ਇਸ ਵਾਰ ਪੰਜਾਬ ਵਿੱਚ ਜਦੋਂ ਹੜ੍ਹ ਆਏ ਸਨ ਤਾਂ ਲੋਕਾਂ ਨੇ ਸਹਾਇਤਾ ਵਾਲੀ ਕਮਾਲ ਕਰ ਦਿੱਤੀ ਸੀ। ਸਮਾਜ ਸੇਵੀ ਸੰਸਥਾਵਾਂ ਨੇ ਐਨੀ ਮਦਦ ਕੀਤੀ ਕਿ ਹੜ੍ਹ ਪੀੜਤਾਂ ਨੂੰ ਸਮਾਨ ਸੰਭਾਲਣਾ ਮੁਸ਼ਕਿਲ ਹੋ ਗਿਆ ਸੀ। ਇਹ ਸੇਵਾ ਅਜੇ ਵੀ ਖਾਦਾਂ, ਤੇਲ, ਬੀਜਾਂ ਅਤੇ ਟਰੈਕਟਰਾਂ ਦੇ ਰੂਪ ਵਿੱਚ ਜਾਰੀ ਹੈ। ਪਰ ਦੂਸਰੇ ਪਾਸੇ ਕੁਝ ਅਜਿਹੇ ਵੀ ਲੋਕ ਹਨ ਜੋ ਅਜਿਹੀਆਂ ਮੁਸੀਬਤਾਂ ਸਮੇਂ ਫਾਇਦਾ ਕਮਾਉਣ ਲਈ ਸਰਗਰਮ ਹੋ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਕਸ਼ਮੀਰ ਦੇ ਪ੍ਰਸਿੱਧ ਟੂਰਿਸਟ ਸਥਾਨ ਪਹਿਲਗਾਮ ਦੇ ਨਜ਼ਦੀਕ ਅੱਤਵਾਦੀਆਂ ਨੇ ਹਮਲਾ ਕਰ ਕੇ 26 ਮਾਸੂਮ ਸੈਲਾਨੀਆਂ ਦਾ ਕਤਲ ਕਰ ਦਿੱਤਾ ਸੀ। ਅਜਿਹੇ ਮੌਕੇ ਕਈ ਜ਼ਿੰਦਾ ਜ਼ਮੀਰ ਵਾਲੇ ਲੋਕ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਦੀ ਮਦਦ ਲਈ ਅੱਗੇ ਆਏ ਤੇ ਉਨ੍ਹਾਂ ਵਾਸਤੇ ਫਰੀ ਲੰਗਰ, ਰਿਹਾਇਸ਼ ਅਤੇ ਡਾਕਟਰੀ ਇਲਾਜ਼ ਦਾ ਪ੍ਰਬੰਧ ਕੀਤਾ। ਪਰ ਕੁਝ ਬੇਜ਼ਮੀਰੇ ਤੇ ਪੱਥਰ ਦਿਲ ਲੋਕਾਂ ਨੇ ਇਸ ਆਫਤ ਵੇਲੇ ਵੀ ਫਾਇਦਾ ਉਠਾਉਣ ਤੋਂ ਸ਼ਰਮ ਹਯਾ ਨਹੀਂ ਸੀ ਕੀਤੀ। ਇਸ ਕੌਮੀ ਆਫਤ ਵੇਲੇ ਸਭ ਤੋਂ ਜਿਆਦਾ ਬੇਸ਼ਰਮੀ ਏਅਰਲਾਈਨਾਂ ਨੇ ਵਿਖਾਈ ਸੀ। ਜਦੋਂ ਇਹ ਅੱਤਵਾਦੀ ਹਮਲਾ ਹੋਇਆ ਤਾਂ ਉਸ ਵੇਲੇ ਭਾਰੀ ਬਾਰਸ਼ਾਂ ਕਰ ਕੇ ਹੋਈ ਲੈਂਡਸਲਾਈਡ ਕਾਰਨ ਜੰਮੂ ਅਤੇ ਸ੍ਰੀ ਨਗਰ ਰਾਸ਼ਟਰੀ ਰਾਜ ਮਾਰਗ ਬੰਦ ਹੋ ਗਿਆ ਸੀ। ਡਰੇ ਹੋਏ ਸੈਲਾਨੀ ਜਲਦੀ ਤੋਂ ਜਲਦੀ ਕਸ਼ਮੀਰ ਛੱਡ ਕੇ ਆਪਣੇ ਘਰ ਪਹੁੰਚਣਾ ਚਾਹੁੰਦੇ ਸਨ। ਏਅਰਲਾਈਨਾਂ ਨੇ ਇਸ ਮੌਕੇ ਦਾ ਭਰਪੂਰ ਫਾਇਦਾ ਉਠਾਇਆ ਤੇ ਕਿਰਾਏ ਦਸ ਗੁਣਾ ਤੱਕ ਵਧਾ ਦਿੱਤੇ। ਸ੍ਰੀਨਗਰ ਤੋਂ ਜਿਆਦਾ ਟਰੈਫਿਕ ਵਾਲੇ ਸ਼ਹਿਰਾਂ ਜਿਵੇਂ ਦਿੱਲੀ, ਕੋਲਕੱਤਾ ਅਤੇ ਮੁੰਬਈ ਆਦਿ ਵਾਸਤੇ ਤਾਂ 5000 ਰੁਪਏ ਵਾਲੀ ਟਿਕਟ 50000 ਰੁਪਏ ਤੱਕ ਵੇਚੀ ਗਈ। ਜਦੋਂ ਇਸ ਗੱਲ ਦਾ ਅਖਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਰੌਲਾ ਪਿਆ ਤਾਂ ਕੇਂਦਰੀ ਹਵਾਬਾਜ਼ੀ ਮੰਤਰੀ ਨੇ ਏਅਰਲਾਈਨਾਂ ਨੂੰ ਡਾਂਟ ਮਾਰੀ ਪਰ ਕੋਈ ਫਰਕ ਨਾ ਪਿਆ।
ਜਿਸ ਵੇਲੇ ਸਾਰਾ ਦੇਸ਼ ਕਰੋਨਾ ਦੇ ਕਹਿਰ ਨਾਲ ਜੂਝ ਰਿਹਾ ਸੀ ਉਸ ਵੇਲੇ ਵੀ ਅਨੇਕਾਂ ਲਾਲਚੀ ਲੋਕ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਮਰੀਜ਼ਾਂ ਦੇ ਇਲਾਜ ਲਈ ਬੇਹੱਦ ਜਰੂਰੀ ਆਕਸੀਜਨ ਅਤੇ ਰੈਮੀਡੀਸੀਵੀਅਰ ਦਵਾਈ ਦੀ ਕਾਲਾਬਜ਼ਾਰੀ ਕਰਨ ਵਿੱਚ ਰੁੱਝੇ ਹੋਏ ਸਨ। ਇੱਕ ਪਾਸੇ ਤਾਂ ਕਈ ਧਾਰਮਿਕ ਸਥਾਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਕਸੀਜਨ ਦੇ ਫਰੀ ਲੰਗਰ ਲਗਾਏ ਜਾਣ ਦੀਆਂ ਖਬਰਾਂ ਆ ਰਹੀਆਂ ਸਨ ਤੇ ਦੂਸਰੇ ਪਾਸੇ ਅੱਠ ਦਸ ਹਜ਼ਾਰ ਦੀ ਕੀਮਤ ਵਾਲਾ ਆਕਸੀਜਨ ਦਾ ਸਿਲੰਡਰ ਇੱਕ ਲੱਖ ਰੁਪਏ ਅਤੇ ਤਿੰਨ ਚਾਰ ਹਜ਼ਾਰ ਦੀ ਕੀਮਤ ਵਾਲਾ ਰੈਮਡੈਸੀਵੀਅਰ ਦਾ ਟੀਕਾ ਪੈਂਤੀ ਚਾਲੀ ਹਜ਼ਾਰ ਤੱਕ ਵੇਚਣ ਵਰਗੀਆਂ ਘਟੀਆ ਕਰਤੂਤਾਂ ਕੀਤੀਆਂ ਜਾ ਰਹੀਆਂ ਸਨ। ਮਰਨ ਕਿਨਾਰੇ ਪਏ ਆਪਣੇ ਪਿਆਰਿਆਂ ਨੂੰ ਬਚਾਉਣ ਖਾਤਰ ਵਾਰਸ ਕੋਈ ਵੀ ਕੀਮਤ ਦੇਣ ਨੂੰ ਤਿਆਰ ਸਨ। ਪਰ ਕਾਲਾਬਜ਼ਾਰੀ ਕਰਨ ਵਾਲਿਆਂ ਲਈ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਹੈ, ਇਹ ਸਿਰਫ ਆਪਣਾ ਮੁਨਾਫਾ ਵੇਖਦੇ ਹਨ।
ਉਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੂੰ ਯੂ.ਪੀ. – ਬਿਹਾਰ ਲੈ ਕੇ ਜਾਣ ਵਾਲੀਆਂ ਅਨੇਕਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਵਾਲੇ ਰੱਜ ਕੇ ਗਰੀਬ ਪ੍ਰਵਾਸੀਆਂ ਖੁੂਨ ਨਿਚੋੜ ਰਹੇ ਸਨ। ਸਧਾਰਨ ਨਾਲੋਂ ਦੁੱਗਣਾ ਤਿਗਣਾ ਕਿਰਾਇਆ ਲੈ ਕੇ ਵੀ ਪ੍ਰਵਾਸੀਆਂ ਨੂੰ ਬੱਸਾਂ ਵਿੱਚ ਮੁਰਗਿਆਂ ਵਾਂਗ ਠੂਸ ਕੇ ਲਿਜਾਇਆ ਜਾ ਰਿਹਾ ਸੀ। 2010 ਵੇਲੇ ਜਦੋਂ ਲੱਦਾਖ ਵਿੱਚ ਹੜ੍ਹ ਆਏ ਸਨ ਤਾਂ ਉਥੇ ਫਸੇ ਹੋਏ ਸੈਲਾਨੀਆਂ ਨੂੰ ਕੱਢਣ ਸਮੇਂ ਵੀ ਏਅਰਲਾਈਨਾਂ ਨੇ ਕਮਾਲ ਦੀ ਬੇਸ਼ਰਮੀ ਵਿਖਾਈ ਸੀ। ਲੋਕਾਂ ਦੀ ਮਦਦ ਕਰਨ ਦੀ ਬਜਾਏ ਕਿੰਗਫਿਸ਼ਰ ਅਤੇ ਏਅਰ ਇੰਡੀਆ ਵਰਗੀਆਂ ਕਈ ਕੰਪਨੀਆਂ ਨੇ ਟਿਕਟਾਂ ਦਾ ਰੇਟ ਕਈ ਗੁਣਾ ਵਧਾ ਦਿੱਤਾ ਸੀ। ਉਹ ਗੱਲ ਵੱਖਰੀ ਹੈ ਕਿ ਐਨੀ ਕਮੀਨਗੀ ਵਿਖਾਉਣ ਦੇ ਬਾਵਜੂਦ ਵੀ ਕਿੰਗਫਿਸ਼ਰ ਬੰਦ ਹੋ ਚੁੱਕੀ ਹੈ ਤੇ ਏਅਰ ਇੰਡੀਆ ਦੀਵਾਲੀਆ ਹੋਣ ਕਾਰਣ ਟਾਟਾ ਨੂੰ ਵਿਕ ਚੁੱਕੀ ਹੈ। 1988 ਅਤੇ 1993 ਵਿੱਚ ਪੰਜਾਬ ਵਿੱਚ ਭਿਆਨਕ ਹੜ੍ਹ ਆਏ ਸਨ। ਸਮਾਜ ਸੇਵੀ ਸੰਸਥਾਵਾਂ ਨੇ ਪੀੜਤ ਲੋਕਾਂ ਦੀ ਅਥਾਹ ਸੇਵਾ ਕੀਤੀ ਸੀ ਪਰ ਉਸ ਸਮੇਂ ਵੀ ਜਮ੍ਹਾਂਖੋਰਾਂ ਨੇ ਰੱਜ ਕੇ ਮੁਨਾਫਾ ਕਮਾਇਆ ਸੀ। ਰਾਤੋ-ਰਾਤ ਖੰਡ ਪੱਤੀ ਅਤੇ ਹੋਰ ਜਰੂਰੀ ਨਿੱਤ ਪ੍ਰਤੀ ਦੀ ਵਰਤੋਂ ਵਾਲੀਆਂ ਵਸਤੂਆਂ ਦੇ ਰੇਟ ਕਈ ਗੁਣਾ ਚੁੱਕ ਦਿੱਤੇ ਸਨ।
1993 ਵਿੱਚ ਪਟਿਆਲਾ, ਸੰਗਰੂਰ ਅਤੇ ਕਈ ਹੋਰ ਜਿਲ੍ਹਿਆਂ ਵਿੱਚ ਘੱਗਰ ਨਦੀ ਨੇ ਹੜ੍ਹਾਂ ਕਾਰਨ ਤਬਾਹੀ ਮਚਾ ਦਿੱਤੀ ਸੀ। ਮੈਂ ਉਸ ਵੇਲੇ ਇੱਕ ਥਾਣੇ ਵਿੱਚ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਪਾਸੇ ਸਮਾਜ ਸੇਵੀ ਪੀੜਤਾਂ ਲਈ ਮਦਦ ਭੇਜ ਰਹੇ ਸਨ ਪਰ ਦੂਸਰੇ ਪਾਸੇ ਕਈ ਦੁਕਾਨਦਾਰਾਂ ਨੇ ਪ੍ਰਚੂਨ ਵਸਤੂਆਂ ਦੇ ਰੇਟ ਦੂਣੇ ਕਰ ਦਿੱਤੇ ਤੇ ਸਭ ਤੋਂ ਜਰੂਰੀ ਵਸਤੂ ਤਰਪਾਲ ਨੂੰ ਤਾਂ ਬਜ਼ਾਰ ਵਿੱਚੋਂ ਗਾਇਬ ਹੀ ਕਰ ਦਿੱਤਾ ਸੀ। ਜਦੋਂ ਲੋਕਾਂ ਵਿੱਚ ਹਾਹਾਕਾਰ ਮੱਚੀ ਤਾਂ ਅਸੀਂ ਅਜਿਹੇ ਕਈ ਜਮ੍ਹਾਖੋਰਾਂ ‘ਤੇ ਮੁਕੱਦਮੇ ਦਰਜ਼ ਕੀਤੇ ਤਾਂ ਜਾ ਕੇ ਹਾਲਾਤ ਵਿੱਚ ਸੁਧਾਰ ਆਇਆ ਸੀ। ਅਜਿਹੇ ਲੋਕਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਇਨਸਾਨੀ ਗਿਰਝ੍ਹਾਂ (ਹਿਊਮਨ ਵਲਚਰ) ਮੱਧ ਕਾਲ ਸਮੇਂ ਯੂਰਪ ਵਿੱਚ ਇਜਾਦ ਹੋਇਆ ਸੀ। ਉਸ ਸਮੇਂ ਹਜ਼ਾਰਾਂ ਲੋਕਾਂ ਦੇ ਅਜਿਹੇ ਗਿਰੋਹ ਸਾਰੇ ਯੂਰਪ ਵਿੱਚ ਫੈਲੇ ਹੋਏ ਸਨ ਜੋ ਫੌਜਾਂ ਦੇ ਪਿੱਛੇ-ਪਿੱਛੇ ਚੱਲਦੇ ਸਨ। ਮੱਧ ਕਾਲ ਯੂੁਰਪ ਵਿੱਚ ਅਸ਼ਾਂਤੀ ਦਾ ਕਾਲ ਸੀ ਤੇ ਦੇਸ਼ਾਂ ਦਰਮਿਆਨ ਲਗਾਤਾਰ ਯੁੱਧ ਚੱਲ ਰਹੇ ਸਨ। ਜੰਗ ਖਤਮ ਹੋਣ ਤੋਂ ਬਾਅਦ ਇਨਸਾਨੀ ਗਿਰਝ੍ਹਾਂ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਂਦੀਆਂ ਤੇ ਜ਼ਖਮੀ ਫੌਜੀਆਂ ਦੀ ਸਾਂਭ ਸੰਭਾਲ ਅਤੇ ਮ੍ਰਿਤਕਾਂ ਨੂੰ ਦਫਨਾਉਣ ਵਿੱਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦਾ ਸਮਾਨ ਚੋਰੀ ਕਰ ਲੈਂਦੀਆਂ ਸਨ। ਫਰਾਂਸ ਦੇ ਬਾਦਸ਼ਾਹ ਲੂਈ ਚੌਧਵੇਂ (ਸ਼ਾਸ਼ਨ 1643 ਤੋਂ 1715 ਈਸਵੀ) ਸਮੇਂ ਇਹ ਵਰਤਾਰਾ ਐਨਾ ਵਧ ਗਿਆ ਸੀ ਕਿ ਇਸ ਦੀ ਰੋਕਥਾਮ ਲਈ ਫਰਾਂਸ ਦੀ ਫੌਜ ਨੇ ਅਜਿਹੇ ਹਜ਼ਾਰਾਂ ਗਿਰਝ੍ਹਾਂ ਨੂੰ ਸੂਲੀ ‘ਤੇ ਲਟਕਾ ਦਿੱਤਾ ਸੀ। ਆਧੁਨਿਕ ਗਿਰਝ੍ਹਾਂ ਨਾਲ ਵੀ ਕਾਨੂੰਨ ਅਨੁਸਾਰ ਸਖਤੀ ਨਾਲ ਨਿਪਟਿਆ ਜਾਣਾ ਚਾਹੀਦਾ ਹੈ।