ਇਕ ਚੰਦਰੀ ਬੁੜ੍ਹੀ ਵਰਗੇ ਨਾ ਬਣੀਏਂ ਆਪਾਂ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਇਹ ਸਿਰਲੇਖ ਪੜ੍ਹਕੇ ਸ਼ਾਇਦ ਪਾਠਕਾਂ ਦੇ ਮਨ ਵਿਚ ਉਹ ਮਾਈ ਆ ਗਈ ਹੋਵੇਗੀ ਜਿਹਨੂੰ ਸਦਾ ਚੰਦਰੇ ਬੋਲ ਬੋਲਣ ਦੀ ਆਦਤ ਕਰਕੇ ਘਰ ਵਾਲ਼ਿਆਂ ਨੇ ਮੁੰਡੇ ਦੀ ਜੰਞ ਚੜ੍ਹਨ ਵੇਲੇ ਕਮਰੇ ਅੰਦਰ ਡੱਕ ਦਿੱਤਾ ਸੀ। ਪਰ ਸਾਰੀਆਂ ਰਸਮਾਂ ਨੇਪਰੇ ਚੜ੍ਹਨ ‘ਤੇ ਜਦ ਉਹਨੂੰ ਅੰਦਰੋਂ ਬਾਹਰ ਕੱਢਿਆ ਗਿਆ ਸੀ, ਉਹਨੇ ਫੇਰ ਵੀ ਵਿਅ੍ਹਾਂਦੜ ਮੁੰਡੇ ਦੇ ਘੋੜੀ ਚੜ੍ਹਨ ਵੇਲੇ, ਸਿਰ ਸਜੇ ਸਿਹਰੇ ‘ਚ ਨੁਕਸ ਕੱਢ ਦਿੱਤਾ ਸੀ-“ਵੇ ਆਹ ਸਿਹਰੇ ਨੂੰ ਤਾਂ ਸਹੀ ਤਰਾਂ ‘ਅੱਗ ਲਾ ਲੈ’ ਪਹਿਲਾਂ ?”

ਏਦਾਂ ਦੀ ਹੀ ਫਿਤਰਤ ਵਾਲ਼ੀ ਮਾਤਾ ਸੀ ਮੇਰੇ ਇਕ ਜਾਣੂ ਸੱਜਣ ਦੀ। ਮੈਂ ਤੇ ਮੇਰਾ ਜਾਣੂ ਅਸੀਂ ਦੋਵੇਂ ਕਿਸੇ ਦੇ ਘਰੋਂ ਅਫਸੋਸ ਕਰਕੇ ਆ ਰਹੇ ਸਾਂ। ਉਹ ਮੈਨੂੰ ਦੱਸੇ ਅਖੇ ਯਾਰ ਕਿਆ ਗੱਲ ਕਰਨੀ ਐਂ… ਜੇ ਪਿੰਡ ‘ਚ ਕੋਈ ਮੌਤ ਹੋ ਜਾਵੇ ਤਾਂ ਸਾਡੀ ਮਾਈ ਨੂੰ ਚਾਅ ਈ ਚੜ੍ਹ ਜਾਂਦਾ ਐ!

ਹਥਲੇ ਸਾਰੇ ਜਰੂਰੀ ਕੰਮ ਛੱਡ ਕੇ ਉਹ ਗਲ਼ੀਉ ਗਲ਼ੀ ਗੇੜੀ ਮਾਰਦੀ ਫਿਰਦੀ ਹੈ !

‘ਕੁੜੇ ਬਚਿੰਤੀਏ ਪਤਾ ਲੱਗਾ ਤੈਨੂੰ ? ਫਲਾਣਾ ਸੂੰਹ ਸੁੱਤਾ ਪਿਆ ਈ ਰਹਿ ਗਿਆ ਕਹਿੰਦੇ…!’

ਕੰਮੀਂ ਕਾਰੀਂ ਤੁਰੇ ਜਾਂਦਿਆਂ ਨੂੰ ਰੋਕ-ਰੋਕ ਦੱਸੂਗੀ-

‘ਵੇ ਬੁੱਘਿਆ, ਕਹਿੰਦੇ ਫਲਾਣਾ ਫੁੜ੍ਹਕ ਗਿਆ ਰਾਤੀਂ…!’

ਕਿਸੇ ਦਾ ਦਰਵਾਜਾ ਖੜਕਾ ਕੇ ‘ਭੈਣੇ ਘਰੇ ਈ ਐਂ ?’ ਪੁੱਛਦਿਆਂ ਮਰ ਗਏ ਪ੍ਰਾਣੀ ਦੀ ਸੂਚਨਾ ਦਊਗੀ !

‘ਹੈ ਹੈ ਕੁੜੇ… ਖੌਰੇ ਇਲਾਜ ਖੁਣੋ ਈ ਚੱਲ ਵਸਿਆ ਫਲਾਣਾ….!’

ਜਾਣੂ ਮਿੱਤਰ ਕਹਿੰਦਾ, ਇੰਝ ਸਾਡੀ ਮਾਈ ਅੱਧੇ ਕੁ ਪਿੰਡ ਨੂੰ ‘ਸੁਣਾਉਣੀ’ ਸੁਣਾ ਕੇ ਫੇਰ ਮ੍ਰਿਤਕ ਦੇ ਘਰੇ ਜਾਂਦੀ ਹੁੰਦੀ ਐ!

ਸਿਆਣੇ ਕਹਿੰਦੇ ਨੇ ਭਾਵੇਂ ਉਹ ਸੱਚੀ ਹੀ ਹੋਵੇ ਪਰ ਚੰਦਰੀ ਗੱਲ ਮੂੰਹੋਂ ਵੀ ਨਹੀਂ ਕੱਢੀ ਦੀ! ਜਿਵੇਂ ਸਾਡੇ ਪਿੰਡਾਂ ਵਿਚ ਕੈਂਸਰ ਤੋਂ ਪੀੜਤ ਮਰੀਜ਼ ਬਾਰੇ ਏਦਾਂ ਕਿਹਾ ਜਾਂਦਾ ਹੈ ਕਿ ਫਲਾਣੇ ਨੂੰ ‘ਚੰਦਰੀ ਬੀਮਾਰੀ’ ਲੱਗ ਗਈ ਹੈ!

ਮੇਰੇ ਕਹਿਣ ਦਾ ਮਤਲਬ ਹੈ ਕਿ ਕਲਹਿਣੇ ਜੰਗ ਦੀਆਂ ਮਨਹੂਸ ਖਬਰਾਂ/ਜਾਣਕਾਰੀਆਂ ਚਾਮ੍ਹਲ-ਚਾਮ੍ਹਲ ਕੇ ਅੱਗੇ ਤੋਂ ਅੱਗੇ ਨਾ ਫੈਲਾਈਆਂ ਜਾਣ!

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ