ਲੰਡਨ – 10ਵਾਂ ਮਹਿਲਾ ਟੀ-20 ਵਿਸ਼ਵ ਕੱਪ 12 ਜੂਨ ਨੂੰ ਇੰਗਲੈਂਡ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸਦੀ ਸ਼ੁਰੂਆਤ ਐਜਬੈਸਟਨ ਦੇ ਵਿੱਚ ਅੱਜ ਸ਼ਾਮ 6:30 ਵਜੇ (ਲੋਕਲ ਟਾਈਮ) ਇੰਗਲੈਂਡ ਅਤੇ ਸ਼੍ਰੀਲੰਕਾ ਦੇ ਮੈਚ ਨਾਲ ਹੋਵੇਗੀ। ਮਹਿਲਾ ਟੀ-20 ਵਿਸ਼ਵ ਕੱਪ ਦਾ 10ਵਾਂ ਸੀਜ਼ਨ 12 ਜੂਨ ਤੋਂ ਸ਼ੁਰੂ ਹੋ ਕੇ 5 ਜੁਲਾਈ ਤੱਕ ਚੱਲੇਗਾ। ਗਰੁੱਪ ਪੜਾਅ 28 ਜੂਨ ਤੱਕ ਚੱਲੇਗਾ, ਇਸ ਤੋਂ ਬਾਅਦ 30 ਜੂਨ ਅਤੇ 2 ਜੁਲਾਈ ਨੂੰ ਸੈਮੀਫਾਈਨਲ ਹੋਣਗੇ। ਇਸ ਸਾਲ ਦਾ ਫਾਈਨਲ 5 ਜੁਲਾਈ ਨੂੰ ਲਾਰਡਸ ‘ਚ ਹੋਵੇਗਾ। ਇਸ ਵਾਰ 12 ਟੀਮਾਂ 24 ਦਿਨਾਂ ਵਿਚ 33 ਮੈਚ ਖੇਡਣਗੀਆਂ। ਇਹ ਹੁਣ ਤਕ ਦਾ ਸੱਭ ਤੋਂ ਵੱਡਾ ਮਹਿਲਾ ਟੀ-20 ਵਿਸ਼ਵ ਕੱਪ ਹੋਵੇਗਾ। ਇੰਗਲੈਂਡ 17 ਸਾਲਾਂ ਬਾਅਦ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।
ਆਸਟ੍ਰੇਲੀਆ, ਭਾਰਤ, ਦੱਖਣੀ ਅਫਰੀਕਾ, ਪਾਕਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡ ਦੇ ਨਾਲ ਗਰੁੱਪ ਏ ਵਿੱਚ ਹੈ। ਆਸਟ੍ਰੇਲੀਆ ਵਲੋਂ ਟੂਰਨਾਮੈਂਟ ਦਾ ਪਹਿਲਾ ਮੈਚ 13 ਜੂਨ ਨੂੰ ਮਾਨਚੈਸਟਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਖੇਡਿਆ ਜਾਵੇਗਾ। ਆਸਟ੍ਰੇਲੀਆ ਛੇ ਟਰਾਫ਼ੀਆਂ ਨਾਲ ਟੂਰਨਾਮੈਂਟ ਦੀ ਨੰਬਰ ਵੰਨ ਟੀਮ ਹੈ। ਨਿਊਜ਼ੀਲੈਂਡ ਡਿਫ਼ੈਂਡਿੰਗ ਚੈਂਪੀਅਨ ਹੈ, ਜਿਸ ਨੇ 2024 ਵਿਚ ਪਹਿਲੀ ਵਾਰ ਖ਼ਿਤਾਬ ਜਿੱਤਿਆ ਸੀ। ਭਾਰਤੀ ਟੀਮ ਚਾਰ ਵਾਰ ਸੈਮੀਫ਼ਾਈਨਲ ਅਤੇ ਇਕ ਵਾਰ ਫ਼ਾਈਨਲ ਵਿਚ ਪਹੁੰਚੀ ਹੈ ਪਰ ਕਦੇ ਵੀ ਟਰਾਫ਼ੀ ਨਹੀਂ ਜਿੱਤੀ। ਭਾਰਤ ਇਸ ਵਾਰ ਉਸ ਗਰੁੱਪ ਵਿੱਚ ਹੈ ਜਿਸ ਵਿਚ ਆਸਟ੍ਰੇਲੀਆ ਅਤੇ ਦੱਖਣ ਅਫ਼ਰੀਕਾ ਵਰਗੀਆਂ ਟੀਮਾਂ ਸ਼ਾਮਲ ਹਨ। ਭਾਰਤ ਦਾ ਪਹਿਲਾ ਮੈਚ 14 ਜੂਨ ਨੂੰ ਬਰਮਿੰਘਮ ਵਿਚ ਪਾਕਿਸਤਾਨ ਵਿਰੁੱਧ ਹੋਵੇਗਾ।
ਮਹਿਲਾ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ 2009 ਵਿੱਚ ਇੰਗਲੈਂਡ ਵਿਖੇ ਹੋਈ ਸੀ। ਇਸ ਪਹਿਲੇ ਟੂਰਨਾਮੈਂਟ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ ਸੀ ਅਤੇ ਮੇਜ਼ਬਾਨ ਇੰਗਲੈਂਡ ਇਸ ਲੜੀ ਦਾ ਪਹਿਲਾ ਚੈਂਪੀਅਨ ਬਣਿਆ ਸੀ। ਪਹਿਲੇ ਤਿੰਨ ਵਿਸ਼ਵ ਕੱਪ ਵਿਚ ਅੱਠ ਟੀਮਾਂ ਨੇ ਹਿੱਸਾ ਲਿਆ ਸੀ ਅਤੇ 2014 ਵਿਚ ਟੀਮਾਂ ਦੀ ਗਿਣਤੀ ਵਧਕੇ 10 ਹੋ ਗਈ। 2026 ਵਿਚ 12 ਟੀਮਾਂ ਪਹਿਲੀ ਵਾਰ ਹਿੱਸਾ ਲੈਣਗੀਆਂ।