ਦਲ ਦੀ ਹਾਰ ਕਿਵੇਂ ਹੋਈ? ਰਿਪੋਰਟ ਵਿੱਚ ਜੋ ਵੀ ਨਿਚੋੜ ਸਾਹਮਣੇ ਆਇਆ ਹੈ, ਉਹ ਪਾਰਟੀ ਨੂੰ ਸੌਂਪ ਦਿੱਤਾ ਗਿਆ ਹੈ। ਝੂੰਦਾ ਨੇ ਕਿਹਾ ਕਿ ਲੀਡਰਸ਼ਿਪ ਦੇ ਖਿਲਾਫ ਕੀ ਗਿਆ, ਉਸ ਦਾ ਵੀ ਰਿਪੋਰਟ ਵਿੱਚ ਜ਼ਿਕਰ ਹੈ। ਰਿਪੋਰਟ ਵਿੱਚ ਪਾਰਟੀ ਵੱਲੋਂ ਕੀਤੀਆਂ ਗਈਆਂ ਗਲਤੀਆਂ ਵੱਲ ਵੀ ਧਿਆਨ ਦਿੱਤਾ ਗਿਆ ਹੈ। ਇਸ ਨੂੰ ਇੱਕ ਜਾਂ ਦੋ ਮੀਟਿੰਗਾਂ ਤੋਂ ਬਾਅਦ ਜਨਤਕ ਕੀਤਾ ਜਾਵੇਗਾ। ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਕੋਈ ਮੁਖੀ ਬਦਲਣ ਦਾ ਸੁਝਾਅ ਨਹੀਂ ਹੈ। ਸੁਖਬੀਰ ਬਾਦਲ ਪਾਰਟੀ ਦੇ ਮੁਖੀ ਬਣੇ ਰਹਿਣਗੇ।

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਚੋਣਾਂ ਵਿਚ ਕਾਰਗੁਜ਼ਾਰੀ ਦੇ ਮਾਮਲੇ ’ਤੇ ਝੂੰਦਾਂ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਸ ਕਮੇਟੀ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ।

ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਤੇ ਮੀਟਿੰਗ ਵਿੱਚ ਸਮੀਖਿਆ ਕਮੇਟੀ ਦੀ ਰਿਪੋਰਟ ਦੀ ਸ਼ਲਾਘਾ ਕੀਤੀ ਗਈ ਤੇ ਕਮੇਟੀ ਦੇ ਮੈਂਬਰਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਗਿਆ ਕਿ ਉਹਨਾਂ ਨੇ ਪਾਰਟੀ ਦੇ ਵਰਕਰਾਂ ਤੇ ਲੋਕਾਂ ਦੀ ਰਾਇ ਲੈਣ ਲਈ ਅਣਥੱਕ ਮਿਹਨਤ ਕੀਤੀ।

ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚੋਣ ਸਮੀਖਿਆ ਕਮੇਟੀ ਦੀ ਰਿਪੋਰਟ ਵਿਚ ਪਾਰਟੀ ਦੀ ਪ੍ਰਾਪਤੀ ਤੇ ਕਮਜ਼ੋਰੀਆਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਪਾਰਟੀ ਨੁੰ ਦਰਪੇਸ਼ ਚੁਣੌਤੀਆਂ ਤੇ ਮੌਕਿਆਂ ਦੀ ਗੱਲ ਕੀਤੀ ਗਈ ਹੈ। ਸਰਦਾਰ ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਇਸ ਕਮੇਟੀ ਦਾ ਗਠਨ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਪੜਚੋਲ ਵਾਸਤੇ ਸੰਜੀਦਗੀ ਨਾਲ ਕੰਮ ਕਰਨ ਵਾਸਤੇ ਕੀਤਾ ਸੀ। ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਪੁਨਰਗਠਨ ਤੇ ਕੰਮਕਾਜ ਨੂੰ ਨਵੇਂ ਸਿਰੇ ਤੋਂ ਲੀਹ ’ਤੇ ਲਿਆਉਣ ਵਾਸਤੇ ਟੀਮ ਦਾ ਗਠਨ ਦਾ ਅਧਿਕਾਰ ਸੌਂਪਿਆ ਗਿਆ ਹੈ। ਉਹ ਸਿੱਖ ਬੁੱਧੀਜੀਵੀਆਂ, ਧਾਰਮਿਕ ਤੇ ਸਿਆਸੀ ਹਸਤੀਆਂ, ਅਧਿਆਪਕਾਂ, ਵਿਦਿਆਰਥੀਆਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਤੇ ਸਮਾਜਿਕ ਕਾਰਕੁੰਨਾਂ ਸਮੇਤ ਪੰਜਾਬੀਆਂ ਨਾਲ ਰਾਇ ਮਸ਼ਵਰਾ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਦੇ ਨਾਲ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਆਗੂ ਚਰਨਜੀਤ ਸਿੰਘ ਅਟਵਾਲ, ਬੀਬੀ ਜਗੀਰ ਕੌਰ, ਜਗਮੀਤ ਸਿੰਘ ਬਰਾੜ, ਇਕਬਾਲ ਸਿੰਘ ਝੂੰਦਾਂ, ਵਿਰਸਾ ਸਿੰਘ ਵਲਟੋਹਾ, ਡਾ. ਦਲਜੀਤ ਸਿੰਘ ਚੀਮਾ ਤੇ ਜਥੇਦਾਰਾ ਹੀਰਾ ਸਿੰਘ ਗਾਬੜੀਆ ਵੀ ਹਾਜ਼ਰ ਸਨ।

ਇਸ ਦੌਰਾਨ ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਐਮ ਐਸ ਪੀ ਦੇ ਮਾਮਲੇ ਵਿਚ ਬਣਾਈ ਕਮੇਟੀ ਰੱਦ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਿਹਨਾਂ ਦੇ ਹਿੱਤ ਪ੍ਰਭਾਵਤ ਹਨ, ਉਹਨਾਂ ਦੇ ਨਾਲ ਨਾਲ ਕਿਸਾਨ ਤੇ ਪੰਜਾਬ ਦੇ ਹੋਰਨਾਂ ਪ੍ਰਤੀਨਿਧਾਂ ਨੁੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦ ਭਗਤ ਸਿੰਘ ਦੇ ਖਿਲਾਫ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀਆਂ ਟਿੱਪਣੀਆਂ ਦੀ ਵੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਸਮੁੱਚੇ ਖ਼ਾਲਸਾ ਪੰਥ ਤੇ ਦੇਸ਼ ਨੇ ਸਿੱਖ ਕੌਮ ਦੇ ਦਲੇਰਾਂ ਵਿਚ ਸਰਦਾਰ ਭਗਤ ਸਿੰਘ ਨੂੰ ਸ਼ਾਮਲ ਕੀਤਾ ਹੈ। ਪਾਰਟੀ ਨੇ ਬੱਬਰ ਅਕਾਲੀ ਲਹਿਰ, ਨਾਮਦਾਰੀ ਲਹਿਰ, ਕਾਮਾਗਾਟਾ ਮਾਰੂ ਲਹਿਰ, ਗਦਰ ਲਹਿਰ, ਕਿਰਤੀ ਕਿਸਾਨ ਲਹਿਰ ਤੇ ਹੋਰ ਲਹਿਰਾਂ ਵਿਚ ਪੰਜਾਬੀਆਂ ਦੀ ਸ਼ਮੂਲੀਅਤ ਦੀ ਵਡਿਆਈ ਕੀਤੀ। ਅਕਾਲੀ ਦਲ ਮਹਾਨ ਪੰਥਕ ਆਗੂਆਂ ਤੇ ਸ਼ਹੀਦਾਂ ਦੀ ਪਾਰਟੀ ਹੈ ਜਿਹਨਾਂ ਨੇ ਚਾਬੀਆਂ ਦੇ ਮੋਰਚੇ, ਜੈਤੋਂ ਦਾ ਮੋਰਚਾ, ਨਨਕਾਣਾ ਸਾਹਿਬ ਦਾ ਮੋਰਚਾ, ਧਰਮ ਯੁੱਧ ਮੋਰਚਾ ਤੇ ਹੋਰਨਾਂ ਵਿਚ ਪਾਰਟੀ ਦੀ ਸ਼ਮੂਲੀਅਤ ਕੀਤੀ ਤੇ ਇਸੇ ਲਈ ਸਾਡੇ ਬਹਾਦਰ ਤੇ ਦਲੇਰ ਆਗੂਆਂ ਵਿਚ ਸਾਡੇ ਮਹਾਨ ਹੀਰੋ ਤੇ ਸ਼ਹੀਦਾਂ ਵਿਚ ਸਾਡਾ ਨਾਂ ਸ਼ਾਮਲ ਕੀਤਾ ਹੈ। ਇਹ ਸਰਦਾਰ ਮਾਨ ਦੀਆਂ ਟਿੱਪਣੀਆਂ ਨੂੰ ਇਕ ਬਿਮਾਰ ਮਾਨਸਿਕਤਾ ਤੇ ਪੰਜਾਬੀਆਂ ਤੇ ਸਿੱਖਾਂ ਦੇ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਨੂੰ ਅਪਮਾਨਤ ਕਰਨ ਦਾ ਕੰਮ ਕਰ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਨੇ ਕੜਾ ਸਮੇਤ ਸਿੱਖ ਕੱਕਾਰਾਂ ’ਤੇ ਪਾਬੰਦੀ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਵੱਖ ਵੱਖ ਮਾਮਲਿਆਂ ਦੀ ਵੀ ਨਿਖੇਧੀ ਕੀਤੀ।

ਇਸ ਤੋਂ ਪਹਿਲਾਂ ਕੋਰ ਕਮੇਟੀ ਨੇ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪਾਰਟੀ ਨੇ ਰਾਜਪੁਰਾ ਤਹਿਸੀਲ ਵਿਚ ਸੂਰਜਮੁਖੀ ਉਤਪਾਦਕਾਂ ਤੇ ਸ੍ਰੀ ਮੁਕਤਸਰ ਸਾਹਿਬ ਵਿਚ ਮੂੰਗ ਦੀ ਫਸਲ ਦੇ ਹੋਏ ਨੁਕਸਾਨ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪਾਰਟੀ ਨੇ ਭਾਰਤ ਦਾ ਰਾਸ਼ਟਰਪਤੀ ਬਣਨ ’ਤੇ ਸ੍ਰੀਮਤੀ ਦ੍ਰੌਪਦੀ ਮੁਰਮੂ ਨੂੰ ਵੀ ਇਹਨਾਂ ਮਾਮਲਿਆਂ ਦੀ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਮੈਂਬਰਾਂ ਨੇ ਮੂਲ ਮੰਤਰ ਦਾ ਪਾਠ ਕੀਤਾ ਤੇ ਅਕਾਲੀ ਦਲ, ਕੋਰ ਕਮੇਟੀ ਮੈਂਬਰਾਂ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਅਚਨਚੇਤ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਵਰਨਣਯੋਗ ਹੈ ਕਿ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਨੇ ਝੂੰਦਾਂ ਕਮੇਟੀ ਦੀ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਸੀ। ਇਸ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਕਹਿਣ ਦੇ ਬਾਵਜੂਦ ਭਾਜਪਾ ਦੀ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਨਹੀਂ ਪਾਈ। ਇਆਲੀ ਨੇ ਰੋਸ ਪ੍ਰਗਟ ਕੀਤਾ ਸੀ ਕਿ ਪਾਰਟੀ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਜਦਕਿਪਾਰਟੀ ਨੇ ਪੰਜਾਬ ਨਾਲ ਸਬੰਧਤ ਬੰਦੀ ਸਿੱਖਾਂ ਦੀ ਰਿਹਾਈ, ਚੰਡੀਗੜ੍ਹ ‘ਤੇ ਅਧਿਕਾਰ ਵਰਗਾ ਕੋਈ ਮੁੱਦਾ ਭਾਜਪਾ ਦੇ ਸਾਹਮਣੇ ਨਹੀਂ ਰੱਖਿਆ ਗਿਆ।

ਇਥੇ ਇਹ ਵੀ ਵਰਨਣਯੋਗ ਹੈ ਕਿ ਅਕਾਲੀ ਦਲ ਨੇ 2007 ਤੋਂ 2017 ਤੱਕ ਲਗਾਤਾਰ ਦੋ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਪਰ ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ 117 ਵਿੱਚੋਂ 77 ਸੀਟਾਂ ਜਿੱਤ ਕੇ ਸੱਤਾ ਵਿੱਚ ਆਈ ਸੀ। ਇਸ ਵਾਰ ਅਕਾਲੀ ਦਲ ਨੂੰ ਆਸ ਸੀ ਕਿ ਇਸ ਵਾਰ ਸੱਤਾ ਉਨ੍ਹਾਂ ਨੂੰ ਮਿਲੇਗੀ। ਹਾਲਾਂਕਿ ਇਸ ਵਾਰ ਸਥਿਤੀ ਵਿਗੜ ਗਈ। ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਅਤੇ ਬਸਪਾ ਨਾਲ ਗਠਜੋੜ ਦੇ ਬਾਵਜੂਦ ਅਕਾਲੀ ਦਲ 3 ਸੀਟਾਂ ‘ਤੇ ਸਿਮਟ ਗਿਆ।

Related posts

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

ਕੈਦੀਆਂ ਵਲੋਂ ਜੇਲ੍ਹਾਂ ’ਚੋਂ ਉਡਾਰੀ ਮਾਰਨ ਵਾਲਿਆਂ ’ਚੋਂ ਪੰਜਾਬ ਮੋਹਰੀ

ਸਰਕਾਰੀ ਸਮਾਗਮ ਨੂੰ ਰਾਜਨੀਤਕ ਰੈਲੀ ਵਜੋਂ ਵਰਤਣ ‘ਤੇ ਰੰਧਾਵਾ ਵਲੋਂ ਪ੍ਰਧਾਨ ਮੰਤਰੀ ਨੂੰ ਸਿ਼ਕਾਇਤ