ਨਵੀਂ ਦਿੱਲੀ – ਵਿਸ਼ਵ ਪੱਧਰ ’ਤੇ ਸਭ ਤੋਂ ਮਜ਼ਬੂਤ ਦੇਸ਼ ਵਜੋਂ ਉਭਰ ਰਿਹਾ ਭਾਰਤ ਨਾ ਸਿਰਫ਼ ਆਰਥਿਕ, ਸਮਾਜਿਕ ਅਤੇ ਰਣਨੀਤਕ ਮੋਰਚੇ ’ਤੇ ਮਜ਼ਬੂਤ ਨਜ਼ਰ ਆ ਰਿਹਾ ਹੈ, ਸਗੋਂ ਦੁਨੀਆਂ ਭਰ ਦੇ ਵਿਕਸਤ ਦੇਸ਼ਾਂ ’ਚ ਭਾਰਤੀਆਂ ਦੀ ਮੌਜੂਦਗੀ ਵਧ ਰਹੀ ਹੈ। ਰਿਪੋਰਟ ਮੁਤਾਬਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਅਮੀਰ ਦੇਸ਼ਾਂ ’ਚ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ’ਚ ਭਾਰਤੀ ਪਹਿਲੇ ਸਥਾਨ ’ਤੇ ਹਨ। ਪੈਰਿਸ ਇੰਟਰਨੈਸ਼ਨਲ ਮਾਈਗ੍ਰੇਸ਼ਨ ਆਉਟਲੁੱਕ ’ਤੇ ਜਾਰੀ ਕੀਤੀ ਗਈ ਓ.ਈ.ਸੀ.ਡੀ. ਰਿਪੋਰਟ 2023 ਦੇ ਅਨੁਸਾਰ, ਅਮੀਰ ਦੇਸ਼ਾਂ ਵਿੱਚ ਨਾਗਰਿਕਤਾ ਹਾਸਲ ਕਰਨ ਵਾਲੇ ਲੋਕਾਂ ਦੇ ਅੰਤਰਰਾਸ਼ਟਰੀ ਸਮੂਹ ਵਿੱਚ ਭਾਰਤੀ ਸਭ ਤੋਂ ਅੱਗੇ ਹਨ। ਓ.ਈ.ਸੀ.ਡੀ. ਦਾ ਅਰਥ ਹੈ ਆਰਥਿਕ ਸਹਿਯੋਗ ਅਤੇ ਵਿਕਾਸ ਲਈ ਸੰਗਠਨ। ਇਹ 38 ਦੇਸ਼ਾਂ ਦਾ ਸਮੂਹ ਹੈ ਜਿਸ ਵਿੱਚ ਦੁਨੀਆਂ ਭਰ ਦੇ ਅਮੀਰ ਅਤੇ ਵਿਕਸਤ ਦੇਸ਼ ਸ਼ਾਮਲ ਹਨ। ਇਸ ਰਿਪੋਰਟ ’ਚ ਖਾਸ ਗੱਲ ਇਹ ਹੈ ਕਿ ਭਾਵੇਂ ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਸਬੰਧਾਂ ’ਚ ਡੈੱਡਲਾਕ ਹੈ ਪਰ ਸਾਲ 2021 ਦੇ ਮੁਕਾਬਲੇ 2022 ’ਚ ਭਾਰਤੀ ਨਾਗਰਿਕਾਂ ਨੂੰ ਨਾਗਰਿਕਤਾ ਦੇਣ ਦੇ ਮਾਮਲੇ ’ਚ 174 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ ਵੀ ਓ.ਈ.ਸੀ.ਡੀ. ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਸਾਲ 2021 ਵਿੱਚ 28 ਲੱਖ ਦੇ ਮੁਕਾਬਲੇ ਸਾਲ 2022 ਵਿੱਚ 25 ਪ੍ਰਤੀਸ਼ਤ ਤੋਂ ਵੱਧ ਵਧੀ ਹੈ। 2019 ਤੋਂ, ਭਾਰਤ ਦੁਨੀਆ ਭਰ ਦੇ ਇਨ੍ਹਾਂ ਦੇਸ਼ਾਂ ਵਿੱਚ ਨਾਗਰਿਕਤਾ ਹਾਸਲ ਕਰਨ ਵਾਲਿਆਂ ਵਿੱਚ ਲਗਾਤਾਰ ਪਹਿਲੇ ਸਥਾਨ ’ਤੇ ਰਿਹਾ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2021 ਵਿੱਚ, ਲਗਭਗ 1.3 ਲੱਖ ਭਾਰਤੀਆਂ ਨੇ ਇੱਕ ਓ.ਈ.ਸੀ.ਡੀ. ਮੈਂਬਰ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ, ਜੋ ਕਿ 2019 ਵਿੱਚ ਲਗਭਗ 1.5 ਲੱਖ ਸੀ। ਚੀਨ 2021 ਵਿਚ ਇਸ ਦੌੜ ਵਿਚ ਪੰਜਵੇਂ ਸਥਾਨ ’ਤੇ ਰਿਹਾ ਸੀ। 57,000 ਚੀਨੀ ਨਾਗਰਿਕਾਂ ਨੇ ਓ.ਈ.ਸੀ.ਡੀ. ਦੇਸ਼ ਦੀ ਨਾਗਰਿਕਤਾ ਪ੍ਰਾਪਤ ਕੀਤੀ। ਓ.ਈ.ਸੀ.ਡੀ. ਦੇ 38 ਮੈਂਬਰ ਦੇਸ਼ਾਂ ਵਿੱਚੋਂ ਅਮਰੀਕਾ ਨੇ ਸਭ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਨਾਗਰਿਕਤਾ ਦਿੱਤੀ ਹੈ। ਇੱਥੇ 56,000 ਭਾਰਤੀਆਂ ਨੂੰ ਸਥਾਈ ਨਿਵਾਸ ਮਿਲਿਆ ਹੈ, ਜਦੋਂ ਕਿ ਦੂਜੇ ਸਥਾਨ ’ਤੇ 24,000 ਭਾਰਤੀਆਂ ਨੂੰ ਆਸਟ੍ਰੇਲੀਆ ਦੀ ਸਥਾਈ ਨਾਗਰਿਕਤਾ ਮਿਲੀ ਹੈ ਅਤੇ ਕੂਟਨੀਤਕ ਰੁਕਾਵਟ ਦੇ ਬਾਵਜੂਦ 21,000 ਭਾਰਤੀ ਨਾਗਰਿਕਾਂ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਨਾਗਰਿਕਤਾ ਲੈਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।