ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀਆਂ ਪ੍ਰਮੁੱਖ ਸਕਾਲਰਸ਼ਿਪ ਸਕੀਮਾਂ ਦੇ ਲਾਭਪਾਤਰੀਆਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਕਬਾਇਲੀ ਨੌਜਵਾਨਾਂ ਨੂੰ ਸਿੱਖਿਆ, ਤਕਨਾਲੋਜੀ ਤੇ ਆਪਣੀ ਸੱਭਿਆਚਾਰਕ ਵਿਰਾਸਤ ਰਾਹੀਂ ਤਰੱਕੀ ਕਰਨ ਦੀ ਅਪੀਲ ਕੀਤੀ ਅਤੇ ਇੱਕ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।
ਨੌਜਵਾਨ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ, “ਦੇਸ਼ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਸਹੀ ਮਾਰਗਦਰਸ਼ਨ, ਸਹਾਇਤਾ ਅਤੇ ਇੱਕ ਢੁਕਵਾਂ ਪਲੇਟਫਾਰਮ ਦੀ ਲੋੜ ਹੈ। ਲਾਭਪਾਤਰੀਆਂ ਦੀ ਮੌਜੂਦਗੀ ਇਸ ਗੱਲ ਦਾ ਪ੍ਰਮਾਣ ਹੈ ਕਿ ਮੌਕਾ ਮਿਲਣ ‘ਤੇ ਪਿੰਡਾਂ, ਦੂਰ-ਦੁਰਾਡੇ ਖੇਤਰਾਂ ਅਤੇ ਕਬਾਇਲੀ ਖੇਤਰਾਂ ਦੇ ਨੌਜਵਾਨ ਉੱਭਰ ਸਕਦੇ ਹਨ ਜੋ ਦੇਸ਼ ਨੂੰ ਸ਼ਾਨ ਦਿਵਾ ਸਕਦੇ ਹਨ।”
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਕਬਾਇਲੀ ਭਾਈਚਾਰਿਆਂ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਸਕੀਮਾਂ ਸਿਰਫ਼ ਵਿੱਤੀ ਸਹਾਇਤਾ ਦਾ ਸਾਧਨ ਨਹੀਂ ਹਨ, ਸਗੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਦੇਣ ਦਾ ਕੰਮ ਵੀ ਕਰਦੀਆਂ ਹਨ। ਇਹ ਸਕੀਮਾਂ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹਦੀਆਂ ਹਨ ਜਿਨ੍ਹਾਂ ਦੀ ਤਰੱਕੀ ਸਰੋਤਾਂ ਦੀ ਘਾਟ ਕਾਰਨ ਰੁਕ ਜਾਂਦੀ ਹੈ।
ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਸਿੱਖਿਆ ਸਸ਼ਕਤੀਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ। ਸਿੱਖਿਆ ਇੱਕ ਵਿਅਕਤੀ ਨੂੰ ਸਵੈ-ਨਿਰਭਰ, ਜਾਗਰੂਕ ਅਤੇ ਸਮਰੱਥ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੇ ਉਨ੍ਹਾਂ ਦੇ ਆਪਣੇ ਜੀਵਨ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪ੍ਰਾਪਤੀਆਂ ਅਤੇ ਅਨੁਭਵਾਂ ਨੂੰ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਵਜੋਂ ਕੰਮ ਕਰਨ ਦੇਣ ਜਿਨ੍ਹਾਂ ਕੋਲ ਸੀਮਤ ਸਰੋਤਾਂ ਦੇ ਬਾਵਜੂਦ ਵੱਡੇ ਸੁਪਨੇ ਦੇਖਣ ਦੀ ਹਿੰਮਤ ਹੈ।
ਦ੍ਰੌਪਦੀ ਮੁਰਮੂ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਤਾਕਤ, ਉਮੀਦ ਅਤੇ ਉੱਜਵਲ ਭਵਿੱਖ ਦਾ ਪ੍ਰਤੀਕ ਹਨ। ਉਨ੍ਹਾਂ ਨੌਜਵਾਨਾਂ, ਖਾਸ ਕਰਕੇ ਆਦਿਵਾਸੀ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨੂੰ ਨਾ ਭੁੱਲਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਆਪਣੀ ਵਿਰਾਸਤ ‘ਤੇ ਮਾਣ ਕਰਦੇ ਹੋਏ ਸਿੱਖਿਆ ਅਤੇ ਤਕਨਾਲੋਜੀ ਦੀ ਸ਼ਕਤੀ ਨਾਲ ਅੱਗੇ ਵਧਦੇ ਹਨ, ਤਾਂ ਉਹ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਜੋ ਵੀ ਖੇਤਰ ਚੁਣਦੇ ਹਨ, ਉਹ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਸਕਦੇ ਹਨ, ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾ ਸਕਦੇ ਹਨ।