ਅਨੂ ਗੰਨੇ ਨੂੰ ਨੇਜ਼ਾ ਬਣਾ ਕੇ ਕਰਦੀ ਸੀ ਅਭਿਆਸ, 10 ਸਾਲ ਦੀ ਮਿਹਨਤ ਨੇ ਦਿਵਾਇਆ ਰਾਸ਼ਟਰਮੰਡਲ ਖੇਡਾਂ ‘ਚ ਮੈਡਲ

ਮੇਰਠ – ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮਹਿਲਾ ਨੇ ਨੇਜ਼ਾ ਸੁੱਟ ਮੁਕਾਬਲੇ ਵਿਚ ਦੇਸ਼ ਲਈ ਕੋਈ ਮੈਡਲ ਜਿੱਤਿਆ ਹੈ। ਅਨੂ ਰਾਣੀ ਦੀ ਇਸ ਕਾਮਯਾਬੀ ਦੇ ਪਿੱਛੇ 10 ਸਾਲ ਦੀ ਮਿਹਨਤ ਹੈ। ਅਭਿਆਸ ਦੀ ਕਸੌਟੀ ’ਤੇ ਖ਼ੁਦ ਨੂੰ ਤਪਾ ਕੇ ਉਨ੍ਹਾਂ ਨੇ ਕਾਮਯਾਬੀ ਦਾ ਉਹ ਮਾਪੰਦਡ ਤੈਅ ਕਰ ਦਿੱਤਾ ਜਿਸ ਤੋਂ ਪ੍ਰੇਰਿਤ ਹੋ ਕੇ ਕਈ ਉੱਭਰ ਰਹੇ ਖਿਡਾਰੀ ਦੇਸ਼ ਲਈ ਕੁਝ ਕਰ ਸਕਣਗੇ। ਅਨੂ ਲਈ ਇਹ ਰਾਹ ਇੰਨਾ ਸੌਖਾ ਨਹੀਂ ਸੀ। ਸਾਧਨਾਂ ਦੀ ਘਾਟ ਦਾ ਆਲਮ ਇਹ ਸੀ ਕਿ ਖੇਤ ਵਿਚ ਗੰਨੇ ਦੀ ਫ਼ਸਲ ਕੱਟਦੇ ਸਮੇਂ ਗੰਨੇ ਨੂੰ ਹੀ ਨੇਜ਼ਾ ਮੰਨ ਕੇ ਸੁੱਟਿਆ। ਵੱਡੇ ਭਰਾ ਨੇ ਯੋਗਤਾ ਪਛਾਣੀ ਤੇ ਖੇਡ ਵਿਚ ਅੱਗੇ ਵਧਾਇਆ। ਅਨੂ ਨੇ ਇਕਾਗਰ ਹੋ ਕੇ ਮਿਹਨਤ ਕੀਤੀ ਤੇ ਅੱਜ ਉਨ੍ਹਾਂ ਦੀ ਕਾਮਯਾਬੀ ਸਭ ਦੇ ਸਾਹਮਣੇ ਹੈ।

ਅਨੂ ਨੇ ਜਾਗਰਣ ਨੂੰ ਦੱਸਿਆ ਕਿ ਮੈਂ ਆਪਣੇ ਖੇਤਾਂ ਵਿਚ ਵੀ ਕੰਮ ਕੀਤਾ ਹੈ, ਘਰ ਦੇ ਕੰਮ ਵਿਚ ਵੀ ਮਦਦ ਕੀਤੀ ਹੈ। ਗ੍ਰੈਜੂਏਟ ਹੋ ਚੁੱਕੀ ਹਾਂ। ਸ਼ੁਰੂਆਤ ਵਿਚ ਖੇਤ ਵਿਚ ਕੰਮ ਕਰਨ ਦੌਰਾਨ ਗੰਨੇ ਨੂੰ ਸੁੱਟ ਕੇ ਅਭਿਆਸ ਕਰਿਆ ਕਰਦੀ ਸੀ। ਫਿਰ ਬਾਂਸ ਨੂੰ ਸੁੱਟ ਕੇ ਅਭਿਆਸ ਕਰਨ ਲੱਗੀ। ਇਕ ਦਿਨ ਭਰਾ ਉਪੇਂਦਰ ਨੇ ਅਭਿਆਸ ਕਰਦੇ ਹੋਏ ਦੇਖਿਆ। ਕ੍ਰਿਕਟ ਗੇਂਦ ਸੁੱਟਣ ’ਤੇ ਵੱਡੇ ਭਰਾ ਉਪੇਂਦਰ ਬਹੁਤ ਪ੍ਰਭਾਵਿਤ ਹੋਇਆ।

ਉਪੇਂਦਰ ਨੇ ਦੱਸਿਆ ਕਿ ਅਨੂ ਦੀ ਥ੍ਰੋਅ ਵਿਚ ਸਮਰੱਥਾ ਸਮਝ ਵਿਚ ਆ ਗਈ ਸੀ ਇਸ ਲਈ ਪਿਤਾ ਨੂੰ ਮਨਾਇਆ ਤੇ ਗੁਰੂਕੁਲ ਪ੍ਰਭਾਤ ਆਸ਼ਰਮ ਟੀਕਰੀ ਵਿਚ ਅਭਿਆਸ ਲਈ ਪ੍ਰਵੇਸ਼ ਦਿਵਾਇਆ। ਉਹ ਆਪ ਵੀ ਨੇਜ਼ਾ ਸੁੱਟਣ ਦੀ ਕੋਸ਼ਿਸ਼ ਕਰਿਆ ਕਰਦੇ ਸਨ ਪਰ ਉਨ੍ਹਾਂ ਨੇ ਭੈਣ ਨੂੰ ਅੱਗੇ ਵਧਾਉਣ ਲਈ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਕੋਚ ਬਣ ਗਏ। ਜਦ ਮੇਰਠ ਛੱਡ ਕੇ ਦਿੱਲੀ ਤੇ ਫਿਰ ਪਟਿਆਲਾ ਵਿਚ ਰਹਿ ਕੇ ਅਭਿਆਸ ਦੀ ਵਾਰੀ ਆਈ ਤਦ ਵੀ ਉਸ ਲਈ ਭਰਾ ਨੇ ਹੀ ਪਿਤਾ ਨੂੰ ਮਨਾਇਆ।

ਅਨੂ ਨੇ ਕਿਹਾ ਕਿ ਖੇਡ ਵਿਚ ਅੱਗੇ ਵਧਣ ਲਈ ਕੋਈ ਵੱਖ ਖਾਣ-ਪੀਣ ਦੀ ਲੋੜ ਨਹੀਂ ਪੈਂਦੀ। ਉਹ ਵੀ ਸਾਧਾਰਨ ਭੋਜ ਹੀ ਕਰਦੀ ਹੈ, ਸਿਰਫ਼ ਸ਼ਾਕਾਹਾਰੀ ਤੇ ਚੰਗਾ ਭੋਜਨ ਚਾਹੀਦੈ। ਉਹ 600 ਗ੍ਰਾਮ ਦਾ ਨੇਜ਼ਾ 64 ਮੀਟਰ ਦੂਰ ਤਕ ਸੁੱਟ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕਈ ਉਪਲੱਬਧੀਆਂ ਹਾਸਲ ਕਰ ਚੁੱਕੀ ਹੈ। ਉਹ ਕਹਿੰਦੀ ਹੈ ਕਿ ਖੇਡ ਬਾਹਵਾਂ ਦੀ ਤਾਕਤ ਤੇ ਤਕਨੀਕ ਦਾ ਹੈ ਇਸ ਲਈ ਕੁੜੀਆਂ ਆਪਣੀਆਂ ਬਾਹਵਾਂ ਦੇ ਜ਼ੋਰ ਨੂੰ ਪਛਾਨਣ। ਅਨੂ ਨੇ ਕੁੜੀਆਂ ਲਈ ਸੁਨੇਹਾ ਦਿੱਤਾ ਕਿ ਖੇਡ ਵਿਚ ਨਾਂ ਦੇ ਨਾਲ-ਨਾਲ ਪਛਾਣ ਹੈ। ਸਰਕਾਰ ਪੁਰਸਕਾਰ ਦੇ ਰੂਪ ਵਿਚ ਪੈਸਾ ਦਿੰਦੀ ਹੈ ਤੇ ਨੌਕਰੀ ਵੀ। ਖੇਡ ਨਾਲ ਅਨੁਸ਼ਾਸਨ ਤੇ ਸੰਘਰਸ਼ ਦੀ ਸਮਰੱਥਾ ਆਉਂਦੀ ਹੈ।

ਨੇਜ਼ਾ ਸੁੱਟ ਮੁਕਾਬਲੇ ਵਿਚ ਕੁਝ ਦੂਰੀ ਤਕ ਦੌੜ ਕੇ ਨੇਜ਼ਾ ਸੁੱਟਣਾ ਹੁੰਦਾ ਹੈ। ਅਨੂ ਨੇ ਕਿਹਾ ਕਿ ਅਭਿਆਸ ਲਈ 80 ਮੀਟਰ ਲੰਬਾ ਮੈਦਾਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਖੇਡ ਦੇ ਮੈਦਾਨ ਨਹੀਂ ਹਨ। ਇਸ ਲਈ ਸਰਕਾਰ ਨੂੰ ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। ਜੇ ਪਿੰਡਾਂ ਵਿਚ ਖੇਡ ਦੀਆਂ ਸਹੂਲਤਾਂ ਵਧ ਜਾਣਗੀਆਂ ਤਾਂ ਕਈ ਲੁਕੀਆਂ ਯੋਗਤਾਵਾਂ ਨੂੰ ਵੀ ਮੌਕਾ ਮਿਲੇਗਾ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਕਿਸੇ ਚਮਤਕਾਰ ਤੋਂ ਘੱਟ ਨਹੀਂ ਆਸਟ੍ਰੇਲੀਆ ਦੇ ਸਾਬਕਾ ਬੈਟਸਮੈਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੀ-20 ਵਿਸ਼ਵ ਕੱਪ 2026 ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ