ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਵੀਡੀਓ ਵਿੱਚ ਆਖਿਆ ਹੈ ਕਿ, “ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਮੌਜੂਦਾ ਅਹੁਦੇਦਾਰ ਜੋ ਕਿ ਸਿਆਸੀ ਤੌਰ ‘ਤੇ ਨਿਯੁਕਤ ਕੀਤੇ ਗਏ ਹਨ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਮੈਨੂੰ ਬਦਨਾਮ ਕਰਨ ਲਈ ਮੇਰੇ ਖ਼ਿਲਾਫ਼ ਇੱਕ ਝੂਠਾ ਬਿਰਤਾਂਤ ਘੜਿਆ ਜਾ ਰਿਹਾ ਹੈ। ਮੇਰੇ ਖ਼ਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ, ਜਦੋਂਕਿ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ਵਿੱਚ ਪੇਸ਼ ਹੋ ਕੇ ਸਾਫ਼ ਕਰ ਦਿੱਤਾ ਸੀ ਕਿ ਵੀਡੀਓ ਵਾਲਾ ਸ਼ਖ਼ਸ ਮੈਂ ਨਹੀਂ ਹਾਂ। ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ-ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ। ਮੈਨੂੰ ਹੈਰਾਨੀ ਹੈ ਕਿ ਸਿੱਖਾਂ ਦੀ ਸਰਵਉੱਚ ਸੰਸਥਾ ‘ਤੇ ਬੈਠੇ ਲੋਕ ਸਿਰਫ਼ ਮੈਨੂੰ ਬਦਨਾਮ ਕਰਨ ਲਈ ਆਪਣੇ ਸਿਆਸੀ ਮਾਲਕਾਂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਹਨ।”
ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਆਖਿਆ ਕਿ, “ਵਿਰੋਧੀਆਂ ਨੂੰ ਪਤਾ ਹੈ ਕਿ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ’ ਉਨ੍ਹਾਂ ਦੇ ਸਿਆਸੀ ਹਿੱਤਾਂ ਦੇ ਖ਼ਿਲਾਫ਼ ਜਾ ਰਿਹਾ ਹੈ, ਇਸੇ ਲਈ ਇਹ ਹੱਥਕੰਡੇ ਅਪਣਾਏ ਜਾ ਰਹੇ ਹਨ। ਪਹਿਲਾਂ ਅਕਾਲ ਤਖ਼ਤ ਦੇ ਪ੍ਰਬੰਧਕ ਚਾਹੁੰਦੇ ਸਨ ਕਿ ਸਰਕਾਰ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਬਣਾਵੇ, ਪਰ ਹੁਣ ਜਦੋਂ ਇਹ ਕਾਨੂੰਨ ਬਣ ਗਿਆ ਹੈ, ਤਾਂ ਉਹ ਇਹ ਕਹਿ ਕੇ ਇਸ ਨੂੰ ਰੱਦ ਕਰ ਰਹੇ ਹਨ ਕਿ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਇਨ੍ਹਾਂ ਦੇ ਫੈਸਲੇ ਰੋਜ਼ ਬਦਲਦੇ ਹਨ, ਪਰ ਸੰਗਤ ਸਭ ਜਾਣਦੀ ਹੈ ਕਿ ਕਿਸ ਤਰ੍ਹਾਂ ਪਹਿਲਾਂ ਸਿਆਸੀ ਫਾਇਦੇ ਲਈ ਧਾਰਮਿਕ ਮੁਆਫ਼ੀ ਦਿੱਤੀ ਗਈ ਅਤੇ ਫਿਰ ਅਚਾਨਕ ਵਾਪਸ ਲੈ ਲਈ ਗਈ। ਉਹ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਹਨ ਅਤੇ ਅਦਾਲਤ ਅੱਗੇ ਸਿਰ ਝੁਕਾਉਂਦੇ ਹਨ, ਇਸ ਲਈ ਉਹ ਸੰਸਥਾ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ।”
ਪੰਜਾਬ ਦੇ ਮੁੱਖ-ਮੰਤਰੀ ਮਾਨ ਨੇ ਹੋਰ ਆਖਿਆ ਕਿ, “ਵਿਰੋਧੀ ਧਿਰਾਂ ਪੰਜਾਬ ਦੀ ਕਿਸਾਨੀ, ਪਾਣੀਆਂ ਅਤੇ ਜਵਾਨੀ ਨੂੰ ਬਚਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਬੌਖਲਾ ਗਈਆਂ ਹਨ ਅਤੇ ਹੁਣ ਸਿਆਸੀ ਲਾਹੇ ਲਈ ਸਿੱਖ ਧਰਮ ਦੀ ਵਰਤੋਂ ਕਰ ਰਹੀਆਂ ਹਨ। ਸੰਗਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਅਕਾਲ ਤਖ਼ਤ ‘ਤੇ ਸਿਆਸੀ ਨਿਯੁਕਤੀਆਂ ਕਿਸ ਤਰ੍ਹਾਂ ਹੁੰਦੀਆਂ ਹਨ। ਮੇਰੇ ਖ਼ਿਲਾਫ਼ ਜਾਰੀ ਕੀਤੇ ਗਏ ਫ਼ਰਮਾਨ ਦੇ ਅਧਾਰ (ਵੀਡੀਓ) ਨੂੰ ਮੈਂ ਪੂਰੀ ਤਰ੍ਹਾਂ ਰੱਦ ਕਰਦਾ ਹਾਂ। ਮੈਂ ਇਹ ਸਾਰਾ ਮਾਮਲਾ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਕਚਹਿਰੀ ਵਿੱਚ ਛੱਡਦਾ ਹਾਂ।”
ਜ਼ਿਕਰਯੋਗ ਹੈ ਕਿ ਕਲੱ੍ਹ 15 ਜੂਨ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੂੰ Ḕਗੁਰੂ ਦੋਖੀ’ ਕਰਾਰ ਦਿੰਦਿਆਂ ਦਾਅਵਾ ਕੀਤਾ ਸੀ ਕਿ ਉਕਤ ਵਿਵਾਦਤ ਵੀਡੀਓ ਦੀ ਦੋ ਫੋਰੈਂਸਿਕ ਲੈਬਾਰਟਰੀਆਂ ਤੋਂ ਜਾਂਚ ਕਰਵਾਈ ਗਈ ਹੈ, ਜਿਸ ਵਿੱਚ ਉਹ ਬਿਲਕੁਲ ਸਹੀ ਪਾਈ ਗਈ ਹੈ। ਇਨ੍ਹਾਂ ਤੱਥਾਂ ਦੇ ਅਧਾਰ ‘ਤੇ ਜਥੇਦਾਰ ਨੇ ਸਿੱਖ ਸੰਗਤ ਨੂੰ ਮੁੱਖ ਮੰਤਰੀ ਮਾਨ ਨਾਲ ਕਿਸੇ ਵੀ ਤਰ੍ਹਾਂ ਦਾ ਸਾਂਝ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਸੀ।