ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਸ਼ਮੀਰ ’ਚ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਜੁੜੇ ਮਾਮਲੇ ’ਚ ਦੋਸ਼ ਪੱਤਰ ਦਾਖ਼ਲ ਕੀਤਾ ਹੈ ਅਤੇ ਇਸ ’ਚ ਹਿਜ਼ਬੁਲ ਮੁਜਾਹੀਦੀਨ ਦੇ ਕੁਝ ਅੱਤਵਾਦੀਆਂ ਦਾ ਨਾਂ ਸ਼ਾਮਲ ਹੈ। ਸੰਘੀਏ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਦੋਸ਼ ਪੱਤਰ 25 ਜਨਵਰੀ ਨੂੰ ਸ਼੍ਰੀਨਗਰ ’ਚ ਇਕ ਵਿਸ਼ੇਸ਼ ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਅਦਾਲਤ ਦੇ ਸਾਹਮਣੇ ਦਾਇਰ ਕੀਤਾ ਗਿਆ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਇਸ ’ਚ ਨਾਮਜ਼ਦ ਦੋਸ਼ੀਆਂ ’ਚ ਮੁਦਸਿਰ ਅਹਿਮਦ ਸ਼ੇਖ, ਮੁਸ਼ਤਾਕ ਅਹਿਮਦ ਕਾਂਬੇ ਅਤੇ ਮੁਹੰਮਦ ਇਕਬਾਲ ਖਾਨ ਸ਼ਾਮਲ ਹਨ। ਇਸ ’ਚ ਕਿਹਾ ਗਿਆ ਹੈ ਕਿ ਅਦਾਲਤ ਨੇ ਦੋਸ਼ ਪੱਤਰ ’ਤੇ ਨੋਟਿਸ ਲਿਆ ਹੈ ਅਤੇ ਮੁਕੱਦਮਾ ਸ਼ੁਰੂ ਕਰਨ ਲਈ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਈ.ਡੀ. ਦਾ ਮਨੀ ਲਾਂਡਰਿੰਗ ਮਾਮਲਾ ਜੁਲਾਈ 2015 ’ਚ ਮੁਦਸਿਰ ਅਹਿਮਦ ਸ਼ੇਖ, ਮੁਸ਼ਤਾਕ ਅਹਿਮਦ ਕਾਂਬੇ, ਮੁਹੰਮਦ ਇਕਬਾਲ ਖਾਨ, ਮੁਹੰਮਦ ਅੱਬਾਸ ਸ਼ੇਖ ਅਤੇ ਤੌਸੀਫ਼ ਅਹਿਮਦ ਸ਼ੇਖ ਖ਼ਿਲਾਫ਼ ਜੰਮੂ ਕਸ਼ਮੀਰ ਪੁਲਸ (ਕੁਲਗਾਮ ਜ਼ਿਲ੍ਹੇ) ਦੀ ਐੱਫ.ਆਈ.ਆਰ. ਨਾਲ ਜੁੜਿਆ ਹੈ। ਐੱਫ.ਆਈ.ਆਰ. ਭਾਰਤੀ ਦੰਡਾਵਲੀ ਦੀ ਧਾਰਾ ਅਤੇ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਦੇ ਅਧੀਨ ਦਰਜ ਕੀਤੀ ਗਈ ਸੀ। ਅੱਬਾਸ ਸ਼ੇਖ ਅਤੇ ਤੌਸੀਫ਼ ਅਹਿਮਦ ਸ਼ੇਖ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ ਮਾਰੇ ਗਏ ਸਨ।