ਅਮਰੀਕਾ ਦੇ ਵਿੱਚ ਅਲਫੋਂਸੋ, ਕੇਸਰ, ਲੰਗੜਾ ਅਤੇ ਦੁਸਹਿਰੀ ਅੰਬਾਂ ਦੀ ਖੂਬ ਮੰਗ !

ਭਾਰਤੀ ਅੰਬ।

ਅਮਰੀਕਾ ਦੇ ਵਿੱਚ ਭਾਰਤੀ ਅੰਬਾਂ ਦੀ ਬਹੁਤ ਵੱਡੀ ਡਿਮਾਂਡ ਹੈ। ਕਈ ਦਹਾਕਿਆਂ ਤੋਂ ਭਾਰਤੀ-ਅਮਰੀਕੀਨ ਗਰਮੀਆਂ ਵਿੱਚ ਭਾਰਤ ਜਾ ਕੇ ਅਲਫੋਂਸੋ, ਕੇਸਰ, ਲੰਗੜਾ ਅਤੇ ਦੁਸਹਿਰੀ ਅੰਬਾਂ ਦਾ ਸੁਆਦ ਚੱਖਣ ਅਤੇ ਫਿਰ ਆਪਣੀਆਂ ਯਾਦਾਂ ਆਪਣੇ ਨਾਲ ਅਮਰੀਕਾ ਲੈ ਕੇ ਜਾਂਦੇ ਸਨ ਪਰ ਹੁਣ ਇਹ ਅੰਬ ਅਮਰੀਕਾ ਦੇ ਵੱਡੇ ਸਟੋਰਾਂ ਵਿੱਚ ਵੀ ਉਪਲਬਧ ਹਨ। ਅਮਰੀਕਾ ਦੇ ਸਿਆਟਲ ਤੋਂ ਲੈ ਕੇ ਲਾਸ ਏਂਜਲਸ ਤੱਕ ਅਤੇ ਨਿਊਜਰਸੀ ਤੋਂ ਲੈ ਕੇ ਵਾਸ਼ਿੰਗਟਨ ਡੀæਸੀæ ਤੱਕ ਕੇਸਰ, ਅਲਫੋਂਸੋ ਅਤੇ ਲੰਗੜਾ ਵਰਗੀਆਂ ਅੰਬਾਂ ਦੀਆਂ ਕਿਸਮਾਂ ਦੀ ਵਿਕਰੀ ਇੰਨੀ ਵਧ ਗਈ ਹੈ ਕਿ ਵੱਡੇ-ਵੱਡੇ ਸਟੋਰ ਕੁੱਝ ਘੰਟਿਆਂ ਵਿੱਚ ਹੀ ਖਤਮ ਹੋ ਰਹੇ ਹਨ। ਭਾਰਤੀ ਲੋਕ ਹੁਣ ਹਜ਼ਾਰਾਂ ਕਿਲੋਮੀਟਰ ਦੂਰ ਅਮਰੀਕਾ ਵਿੱਚ ਰਹਿ ਕੇ ਵੀ ਭਾਰਤੀ ਅੰਬਾਂ ਦਾ ਸਵਾਦ ਲੈ ਸਕਦੇ ਹਨ। ਮਈ ਵਿੱਚ ਕੋਸਟਕੋ ਨੇ ਪਹਿਲੀ ਵਾਰ ਭਾਰਤੀ ਕੇਸਰ ਅੰਬਾਂ ਨੂੰ ਸਿਆਟਲ, ਲਾਸ ਵੇਗਾਸ, ਨਿਊ ਜਰਸੀ ਅਤੇ ਲਾਸ ਏਂਜਲਸ ਸਟੋਰਾਂ ਦੇ ਵਿੱਚ ਭੇਜਿਆ। ਕੋਸਟਕੋ ਅਧਿਕਾਰੀਆਂ ਦੇ ਅਨੁਸਾਰ ਸਟੋਰਾਂ ‘ਤੇ ਪਹੁੰਚਣ ਦੇ ਸਿਰਫ ਦੋ ਘੰਟਿਆਂ ਦੇ ਅੰਦਰ ਪੂਰੀ ਸ਼ਿਪਮੈਂਟ ਵਿਕ ਗਈ। ਭਾਰਤੀ ਅੰਬਾਂ ਦੀ ਇੰਨੀ ਤੇਜ਼ੀ ਨਾਲ ਵਿਕਰੀ ਹੁਣ ਆਮ ਗੱਲ ਹੋ ਗਈ ਹੈ।
ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਦਾ ਕਹਿਣਾ ਹੈ ਕਿ ਭਾਰਤੀ ਅੰਬਾਂ ਦੀ ਵਧਦੀ ਲੋਕਪ੍ਰਿਅਤਾ ਸਿਰਫ਼ ਭਾਰਤੀ ਮੂਲ ਦੇ ਲੋਕਾਂ ਵਿੱਚ ਹੀ ਨਹੀਂ ਬਲਕਿ ਹੁਣ ਅਮਰੀਕਨ ਲੋਕ ਵੀ ਭਾਰਤੀ ਫਲਾਂ ਨੂੰ ਪਸੰਦ ਕਰਨ ਲੱਗ ਪਏ ਹਨ। ਭਾਰਤੀ ਅੰਬਾਂ ਦੀ ਵਧਦੀ ਲੋਕਪ੍ਰਿਅਤਾ ਦੀ ਤਾਜ਼ਾ ਮਿਸਾਲ ਸਿਆਟਲ ਵਿੱਚ ਦੇਖਣ ਨੂੰ ਮਿਲੀ ਜਿੱਥੇ ਭਾਰਤੀ ਕੌਂਸਲੇਟ ਵੱਲੋਂ ‘ਮੈਂਗੋ ਮੈਜਿਕ’ ਸਮਾਗਮ ਦਾ ਦੂਜਾ ਐਡੀਸ਼ਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੋਸਟਕੋ ਕੰਪਨੀ ਦੇ ਨੁਮਾਇੰਦਿਆਂ ਸਮੇਤ ਵੱਡੇ ਰਿਟੇਲ ਸਟੋਰਾਂ ਦੇ 100 ਤੋਂ ਵੱਧ ਆਯਾਤਕਰਤਾਵਾਂ, ਵਿਤਰਕਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਲੋਕਾਂ ਨੇ ਭਾਰਤ ਦੇ ਸੱਤ ਪ੍ਰੀਮੀਅਮ ਅੰਬਾਂ ਦਾ ਸਵਾਦ ਲਿਆ। ਇਨ੍ਹਾਂ ਵਿੱਚ ਮਹਾਰਾਸ਼ਟਰ ਤੋਂ ਅਲਫੋਂਸੋ ਅਤੇ ਕੇਸਰ, ਆਂਧਰਾ ਪ੍ਰਦੇਸ਼ ਤੋਂ ਬੰਗਾਨਪੱਲੀ ਅਤੇ ਹਿਮਾਯਤ, ਉੱਤਰ ਪ੍ਰਦੇਸ਼ ਤੋਂ ਲਾਂਗਰਾ ਅਤੇ ਦੁਸਹਿਰੀ ਅਤੇ ਗੁਜਰਾਤ ਤੋਂ ਰਾਜਾਪੁਰੀ ਅੰਬ ਸ਼ਾਮਲ ਸਨ।
ਵਾਸ਼ਿੰਗਟਨ ਸਟੇਟ ਦੇ ਲੈਫਟੀਨੈਂਟ ਗਵਰਨਰ ਡੇਨੀ ਹੇਕ ਨੇ ਰਾਜ ਵਿੱਚ ਭਾਰਤੀ ਅੰਬਾਂ ਦੀਆਂ ਹੋਰ ਕਿਸਮਾਂ ਦੀ ਉਪਲਬਧਤਾ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਰਾਜ ਦੇ ਸੈਨੇਟਰ, ਡਿਪਲੋਮੈਟ ਅਤੇ ਵਪਾਰਕ ਆਗੂ ਵੀ ਮੌਜੂਦ ਸਨ। ਇਹ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਈਡੀਏ) ਦੇ ਸਹਿਯੋਗ ਨਾਲ ਕੀਤਾ ਗਿਆ ਸੀ।ਭਾਰਤੀ ਰਾਜਦੂਤ ਕਵਾਤਰਾ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੇ ਲੋਕਾਂ ਤੋਂ ਇਲਾਵਾ ਦੁਨੀਆਂ ਦੇ ਹੋਰ ਲੋਕ ਵੀ ਭਾਰਤੀ ਅੰਬਾਂ ਨੂੰ ਖੂਬ ਪਸੰਦ ਕਰਦੇ ਹਨ। ਭਾਰਤ ਦੁਨੀਆ ਵਿੱਚ ਅੰਬਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਅੰਬਾਂ ਦੀਆਂ 1,000 ਤੋਂ ਵੱਧ ਕਿਸਮਾਂ ਹਨ। ਭਾਰਤ ਵਿੱਚ ਹਰ ਸਾਲ 26 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਅੰਬ ਪੈਦਾ ਹੁੰਦੇ ਹਨ। ਅਮਰੀਕਾ ਨੂੰ ਭਾਰਤੀ ਅੰਬਾਂ ਦਾ ਨਿਰਯਾਤ 18 ਸਾਲਾਂ ਦੀ ਪਾਬੰਦੀ ਤੋਂ ਬਾਅਦ 2007 ਵਿੱਚ ਮੁੜ ਸ਼ੁਰੂ ਹੋਇਆ ਸੀ ਜੋ ਪਿਛਲੇ ਇੱਕ ਦਹਾਕੇ ਵਿੱਚ ਲਗਾਤਾਰ ਵਧਿਆ ਹੈ।

Related posts

ਕਸ਼ਮੀਰ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਿਹਾ ਜ਼ੋਜੀਲਾ ਟਨਲ !

ਕੱਦੂ ਦੇ ਬੀਜ : ਪੌਸ਼ਟਿਕ ਤੱਤਾਂ ਨਾਲ ਭਰਪੂਰ ਸੁਪਰਫੂਡ

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !