‘ਏਆਈ ਇਮਪੈਕਟ ਸਮਿਟ 2026’ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਸਮਾਗਮ ਦੀ ਆਲੋਚਨਾ ਕਰਦੇ ਹੋਏ ਇਸਨੂੰ ਪੀਆਰ ਸਟੰਟ ਕਿਹਾ ਹੈ। ਇਸੇ ਦੌਰਾਨ ਦਿੱਲੀ ਵਿੱਚ ਹੋ ਰਹੇ ਏਆਈ ਸੰਮੇਲਨ ਵਿੱਚ ਯੂਥ ਕਾਂਗਰਸ ਦੇ ਵਰਕਰਾਂ ਨੇ ਅਮਰੀਕਾ ਨਾਲ ਵਪਾਰ ਸਮਝੌਤੇ ਦਾ ਵਿਰੋਧ ਕੀਤਾ। ਅੱਜ ਸ਼ੁੱਕਰਵਾਰ ਨੂੰ ਯੂਥ ਕਾਂਗਰਸ ਦੇ ਵਰਕਰਾਂ ਨੇ ਇਸ ਦਾ ਵਿਰੋਧ ਕਰਦਿਆਂ ਇਸ ਸੰਮੇਲਨ ਵਿੱਚ ਸ਼ਾਮਿਲ ਹੋ ਕੇ ਖੂਬ ਹੰਗਾਮਾ ਕੀਤਾ। ਪੁਲਿਸ ਨੇ ਕਾਰਵਾਈ ਕਰਕੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਵਿਰੋਧ ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਦੇ ਵਰਕਰ ਆਪਣੇ ਨਾਲ ਪੋਸਟਰ ਲੈ ਕੇ ਆਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ “PM IS COMPROMISED।”
ਏਆਈ ਸੰਮੇਲਨ ਇਸ ਸਮੇਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਹੋ ਰਿਹਾ ਹੈ ਜਿਸ ਵਿੱਚ ਪ੍ਰਮੁੱਖ ਤਕਨੀਕੀ ਨੇਤਾ, ਕਈ ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਹੋਰ ਬੁੱਧੀਜੀਵੀ ਹਿੱਸਾ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਸੰਬੋਧਨ ਨਾਲ ਖੁਦ ਸੰਮੇਲਨ ਦਾ ਰਸਮੀ ਉਦਘਾਟਨ ਕੀਤਾ ਸੀ। ਭਾਜਪਾ ਨੇ ਕਾਂਗਰਸ ਦੇ ਇਸ ਵਿਰੋਧ ਪ੍ਰਦਰਸ਼ਨ ਨੂੰ ਰਾਸ਼ਟਰ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਭਾਰਤ ਦੇ ਅਕਸ ਨੂੰ ਖਰਾਬ ਕਰਦਾ ਹੈ। ਭਾਜਪਾ ਨੇਤਾ ਸ਼ਹਿਨਾਜ਼ ਪੂਨਾਵਾਲਾ ਨੇ ਕਿਹਾ ਕਿ ਕਾਂਗਰਸ ਲਈ, AI ਦਾ ਅਰਥ ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਹੈ, ਸਗੋਂ ਐਂਟੀ ਇੰਡੀਆ (AI) ਹੈ। ਸ਼ਸ਼ੀ ਥਰੂਰ ਦਾ ਹਵਾਲਾ ਦਿੰਦੇ ਹੋਏ ਪੂਨਾਵਾਲਾ ਨੇ ਇਹ ਵੀ ਕਿਹਾ ਕਿ ਜਦੋਂ ਕਿ ਇੱਕ ਕਾਂਗਰਸੀ ਨੇਤਾ ਨੂੰ ਸੰਮੇਲਨ ਪਸੰਦ ਆਇਆ, ਦੂਸਰੇ ਇਸਦਾ ਵਿਰੋਧ ਕਰ ਰਹੇ ਹਨ।
ਇਸ ਦੌਰਾਨ ਮਹਾਰਾਸ਼ਟਰ ਦੇ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਨੇ ਰਾਹੁਲ ਗਾਂਧੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ, “ਰਾਹੁਲ ਗਾਂਧੀ ਨੂੰ ਏਆਈ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਕਈ ਵਾਰ ਜਦੋਂ ਮਨੁੱਖੀ ਬੁੱਧੀ (HI) ਅਕ੍ਰਿਆਸ਼ੀਲ ਹੋ ਜਾਂਦੀ ਹੈ ਤਾਂ AI ਮੱਦਦ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਗਮ ਦੇਸ਼ ਲਈ ਬਹੁਤ ਮਹੱਤਵਪੂਰਨ ਹੈ ਅਤੇ ਭਾਰਤ ਦੀਆਂ AI ਸਮਰੱਥਾਵਾਂ ਨੂੰ ਦੁਨੀਆ ਨੂੰ ਦਰਸਾਉਂਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇਜ਼ ਤਰੱਕੀ ਨੇ ਵੱਖ-ਵੱਖ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦੇ ਹਨ। ਅਜਿਹੇ ਸਮੇਂ ਵਿਸ਼ਵ ਨੇਤਾਵਾਂ ਲਈ ਭਾਰਤ ਦਾ ਦੌਰਾ ਕਰਨਾ, ਦੇਸ਼ ਦੀਆਂ ਤਕਨੀਕੀ ਸ਼ਕਤੀਆਂ ਨੂੰ ਦੇਖਣਾ ਅਤੇ AI ‘ਤੇ ਚਰਚਾ ਕਰਨਾ ਬਹੁਤ ਜ਼ਰੂਰੀ ਹੈ।