ਦੀਰ ਅਲ-ਬਲਾਹ (ਗਾਜ਼ਾ ਪੱਟੀ – ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਾਸ ਨਾਲ ਜੰਗਬੰਦੀ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਲੜਾਕੂ ਜਹਾਜ਼ ਗਾਜ਼ਾ ਵਿਚ ਹਮਾਸ ਦੇ ਟਿਕਾਣਿਆਂ ’ਤੇ ਹਮਲਾ ਕਰ ਰਹੇ ਹਨ। ਹਮਾਸ ਸ਼ਾਸਿਤ ਗਾਜ਼ਾ ਪੱਟੀ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੱਖਣੀ ਗਾਜ਼ਾ ’ਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ।
ਗਾਜ਼ਾ ਪੱਟੀ ਤੋਂ ਆ ਰਹੀਆਂ ਤਸਵੀਰਾਂ ਵਿਚ ਇਨ੍ਹਾਂ ਖੇਤਰਾਂ ’ਤੇ ਸੰਘਣਾ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। ਇਜ਼ਰਾਈਲ ਅਤੇ ਫਲਸਤੀਨੀ ਕੱਟੜਪੰਥੀ ਸਮੂਹ ਹਮਾਸ ਵਿਚਾਲੇ ਆਰਜ਼ੀ ਜੰਗਬੰਦੀ ਸ਼ੁੱਕਰਵਾਰ ਸਵੇਰੇ 7 ਵਜੇ ਖਤਮ ਹੋ ਗਈ ਅਤੇ ਇਸ ਦੇ ਅੱਧੇ ਘੰਟੇ ਬਾਅਦ ਹੀ ਇਜ਼ਰਾਇਲੀ ਫੌਜ ਨੇ ਹਮਲੇ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਹਮਾਸ ’ਤੇ ਜੰਗਬੰਦੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਗਾਜ਼ਾ ਤੋਂ ਇਜ਼ਰਾਈਲ ਵੱਲ ਰਾਕੇਟ ਦਾਗੇ ਗਏ ਹਨ।
ਇਹ ਜੰਗਬੰਦੀ ਇੱਕ ਹਫ਼ਤਾ ਪਹਿਲਾਂ 24 ਨਵੰਬਰ ਨੂੰ ਸ਼ੁਰੂ ਹੋਈ ਸੀ। ਪਹਿਲਾਂ ਇਹ ਚਾਰ ਦਿਨਾਂ ਲਈ ਸੀ ਅਤੇ ਫਿਰ ਵਿਚੋਲਗੀ ਵਿਚ ਮਦਦ ਕਰਨ ਵਾਲੇ ਦੇਸ਼ ਕਤਰ ਅਤੇ ਮਿਸਰ ਦੀ ਮਦਦ ਨਾਲ ਇਸ ਨੂੰ ਦੋ ਦਿਨ ਅਤੇ ਫਿਰ ਇਕ ਦਿਨ ਹੋਰ ਵਧਾ ਦਿੱਤਾ ਗਿਆ। ਹਮਾਸ ਅਤੇ ਗਾਜ਼ਾ ਵਿਚ ਹੋਰ ਸਮੂਹਾਂ ਨੇ ਇੱਕ ਹਫ਼ਤੇ ਦੀ ਜੰਗਬੰਦੀ ਵਿੱਚ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇਜ਼ਰਾਈਲੀ ਸਨ। ਬਦਲੇ ਵਿਚ 240 ਫਲਸਤੀਨੀਆਂ ਨੂੰ ਇਜ਼ਰਾਈਲ ਦੀਆਂ ਜੇਲ੍ਹਾਂ ਤੋਂ ਰਿਹਾਅ ਕੀਤਾ ਗਿਆ।
ਹੁਣ ਤੱਕ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਕੁਝ ਬੰਧਕ ਅਜੇ ਵੀ ਹਮਾਸ ਦੀ ਹਿਰਾਸਤ ਵਿੱਚ ਹਨ। ਹਮਾਸ ਨੇ ਗਾਜ਼ਾ ’ਤੇ 16 ਸਾਲ ਤੱਕ ਰਾਜ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਮਾਸ ਬਾਕੀ ਬੰਧਕਾਂ, ਖਾਸ ਕਰਕੇ ਸੈਨਿਕਾਂ ਦੀ ਰਿਹਾਈ ਲਈ ਸਖਤ ਸ਼ਰਤਾਂ ਤੈਅ ਕਰ ਸਕਦਾ ਹੈ। ਗਾਜ਼ਾ ਵਿੱਚ ਸੌ ਤੋਂ ਵੱਧ ਬੰਧਕ ਅਜੇ ਵੀ ਬੰਦ ਹਨ ਜਦਕਿ ਬਾਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।