ਟਰੰਪ ਦੀ ਅੱਖਾਂ ਵਿੱਚ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਨਿਕੋਲਸ ਕਿਉਂ ਰੜਕਦਾ ਰਿਹਾ ?

ਨਿਕੋਲਸ ਮਾਦੁਰੋ ਦਾ ਬੱਸ ਡਰਾਈਵਰ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੱਕ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜਨ ਦੇ ਲਈ ਅਮਰੀਕਨ ਕਾਰਵਾਈ ਦੌਰਾਨ ਨਿਕੋਲਸ ਮਾਦੁਰੋ ਦੀ ਰੱਖਿਆ ਕਰ ਰਹੇ ਕਿਊਬਾ ਦੇ ਕਈ ਨਾਗਰਿਕ ਮਾਰੇ ਗਏ ਹਨ ਅਤੇ ਮਰਨ ਵਾਲੇ ਲੋਕਾਂ ਦੀ ਸਹੀ ਗਿਣਤੀ ਹਾਲੇ ਪਤਾ ਨਹੀਂ ਹੈ। ਕਾਰਵਾਈ ਵਿੱਚ ਕੋਈ ਵੀ ਅਮਰੀਕਨ ਸੈਨਿਕ ਨਹੀਂ ਮਾਰਿਆ ਗਿਆ ਹਾਲਾਂਕਿ ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕਾ ਲਿਆਂਦਾ ਗਿਆ ਹੈ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਲੈ ਕੇ ਜਾਣ ਵਾਲਾ ਜਹਾਜ਼ ਨਿਊਯਾਰਕ ਦੇ ਸਟੂਅਰਟ ਏਅਰ ਨੈਸ਼ਨਲ ਗਾਰਡ ਬੇਸ ‘ਤੇ ਉਤਰਿਆ। ਹਾਲਾਂਕਿ, ਸਿਰਫ਼ ਮਾਦੁਰੋ ਨੂੰ ਹੀ ਜਹਾਜ਼ ਵਿੱਚੋਂ ਉਤਰਦੇ ਦੇਖਿਆ ਗਿਆ। ਮਾਦੁਰੋ ਨੂੰ ਜਲਦੀ ਹੀ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜਿਥੇ ਉਸ ਉਪਰ ਮੁਕੱਦਮਾ ਚੱਲੇਗਾ। ਉਸਨੂੰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਗੰਭੀਰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਵੈਨੇਜ਼ੁਏਲਾ ਵਿੱਚ ਸਥਿਤੀ ਸੁਧਰਨ ਤੱਕ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਰੱਖਿਆ ਸਕੱਤਰ ਪੀਟ ਹੇਗਸੇਥ, ਹੋਰ ਉੱਚ ਅਧਿਕਾਰੀ ਵੈਨੇਜ਼ੁਏਲਾ ਦੇ ਉਪ-ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨਾਲ ਮਿਲ ਕੇ ਵੈਨੇਜ਼ੁਏਲਾ ਦੇਸ਼ ਨੂੰ ਚਲਾਉਣਗੇ।

ਇਸ ਹਮਲੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਨੂੰ ਦੱਸਿਆ ਕਿ, “ਅਮਰੀਕਾ ਨੇ ਵੈਨੇਜ਼ੁਏਲਾ ਦੀ ਮਾਦੁਰੋ ਸਰਕਾਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਇਆ ਸੀ। ਟਰੰਪ ਪ੍ਰਸ਼ਾਸਨ ਮਹੀਨਿਆਂ ਤੋਂ ਦਬਾਅ ਪਾ ਰਿਹਾ ਸੀ। ਅਮਰੀਕਾ ਦੀ ਡੈਲਟਾ ਫੋਰਸ ਨੇ ਅਖੀਰ 3 ਜਨਵਰੀ ਨੂੰ ਅਮਰੀਕਾ ਵਲੋਂ ਕੀਤੀ ਗਈ ਕਾਰਵਾਈ ਰਾਹੀਂ ਮਾਦਰੋ ਨੂੰ ਗ੍ਰਿਫਤਾਰ ਕਰ ਲਿਆ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਕਰਾਕਸ ਦੇ ਮਹਿਲ ਵਿੱਚ ਸੀ ਜੋ ਕਿ ਇੱਕ ਕਿਲ੍ਹੇ ਵਾਂਗ ਸੁਰੱਖਿਅਤ ਹੈ। ਉਸਦਾ ਪੂਰੀ ਤਰ੍ਹਾਂ ਸਟੀਲ ਦੀਆਂ ਕੰਧਾਂ ਵਾਲਾ ਇੱਕ ਵਿਸ਼ੇਸ਼ ਸੁਰੱਖਿਅਤ ਕਮਰਾ ਸੀ। ਮਾਦੁਰੋ ਉਸ ਕਮਰੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਅਮਰੀਕੀ ਸੈਨਿਕ ਇੰਨੀ ਜਲਦੀ ਅੰਦਰ ਦਾਖਲ ਹੋ ਗਏ ਕਿ ਉਹ ਦਰਵਾਜ਼ਾ ਬੰਦ ਨਹੀਂ ਕਰ ਸਕਿਆ। ਇਸ ਹਮਲੇ ਦੀ ਕਈ ਮਹੀਨਿਆਂ ਤੱਕ ਰਿਹਰਸਲ ਕੀਤੀ ਗਈ ਸੀ। ਅਮਰੀਕੀ ਫੌਜ ਨੂੰ ਇਹ ਵੀ ਪਤਾ ਸੀ ਕਿ ਮਾਦੁਰੋ ਕੀ ਖਾਂਦਾ ਹੈ, ਉਹ ਕਿੱਥੇ ਰਹਿੰਦਾ ਹੈ, ਉਸਦੇ ਪਾਲਤੂ ਜਾਨਵਰ ਕਿਹੜੇ ਹਨ ਅਤੇ ਉਹ ਕਿਵੇਂ ਕੱਪੜੇ ਪਾਉਂਦਾ ਹੈ। ਅਮਰੀਕਾ ਨੇ ਹਮਲੇ ਦੀ ਰਿਹਰਸਲ ਕਰਨ ਦੇ ਲਈ ਮਾਦੁਰੋ ਦੇ ਘਰ ਵਰਗੀ ਇੱਕ ਨਕਲੀ ਇਮਾਰਤ ਵੀ ਬਣਾਈ। ਇਹ ਹਮਲਾ ਪੂਰੀ ਤਰ੍ਹਾਂ ਹਨੇਰੇ ਵਿੱਚ ਕੀਤਾ ਗਿਆ ਅਤੇ ਕਰਾਕਸ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਪੂਰਾ ਆਪ੍ਰੇਸ਼ਨ 30 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਖਤਮ ਹੋ ਗਿਆ। ਇਸ ਆਪ੍ਰੇਸ਼ਨ ਨੂੰ ਚਾਰ ਦਿਨਾਂ ਲਈ ਮੁਲਤਵੀ ਕਰਨਾ ਪਿਆ। ਜਿਵੇਂ ਹੀ ਬੱਦਲ ਸਾਫ਼ ਹੋਏ ਅਤੇ ਹਾਲਾਤ ਸੁਧਰੇ, ਆਪ੍ਰੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ।”

ਨਿਕੋਲਸ ਮਾਦੁਰੋ ਦਾ ਬੱਸ ਡਰਾਈਵਰ ਤੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੱਕ ਦਾ ਸਫ਼ਰ ਬਹੁਤ ਹੀ ਦਿਲਚਸਪ ਹੈ। ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਜਨਮ 23 ਨਵੰਬਰ 1962 ਨੂੰ ਇੱਕ ਮਜ਼ਦੂਰ-ਸ਼੍ਰੇਣੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਟਰੇਡ ਯੂਨੀਅਨ ਨੇਤਾ ਸਨ। ਮਾਦੁਰੋ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਬੱਸ ਡਰਾਈਵਰ ਵਜੋਂ ਕੰਮ ਕਰਦਾ ਸੀ। ਉਸੇ ਸਮੇਂ ਦੇ ਫੌਜੀ ਅਧਿਕਾਰੀ ਹਿਊਗੋ ਚਾਵੇਜ਼ ਨੇ 1992 ਵਿੱਚ ਇੱਕ ਅਸਫਲ ਤਖਤਾਪਲਟ ਦੀ ਕੋਸ਼ਿਸ਼ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਮਾਦੁਰੋ ਨੇ ਚਾਵੇਜ਼ ਦੀ ਰਿਹਾਈ ਲਈ ਮੁਹਿੰਮ ਚਲਾਈ ਅਤੇ ਉਸਦੇ ਖੱਬੇਪੱਖੀ ਰਾਜਨੀਤਿਕ ਅੰਦੋਲਨ ਦਾ ਇੱਕ ਮਜ਼ਬੂਤ ਸਮਰਥਕ ਬਣ ਗਿਆ। 1998 ਵਿੱਚ ਹਿਊਗੋ ਚਾਵੇਜ਼ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਮਾਦੁਰੋ ਸਰਗਰਮ ਰਾਜਨੀਤੀ ਵਿੱਚ ਦਾਖਲ ਹੋਇਆ। ਉਹ ਸੰਸਦ ਮੈਂਬਰ, ਫਿਰ ਰਾਸ਼ਟਰੀ ਅਸੈਂਬਲੀ ਦੇ ਪ੍ਰਧਾਨ ਅਤੇ ਬਾਅਦ ਵਿੱਚ ਵਿਦੇਸ਼ ਮੰਤਰੀ ਬਣੇ। ਵਿਦੇਸ਼ ਮੰਤਰੀ ਵਜੋਂ ਉਸਨੇ ਵੈਨੇਜ਼ੁਏਲਾ ਦੇ ਤੇਲ ਸਰੋਤਾਂ ਰਾਹੀਂ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕੀਤਾ। ਆਪਣੀ ਮੌਤ ਤੋਂ ਪਹਿਲਾਂ ਚਾਵੇਜ਼ ਨੇ ਮਾਦੁਰੋ ਨੂੰ ਆਪਣਾ ਰਾਜਨੀਤਿਕ ਉੱਤਰਾਧਿਕਾਰੀ ਐਲਾਨਿਆ। ਚਾਵੇਜ਼ ਦੀ ਮੌਤ ਤੋਂ ਬਾਅਦ ਮਾਦੁਰੋ ਨੂੰ 2013 ਵਿੱਚ ਇੱਕ ਛੋਟੇ ਫਰਕ ਨਾਲ ਰਾਸ਼ਟਰਪਤੀ ਚੁਣਿਆ ਗਿਆ। ਨਿਕੋਲਸ ਮਾਦੁਰੋ ਦੇ ਕਾਰਜਕਾਲ ਦੌਰਾਨ ਦੇਸ਼ ਡੂੰਘੇ ਆਰਥਿਕ ਸੰਕਟ, ਮਹਿੰਗਾਈ, ਜ਼ਰੂਰੀ ਵਸਤਾਂ ਦੀ ਘਾਟ ਅਤੇ ਵਿਆਪਕ ਪ੍ਰਵਾਸ ਨਾਲ ਜੂਝ ਰਿਹਾ ਸੀ। 2020 ਵਿੱਚ ਅਮਰੀਕਾ ਨੇ ਮਾਦੁਰੋ ਵਿਰੁੱਧ ਭ੍ਰਿਸ਼ਟਾਚਾਰ ਸਮੇਤ ਕਈ ਦੋਸ਼ਾਂ ‘ਤੇ ਮੁਕੱਦਮਾ ਦਾਇਰ ਕੀਤਾ ਜਿਸ ਨੂੰ ਮਾਦੁਰੋ ਲਗਾਤਾਰ ਨਕਾਰਦਾ ਰਿਹਾ ਹੈ। 2024 ਦੀਆਂ ਚੋਣਾਂ ਤੋਂ ਬਾਅਦ ਉਸਨੂੰ ਜਨਵਰੀ 2025 ਵਿੱਚ ਤੀਜੇ ਕਾਰਜਕਾਲ ਲਈ ਸਹੁੰ ਚੁਕਾਈ ਗਈ ਪਰ ਵਿਰੋਧੀ ਧਿਰ ਅਤੇ ਅੰਤਰਰਾਸ਼ਟਰੀ ਨਿਰੀਖਕਾਂ ਨੇ ਚੋਣ ਨੂੰ ਧੋਖਾਧੜੀ ਵਾਲਾ ਐਲਾਨ ਦਿੱਤਾ। ਬਾਅਦ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦੀ ਇੱਕ ਜਾਂਚ ਰਿਪੋਰਟ ਵਿੱਚ ਵੈਨੇਜ਼ੁਏਲਾ ਸੁਰੱਖਿਆ ਬਲਾਂ ‘ਤੇ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਵੀ ਲਗਾਇਆ ਗਿਆ। ਇਸ ਸਾਲ ਵੈਨੇਜ਼ੁਏਲਾ ਸਰਕਾਰ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਹੋਰ ਅੰਤਰਰਾਸ਼ਟਰੀ ਧਿਆਨ ਮਿਲਿਆ ਜਦੋਂ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਚਾਡੋ ਨੂੰ 2025 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ। ਇਸਨੂੰ ਤਾਨਾਸ਼ਾਹੀ ਸ਼ਾਸਨ ਵਿਰੁੱਧ ਸੰਘਰਸ਼ ਲਈ ਵਿਸ਼ਵਵਿਆਪੀ ਸਮਰਥਨ ਅਤੇ ਮਾਦੁਰੋ ਸਰਕਾਰ ਦੀ ਸਖ਼ਤ ਕਾਰਵਾਈ ਦੀ ਸਖ਼ਤ ਨਿੰਦਾ ਦੇ ਸੰਕੇਤ ਵਜੋਂ ਦੇਖਿਆ ਗਿਆ।

ਅਮਰੀਕਾ ਕਈ ਸਾਲਾਂ ਤੋਂ ਮਾਦੁਰੋ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਰਚ 2020 ਵਿੱਚ ਉਨ੍ਹਾਂ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਨਾਰਕੋ-ਅੱਤਵਾਦ ਅਤੇ ਅੱਤਵਾਦੀ ਸੰਗਠਨਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਗਿਆ ਸੀ। ਡੋਨਾਲਡ ਟਰੰਪ ਪ੍ਰਸ਼ਾਸਨ ਨੇ ਮਾਦੁਰੋ ਨਾਲ ਸਬੰਧਤ ਜਾਣਕਾਰੀ ਲਈ ਇਨਾਮ ਵਧਾ ਕੇ 50 ਮਿਲੀਅਨ ਡਾਲਰ ਕਰ ਦਿੱਤਾ ਸੀ।

ਅਮਰੀਕੀ ਕਾਰਵਾਈ ਤੋਂ ਪਹਿਲਾਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੇ 31 ਦਸੰਬਰ 2025 ਨੂੰ ਆਪਣੇ ਆਖਰੀ ਇੰਟਰਵਿਊ ਵਿੱਚ ਅਮਰੀਕਨ ਨੀਤੀ ‘ਤੇ ਸਵਾਲ ਉਠਾਏ ਸਨ। ਉਸਨੇ ਕਿਹਾ ਕਿ ਫੌਜੀ ਦਖਲਅੰਦਾਜ਼ੀ ਲਈ ਅਮਰੀਕੀ ਪ੍ਰਸ਼ਾਸਨ ਦੀਆਂ ਤਿਆਰੀਆਂ ਸੰਯੁਕਤ ਰਾਸ਼ਟਰ ਚਾਰਟਰ ਦੀ ਸਪੱਸ਼ਟ ਉਲੰਘਣਾ ਹਨ। ਮਾਦੁਰੋ ਨੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੈਨੇਜ਼ੁਏਲਾ ਦੇ ਲੋਕ ਸ਼ਾਂਤੀ-ਪ੍ਰੇਮੀ ਹਨ ਅਤੇ ਸਰਕਾਰ ਦੋਸਤਾਨਾ ਹੈ। ਉਸਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਉਸਦਾ ਨਾਅਰਾ ਹੈ – ‘ਕੋਈ ਜੰਗ ਨਹੀਂ, ਹਾਂ ਸ਼ਾਂਤੀ’।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਾਬੂ ਕਰਨ ਦੇ ਲਈ ਡੈਲਟਾ ਫੋਰਸ ਦੀ ਵਰਤੋਂ ਕੀਤੀ ਜੋ ਦੁਨੀਆਂ ਦੀ ਸਭ ਤੋਂ ਘਾਤਕ ਵਿਸ਼ੇਸ਼ ਬਲਾਂ ਦੀ ਇਕਾਈ ਹੈ। ਇਹ ਡੈਲਟਾ ਫੋਰਸ ਦਾ ਹੁਣ ਤੱਕ ਦਾ ਸਭ ਤੋਂ ਦਲੇਰ ਅਤੇ ਇਤਿਹਾਸਕ ਆਪ੍ਰੇਸ਼ਨ ਹੈ, ਜਿਸ ਵਿੱਚ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਸਿੱਧੇ ਤੌਰ ‘ਤੇ ਫੜਿਆ ਗਿਆ ਹੈ। ਇਹ 24-48 ਘੰਟਿਆਂ ਦੇ ਅੰਦਰ ਦੁਨੀਆਂ ਦੇ ਕਿਸੇ ਵੀ ਕੋਨੇ ਤੱਕ ਪਹੁੰਚ ਸਕਦੀ ਹੈ।

ਡੈਲਟਾ ਫੋਰਸ ਦੇ ਬਹੁਤ ਸਾਰੇ ਮਿਸ਼ਨ ਗੁਪਤ ਹਨ ਪਰ ਪਿਛਲੇ ਕੁੱਝ ਓਪਰੇਸ਼ਨ ਮਸ਼ਹੂਰ ਹਨ:

  • 2019: ਆਈਐਸਆਈਐਸ ਦੇ ਨੇਤਾ ਅਬੂ ਬਕਰ ਅਲ-ਬਗਦਾਦੀ ਨੂੰ ਇਰਾਕ ਵਿੱਚ ਘੇਰ ਕੇ ਮਾਰ (ਬਗਦਾਦੀ ਨੇ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ) ਦਿੱਤਾ ਗਿਆ।
  • 2003: ਸੱਦਾਮ ਹੁਸੈਨ ਦੇ ਪੁੱਤਰ ਇਰਾਕ ਵਿੱਚ ਮਾਰ ਦਿੱਤੇ ਗਏ।
  • 1993: ਸੋਮਾਲੀਆ ਵਿੱਚ ਮੋਗਾਦਿਸ਼ੂ ਦੀ ਲੜਾਈ (ਫਿਲਮ ਬਲੈਕ ਹਾਕ ਡਾਊਨ ਇਸ ‘ਤੇ ਅਧਾਰਤ ਸੀ)।
  • 1989: ਜਨਰਲ ਮੈਨੂਅਲ ਨੋਰੀਗਾ ਨੂੰ ਪਨਾਮਾ ਵਿੱਚ ਫੜ ਲਿਆ ਗਿਆ।
  • ਹੋਰ: ਅਫਗਾਨਿਸਤਾਨ ਅਤੇ ਸੀਰੀਆ ਵਿੱਚ ਕਈ ਅੱਤਵਾਦੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਦੁਨੀਆਂ ਦੇ ਕਈ ਥਿੰਕ ਟੈਂਕਰਾਂ ਦਾ ਮੰਨਣਾ ਹੈ ਕਿ ਅਮਰੀਕਾ ਨੇ ਵੈਨੇਜ਼ੁਏਲਾ ਦੇ ਕੁਦਰਤੀ ਸਰੋਤਾਂ ‘ਤੇ ਲੰਬੇ ਸਮੇਂ ਤੋਂ ਨਜ਼ਰ ਰੱਖੀ ਹੋਈ ਸੀ ਅਤੇ ਵੈਨੇਜ਼ੁਏਲਾ ਦੇ ਵਿਸ਼ਾਲ ਤੇਲ ਭੰਡਾਰ ਇਸਨੂੰ ਵਿਸ਼ਵ ਰਾਜਨੀਤੀ ਦਾ ਕੇਂਦਰ ਬਣਾਉਂਦੇ ਹਨ। ਅਸਲੀਅਤ ਇਹ ਹੈ ਕਿ ਸਭ ਤੋਂ ਵੱਡੇ ਤੇਲ ਭੰਡਾਰ ਕਿਸੇ ਅਰਬ ਦੇਸ਼ ਵਿੱਚ ਨਹੀਂ ਸਗੋਂ ਦੱਖਣੀ ਅਮਰੀਕਾ ਦੇ ਵੈਨੇਜ਼ੁਏਲਾ ਵਿੱਚ ਸਥਿਤ ਹਨ। ਵੈਨੇਜ਼ੁਏਲਾ ਕੋਲ ਲਗਭਗ 303 ਬਿਲੀਅਨ ਬੈਰਲ ਕੱਚੇ ਤੇਲ ਦੇ ਸਾਬਤ ਭੰਡਾਰ ਹਨ। ਇਹ ਦੁਨੀਆਂ ਦੇ ਕੁੱਲ ਤੇਲ ਭੰਡਾਰਾਂ ਦਾ ਲਗਭਗ ਪੰਜਵਾਂ ਹਿੱਸਾ ਦਰਸਾਉਂਦਾ ਹੈ। ਇਸਦਾ ਮਤਲਬ ਹੈ ਕਿ ਵੈਨੇਜ਼ੁਏਲਾ ਕੋਲ ਧਰਤੀ ‘ਤੇ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਸਾਬਤ ਤੇਲ ਭੰਡਾਰ ਹੈ। ਇਸ ਦੇ ਮੁਕਾਬਲੇ ਇਰਾਕ ਅਤੇ ਸਾਊਦੀ ਅਰਬ ਵਰਗੇ ਦੇਸ਼ਾਂ ਕੋਲ ਬਹੁਤ ਘੱਟ ਭੰਡਾਰ ਹਨ। ਤੇਲ ਸਿਰਫ਼ ਊਰਜਾ ਹੀ ਨਹੀਂ ਹੈ ਸਗੋਂ ਸ਼ਕਤੀ ਅਤੇ ਰਣਨੀਤੀ ਦਾ ਇੱਕ ਹਥਿਆਰ ਵੀ ਹੈ ਅਤੇ ਇਸੇ ਕਰਕੇ ਵੈਨੇਜ਼ੁਏਲਾ ਨੂੰ ਵਾਰ-ਵਾਰ ਅਮਰੀਕਾ ਅਤੇ ਹੋਰ ਵੱਡੀਆਂ ਸ਼ਕਤੀਆਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਵਿਸ਼ਲੇਸ਼ਕਾਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਵੈਨੇਜ਼ੁਏਲਾ ਵਿੱਚ ਇੱਕ ਪੱਛਮ-ਪੱਖੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਸਦਾ ਤੇਲ ਨਾ ਸਿਰਫ਼ ਬਾਜ਼ਾਰ ਨੂੰ ਰਾਹਤ ਪ੍ਰਦਾਨ ਕਰ ਸਕਦਾ ਹੈ ਸਗੋਂ ਇਸ ਖੇਤਰ ਦੇ ਰਾਜਨੀਤਿਕ ਸੰਤੁਲਨ ਨੂੰ ਵੀ ਬਦਲ ਸਕਦਾ ਹੈ। ਅਮਰੀਕਾ ਦੇ ਹਮਲੇ ਤੋਂ ਬਾਅਦ ਦੁਨੀਆਂ ਇੱਕ ਵਾਰ ਫਿਰ ਇੱਕ ਨਵੀਂ ਜੰਗ ਦੇ ਕੰਢੇ ‘ਤੇ ਦਿਖਾਈ ਦਿੰਦੀ ਹੈ। ਰੂਸ-ਯੂਕਰੇਨ ਅਤੇ ਇਜ਼ਰਾਈਲ ਯੁੱਧਾਂ ਤੋਂ ਬਾਅਦ ਲੋਕਾਂ ਨੂੰ ਡਰ ਹੈ ਕਿ ਦੁਨੀਆਂ ਦੇ ਇਸ ਹਿੱਸੇ ਵਿੱਚ ਵੀ ਅਸ਼ਾਂਤੀ ਅਤੇ ਟਕਰਾਅ ਵਧ ਸਕਦਾ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !