ਬਾਲੀਵੁੱਡ ਸਿਤਾਰਿਆਂ ਵਲੋਂ ਨਵੇਂ ਸਾਲ 2026 ਦਾ ਸਵਾਗਤ !

ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੇ ਨਵੇਂ ਸਾਲ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਹੈ।

ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਸਾਲ 2025 ਦੇ ਖਤਮ ਹੋਣ ਦੇ ਕਿਨਾਰੇ ‘ਤੇ ਨਵਾਂ ਸਾਲ 2026 ਮਨਾਉਣ ਦੇ ਲਈ ਵਿਦੇਸ਼ਾਂ ਲਈ ਰਵਾਨਾ ਹੋ ਗਏ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਆਪਣੇ ਸਹੀ ਸਥਾਨਾਂ ਦਾ ਖੁਲਾਸਾ ਨਹੀਂ ਕੀਤਾ। ਸ਼ਿਲਪਾ ਸ਼ੈੱਟੀ, ਤ੍ਰਿਪਤੀ ਡਿਮਰੀ, ਰਿਤਿਕ ਰੋਸ਼ਨ ਅਤੇ ਕਰਿਸ਼ਮਾ ਕਪੂਰ ਵਰਗੇ ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਨਵੇਂ ਸਾਲ ਦੇ ਜਸ਼ਨਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਆਪਣੇ ਪ੍ਰੀਵਾਰਾਂ ਦੇ ਨਾਲ ਨਵਾਂ ਸਾਲ ਵਿਦੇਸ਼ਾਂ ਵਿੱਚ ਮਨਾਉਣ ਤੋਂ ਬਾਅਦ ਹੁਣ ਕਈ ਸਿਤਾਰੇ ਆਪਣੇ ਪ੍ਰੀਵਾਰਾਂ ਦੇ ਨਾਲ ਵਾਪਸ ਆ ਰਹੇ ਹਨ। ਬਾਲੀਵੁੱਡ ਸਿਤਾਰਿਆਂ ਦੀਆਂ ਹਵਾਈ ਅੱਡਿਆਂ ਤੋਂ ਉਨ੍ਹਾਂ ਦੀਆਂ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋ ਰਹੀਆਂ ਹਨ।

ਬਾਲੀਵੁੱਡ ਦੇ ਕਿੰਗ ਖਾਨ, ਸ਼ਾਹਰੁਖ ਖਾਨ ਵੀ ਆਪਣੇ ਪ੍ਰੀਵਾਰ ਨਾਲ ਨਵਾਂ ਸਾਲ ਮਨਾਉਣ ਤੋਂ ਬਾਅਦ ਘਰ ਵਾਪਸ ਆ ਗਏ ਹਨ। ਉਨ੍ਹਾਂ ਨੂੰ ਆਪਣੀ ਧੀ ਸੁਹਾਨਾ ਅਤੇ ਪਤਨੀ ਗੌਰੀ ਨਾਲ ਹਵਾਈ ਅੱਡੇ ‘ਤੇ ਦੇਖਿਆ ਗਿਆ। ਹਵਾਈ ਅੱਡੇ ਤੋਂ ਉਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਸ਼ਾਹਰੁਖ ਖਾਨ ਨੂੰ ਭਾਰੀ ਟ੍ਰੋਲ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖਾਨ ਦੀਆਂ ਆਪਣੀ ਪਤਨੀ ਗੌਰੀ ਅਤੇ ਧੀ ਸੁਹਾਨਾ ਨਾਲ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਉਹ ਪ੍ਰੀਵਾਰ ਸਮੇਤ ਦਿਖਾਈ ਦਿੰਦੇ ਹਨ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸਦੀ ਪ੍ਰਸ਼ੰਸਾ ਕੀਤੀ ਹੈ ਹਾਲਾਂਕਿ, ਕੁੱਝ ਲੋਕਾਂ ਨੇ ਸ਼ਾਹਰੁਖ ਖਾਨ ਨੂੰ ਭਾਰੀ ਟ੍ਰੋਲ ਕੀਤਾ ਹੈ। ਇਸ ਟ੍ਰੋਲੰਿਗ ਦੇ ਪਿੱਛੇ ਦਾ ਕਾਰਣ ਹਾਲ ਹੀ ਵਿੱਚ ਹੋਇਆ ਇੱਕ ਵਿਵਾਦ ਹੈ ਜਿਸ ਦੇ ਕਾਰਣ ਸ਼ਾਹਰੁਖ ਖਾਨ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਸ਼ਾਹਰੁਖ ਖਾਨ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਹਨ। ਹਾਲ ਹੀ ਵਿੱਚ ਇਸ ਆਈਪੀਐਲ ਟੀਮ ਵਿੱਚ ਇੱਕ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਸ਼ਾਮਲ ਕਰਨ ਬਾਰੇ ਖ਼ਬਰਾਂ ਸਾਹਮਣੇ ਆਈਆਂ। ਜਿਵੇਂ ਹੀ ਇਹ ਖ਼ਬਰ ਆਈ ਤਾਂ ਸ਼ਾਹਰੁਖ ਖਾਨ ਵਿਵਾਦਾਂ ਵਿੱਚ ਘਿਰ ਗਏ। ਹਾਲ ਹੀ ਵਿੱਚ ਬੰਗਲਾਦੇਸ਼ ਵਿੱਚ ਹਿੰਦੂ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਅਤੇ ਭਾਰਤ-ਬੰਗਲਾਦੇਸ਼ ਦੇ ਰਾਜਨੀਤਿਕ ਸਬੰਧ ਵੀ ਤਣਾਅਪੂਰਨ ਬਣੇ ਹੋਏ ਹਨ। ਇਨ੍ਹਾਂ ਘਟਨਾਵਾਂ ਦੇ ਵਿਚਕਾਰ ਸ਼ਾਹਰੁਖ ਦੀ ਆਈਪੀਐਲ ਟੀਮ ਵਿੱਚ ਇੱਕ ਬੰਗਲਾਦੇਸ਼ੀ ਕ੍ਰਿਕਟਰ ਨੂੰ ਸ਼ਾਮਲ ਕਰਨ ਕਰਕੇ ਕੁੱਝ ਰਾਜਨੀਤਿਕ ਪਾਰਟੀਆਂ ਨੇ ਵੀ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਜਗਦਗੁਰੂ ਸਵਾਮੀ ਰਾਮਭਦਰਚਾਰੀਆ ਅਤੇ ਦੇਵਕੀਨੰਦਨ ਠਾਕੁਰ ਵਰਗਿਆਂ ਨੇ ਵੀ ਸ਼ਾਹਰੁਖ ਖਾਨ ਦਾ ਵਿਰੋਧ ਕੀਤਾ ਅਤੇ ਉਸਦੇ ਬਾਰੇ ਵਿਵਾਦਪੂਰਨ ਬਿਆਨ ਦਿੱਤੇ। ਸ਼ਾਹਰੁਖ ਖਾਨ ਨੂੰ ਸੋਸ਼ਲ ਮੀਡੀਆ ‘ਤੇ ਵੀ ਟ੍ਰੋਲ ਕੀਤਾ ਗਿਆ। ਬਹੁਤ ਸਾਰੇ ਲੋਕ ਸ਼ਾਹਰੁਖ ਖਾਨ ਨੂੰ ਬੰਗਲਾਦੇਸ਼ੀ ਖਿਡਾਰੀਆਂ ਦਾ ਬਾਈਕਾਟ ਕਰਨ ਦੀ ਸਲਾਹ ਦਿੰਦੇ ਵੇਖੇ ਗਏ।

ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਣ ਲਈ ਜਾਣੇ ਜਾਂਦੇ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਨੇ ਨਵੇਂ ਸਾਲ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਹੈ। ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਨਿਊਯਾਰਕ ਵਿੱਚ ਨਵਾਂ ਸਾਲ ਮਨਾਇਆ। ਅਮਰੀਕਾ ਦੀ ਆਪਣੀ ਯਾਤਰਾ ਦੌਰਾਨ ਇਸ ਜੋੜੇ ਦੀ ਇੱਕ ਫੋਟੋ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਅਤੇ ਤੁਰੰਤ ਵਾਇਰਲ ਹੋ ਗਈ। ਇਹ ਜੋੜਾ ਜੋ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਨਿੱਜੀ ਰਿਹਾ ਹੈ, ਨੇ ਇੱਕ ਪ੍ਰਸ਼ੰਸਕ ਨਾਲ ਮੁਸਕਰਾਉਂਦੇ ਹੋਏ ਫੋਟੋ ਖਿਚਵਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ। ਇਸ ਫੋਟੋ ਦੇ ਵਿੱਚ ਐਸ਼ਵਰਿਆ ਨੇ ਫਰ ਜੈਕੇਟ ਅਤੇ ਕਾਲੀ ਟੋਪੀ ਪਾਈ ਹੋਈ ਹੈ ਜਦੋਂ ਕਿ ਅਭਿਸ਼ੇਕ ਨੇ ਸਟਾਈਲਿਸ਼ ਲਾਲ ਧੁੱਪ ਦੇ ਚਸ਼ਮੇ ਦੇ ਨਾਲ ਇੱਕ ਕਾਲਾ ਪਹਿਰਾਵਾ ਪਾਇਆ ਹੋਇਆ ਹੈ।

ਕਰੀਨਾ ਕਪੂਰ ਖਾਨ ਨੇ ਸੈਫ ਅਲੀ ਖਾਨ ਨਾਲ ਇੱਕ ਫੋਟੋ ਸਾਂਝੀ ਕਰਦਿਆਂ ਸਾਲ 2025 ਨੂੰ ਇੱਕ ਮੁਸ਼ਕਲ ਸਾਲ ਦੱਸਿਆ। ਕਰੀਨਾ ਕਪੂਰ ਨੇ ਸੈਫ ਅਲੀ ਖਾਨ ਨਾਲ ਆਪਣੀ ਇੱਕ ਫੋਟੋ ਸਾਂਝੀ ਕੀਤੀ। ਕੈਪਸ਼ਨ ਵਿੱਚ ਕਰੀਨਾ ਨੇ ਲਿਖਿਆ ਕਿ, “ਜਦੋਂ ਅਸੀਂ ਪਿੱਛੇ ਬੈਠਦੇ ਹਾਂ ਅਤੇ ਸੋਚਦੇ ਹਾਂ ਕਿ ਅਸੀਂ ਕਿੰਨੀ ਦੂਰ ਆ ਗਏ ਹਾਂ, ਭਾਵੇਂ ਅਸੀਂ ਸਾਲ ਦੇ ਆਖਰੀ ਦਿਨ ‘ਤੇ ਪਹੁੰਚ ਗਏ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨੀ ਦੂਰ ਆ ਗਏ ਹਾਂ। 2025 ਸਾਡੇ ਲਈ, ਸਾਡੇ ਬੱਚਿਆਂ ਅਤੇ ਸਾਡੇ ਪਰਿਵਾਰਾਂ ਲਈ ਇੱਕ ਮੁਸ਼ਕਲ ਸਾਲ ਸੀ ਪਰ ਅਸੀਂ ਇਸ ਵਿੱਚੋਂ ਸਿਰ ਉੱਚਾ ਕਰਕੇ, ਹੱਸਦੇ ਹੋਏ ਅਤੇ ਇੱਕ ਦੂਜੇ ਦੇ ਸਹਾਰੇ ਲੰਘ ਆਏ। ਅਸੀਂ ਬਹੁਤ ਰੋਏ, ਅਸੀਂ ਪ੍ਰਾਰਥਨਾ ਕੀਤੀ ਅਤੇ ਅੱਜ ਅਸੀਂ ਇੱਥੇ ਹਾਂ। 2025 ਨੇ ਸਾਨੂੰ ਸਿਖਾਇਆ ਕਿ ਮਨੁੱਖੀ ਜਜ਼ਬਾ ਨਿਡਰ ਹੁੰਦਾ ਹੈ, ਪਿਆਰ ਸਾਰੀਆਂ ਰੁਕਾਵਟਾਂ ਨੂੰ ਜਿੱਤ ਲੈਂਦਾ ਹੈ ਅਤੇ ਬੱਚੇ ਸਾਡੀ ਕਲਪਨਾ ਨਾਲੋਂ ਵੀ ਬਹੁਤ ਬਹਾਦਰ ਹੁੰਦੇ ਹਨ। ਅਸੀਂ ਆਪਣੇ ਪ੍ਰਸ਼ੰਸਕਾਂ, ਸਾਡੇ ਦੋਸਤਾਂ ਅਤੇ ਹਰ ਉਸ ਵਿਅਕਤੀ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਸਾਡੇ ਨਾਲ ਖੜ੍ਹੇ ਸਨ ਅਤੇ ਅੱਜ ਵੀ ਸਾਡਾ ਸਮਰਥਨ ਕਰ ਰਹੇ ਹਨ। ਸਭ ਤੋਂ ਵੱਧ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ। ਅਸੀਂ 2026 ਵਿੱਚ ਨਵੀਂ ਊਰਜਾ, ਸ਼ੁਕਰਗੁਜ਼ਾਰੀ, ਇੱਕ ਸਕਾਰਾਤਮਕ ਦ੍ਰਿਸ਼ਟੀਕੋਣ, ਅਤੇ ਆਪਣੇ ਕੰਮ ਜਾਣੀ ਕਿ ਫਿਲਮਾਂ ਦੇ ਲਈ ਕਦੇ ਖਤਮ ਨਾ ਹੋਣ ਵਾਲੇ ਜਨੂੰਨ ਨਾਲ ਕਦਮ ਰੱਖ ਰਹੇ ਹਾਂ।

ਆਪਣੀ ਲੋਕੇਸ਼ਨ ਦਾ ਖੁਲਾਸਾ ਕੀਤੇ ਬਿਨਾਂ ਕਰਿਸ਼ਮਾ ਕਪੂਰ ਨੇ ਇੱਕ ਫੋਟੋ ਸਾਂਝੀ ਕੀਤੀ ਅਤੇ ਇਸਦਾ ਕੈਪਸ਼ਨ ਦਿੱਤਾ, “ਪਿਆਰ, ਉਮੀਦ ਅਤੇ ਵਿਸ਼ਵਾਸ!”

ਸ਼ਿਲਪਾ ਸ਼ੈੱਟੀ ਨੇ ਸਾਲ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਆਪਣੇ ਸਾਲ ਦੇ ਪਲਾਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਜੋ ਪਹਿਲਾਂ ਕਦੀ ਨਹੀਂ ਦਿਖਾਈ ਦਿੱਤੀਆਂ। ਉਸਨੇ ਲਿਖਿਆ, “ਕੁੱਝ ਪਲ ਜੋ ਕਦੇ ਵੀ ਇੰਸਟਾਗ੍ਰਾਮ ‘ਤੇ ਨਹੀਂ ਆਏ। ਸਾਲ ਦਾ ਅੰਤ ਨਿੱਘ, ਖੁਸ਼ੀ ਅਤੇ ਉਸ ਸਭ ਕੁੱਝ ਲਈ ਸ਼ੁਕਰਗੁਜ਼ਾਰੀ ਨਾਲ ਕਰ ਰਹੀ ਹਾਂ ਜੋ ਮੈਨੂੰ ਮਿਲਿਆ,ਜੋ ਮੈਂ ਹਾਸਲ ਕੀਤਾ ਅਤ ਜੋ ਮੈਂ ਉਤਰਾਅ-ਚੜ੍ਹਾਅ ਵਿੱਚੋਂ ਸਿੱਖਿਆ ਹੈ। ਹਰ ਪਲ ਨੂੰ ਖਾਸ ਬਣਾਉਣ ਅਤੇ ਜ਼ਿੰਦਗੀ ਦੇ ਅਗਲੇ ਅਧਿਆਇ ਵਿੱਚ ਕਦਮ ਰੱਖਣ ਲਈ। ਵੱਡੇ ਅਤੇ ਸਕਾਰਾਤਮਕ ਸੁਪਨਿਆਂ ਦੇ ਸਾਕਾਰ ਹੋਣ ਦੀ ਕਾਮਨਾ। 2026 ਵਿੱਚ ਮਿਲਦੇ ਹਾਂ।”

ਰਿਤਿਕ ਰੋਸ਼ਨ ਨੇ ਆਪਣੇ ਅਤੇ ਸਬਾ ਆਜ਼ਾਦ ਦੇ ਨਾਲ ਡਾਂਸ ਕਰਦੇ ਪਰਛਾਵਿਆਂ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਹਨ। ਉਸਨੇ ਲਿਖਿਆ ਕਿ, “ਸਾਡੇ ਕੁੱਝ ਖੁਸ਼ ਪਰਛਾਵੇਂ ਨੱਚਦੇ ਫੜੇ ਗਏ। 2025 ਬਹੁਤ ਖੁਸ਼ਨੁਮਾ ਅੰਦਾਜ਼ ਵਿੱਚ ਖਤਮ ਹੁੰਦਾ ਦਿਸ ਰਿਹਾ ਹੈ। ਮੇਰੇ ਸਾਰੇ ਪ੍ਰਸ਼ੰਸਕਾਂ ਨੂੰ ਬਹੁਤ ਸਾਰਾ ਪਿਆਰ। ਮੈਂ ਖਾਸ ਤੌਰ ‘ਤੇ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਸਮਰਪਿਤ ਕਰਦਾ ਹਾਂ। ਲਗਭਗ ਆ ਚੁੱਕਾ 2026 ਮੁਬਾਰਕ ਹੋਵੇ!”

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !