ਤਿਰੁਵੰਨਤਪੁਰਮ – ਦੱਖਣੀ ਅਫਰੀਕਾ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਰਾਹੀਂ ਭਾਰਤੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਖ਼ਰੀ ਓਵਰਾਂ ਦੀ ਆਪਣੀ ਗੇਂਦਬਾਜ਼ੀ ਬਿਹਤਰ ਕਰਨ ਤੇ ਬੱਲੇਬਾਜ਼ਾਂ ਨੂੰ ਚੰਗਾ ਅਭਿਆਸ ਦੇਣ ਦੇ ਇਰਾਦੇ ਨਾਲ ਉਤਰੇਗੀ।
ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਆਖ਼ਰੀ ਓਵਰਾਂ ਦੀ ਗੇਂਦਬਾਜ਼ੀ ਵਿਚ ਸੁਧਾਰ ਦੀ ਲੋੜ ਹੈ। ਭਾਰਤੀ ਟੀਮ ਨੂੰ ਆਪਣੇ ਦੋ ਮੁੱਖ ਗੇਂਦਬਾਜ਼ਾਂ ਹਾਰਦਿਕ ਪਾਂਡਿਆ ਤੇ ਭੁਵਨੇਸ਼ਵਰ ਕੁਮਾਰ ਦੀ ਘਾਟ ਰੜਕੇਗੀ ਜਿਨ੍ਹਾਂ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਰਾਮ ਦਿੱਤਾ ਗਿਆ।
ਮੁਹੰਮਦ ਸ਼ਮੀ ਹੁਣ ਤਕ ਕੋਵਿਡ ਤੋਂ ਠੀਕ ਨਹੀਂ ਹੋ ਸਕੇ ਹਨ ਤੇ ਉਹ ਤਿੰਨਾਂ ਮੈਚਾਂ ਵਿਚ ਨਹੀਂ ਖੇਡ ਸਕਣਗੇ। ਹਰਸ਼ਲ ਪਟੇਲ ਸੱਟ ਤੋਂ ਠੀਕ ਹੋਣ ਤੋਂ ਬਾਅਦ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਵਿਚ ਮੁੜੇ ਪਰ 12 ਦੀ ਅੌਸਤ ਨਾਲ ਦੌੜਾਂ ਦੇ ਦਿੱਤੀਆਂ ਤੇ ਉਨ੍ਹਾਂ ਦਾ ਇਕਾਨਮੀ ਰੇਟ ਨੌਂ ਤੋਂ ਉੱਪਰ ਰਿਹਾ। ਵਿਸ਼ਵ ਕੱਪ ਲਈ ਸਟੈਂਡਬਾਈ ਦੀਪਕ ਚਾਹਰ ਨੂੰ ਪਿਛਲੀ ਸੀਰੀਜ਼ ਵਿਚ ਮੌਕਾ ਨਹੀਂ ਮਿਲਿਆ ਤੇ ਹੁਣ ਤਿੰਨ ਮੈਚਾਂ ਵਿਚ ਤੇਜ਼ ਗੇਂਦਬਾਜ਼ਾਂ ਨੂੰ ਰੋਟੇਟ ਕੀਤੇ ਜਾਣ ‘ਤੇ ਉਹ ਖੇਡ ਸਕਦੇ ਹਨ। ਅਰਸ਼ਦੀਪ ਸਿੰਘ ਤੋਂ ਸਲਾਗ ਓਵਰਾਂ ਵਿਚ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ ਜੋ ਜਸਪ੍ਰਰੀਤ ਬੁਮਰਾਹ ਦਾ ਸਾਥ ਦੇਣਗੇ। ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਦੋ ਮੈਚਾਂ ਵਿਚ ਪਿੱਚ ਸਪਾਟ ਰਹਿਣ ਤੋਂ ਬਾਅਦ ਤੀਜੇ ਮੈਚ ਵਿਚ ਟਰਨਿੰਗ ਪਿੱਚ ‘ਤੇ ਯੁਜਵਿੰਦਰ ਸਿੰਘ ਚਹਿਲ ਨੇ ਚੰਗੀ ਗੇਂਦਬਾਜ਼ੀ ਕੀਤੀ। ਆਸਟ੍ਰੇਲੀਆ ਦੀਆਂ ਪਿੱਚਾਂ ਨੂੰ ਧਿਆਨ ਵਿਚ ਰੱਖਦੇ ਹੋਏ ਚਹਿਲ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਦੇ ਇਰਾਦੇ ਨਾਲ ਉਤਰਨਗੇ। ਵਿਸ਼ਵ ਕੱਪ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੂੰ ਮੌਕਾ ਦੇਣ ਦੀ ਗੱਲ ਰੋਹਿਤ ਸ਼ਰਮਾ ਕਰ ਚੁੱਕੇ ਹਨ ਲਿਹਾਜ਼ਾ ਆਰ ਅਸ਼ਵਿਨ ਨੂੰ ਆਖ਼ਰੀ ਇਲੈਵਨ ਵਿਚ ਉਤਾਰਿਆ ਜਾ ਸਕਦਾ ਹੈ।
ਬੱਲੇਬਾਜ਼ੀ ਵਿਚ ਕੇਐੱਲ ਰਾਹੁਲ ਆਸਟ੍ਰੇਲੀਆ ਖ਼ਿਲਾਫ਼ ਨਹੀਂ ਚੱਲ ਸਕੇ ਤੇ ਉਹ ਇਸ ਦੀ ਭਰਪਾਈ ਇਸ ਸੀਰੀਜ਼ ਵਿਚ ਕਰਨਾ ਚਾਹੁਣਗੇ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਲੈਅ ਵਿਚ ਹਨ ਤੇ ਰਾਹੁਲ ਨੂੰ ਵੀ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਉਣੀਆਂ ਪੈਣਗੀਆਂ। ਦਿਨੇਸ਼ ਕਾਰਤਿਕ ਨੂੰ ਆਸਟ੍ਰੇਲੀਆ ਖ਼ਿਲਾਫ਼ ਸਿਰਫ਼ ਅੱਠ ਗੇਂਦਾਂ ਖੇਡਣ ਲਈ ਮਿਲੀਆਂ ਤੇ ਰੋਹਿਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕ੍ਰੀਜ਼ ‘ਤੇ ਵੱਧ ਸਮਾਂ ਦੇਣ ਦੀ ਲੋੜ ਹੈ।
ਵਿਸ਼੍ਰਵ ਕੱਪ ਟੀਮ ਵਿਚ ਸ਼ਾਮਲ ਦੀਪਕ ਹੁੱਡਾ ਲੱਕ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਥਾਂ ਸ਼੍ਰੇਅਸ ਅਈਅਰ ਨੂੰ ਉਤਾਰਿਆ ਜਾ ਸਕਦਾ ਹੈ। ਭਾਰਤ ਨੇ ਘਰੇਲੂ ਦੁਵੱਲੀ ਸੀਰੀਜ਼ ਵਿਚ ਦੱਖਣੀ ਅਫਰੀਕਾ ਨੂੰ ਹਰਾਇਆ ਨਹੀਂ ਹੈ। ਆਸਟ੍ਰੇਲੀਆ ਵਿਚ ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਦੋਵੇਂ ਟੀਮਾਂ ਦਾ ਸਾਹਮਣਾ ਹੋਵੇਗਾ ਪਰ ਉਸ ਵਿਚ ਹਾਲਾਤ ਵੱਖ ਹੋਣਗੇ। ਦੋਵੇਂ ਟੀਮਾਂ ਇਨ੍ਹਾਂ ਤਿੰਨ ਮੈਚਾਂ ਵਿਚ ਆਪਣੀਆਂ ਕਮਜ਼ੋਰੀਆਂ ਦਾ ਪਤਾ ਕਰ ਕੇ ਉਨ੍ਹਾਂ ‘ਤੇ ਮਿਹਨਤ ਕਰ ਸਕਦੀਆਂ ਹਨ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇਐੱਲ ਰਾਹੁਲ, ਵਿਰਾਟ ਕੋਹਲੀ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਆਰ ਅਸ਼ਵਿਨ, ਯੁਜਵਿੰਦਰ ਸਿੰਘ ਚਹਿਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ ਤੇ ਜਸਪ੍ਰਰੀਤ ਬੁਮਰਾਹ।
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ, ਬਿਓਰਨ ਫੋਰਚੂਨ, ਰੀਜ਼ਾ ਹੈਂਡਰਿਕਸ, ਹੈਨਰਿਕ ਕਲਾਸੇਨ, ਮਾਰਕੋ ਜੇਨਸੇਨ, ਕੇਸ਼ਵ ਮਹਾਰਾਜ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਨਗੀਦੀ, ਐਨਰਿਕ ਨਾਰਤਜੇ, ਵੇਨ ਪਾਰਨੇਲ, ਏਂਡਿਲ ਫੇਲੁਕਵਾਇਓ, ਡਵੇਨ ਪਿ੍ਰਟੋਰੀਅਸ, ਕੈਗਿਸੋ ਰਬਾਦਾ, ਰਿਲੀ ਰੋਸੋਯੂ, ਤਬਰੇਜ਼ ਸ਼ਮਸੀ, ਟਿ੍ਸਟਨ ਸਟਬਜ਼।