ਨਵੀਂ ਦਿੱਲੀ – ਟੀਵੀ ਇੰਡਸਟਰੀ ਦੀ ਕੁਈਨ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਏਕਤਾ ਕਪੂਰ ਦੀ ਵੈੱਬ ਸੀਰੀਜ਼ XXX ਸੀਜ਼ਨ 2 ਨੂੰ ਲੈ ਕੇ ਬੇਗੂਸਰਾਏ ਅਦਾਲਤ ਵੱਲੋਂ ਉਸ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸੀਰੀਜ਼ ’ਚ ਦਿਖਾਏ ਗਏ ਇਤਰਾਜ਼ਯੋਗ ਦਿ੍ਰਸ਼ਾਂ ਨੂੰ ਲੈ ਕੇ ਬਿਹਾਰ ਦੀ ਬੇਗੂਸਰਾਏ ਅਦਾਲਤ ’ਚ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫ਼ੌਜੀਆਂ ਦੇ ਅਪਮਾਨ ਦੇ ਮਾਮਲੇ ਵਿਚ ਏਕਤਾ ਅਤੇ ਸ਼ੋਭਾ ਕਪੂਰ ਖ਼ਿਲਾਫ਼ ਅਦਾਲਤ ਨੇ ਗਿ੍ਰਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਦਰਅਸਲ ਇਸ ਵੈੱਬ ਸੀਰੀਜ਼ ’ਚ ਸੈਨਿਕਾਂ ਦੇ ਅਪਮਾਨ ਦਾ ਮਾਮਲਾ ਹੈ। ਇਸ ’ਚ ਸਾਰੇ ਇਤਰਾਜ਼ਯੋਗ ਦਿ੍ਰਸ਼ ਦਿਖਾਏ ਗਏ ਹਨ। ਇਨ੍ਹਾਂ ਵਿੱਚੋਂ ਇਕ ਫ਼ੌਜੀ ਦੀ ਪਤਨੀ ਨਾਲ ਸਬੰਧਤ ਇਤਰਾਜ਼ਯੋਗ ਦਿ੍ਰਸ਼ ਵੀ ਸ਼ਾਮਿਲ ਹੈ। ਇਸ ਲਈ ਬਿਹਾਰ ਦੇ ਬੇਗੂਸਰਾਏ ’ਚ ਏਕਤਾ ਕਪੂਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬੇਗੂਸਰਾਏ ਅਦਾਲਤ ਨੇ ਏਕਤਾ ਕਪੂਰ ਅਤੇ ਉਸ ਦੀ ਮਾਂ ਸ਼ੋਭਾ ਕਪੂਰ ਨੂੰ ਸੰਮਨ ਭੇਜ ਕੇ ਉਨ੍ਹਾਂ ਨੂੰ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ ਹੁਕਮ ਦਿੱਤਾ ਸੀ।
ਖ਼ਬਰਾਂ ਮੁਤਾਬਿਕ ਏਕਤਾ ਕਪੂਰ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਜਿਵੇਂ ਹੀ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਤੁਰੰਤ ਇਸ ਸੀਨ ਨੂੰ ਵੈੱਬ ਸੀਰੀਜ਼ ਤੋਂ ਹਟਾ ਦਿੱਤਾ। ਇਸ ਦੇ ਨਾਲ ਹੀ ਏਕਤਾ ਨੇ ਆਪਣੀ ਗਲਤੀ ਮੰਨਦਿਆਂ ਲੋਕਾਂ ਤੋਂ ਮਾਫ਼ੀ ਮੰਗੀ ਸੀ। ਇਹ ਮਾਮਲਾ ਸੈਨਿਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸ਼ੰਭੂ ਕੁਮਾਰ ਨੇ ਦਰਜ ਕਰਵਾਇਆ ਹੈ। ਸ਼ੰਭੂ ਕੁਮਾਰ ਨੇ ਕਿਹਾ ਕਿ ਭਾਰਤੀ ਜਵਾਨ ਖ਼ੁਦ ਨੂੰ ਖ਼ਤਰੇ ਵਿਚ ਰੱਖ ਕੇ ਦੇਸ਼ ਦੀ ਸੇਵਾ ਕਰਦੇ ਹਨ। ਅਜਿਹੇ ’ਚ ਉਨ੍ਹਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਪਰ ਇੱਥੇ ਉਲਟ ਹੋ ਰਿਹਾ ਹੈ। ਸੀਰੀਜ ’ਚ ਭਾਰਤੀ ਜਵਾਨ ਅਤੇ ਉਸ ਦੀ ਪਤਨੀ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਏਕਤਾ ਕਪੂਰ ਦੀ ਇਹ ਵੈੱਬ ਸੀਰੀਜ਼ ਸਾਲ 2020 ਵਿਚ ਰਿਲੀਜ਼ ਹੋਈ ਸੀ।