ਆਸਟ੍ਰੇਲੀਆ ਦੇ ਮਸ਼ਹੂਰ ਕ੍ਰਿਕਟ ਖਿਡਾਰੀ ਉਸਮਾਨ ਖ਼ਵਾਜਾ 88 ਟੈਸਟ ਮੈਚ ਖੇਡਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ ਅਤੇ ਆਖ਼ਰੀ ਮੈਚ ਵਿੱਚ ਉਸਦੇ ਕੋਲ ਆਪਣੇ 16 ਟੈਸਟ ਸੈਂਚਰੀਆਂ ਵਿੱਚ ਹੋਰ ਸੈਂਚਰੀਆਂ ਜੋੜਨ ਦਾ ਮੌਕਾ ਮਿਲੇਗਾ। ਉਸਦਾ ਆਖ਼ਰੀ ਟੈਸਟ ਉਸਦੇ ਪਹਿਲੇ ਟੈਸਟ ਵਾਂਗ ਹੀ ਹੋਵੇਗਾ ਕਿਉਂਕਿ ਉਸਨੇ ਆਪਣਾ ਪਹਿਲਾ ਟੈਸਟ ਵੀ ਇੰਗਲੈਂਡ ਦੇ ਖ਼ਿਲਾਫ਼ ਸਿਡਨੀ ਵਿੱਚ ਹੀ 2010/11 ਦੀ ਐਸ਼ਜ਼ ਸੀਰੀਜ਼ ਦੌਰਾਨ ਖੇਡਿਆ ਸੀ। ਸਿਡਨੀ ਕ੍ਰਿਕਟ ਗ੍ਰਾਊਂਡ ਵਿੱਚ ਐਸ਼ਜ਼ ਸੀਰੀਜ਼ ਦਾ ਪੰਜਵਾਂ ਅਤੇ ਆਖ਼ਰੀ ਟੈਸਟ ਮੈਚ ਉਸਦਾ ਆਖ਼ਰੀ ਟੈਸਟ ਹੋਵੇਗਾ।
ਉਸਮਾਨ ਤਾਰਿਕ ਖਵਾਜ਼ਾ ਆਸਟ੍ਰੇਲੀਆ ਦਾ ਪਹਿਲਾ ਮੁਸਲਮਾਨ ਮਸ਼ਹੂਰ ਕ੍ਰਿਕਟਰ ਹੈ। ਉਸਦਾ ਜਨਮ 18 ਦਸੰਬਰ 1986 ਨੂੰ ਪਿਤਾ ਤਾਰਿਕ ਖਵਾਜ਼ਾ ਅਤੇ ਮਾਤਾ ਫੌਜੀਆ ਤਾਰਿਕ ਦੇ ਘਰ ਪਾਕਿਸਤਾਨ ਦੇ ਇਸਲਾਮਾਬਾਦ ਦੇ ਵਿੱਚ ਹੋਇਆ ਸੀ। ਬਚਪਨ ਵਿੱਚ ਜਦੋਂ ਉਹ ਸਿਰਫ਼ 4 ਸਾਲ ਦਾ ਸੀ ਤਾਂ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਿਆ ਅਤੇ ਇੱਥੇ ਹੀ ਉਸਦਾ ਪਾਲਣ-ਪੋਸ਼ਣ ਹੋਇਆ। ਉਸਮਾਨ ਖਵਾਜ਼ਾ ਕੋਲ ਆਸਟ੍ਰੇਲੀਆ ਅਤੇ ਪਾਕਿਸਤਾਨ ਦੋਨੋਂ ਦੀ ਨਾਗਰਿਕਤਾ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਸਿਡਨੀ ਦੇ ਵੈਸਟਫ਼ੀਲਡਜ਼ ਸਪੋਰਟਸ ਹਾਈ ਸਕੂਲ ਤੋਂ ਕੀਤੀ। ਉਸਨੇ ਪੜ੍ਹਾਈ ਦੇ ਨਾਲ-ਨਾਲ ਕ੍ਰਿਕਟ ‘ਤੇ ਵੀ ਧਿਆਨ ਦਿੱਤਾ ਤੇ ਉਹ ਸਕੂਲ ਅਤੇ ਕ੍ਰਿਕਟ ਕਲੱਬ ਵਿੱਚ ਚੰਗਾ ਖੇਡਦਾ ਸੀ। ਬਾਅਦ ਵਿੱਚ ਉਸਨੇ ਕੁਇੰਜ਼ਲੈਂਡ ਲਈ ਘਰੇਲੂ ਕ੍ਰਿਕਟ ਖੇਡਿਆ ਜਿੱਥੇ ਉਸਦੀ ਬੱਲੇਬਾਜ਼ੀ ਨੇ ਸਭ ਦਾ ਧਿਆਨ ਖਿੱਚਿਆ। ਖਵਾਜ਼ਾ ਨੇ 2011 ਵਿੱਚ ਆਸਟ੍ਰੇਲੀਆ ਲਈ ਟੈਸਟ ਕ੍ਰਿਕਟ ਦੀ ਸ਼ੁਰੂਆਤ ਕੀਤੀ। ਉਹ ਆਸਟ੍ਰੇਲੀਆ ਲਈ ਟੈਸਟ ਖੇਡਣ ਵਾਲਾ ਪਹਿਲਾ ਮੁਸਲਮਾਨ ਕ੍ਰਿਕਟਰ ਬਣਿਆ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਅਕਸਰ ਓਪਨਰ ਵਜੋਂ ਖੇਡਦਾ ਹੈ। ਉਸਨੇ ਆਸਟ੍ਰੇਲੀਆ ਲਈ ਟੈਸਟ, ਵਨਡੇ ਅਤੇ ਟੀ20 ਤਿੰਨੇ ਫਾਰਮੈਟ ਖੇਡੇ ਹੋਏ ਹਨ। ਟੈਸਟ ਕ੍ਰਿਕਟ ਵਿੱਚ ਉਸਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ ਹੈ। ਉਸਨੇ ਭਾਰਤ, ਇੰਗਲੈਂਡ, ਸ੍ਰੀਲੰਕਾ, ਪਾਕਿਸਤਾਨ ਅਤੇ ਯੂਏਈ ਆਦਿ ਕਈ ਦੇਸ਼ਾਂ ਵਿੱਚ ਸੈਂਕੜੇ ਬਣਾਏ ਹਨ।
ਉਸਮਾਨ ਖ਼ਵਾਜਾ ਸਿਰਫ਼ ਕ੍ਰਿਕਟਰ ਹੀ ਨਹੀਂ ਬਲਕਿ ਇੱਕ ਪਾਇਲਟ ਵੀ ਹੈ। ਉਹ ਕਮਰਸ਼ੀਅਲ ਜਹਾਜ਼ ਉਡਾਉਣ ਦੇ ਯੋਗ ਹੈ ਅਤੇ ਉਸਨੇ ਜਹਾਜ਼ ਉਡਾਉਣ ਦੀ ਖ਼ਾਸ ਟ੍ਰੇਨਿੰਗ ਵੀ ਲਈ ਹੋਈ ਹੈ। ਉਸਨੇ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਤੋਂ ਜਹਾਜ਼ ਉਡਾਉਣ ਦੀ ਪੜ੍ਹਾਈ ਕੀਤੀ ਅਤੇ ਏਵੀਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਉਸਨੇ ਜਹਾਜ਼ ਦੇ ਪਾਇਲਟ ਦਾ ਲਾਇਸੈਂਸ, ਕਾਰ ਚਲਾਉਣ ਦੇ ਲਾਇਸੈਂਸ ਤੋਂ ਵੀ ਪਹਿਲਾਂ ਲੈ ਲਿਆ ਸੀ।
ਉਸਮਾਨ ਖਵਾਜ਼ਾ ਨੇ 14 ਦਸੰਬਰ 2016 ਨੂੰ ਆਪਣੀ ਦੋਸਤ ਰੇਚਲ ਦੇ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਵਿਆਹ ਤੋਂ ਪਹਿਲਾਂ ਰੇਚਲ ਦਾ ਪਹਿਲਾ ਨਾਮ ਰੇਚਲ ਮੈਕਲੇਲਨ ਸੀ ਅਤੇ ਉਸ ਨੇ ਇਸਲਾਮ ਧਰਮ ਕਬੂਲ ਕਰਕੇ 6 ਅਪ੍ਰੈਲ 2018 ਨੂੰ ਵਿਆਹ ਕਰਕੇ ਰੇਚਲ ਖਵਾਜ਼ਾ ਬਣ ਗਈ। ਉਸਮਾਨ ਖਵਾਜ਼ਾ ਅਤੇ ਰੇਚਲ ਖਵਾਜ਼ਾ ਦੇ ਦੋ ਬੱਚੇ ਹਨ।
ਉਸਮਾਨ ਖ਼ਵਾਜਾਨੇ ਆਪਣੇ ਮਾਪਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਹੈ ਕਿ, “ਉਹਨਾਂ ਦੇ ਮਾਪੇ ਪਾਕਿਸਤਾਨ ਦੇ ਇਸਲਾਮਾਬਾਦ ਤੋਂ ਆਸਟ੍ਰੇਲੀਆ ਵਿੱਚ ਸਿਡਨੀ ਆਏ ਸਨ ਤਾਂ ਜੋ ਬੱਚਿਆਂ ਨੂੰ ਚੰਗੀ ਜ਼ਿੰਦਗੀ ਮਿਲ ਸਕੇ। ਮਾਂ ਨੇ ਹਮੇਸ਼ਾਂ ਮੈਨੂੰ ਹੌਸਲਾ ਦਿੱਤਾ ਅਤੇ ਪਿਤਾ ਜੀ ਨੇ ਹਮੇਸ਼ਾ ਮੈਨੂੰ ਯਕੀਨ ਦਿਵਾਇਆ ਕਿ ਮੈਂ ਇੱਕ ਦਿਨ ਆਸਟ੍ਰੇਲੀਆ ਦੇ ਲਈ ਕ੍ਰਿਕਟ ਖੇਡਾਂਗਾ। ਕੁੱਝ ਲੋਕ ਉਸਨੂੰ ਜਲਦੀ ਸੰਨਿਆਸ ਲੈਣ ਲਈ ਕਹਿ ਰਹੇ ਸਨ, ਪਰ ਕੋਚ ਐਂਡਰਿਉ ਮੈਕਡੌਨਲਡ ਨੇ ਉਸਨੂੰ ਟੀਮ ਨਾਲ ਬਣੇ ਰਹਿਣ ਲਈ ਕਿਹਾ। ਪਰਮਾਤਮਾ ਨੇ ਕ੍ਰਿਕਟ ਦੇ ਜ਼ਰੀਏ ਮੈਨੂੰ ਬਹੁਤ ਕੁੱਝ ਦਿੱਤਾ ਹੈ – ਯਾਦਾਂ, ਦੋਸਤੀਆਂ ਅਤੇ ਜ਼ਿੰਦਗੀ ਦੇ ਸਬਕ।”
ਉਸਮਾਨ ਖ਼ਵਾਜਾ ਆਸਟ੍ਰੇਲੀਅਨ ਟੀਮ ਦਾ 2022 ਤੋਂ ਬਾਅਦ ਦਾ ਪੱਕਾ ਓਪਨਰ ਬਣਿਆ ਹੋਇਆ ਹੈ। ਉਸਨੇ ਭਾਰਤ, ਇੰਗਲੈਂਡ, ਸ੍ਰੀਲੰਕਾ, ਯੂਏਈ ਅਤੇ ਪਾਕਿਸਤਾਨ ਵਿੱਚ ਵੀ ਸੈਂਕੜੇ ਬਣਾਏ ਹਨ। ਟੈਸਟ ਕ੍ਰਿਕਟ ਵਿੱਚ ਉਸਦਾ ਕੁੱਲ ਔਸਤ 43.39 ਹੈ ਅਤੇ ਓਪਨਰ ਵਜੋਂ ਉਸਦਾ ਔਸਤ 48.05 ਹੈ, ਜੋ ਬਹੁਤ ਵਧੀਆ ਮੰਨਿਆ ਜਾਂਦਾ ਹੈ। ਉਹ ਮੈਥਿਊ ਹੈਡਨ, ਜਸਟਿਨ ਲੈਂਗਰ ਅਤੇ ਡੇਵਿਡ ਵਾਰਨਰ ਵਰਗੇ ਵੱਡੇ ਖਿਡਾਰੀਆਂ ਦੇ ਬਰਾਬਰ ਮੰਨਿਆ ਜਾਂਦਾ ਹੈ। ਖਵਾਜ਼ਾ ਆਪਣੀ ਸ਼ਾਂਤ ਸੋਚ, ਧੀਰਜ ਵਾਲੀ ਬੱਲੇਬਾਜ਼ੀ ਅਤੇ ਅਨੁਸ਼ਾਸਨ ਲਈ ਜਾਣਿਆ ਜਾਂਦਾ ਹੈ। ਉਹ ਮਿਹਨਤ ਅਤੇ ਸਬਰ ਨੂੰ ਬਹੁਤ ਮਹੱਤਵ ਦਿੰਦਾ ਹੈ। ਉਸਮਾਨ ਖਵਾਜ਼ਾ ਨੇ 88 ਟੈਸਟ ਮੈਚ ਖੇਡਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਨੌਜਵਾਨ ਖਿਡਾਰੀਆਂ ਲਈ ਇੱਕ ਪ੍ਰੇਰਣਾ ਹੈ, ਖਾਸ ਕਰਕੇ ਉਹਨਾਂ ਲਈ ਜੋ ਵਿਦੇਸ਼ ਜਾ ਕੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਹਨ।