Punjab

2 ਦਸੰਬਰ 2024 ਦੇ ਹੁਕਮਨਾਮਿਆ ਨੂੰ ਨਾ ਮੰਨਣ ਵਾਲਿਆਂ ਨੂੰ ਵੀ ਤਲਬ ਕਰੋ – ਵਡਾਲਾ।

ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਮੱਖਣ ਸ਼ਾਹ ਲੁਬਾਣਾ ਭਵਨ ਚੰਡੀਗੜ੍ਹ ਵਿੱਚ ਹੋਈ। ਜਿਸ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਗਈ ਕਿ 27 ਜੂਨ ਦੇ ਜਰਨਲ ਹਾਊਸ ਤੋਂ ਪਹਿਲਾਂ ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਸ ਕਿਰਪਾਲ ਸਿੰਘ ਬਡੂੰਗਰ ਨੂੰ ਤਲਬ ਕਰਕੇ ਪੁੱਛਿਆ ਜਾਵੇ ਕਿ ਉਹਨਾਂ ਨੇ ਦੋ ਦਸੰਬਰ 2024 ਦੇ ਹੁਕਮਨਾਮਿਆ ਨੂੰ ਨਾ ਮੰਨਣ ਦਾ ਗੁਨਾਹ ਕਿਸ ਮਜਬੂਰੀ ਤਹਿਤ ਕੀਤਾ।

ਇਸ ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਵਿੱਚ ਸਪੱਸ਼ਟ ਆਦੇਸ਼ ਸੀ ਕਿ ਸ ਧਾਮੀ ਦੀ ਅਗਵਾਈ ਹੇਠ ਇਕ ਸੱਤ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੋ ਅਕਾਲੀ ਦਲ ਦੀ ਭਰਤੀ ਕਰਕੇ ਨਵੀਂ ਲੀਡਰਸ਼ਿਪ ਉਭਾਰੇਗੀ। ਪਰ ਸ ਹਰਜਿੰਦਰ ਸਿੰਘ ਧਾਮੀ ਐਸ.ਜੀ.ਪੀ.ਸੀ ਅਤੇ ਸੱਤ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਘਰ ਜਾ ਬੈਠੇ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਹਿਣ ‘ਤੇ ਉਹਨਾਂ ਨੇ ਐਸ.ਜੀ.ਪੀ.ਸੀ ਦੀ ਪ੍ਰਧਾਨਗੀ ਵਾਲਾ ਅਸਤੀਫਾ ਤਾਂ ਕੁਝ ਦਿਨਾਂ ਵਿੱਚ ਹੀ ਵਾਪਸ ਲੈ ਲਿਆ ਪਰ ਬਿਨਾ ਕੋਈ ਖਾਸ ਵਜਾਹ ਦੱਸੇ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਕਿਨਾਰਾ ਕਰੀ ਰੱਖਿਆ। ਉਹਨਾਂ ਵੱਲ ਵੇਖ ਕੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਹੁਕਮਨਾਮੇ ਤੋਂ ਬਾਗੀ ਹੋ ਗਏ ਅਤੇ ਭਰਤੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਸ ਵਡਾਲਾ ਨੇ ਕਿਹਾ ਕਿ ਹੁਣ ਜਦੋਂ ਇਹ ਲੀਡਰ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ ਤਾਂ ਇਹਨਾਂ ਤੋਂ ਇਹ ਵੀ ਜਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਇਹਨਾਂ ਉਪਰ ਜਿੰਮੇਵਾਰੀ ਸੀ ਤਾਂ ਉਸ ਹੁਕਮਨਾਮੇ ਨੂੰ ਕਿਉਂ ਨਾ ਮੰਨਿਆ ਗਿਆ। ਇੰਨਾ ਹੀ ਨਹੀਂ, ਸਗੋਂ ਐਸ.ਜੀ.ਪੀ.ਸੀ ਪ੍ਰਧਾਨ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਆਪਣੇ ਖਿਲਾਫ ਸਾਜਿਸ਼ ਦੱਸਣ ਵਾਲੇ ਸੁਖਬੀਰ ਸਿੰਘ ਬਾਦਲ ਨਾਲ ਲਗਾਤਾਰ ਮੀਟਿੰਗਾਂ ਅਤੇ ਸਟੇਜਾਂ ਸਾਂਝੀਆਂ ਕਰ ਰਹੇ ਹਨ। ਸ ਵਡਾਲਾ ਨੇ ਸਿੰਘ ਸਾਹਿਬ ਨੂੰ ਯਾਦ ਕਰਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਆਪਣੇ ਕਤਲ ਦੀ ਸਾਜਿਸ਼ ਕਹਿਣ ਵਾਲੇ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਕਈ ਐਸ.ਜੀ.ਪੀ.ਸੀ ਮੈਂਬਰਾਂ ਵੱਲੋਂ ਆਪ ਜੀ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਹੋਈ ਹੈ। ਇਹਨਾਂ ਦੋਹਾਂ ਆਗੂਆਂ ਦੇ ਨਾਲ-ਨਾਲ ਆਪ ਜੀ ਨੂੰ ਸੁਖਬੀਰ ਸਿੰਘ ਬਾਦਲ ਖਿਲਾਫ ਆਈ ਸ਼ਿਕਾਇਤ ਦਾ ਵੀ ਨਿਪਟਾਰਾ ਕਰਨਾ ਚਾਹੀਦਾ ਹੈ। ਤਾਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮਿਆ ਖਿਲਾਫ ਜਾਣ ਦੀ ਦੁਬਾਰਾ ਕੋਈ ਜੁਅਰਤ ਨਾ ਕਰ ਸਕੇ।

15 ਜੂਨ ਦੇ ਹੁਕਮਨਾਮੇ ਤੋਂ ਆਸ ਬੱਝੀ ਹੈ ਕਿ ਆਪ ਜੀ ਇਸੇ ਦਲੇਰੀ ਨਾਲ 1999 ਤੋਂ ਬਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ, ਪਰ ਕਦੇ ਲਾਗੂ ਨਾ ਕੀਤੇ ਗਏ, ਸਾਰੇ ਆਦੇਸ਼ ਅਤੇ ਹੁਕਮਨਾਮੇ ਪ੍ਰਵਾਨ ਚੜ੍ਹਾ ਦਿਓਗੇ। ਜਿਸਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਅਤੇ ਕਿਰਪਾਲ ਸਿੰਘ ਬਡੂੰਗਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਨਾ ਮੰਨਣ ਲਈ ਸਜਾ ਲਾਈ ਜਾਣੀ ਚਾਹੀਦੀ ਹੈ। ਉਹਨਾਂ ਹੁਕਮਨਾਮਿਆਂ ਨੂੰ ਸੁਣਾਉਣ ਵਾਲੇ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਹਟਾਉਣ ਦੀ ਵੀ ਉਹਨਾਂ ਤੋਂ ਜਵਾਬ ਤਲਬੀ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਤੋਂ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ ਤੱਕ ਏਕਤਾ ਬਣਾ ਕੇ ਰੱਖਣ ਦੇ ਆਦੇਸ਼ ਨੂੰ ਨਾ ਮੰਨਣ ਵਾਲਿਆਂ ਨੂੰ ਵੀ ਆਪ ਜੀ ਵੱਲੋਂ ਪੰਥ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ। ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਨਿਯਮ ਬਣਾਉਣ ਦਾ ਹੁਕਮਨਾਮਾ, ਆਰ ਐਸ ਐਸ ਨੂੰ ਮੂੰਹ ਨਾ ਲਾਉਣ ਦੇ ਹੁਕਮਾਂ ਦੀ ਉਲੰਘਣਾ ਕਰਕੇ ਪਤੀ ਪਤਨੀ ਵਾਲਾ ਰਾਜਨੀਤਿਕ ਸੰਬੰਧ ਬਣਾਉਣ ਵਾਲਿਆਂ ਖਿਲਾਫ ਕਾਰਵਾਈ, ਆਪਣਾ ਚੈਨਲ ਸ਼ੁਰੂ ਕਰਨ ਵਾਲੇ ਆਦੇਸ਼ ਆਦਿ ਨੂੰ ਨਾ ਮੰਨਣ ਬਾਰੇ ਵੀ ਸਪੱਸ਼ਟੀਕਰਨ ਮੰਗਿਆ ਜਾਣਾ ਚਾਹੀਦਾ ਹੈ। ਦੋ ਦਸੰਬਰ 2024 ਨੂੰ ਪੰਜ ਸਿੰਘ ਸਾਹਿਬਾਨ ਅੱਗੇ, ਸੰਗਤਾਂ ਦੀ ਹਾਜਰੀ ਵਿੱਚ ਸਭ ਕੁੱਝ ਮੰਨ ਕੇ ਮੁਕਰ ਜਾਣ ਵਾਲਿਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਵੀ ਫਸੀਲ ਤੋਂ ਕੀਤੇ ਜਾਣ ਦੀ ਅਸੀਂ ਮੰਗ ਕਰਦੇ ਹਾਂ। ਸ ਵਡਾਲਾ ਨੇ ਕਿਹਾ ਕਿ ਕੋਰ ਕਮੇਟੀ ਨੇ ਸਾਂਝੇ ਤੌਰ ‘ਤੇ ਜਥੇਦਾਰ ਸਾਹਿਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰਾਂ ਉਹਨਾਂ ਨੇ ਮੌਕੇ ਦੀਆਂ ਸਰਕਾਰਾਂ ਦੀ ਪਰਵਾਹ ਨਾ ਕਰਦਿਆਂ ਸਭ ਦੀ ਜਵਾਬ ਤਲਬੀ ਕੀਤੀ ਹੈ। ਉਸੇ ਤਰਾਂ ਉਹਨਾਂ ਨੂੰ ਸ ਧਾਮੀ, ਬਡੂੰਗਰ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਵੀ ਦਲੇਰੀ ਨਾਲ ਫੈਸਲਾ ਲੈਣਾ ਚਾਹੀਦਾ ਹੈ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਉਣ ਦੀ ਜਿੰਮੇਵਾਰੀ ਹੁਣ ਉਹਨਾਂ ਦੇ ਸਿਰ ਹੈ।

ਅੱਜ ਦੀ ਇਸ ਮੀਟਿੰਗ ਵਿੱਚ ਸ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਬੀਬੀ ਜਗੀਰ ਕੌਰ, ਪ੍ਰੋ ਪ੍ਰੇਮ ਸਿੰਘ ਸਿੰਘ ਚੰਦੂਮਾਜਰਾ, ਸ ਗੋਬਿੰਦ ਸਿੰਘ ਲੌਂਗੋਵਾਲ, ਸ ਸੁੱਚਾ ਸਿੰਘ ਛੋਟੇਪੁਰ, ਸ ਸਰਵਣ ਸਿੰਘ ਫਿਲੌਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ ਇਕਬਾਲ ਸਿੰਘ ਝੂੰਦਾਂ, ਸ੍ਰੀ ਪ੍ਰਕਾਸ਼ ਚੰਦ ਗਰਗ, ਸ ਸੰਤਾ ਸਿੰਘ ਉਮੈਦਪੁਰੀ, ਸ ਗਗਨਜੀਤ ਸਿੰਘ ਬਰਨਾਲਾ, ਸ ਰਣਜੀਤ ਸਿੰਘ ਛੱਜਲਵੱਡੀ, ਭਾਈ ਮਨਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਸ ਰਘਬੀਰ ਸਿੰਘ ਰਾਜਾਸਾਂਸੀ, ਅਜੈਪਾਲ ਸਿੰਘ ਮੀਰਾਂਕੋਟ, ਸ ਕਰਨ ਸਿੰਘ DTO, ਸ ਕਰਨੈਲ ਸਿੰਘ ਪੀਰਮੁਹੰਮਦ, ਸ , ਸ ਗੁਰਜੀਤ ਸਿੰਘ ਤਲਵੰਡੀ, ਸ ਮਨਿੰਦਰ ਸਿੰਘ ਧੁੰਨਾ, ਗਿਆਨੀ ਹਰਦੀਪ ਸਿੰਘ, ਸ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਤੇ ਸ ਤਜਿੰਦਰ ਸਿੰਘ ਪੰਨੂੰ ਮੀਡੀਆ ਇੰਚਾਰਜ ਸ਼ਾਮਲ ਸਨ। ਮੀਡੀਆ ਨੂੰ ਇਹ ਜਾਣਕਾਰੀ ਪ੍ਰੈੱਸ ਬਿਆਨ ਰਾਹੀਂ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।

Related posts

ਅਸ਼ਵਨੀ ਸ਼ਰਮਾ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

admin

ਰੇਲ ਕੋਚ ਫੈਕਟਰੀ ਨਵੀਨਤਮ ਕਾਢਾਂ ਨਾਲ ਨਵੇਂ ਮਿਆਰ ਸਥਾਪਿਤ ਕਰ ਰਹੀ ਹੈ: ਰਵਨੀਤ ਸਿੰਘ

Bunty

ਹੁਣ ‘ਜੀਪੀਐਸ-ਐਨਕਲੇਟ’ ਨਸ਼ਾ ਤਸਕਰਾਂ ‘ਤੇ ਖਤਰਨਾਕ ਅਪਰਾਧੀਆਂ ਨੂੰ ਫਰਾਰ ਹੋਣ ਤੋਂ ਰੋਕੇਗੀ !

admin