ਓਸ਼ੋ ਦੇ ਗੁੱਝੇ ਇਸ਼ਾਰੇ !

ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਕੋਈ ਬੰਦਾ ਜੰਗਲ਼ੀ ਇਲਾਕੇ ਵਿਚ ਤੁਰਿਆ ਜਾ ਰਿਹਾ ਸੀ ਕਿ ਉਹ ਰਸਤੇ ਨਾਲ਼ ਲਗਦੇ ਵੀਰਾਨ ਪਏ ਖੂਹ ਵਿਚ ਡਿਗ ਪਿਆ। ਥੋੜ੍ਹੇ ਚਿਰ ਬਾਅਦ ਉਹਦੇ ਕੰਨੀਂ ਕੁਛ ਰਾਹਗੀਰਾਂ ਦੀਆਂ ਅਵਾਜਾਂ ਪਈਆਂ। ਉਸ ਨੇ ਉੱਚੀ ਉੱਚੀ ਹਾਕਾਂ ਮਾਰੀਆਂ ਕਿ ਭਰਾਵੋ ਮੈਂ ਖੂਹ ‘ਚ ਡਿੱਗਾ ਹੋਇਆਂ, ਮੈਨੂੰ ਬਾਹਰ ਕੱਢਣ ਦਾ ਕੋਈ ਹੀਲਾ ਵਸੀਲਾ ਕਰੋ ?

“ਓ ਭਰਾਵਾ ਅਸੀਂ ਤਾਂ ਇੱਧਰ ਪਿਕਨਿਕ ਮਨਾਉਣ ਆਏ ਹਾਂ,ਸਾਥੋਂ ਨੀ ‘ਇਹ ਕੰਮ’ ਹੋਣਾ !” ਰਾਹੀਆਂ ਨੇ ਜਵਾਬ ਦਿੱਤਾ !

ਕੁੱਝ ਚਿਰ ਬਾਅਦ ਉਸਨੇ ਬਾਹਰ ਤੁਰੇ ਜਾਂਦਿਆਂ ਦੀ ਪੈਛੜ ਸੁਣਕੇ ਫੇਰ ‘ਵਾਜਾਂ ਮਾਰੀਆਂ ਕਿ ਬਰਾਏ ਮਿਹਰਬਾਨੀ ਮੈਨੂੰ ਖੂਹ ‘ਚੋਂ ਬਾਹਰ ਕੱਢੋ ਭਰਾਵੋ !

“ਵਾਹਿਗੁਰੂ  ਵਾਹਿਗੁਰੂ ! ” ਬਾਹਰ ਤੁਰੇ ਜਾਂਦੇ ਬੰਦੇ ਬੋਲੇ-“ਸੱਜਣਾ ਅਸੀਂ ਤਾਂ ਦੁਨੀਆਂ ਦਾਰੀ ਤੋਂ ਉਪਰਾਮ ਹੋ ਕੇ ਇਕਾਂਤ ਵਿਚ ਭਜਨ ਬੰਦਗੀ ਕਰਨ ਜਾ ਰਹੇ ਹਾਂ, ਸਾਨੂੰ ਏਸ ‘ਝੰਜਟ’ ਵਿਚ ਨਾ ਪਾ !!”

ਘੜੀ ਘੰਟਾ ਬੀਤਣ ਤੋਂ ਬਾਅਦ ਬਾਹਰ ਹੋ ਰਹੀਆਂ ਗੱਲਾਂ ਸੁਣਕੇ ਉਸਨੇ ਫਿਰ ਤਰਲਾ ਮਾਰਿਆ ਕਿ ਵੀਰੋ ਮੈਨੂੰ ਖੂਹ ‘ਚੋਂ ਕੱਢੋ ਕਿਸੇ ਤਰਾਂ ?

ਉਹਦੀ ਪੁਕਾਰ ਸੁਣਕੇ ਬਾਹਰ ਵਾਲ਼ੇ ਸੱਜਣ ਕਹਿੰਦੇ ਘਬਰਾ ਨਾ ਭਾਈ, ਤੈਨੂੰ ਹੁਣੇ ਬਾਹਰ ਕੱਢਦੇ ਆਂ ! ਉਸੇ ਵੇਲੇ ਉਨ੍ਹਾਂ ਨੇ ਆਪਣੇ ਝੋਲ਼ਿਆਂ ‘ਚੋਂ ਫਟਾ ਫਟ ਰੱਸੇ ਅਤੇ ਨਿੱਕੀ ਪੀਹੜੀ ਕੱਢੀ ਜਿਸਨੂੰ ਖੂਹ ਵਿਚ ਉਤਾਰ ਕੇ ਬੰਦੇ ਨੂੰ ਬਾਹਰ ਕੱਢ ਲਿਆ! ਬਾਹਰ ਨਿਕਲ਼ ਕੇ ਬੰਦਾ ਲੱਗਾ ਉਨ੍ਹਾਂ ਸੱਜਣਾ ਦਾ ਧੰਨਵਾਦ ਕਰਨ ਪਰ ਉਹ ਭਲੇ ਪੁਰਖ ਕਹਿੰਦੇ ਭਰਾਵਾ ਸਾਡਾ ਤਾਂ ਸੇਵਾਦਾਰਾਂ ਦਾ ਇਕ ਗਰੁੱਪ ਹੈ ਜੋ ਫਿਰ-ਤੁਰ ਕੇ ਖੂਹਾਂ ‘ਚ ਡਿਗ ਪਏ ਬੰਦੇ ਜਾਂ ਖੂਹ ‘ਚ ਡਿਗਿਆ ਹੋਇਆ ਕੋਈ ਹੋਰ ਸਮਾਨ ਵਗੈਰਾ ਬਾਹਰ ਕੱਢਣ ਦੀ ਸੇਵਾ ਕਰਦੇ ਹਾਂ ! ਧੰਨਵਾਦ ਦੀ ਕੋਈ ਲੋੜ ਨੀ, ਪਰ ਤੂੰ ‘ਸ਼ਰਧਾ-ਸਤਿਕਾਰ’ ਮੁਤਾਬਕ ਆਹ ਸਾਡੀ ਗੋਲ੍ਹਕ ‘ਚ ਮਾਇਆ ਪਾ ਸਕਦਾ ਐਂ !

ਥੋੜੇ ਬਹੁਤੇ ਪੈਸੇ ਗੋਲ੍ਹਕ ਵਿਚ ਪਾ ਕੇ ਉਹ ਬੰਦਾ ਕਹਿੰਦਾ ਭਰਾਵੋ ਰਸਤੇ ਦੇ ਨਾਲ਼ ਲਗਦੇ ਇਸ ਪੁਰਾਣੇ ਖੂਹ ਦੀ ਮੌਣ ਦੀਆਂ ਇੱਟਾਂ ਖੂਹ ਵਿਚ ਡਿਗ ਚੁੱਕੀਆਂ ਹਨ। ਤੁਸੀਂ ਇਹਦੀ ਮੌਣ ਉੱਚੀ ਕਰਕੇ ਨਵੀਂ ਬਣਵਾ ਦਿਉ ਤਾਂ ਕਿ ਕੋਈ ਮੇਰੇ ਵਾਂਗ ਖੂਹ ‘ਚ ਨਾ ਡਿਗ ਪਵੇ ?

ਉਹ ‘ਸੇਵਾਦਾਰ’ ਬੋਲੇ- “ਨਾ ਜੀ ਨਾ ਭਰਾਵਾ ! ਇਹ ਕੰਮ ਨੀ ਅਸੀਂ ਕਰਨਾਂ !! ਜੇ ਅਸੀਂ ਮੌਣ ਉੱਚੀ ਕਰਵਾ ਦਿੱਤੀ ਤਦ ‘ਸਾਡਾ ਤਾਂ ਕੰਮ’ ਹੀ ਬੰਦ ਹੋ ਜਾਵੇਗਾ !”

(ਓਸ਼ੋ ਦੀ ਕਥਾ ਵਿੱਚੋਂ)

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !