ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗਏ। ਬਾਅਦ ਵਿੱਚ ਉਨ੍ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਉਹ ਦਰਸ਼ਨ ਕਰਕੇ ਡੇਰਾ ਬਾਬਾ ਨਾਨਕ ਪਰਤ ਆਏ ਹਨ। ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਫੇਰੀ ਤੇ ਪਾਕਿਸਤਾਨ ‘ਚ ਦਿੱਤੇ ਆਪਣੇ ਬਿਆਨ ‘ਤੇ ਪੱਖ ਰੱਖਿਆ। ਕਰਤਾਰਪੁਰ ਸਾਹਿਬ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਦੱਸਣ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਸਤੀ ਹੀ ਇਕੋ-ਇਕ ਰਸਤਾ ਹੈ। ਦੋਵਾਂ ਦੇਸ਼ਾਂ ਦਾ ਸੱਭਿਆਚਾਰ ਇੱਕੋ ਜਿਹਾ ਹੈ ਤੇ ਇਸ ਲਈ ਅਮਨ-ਸ਼ਾਂਤੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਮੇਰੀਆਂ ਗੱਲ ਦਾ ਕੋਈ ਬਤੰਗੜ ਬਣਾ ਲਏ, ਇਸ ਦੀ ਕੋਈ ਪਰਵਾਹ ਨਹੀਂ ਪਰ ਮੈਂ ਸ਼ਾਂਤੀ ਤੇ ਦੋਸਤੀ ਦੀ ਗੱਲ ਕਰਦਾ ਰਹਾਂਗਾ। ਸਿੱਧੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ। ਭਾਜਪਾ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ ਵੱਡਾ ਭਰਾ ਕਹਿਣ ਬਾਰੇ ਪੁੱਛੇ ਜਾਣ ‘ਤੇ ਸਿੱਧੂ ਨੇ ਕਿਹਾ, ‘ਭਾਜਪਾ ਨੇ ਜੋ ਕਹਿਣਾ ਹੈ, ਉਹ ਕਹਿੰਦੀ ਰਹੇ। ਮੈਂ ਸ਼ਾਂਤੀ ਤੇ ਦੋਸਤੀ ਦਾ ਹਮਾਇਤੀ ਹਾਂ। ਭਾਜਪਾ ਜੋ ਮਰਜ਼ੀ ਕਹਿੰਦੀ ਰਹੇ। ਭਾਜਪਾ ਜੋ ਇਲਜ਼ਾਮ ਲਗਾਉਣਾ ਚਾਹੇ ਲਗਾਏ, ਮੈਂ ਕਹਿੰਦਾ ਹਾਂ ਉਨ੍ਹਾਂ ਦਾ ਕੋਈ ਦੋਸ਼ ਨਹੀਂ ਲੈਣਾ।’ ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਸੁਪਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਯਤਨਾਂ ਸਦਕਾ ਹੀ ਪੂਰਾ ਹੋਇਆ ਹੈ।