ਨੀਟ ਪੇਪਰ ਲੀਕ ਰੋਕਣ ਲਈ ਭਾਰਤ ਵਿੱਚ ਟੈਲੀਗ੍ਰਾਮ ਐਪ ‘ਤੇ ਰੋਕ

ਨੀਟ ਪੇਪਰ ਲੀਕ ਰੋਕਣ ਲਈ ਭਾਰਤ ਵਿੱਚ ਟੈਲੀਗ੍ਰਾਮ ਐਪ 'ਤੇ ਅਸਥਾਈ ਰੋਕ ਲਾਈ ਗਈ ਹੈ।

ਨਵੀਂ ਦਿੱਲੀ – ਭਾਰਤ ਦੀ ਸਭ ਤੋਂ ਵਧੇਰੇ ਚਰਚਿਤ ਮੈਡੀਕਲ ਪ੍ਰਵੇਸ਼ ਪ੍ਰੀਖਿਆ ‘ਨੀਟ ਯੂਜੀ 2026’ ਦੀ ਦੁਬਾਰਾ ਹੋਣ ਜਾ ਰਹੀ ਪ੍ਰੀਖਿਆ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇੱਕ ਬੇਹੱਦ ਵੱਡਾ ਅਤੇ ਸਖ਼ਤ ਕਦਮ ਚੁੱਕਿਆ ਹੈ। ਪੇਪਰ ਲੀਕ ਕਰਨ ਵਾਲੇ ਸੰਗਠਿਤ ਨੈੱਟਵਰਕ ਅਤੇ ਸਾਈਬਰ ਠੱਗਾਂ ਵੱਲੋਂ ਮੈਸੇਜਿੰਗ ਐਪ ‘ਟੈਲੀਗ੍ਰਾਮ’ ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ ਨੂੰ ਦੇਖਦਿਆਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਭਾਰਤ ਵਿੱਚ ਟੈਲੀਗ੍ਰਾਮ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਮੁਤਾਬਕ ਧੋਖੇਬਾਜ਼ ਇਸ ਪਲੇਟਫਾਰਮ ਰਾਹੀਂ ਫ਼ਰਜ਼ੀ ਪੇਪਰ ਵੇਚ ਰਹੇ ਸਨ ਅਤੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੇ ਸਨ।

ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦੋ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪਹਿਲੇ ਫੈਸਲੇ ਤਹਿਤ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69-ਏ ਦੇ ਤਹਿਤ 22 ਜੂਨ 2026 ਤੱਕ ਭਾਰਤ ਵਿੱਚ ਟੈਲੀਗ੍ਰਾਮ ਦੀ ਵਰਤੋਂ ‘ਤੇ ਪੂਰੀ ਰੋਕ ਲਗਾ ਦਿੱਤੀ ਗਈ ਹੈ ਤਾਂ ਜੋ 21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕੇ। ਦੂਜੇ ਨਿਰਦੇਸ਼ ਤਹਿਤ ਟੈਲੀਗ੍ਰਾਮ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ 30 ਜੂਨ ਤੱਕ ਭਾਰਤ ਵਿੱਚ ਪਹਿਲਾਂ ਤੋਂ ਪੋਸਟ ਕੀਤੇ ਗਏ ਸੰਦੇਸ਼ਾਂ ਨੂੰ ਬਦਲਣ ਦੀ ਸਹੂਲਤ ਨੂੰ ਪੂਰੀ ਤਰ੍ਹਾਂ ਬੰਦ ਕਰੇ। ਐਨæਟੀæਏæ ਮੁਤਾਬਕ ਇਹ ਕਾਰਵਾਈ ਕਈ ਗਰੁੱਪਾਂ ਅਤੇ ਚੈਨਲਾਂ ਨੂੰ ਡਿਲੀਟ ਕਰਨ ਦੇ ਬਾਵਜੂਦ ਕੋਈ ਸੁਧਾਰ ਨਾ ਹੁੰਦਾ ਦੇਖ ਕੇ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੈਲੀਗ੍ਰਾਮ ‘ਤੇ ਫ਼ਰਜ਼ੀ ਨਾਵਾਂ ਆਈਡੀ ਬਣਾ ਕੇ ਪੀਡੀਐੱਫ ਫਾਈਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਕੋਲੋਂ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਜਾਂਚ Ḕਚ ਖੁਲਾਸਾ ਹੋਇਆ ਕਿ ਠੱਗ ਟੈਲੀਗ੍ਰਾਮ ਦੇ ‘ਐਡਿਟ ਫੀਚਰ’ ਦੀ ਖ਼ਤਰਨਾਕ ਦੁਰਵਰਤੋਂ ਕਰ ਰਹੇ ਸਨ। ਉਹ ਪ੍ਰੀਖਿਆ ਤੋਂ ਪਹਿਲਾਂ ਕੋਈ ਸਾਧਾਰਨ ਮੈਸੇਜ ਪਾਉਂਦੇ ਸਨ ਅਤੇ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉਸੇ ਪੁਰਾਣੇ ਮੈਸੇਜ ਨੂੰ ਐਡਿਟ ਕਰਕੇ ਅਸਲ ਸਵਾਲ ਪੱਤਰ ਅਪਲੋਡ ਕਰ ਦਿੰਦੇ ਸਨ, ਜਿਸ ਨਾਲ ਪੁਰਾਣੇ ਸਮੇਂ ਮੁਤਾਬਕ ਇਹ ਲੱਗਦਾ ਸੀ ਕਿ ਪੇਪਰ ਪ੍ਰੀਖਿਆ ਤੋਂ ਪਹਿਲਾਂ ਹੀ ਲੀਕ ਹੋ ਗਿਆ ਸੀ। ਇਸ ਤਰ੍ਹਾਂ ਪੇਪਰ ਲੀਕ ਹੋਣ ਦੇ ਝੂਠੇ ਸਬੂਤ ਘੜੇ ਜਾ ਰਹੇ ਸਨ।

ਇਸ ਮਾਮਲੇ ਵਿੱਚ ਭਾਰਤੀ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਅਤੇ ਵੱਖ-ਵੱਖ ਰਾਜਾਂ ਦੀ ਪੁਲੀਸ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਬਿਹਾਰ ਅਤੇ ਅਹਿਮਦਾਬਾਦ ਸਾਈਬਰ ਪੁਲਿਸ ਨੇ ਅੰਤਰ-ਰਾਜੀ ਸਾਈਬਰ ਠੱਗ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗ ਟੈਲੀਗ੍ਰਾਮ ਚੈਨਲਾਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਕਰ ਚੁੱਕਾ ਸੀ। ਐਨæਟੀæਏæ ਨੇ ਮੰਨਿਆ ਕਿ ਟੈਲੀਗ੍ਰਾਮ ਦੀ ਜਾਇਜ਼ ਪੜ੍ਹਾਈ ਲਈ ਵਰਤੋਂ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਨੂੰ ਇਸ ਪਾਬੰਦੀ ਨਾਲ ਪਰੇਸ਼ਾਨੀ ਜ਼ਰੂਰ ਹੋਵੇਗੀ, ਪਰ ਪ੍ਰੀਖਿਆ ਦੀ ਪਵਿੱਤਰਤਾ ਅਤੇ ਸੁਰੱਖਿਆ ਨੂੰ ਬਹਾਲ ਰੱਖਣ ਲਈ ਇਹ ਬੇਹੱਦ ਜ਼ਰੂਰੀ ਸੀ।

Related posts

ਪ੍ਰਧਾਨ ਮੰਤਰੀ ਮੋਦੀ ਸਲੋਵਾਕੀਆ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਪੈਕਿੰਗ ਸਟੈਪਲ ਨਾ ਵਰਨਣ ਦੇ ਨਿਰਦੇਸ਼

ਦਿੱਲੀ ਦੇ ਬਿਜਲੀ ਖਪਤਕਾਰਾਂ ਨੂੰ ਜੂਨ ਮਹੀਨੇ ‘ਚ ਵੱਡਾ ਝਟਕਾ ਲੱਗ ਸਕਦਾ