ਅਮਰੀਕਾ ਅਤੇ ਕੈਨੇਡਾ ਦੇ ਦੋ ਗੁਰਦੁਆਰਿਆਂ ਦੇ ਪ੍ਰਬੰਧਕ ਤਨਖਾਹੀਏ ਕਰਾਰ

ਸਿੰਘ ਸਾਹਿਬ, ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ।

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਕੱਲ੍ਹ ਦੋ ਵਿਦੇਸ਼ੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਕੈਨੇਡਾ ਦੇ ਮੈਨੀਟੋਬਾ ਦੇ ਵਿਨੀਪੈਗ ਸਥਿਤ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ, ਵਿਲਕਸ ਐਵੇਨਿਊ ਦੀ ਪ੍ਰਬੰਧਕ ਕਮੇਟੀ ਦਾ ਸਿੱਖ ਰਹਿਤ ਮਰਿਆਦਾ ਮੁਤਾਬਕ ਪ੍ਰਬੰਧ ਨਾ ਚਲਾਉਣ ਸਬੰਧੀ ਮਾਮਲਾ ਵਿਚਾਰਿਆ ਗਿਆ ਜਿਸ ‘ਤੇ ਵਿਚਾਰ ਕਰਨ ਉਪਰੰਤ ਪੰਜ ਸਿੰਘ ਸਾਹਿਬਾਨ ਵੱਲੋਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਸਮੇਤ ਰਜਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪ੍ਰਦੀਪ ਸਿੰਘ ਅਤੇ ਪੰਜ ਮੈਂਬਰੀ ਕਮੇਟੀ ਦੇ ਅਮਰਜੀਤ ਸਿੰਘ, ਕਿਰਨਪਾਲ ਸਿੰਘ, ਸੁਖਜਿੰਦਰ ਸਿੰਘ, ਹਰਪਾਲ ਸਿੰਘ ਤੇ ਚਰਨਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਹੈ।

ਇੱਕ ਹੋਰ ਮਾਮਲੇ ਵਿੱਚ ਅਮਰੀਕਾ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਿੱਖ ਸੁਸਾਇਟੀ ਆਫ ਅਪਸਟੇਟ, ਸਾਊਥ ਕੈਰੋਲੀਨਾ, ਡੰਕਨ ਦੀ ਪ੍ਰਬੰਧਕ ਕਮੇਟੀ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਇਥੇ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਗਿਆ ਅਤੇ ਉਨ੍ਹਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਇਸ ਕਾਰਣ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਸਰਬਪ੍ਰੀਤ ਸਿੰਘ ਸਾਬਕਾ ਸਕੱਤਰ, ਰਾਜ ਸਿੰਘ ਚੇਅਰਪਰਸਨ, ਮਨਜੀਤ ਕੌਰ ਟਰੱਸਟੀ ਅੰਮ੍ਰਿਤਪਾਲ ਸਿੰਘ ਟਰੱਸਟੀ, ਸਵਰਨ ਸਿੰਘ ਟਰੱਸਟੀ, ਸੋਹਨ ਸਿੰਘ ਟਰੱਸਟੀ, ਜਸਵਿੰਦਰ ਸਿੰਘ ਟਰੱਸਟੀ ਅਤੇ ਰਜਿੰਦਰ ਸਿੰਘ ਟਰੱਸਟੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ, ਜਦੋਂ ਤੱਕ ਇਹ ਅਕਾਲ ਤਖਤ ਵਿਖੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਨਹੀਂ ਦਿੰਦੇ, ਉਸ ਵੇਲੇ ਤੱਕ ਪੰਥ ਇਨ੍ਹਾਂ ਨੂੰ ਸਹਿਯੋਗ ਨਾ ਦੇਵੇ।