ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲੇ ਨਾਲ ਚੱਲਣ ਵਾਲਾ ਬਿਜਲੀ ਘਰ 2029 ਤੱਕ ਚਾਲੂ ਰਹੇਗਾ

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲੇ ਨਾਲ ਚੱਲਣ ਵਾਲਾ ‘ਈਰੇਰਿੰਗ ਪਾਵਰ ਸਟੇਸ਼ਨ’।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਕੋਲੇ ਨਾਲ ਚੱਲਣ ਵਾਲੇ, ਓਰਿਜਨ ਕੰਪਨੀ ਦੇ ਬਿਜਲੀ ਘਰ ‘ਈਰੇਰਿੰਗ ਪਾਵਰ ਸਟੇਸ਼ਨ’ ਦੇ ਬੰਦ ਕਰਨ ਦੀ ਯੋਜਨਾ ਨੂੰ ਦੋ ਸਾਲਾਂ ਲਈ ਹੋਰ ਟਾਲ ਦਿੱਤਾ ਗਿਆ ਹੈ ਅਤੇ ਹੁਣ ਇਹ ਬਿਜਲੀ ਘਰ 30 ਅਪ੍ਰੈਲ 2029 ਤੱਕ ਚੱਲਦਾ ਰਹੇਗਾ। ਇਸ ਬਿਜਲੀ ਘਰ ਨੂੰ ਬੰਦ ਕਰਨ ਦੀ ਮਿਆਦ ਦੇ ਵਿੱਚ ਕੀਤਾ ਗਿਆ ਤਾਜ਼ਾ ਵਾਧਾ, ਮਈ 2024 ਵਿੱਚ ਓਰਿਜਨ ਐਨਰਜੀ ਅਤੇ ਨਿਊ ਸਾਊਥ ਵੇਲਜ਼ ਸਰਕਾਰ ਵਿਚਕਾਰ ਹੋਏ ਸਮਝੌਤੇ ਦੇ ਅਨੁਕੂਲ ਹੈ। ਇਸ ਸਮਝੌਤੇ ਦੇ ਤਹਿਤ ਕੋਲੇ ਨਾਲ ਚੱਲਣ ਵਾਲੇ ਇਸ ਬਿਜਲੀ ਘਰ ਨੂੰ ਅਗਸਤ 2027 ਤੱਕ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਹ 2027 ਵਿੱਚ ਹੀ ਬੰਦ ਹੋਣਾ ਤੈਅ ਸੀ।

ਬਿਜਲੀ ਕੰਪਨੀ ‘ਓਰਿਜਨ ਐਨਰਜੀ’ ਨੇ ਐਲਾਨ ਕੀਤਾ ਹੈ ਕਿ ‘ਈਰੇਰਿੰਗ ਪਾਵਰ ਸਟੇਸ਼ਨ’ ਦੇ ਚਾਰੇ ਯੂਨਿਟ 2029 ਤੱਕ ਚੱਲਦੇ ਰਹਿਣਗੇ। ਪਹਿਲਾਂ ਇਹ ਬਿਜਲੀ ਘਰ ਅਗਸਤ 2027 ਵਿੱਚ ਬੰਦ ਹੋਣਾ ਸੀ, ਜੋ ਕਿ ਇਸ ਤੋਂ ਪਹਿਲਾਂ ਕੀਤੀ ਗਈ ਇਕ ਹੋਰ ਮਿਆਦ ਵਾਧੇ ਦਾ ਨਤੀਜਾ ਸੀ। ਓਰਿਜਨ ਐਨਰਜੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ 2029 ਤੱਕ ‘ਈਰੇਰਿੰਗ ਪਾਵਰ ਸਟੇਸ਼ਨ’ ਨੂੰ ਚਲਾਉਣ ਨਾਲ ਉਸਦੇ 2030 ਦੇ ਉਤਸਰਜਨ ਘਟਾਉ ਟੀਚਿਆਂ ਜਾਂ 2050 ਤੱਕ ਨੈੱਟ-ਜ਼ੀਰੋ ਦੇ ਲੰਬੇ ਸਮੇਂ ਵਾਲੇ ਟੀਚਿਆਂ ’ਤੇ ਇਸਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਬੰਦ ਹੋਣ ਤੋਂ ਪਹਿਲਾਂ ਕੋਈ ਵੱਡੇ ਰੱਖ-ਰਖਾਅ ਦੇ ਕੰਮ ਨਹੀਂ ਕੀਤੇ ਜਾਣਗੇ। ਓਰਿਜਨ ਐਨਰਜੀ ਦੇ ਸੀਈਓ ਫ੍ਰੈਂਕ ਕੈਲੇਬਰੀਆ ਨੇ ਦੱਸਿਆ ਹੈ ਕਿ, “ਇਹ ਫੈਸਲਾ ਬਾਜ਼ਾਰ ਦੀ ਸਥਿਤੀ ਅਤੇ ਗਾਹਕਾਂ ਦੀਆਂ ਲੋੜਾਂ ਦੀ ਧਿਆਨ ਨਾਲ ਸਮੀਖਿਆ ਕਰਨ ਤੋਂ ਬਾਅਦ ਲਿਆ ਗਿਆ ਹੈ। ਨਵੀਂ ਊਰਜਾ ਸੰਬੰਧੀ ਢਾਂਚਾਗਤ ਯੋਜਨਾਵਾਂ, ਜਿਵੇਂ ਕਿ ਟ੍ਰਾਂਸਮਿਸ਼ਨ ਪ੍ਰੋਜੈਕਟ ਅੱਗੇ ਵਧ ਰਹੇ ਹਨ ਪਰ ਫਿਰ ਵੀ ਸੁਰੱਖਿਅਤ ਅਤੇ ਸਥਿਰ ਬਿਜਲੀ ਸਪਲਾਈ ਲਈ ‘ਈਰੇਰਿੰਗ ਪਾਵਰ ਸਟੇਸ਼ਨ’ ਨੂੰ ਹੋਰ ਸਮਾਂ ਚਲਾਉਣਾ ਲਾਜ਼ਮੀ ਹੈ। ‘ਈਰੇਰਿੰਗ ਪਾਵਰ ਸਟੇਸ਼ਨ’ ਨੂੰ 2029 ਤੱਕ ਚਲਾਉਣ ਨਾਲ ਨਵਨੀਕਰਨਯੋਗ ਊਰਜਾ, ਸਟੋਰੇਜ ਅਤੇ ਟ੍ਰਾਂਸਮਿਸ਼ਨ ਪ੍ਰੋਜੈਕਟਾਂ ਨੂੰ ਪੂਰਾ ਹੋਣ ਲਈ ਵਾਧੂ ਸਮਾਂ ਮਿਲੇਗਾ।”

ਇਸ ਫੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ, ਆਸਟ੍ਰੇਲੀਆ ਦੇ ਸ਼ੈਡੋ ਇੰਡਸਟਰੀਅਲ ਰੀਲੇਸ਼ਨ ਮਨਿਸਟਰ, ਟਿਮ ਵਿਲਸਨ ਨੇ ਕਿਹਾ ਕਿ ਉਹ ਇਸ ਵਾਧੇ ਤੋਂ ਹੈਰਾਨ ਨਹੀਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਬਾਹਰੋਂ ਨਵਿਆਣਯੋਗ ਊਰਜਾ ਦੀ ਗੱਲ ਤਾਂ ਕਰਦੀਆਂ ਹਨ, ਪਰ ਅਸਲ ਵਿੱਚ ਕੋਲਾ ਅਤੇ ਗੈਸ ’ਤੇ ਨਿਰਭਰਤਾ ਜਾਰੀ ਹੈ। ਉਨ੍ਹਾਂ ਨੇ ਲੰਬੇ ਸਮੇਂ ਲਈ ਬੇਸਲੋਡ ਬਿਜਲੀ ਸਮਰੱਥਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਨਿਊਕਲੀਅਰ ਵਰਗੀ ਟੈਕਨੋਲੋਜੀ ’ਤੇ ਵੀ ਵਿਚਾਰ ਕਰਨ ਦੀ ਗੱਲ ਕਹੀ ਹੈ।

‘ਈਰੇਰਿੰਗ ਪਾਵਰ ਸਟੇਸ਼ਨ’ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਤੋਂ ਲੱਗਭਗ 120 ਕਿਲੋਮੀਟਰ ਦੂਰ ਅਤੇ ਨਿਊਕੈਸਲ ਦੇ ਦੱਖਣ ਵੱਲ, ਲੇਕ ਮੈਕਕੁਆਰੀ ਦੇ ਕੰਢੇ ‘ਤੇ ਸਥਿਤ ਹੈ। 2,922 ਮੇਗਾਵਾਟ ਸਮਰੱਥਾ ਵਾਲਾ ਇਹ ਕੋਲੇ ਨਾਲ ਚੱਲਣ ਵਾਲਾ ਬਿਜਲੀ ਘਰ 1984 ਤੋਂ ਪੂਰੀ ਤਰ੍ਹਾਂ ਚਾਲੂ ਹੈ। ਇਸ ਬਿਜਲੀ ਘਰ ਨੂੰ 2013 ਤੋਂ ਨਿਊ ਸਾਊਥ ਵੇਲਜ਼ ਸਰਕਾਰ ਕੋਲੋਂ ਲੈ ਕੇ ਓਰਿਜਨ ਕੰਪਨੀ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਬਿਜਲੀ ਘਰ ਦੇ ਵਿੱਚ 720 ਮੇਗਾਵਾਟ ਦੇ ਕੁੱਲ ਚਾਰ ਕੋਲੇ ਨਾਲ ਚੱਲਣ ਵਾਲੇ ਜਨਰੇਟਰ ਸ਼ਾਮਲ ਹਨ ਅਤੇ ਇਸਦੇ ਨਾਲ ਹੀ ਇੱਕ 42 ਮੇਗਾਵਾਟ ਦਾ ਡੀਜ਼ਲ ਜਨਰੇਟਰ ਵੀ ਮੌਜੂਦ ਹੈ। ਇਹ ਬਿਜਲੀ ਘਰ ਨਿਊ ਸਾਊਥ ਵੇਲਜ਼ ਦਾ ਸਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਯੂਨਿਟ ਜਾਂਦਾ ਹੈ ਜੋ ਨਿਊ ਸਾਊਥ ਵੇਲਜ਼ ਦੀ ਕੁੱਲ ਬਿਜਲੀ ਸਪਲਾਈ ਦਾ ਲਗਭਗ 25 ਫੀਸਦੀ ਮੁਹੱਈਆ ਕਰਦਾ ਹੈ।

ਬੇਸ਼ੱਕ ਕੋਲੇ ਨਾਲ ਚੱਲਣ ਵਾਲਾ ‘ਈਰੇਰਿੰਗ ਪਾਵਰ ਸਟੇਸ਼ਨ’ ਹੁਣ 30 ਅਪ੍ਰੈਲ 2029 ਨੂੰ ਬੰਦ ਹੋ ਜਾਵੇਗਾ ਪਰ 1 ਮਈ 2029 ਇਸ ਤੋਂ ਬਾਅਦ ਵੀ ‘ਈਰੇਰਿੰਗ ਪਾਵਰ ਸਟੇਸ਼ਨ’ ਵਾਲੀ ਥਾਂ ਆਸਟ੍ਰੇਲੀਆ ਦੇ ਬਿਜਲੀ ਉਤਪਾਦਨ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਰਹੇਗੀ। ਇਸ ਥਾਂ ਉਪਰ ਈਰੇਰਿੰਗ ਬੈਟਰੀ ਇਸ ਸਾਲ 2026 ਦੇ ਅਖੀਰ ਤੱਕ ਆਪਣੀ ਕਾਰਗੁਜ਼ਾਰੀ ਸ਼ੁਰੂ ਕਰ ਦੇਵੇਗੀ, ਜਿਸ ਵਿੱਚ ਸਟੇਜ ਇੱਕ ਅਤੇ ਸਟੇਜ ਤਿੰਨ ਸ਼ਾਮਲ ਹਨ, ਜਦਕਿ ਅੰਤਿਮ ਸਟੇਜ ਅਗਲੇ ਸਾਲ। ਇਹ ਬੈਟਰੀ ਪ੍ਰੋਜੈਕਟ ਨਿਊ ਸਾਊਥ ਵੇਲਜ਼ ਦੀ ਬਿਜਲੀ ਸਪਲਾਈ ਨੂੰ ਹੋਰ ਸਥਿਰ ਅਤੇ ਲਚਕੀਲਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਮੌਜੂਦਾ ਕੋਲੇ ਅਤੇ ਡੀਜ਼ਲ ਦੇ ਨਾਲ ਚੱਲਣ ਵਾਲੇ ਇਸ ਬਿਜਲੀ ਘਰ ਦੀ ਥਾਂ ਇੱਕ ਵੱਡੀ ਬੈਟਰੀ ਸਟੋਰੇਜ ਪ੍ਰਣਾਲੀ ਲਗਾਈ ਜਾ ਰਹੀ ਹੈ, ਜੋ 700 ਮੇਗਾਵਾਟ / 3,160 ਮੇਗਾਵਾਟ-ਘੰਟੇ ਸਮਰੱਥਾ ਨਾਲ ਨਿਊ ਸਾਊਥ ਵੇਲਜ਼ ਨੂੰ ਔਸਤਨ 4.5 ਘੰਟਿਆਂ ਦੀ ਬਿਜਲੀ ਸਟੋਰੇਜ ਮੁਹੱਈਆ ਕਰੇਗੀ।

Related posts

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?

ਫ੍ਰੈਂਕਸਟਨ ਲਈ ਨਵਾਂ ਹਸਪਤਾਲ ਕੱਲ੍ਹ ਮੰਗਲਵਾਰ ਤੋਂ ਮਰੀਜ਼ਾਂ ਲਈ ਖੁੱਲ੍ਹੇਗਾ