ਕਾਲੇ ਕੁੱਤੇ ਦੀ ਟਸ਼ਨ : ਵਿਅੰਗ

ਸਾਡੇ ਮੁਹੱਲੇ ਦੇ ਕਾਲੇ ਕੁੱਤੇ ਦੀ ਗੋਰੇ ਲ਼ਾਟ-ਸਾਹਿਬ ਨਾਲੋਂ ਵਧੇਰੇ ਟਸ਼ਨ ਹੈ!

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

ਸਾਡੇ ਮੁਹੱਲੇ ਦੇ ਕਾਲੇ ਕੁੱਤੇ ਦੀ ਗੋਰੇ ਲ਼ਾਟ-ਸਾਹਿਬ ਨਾਲੋਂ ਵਧੇਰੇ ਟਸ਼ਨ ਹੈ! ਤੇ ਉਸ ਦੀ ਟੌਹਰ/ਸਵੈਗ ਟੁੰਡੇ ਲਾਟ-ਸਾਹਿਬ ਤੋਂ ਵੀ ਵਧੇਰੇ! ਕਈ ਪਤੀ-ਬਰਤਾ ਪਤਨੀਆਂ ਆਪਣੇ ‘ਪਤੀ-ਪ੍ਰਮੇਸ਼ਰ’ ਨੂੰ ਉਨਾਂ ਚਿਰ ਇੱਕ ਬਹੀ/ਬੁੱਸੀ ਬੁਰਕੀ ਵੀ ਨਹੀਂ ਪਾਉਣਗੀਆਂ ਜਿੰਨਾ ਚਿਰ ਉਹ ਆਪਣੇ ਇਸ ਲਾਡਲੇ ਕੁੱਤੇ ਨੂੰ ਦੁੱਧ-ਮਲਾਈ ਵਿੱਚ  ਤਾਜ਼ੇ ਪਰੌਂਠੇ ਦੀ ਚੂਰੀ ਕਰਕੇ ਛਕਾ ਨਹੀਂ ਲੈਂਦੀਆਂ! ਸਾਨੂੰ ਇਸ ਕਾਲੇ ਕੁੱਤੇ, ਜਿਸ ਦਾ ਨਾਮ ਉਹਨਾਂ ਨੇ ਪਿਆਰ ਨਾਲ ‘ਗੋਰਾ ਰਾਜਾ’ ਰੱਖਿਐ, ਨਾਲ ਬਹੁਤ ਈਰਖਾ ਹੈ ਤੇ ਅਸੀਂ ਇਹ ਲੇਖ ਸੜ-ਬਲ ਕੇ ਕੋਲੇ ਹੋ ਕੇ ਹੀ ਲਿਖ ਰਹੇ ਹਾਂ!

ਉਂਝ ਤਾਂ ਆਮ ਤੌਰ ਤੇ ਸਾਡੇ ‘ਚੋਂ ਬਹੁਤੇ ਗੋਰੇ ਰੰਗ ਦੇ ਪਟੇ ਹੋਏ ਹਨ, ਬੇਸ਼ਕ ‘ਗੋਰਾ ਰੰਗ ਟਿੱਬਿਆਂ ਦਾ ਰੇਤਾ’ ਹੁੰਦਾ ਜੋ ‘ਵਾ’ ਆਈ ਉਡ’ ਜਾਂਦੈ, ਫਿਰ ਵੀ ਬੰਦਾ ਆਪਣੀ ਜੀਵਨ-ਸਾਥਣ ਵਜੋਂ ਕੋਈ ‘ਗੋਰੀ ਮੇਮ’ ਦੇ ਹੀ ਸੁਪਨੇ ਲੈਂਦਾ ਰਹਿੰਦੈ, ਭਾਂਵੇਂ ਨਸੀਬ ‘ਚ ਲੁੱਕ ਦਾ ਡੱਬਾ’ ਹੀ ਕਿਉਂ ਨਾਂ ਲਿਖਿਆ ਹੋਵੇ! ਬਹੁਤੀਆਂ ਬੰਦੀਆਂ ਵੀ ਘੋੜੇ ਤੇ ਚੜ੍ਹ ਕੇ ਟੱਪ ਟੱਪ ਆਉਂਦੇ ਸ਼ਹਿਜ਼ਾਦੇ ਦੇ ਸੁਪਨੇ ਲੈਂਦੀਆ ਰਹਿੰਦੀਆਂ ਹਨ, ਬੇਸ਼ਕ ਮਿਲੇ ਕੋਈ ਮੇਰੇ ਵਰਗਾ ਫਟੀਚਰ ਹੀ! (ਖੈਰ ਹੁਣ ਤਾਂ ਘੋੜੇ ਦੀ ਬਜਾਏ ਮਰਸਿਡੀਜ਼ ਜਾਂ ਰੋਲਜ਼ ਰੌਇਸ ‘ਚ ਬੈਠ ਕੇ ਆਉਣ ਵਾਲੇ ਦੇ ਸੁਪਨੇ ਲਏ ਜਾਂਦੇ ਹਨ! ਸੁਪਨੇ ਲੈਣ ‘ਚ ਕੀ ਹਰਜ ਹੈ, ਤੋਪ ਦਾ ਲਾਈਸੈਂਸ ਮੰਗਾਂਗੇ ਤਾਂ ਦੇਸੀ ਕਟਾ ਤਾਂ ਮਿਲ ਹੀ ਜਾਏਗਾ!)।

ਕਾਲੇ ਰੰਗ ਦੀ ਐੇਨੀ ਮੰਗ ਤੇ ਮਹਿਮਾਂ ਅਸੀਂ ਪਹਿਲਾਂ ਕਦੀ ਨਹੀਂ ਦੇਖੀ-ਸੁਣੀ। ਇੱਕ ਦੋ ਦਿਲਾਸਾਨੁਮਾ ਗੀਤ ਜ਼ਰੂਰ ਸੁਣੇ ਐਂ-

“ਹਮ ਕਾਲੇ ਹੈਂ ਤੋ ਕਯਾ ਹੂਆ ਦਿਲ ਵਾਲੇ ਹੈਂ,
ਹਮ ਤੇਰੇ ਤੇਰੇ ਤੇਰੇ ਚਾਹਨੇ ਵਾਲੇ ਹੈਂ”(ਹਿੰਦੀ ਫਿਲਮ ‘ਗੁਮਨਾਮ’-1965)

ਜਾਂ

“ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ,
ਗੋਰਿਆਂ ਨੂੰ ਦਫਾ ਕਰੋ, ਮੈਂ ਆਪ ਤਿੱਲੇ ਦੀ ਤਾਰ” (ਪੰਜਾਬੀ ਲੋਕ-ਗੀਤ)

2014 ਦੀ ਇੱਕ ਪੰਜਾਬੀ ਫਿਲ਼ਮ ਦਾ ਨਾਮ ਵੀ ‘ਗੋਰਿਆਂ ਨੂੰ ਦਫਾ ਕਰੋ’ ਹੈ।

ਅਸੀਂ ਜਦ ਗਹਿਰਾਈ ਨਾਲ ਖੋਜ ਕੀਤੀ ਤਾਂ ਪਤਾ ਲਗਾ ਕਿ ਇਸ ਕਾਲੇ ਕੁੱਤੇ ਦੇ ਪ੍ਰੇਮ ਪਿੱਛੇ ਬਹੁਤਾ ਕਰਕੇ ਸਾਡੇ ਪਾਧੇ-ਪੰਡਿਤ ਹਨ ਜੋ ਵੱਖ ਵੱਖ ਵਹਿਬਤਾਂ/ਮੁਸੀਬਤਾਂ/ਰੁਕਾਵਟਾਂ ਦੇ ਵੱਖ ਵੱਖ ‘ਉਪਾਵਾਂ’ ਵਿੱਚ ਕਿਸੇ ਕਾਲੇ ਕੁੱਤੇ ਨੂੰ ਪ੍ਰਸ਼ਾਦਾ-ਪਾਣੀ ਛਕਾਉਣ ਦੀ ਕੀਮਤੀ ਸਲਾਹ ਦਿੰਦੇ ਹਨ। ਇਹੋ ਜਿਹੀ ਸਲਾਹ ਇੱਕ ਵਾਰ ਸਾਨੂੰ ਵੀ ਮਿਲ ਚੁੱਕੀ ਹੈ। ਸਾਡੀ ‘ਛੜਾਗੀਰੀ’ ਦੇ ਉਪਾਅ ਵਜੋਂ ਪੰਡਿਤ ਜੀ ਨੇ ਕਾਲੇ ਕੁੱਤੇ ਨੂੰ ਦੁੱਧ ਪਿਆਉਣ/ਰੋਟੀ ਪਾਉਣ ਤੋਂ ਇਲਾਵਾ 8 ਕਿਲੋ ਮਾਂਹ ਦੀ ਦਾਲ ਵਗਦੇ ਪਾਣੀ ਵਿਚ ਤਾਰਨ, 4 ਚਾਂਦੀ ਦੀਆਂ ਗਊਆਂ ਮਨਸਣ ਅਤੇ ਬਿੱਲੀ ਦੀ ਜੇਰ ਜੇਬ ਵਿਚ ਰਖਣ ਆਦਿ ਦਾ ਮਹਿੰਗਾ ਜਿਹਾ ਮਸ਼ਵਰਾ ਦਿਤਾ ਸੀ,ਜੋ ਅਸੀਂ ਨਹੀਂ ਸੀ ਮੰਨਿਆਂ। ਸ਼ਾਇਦ ਇਸ ਕਰਕੇ ਹੀ ਕਾਲਾ ਕੁੱਤਾ ਹੁਣ ਸਾਥੋਂ ਗਿਣ ਗਿਣ ਕੇ ਬਦਲੇ ਲੈ ਰਿਹੈ ਕਿਉਂਕਿ ਸਾਡੀ ‘ਬਿਟਰ-ਹਾਲਫ’ (ਕੌੜੀ ਅਰਧਾਂਗਣੀ) ਓਨੀ ਦੇਰ ਸਾਨੂੰ ਬੇਹੀ ਰੋਟੀ ਦੀ ਬੁਰਕੀ ਵੀ ਨਹੀਂ ਪਾਉਂਦੀ ਜਿੰਨੀ ਦੇਰ ਉਹ ਕਾਲੇ ਕੁੱਤੇ ਨੂੰ ਦੁੱਧ-ਮਲਾਈ ‘ਚ ਤਾਜ਼ੇ ਪਰਾਂਉਂਠੇ ਦੀ ਚੂਰੀ ਕਰਕੇ ਨਹੀਂ ਖੁਆ ਦਿੰਦੀ! ਕਈ ਵਾਰ ਤਾਂ ਇਸ ਕਾਲ-ਕਲੂਟੇ ਕੁੱਤੇ ਦੇ ਪੁੱਤ ਨੂੰ ਅੰਡੇ ਦੀ ਭੁਰਜੀ, ਖੰਡ-ਖੀਰ ਵੀ ਪਰੋਸੀ ਜਾਂਦੀ ਹੈ, ਭਾਵੇਂ ਅਸੀਂ ਬਹੁਤ ਵਾਰ ਆਪਣੀ ਸ਼ਰੀਕ-ਏ-(ਵਾ) ਹਯਾਤ ਨੂੰ ਇਹ ਦਸ ਚੁੱਕੇ ਹਾਂ ਕਿ ‘ਕੁੱਤਿਆਂ ਨੂੰ ਖੀਰ ਨਹੀਂ ਪਚਦੀ’ ਹੁੰਦੀ।

ਪਰ ਕਰੀਏ ਕੀ, ਸਾਡੇ ਤਾਂ ਇਧਰ ਦਸਤੂਰ ਹੀ ਨਿਰਾਲਾ ਹੈ, ‘ਕੁੱਤੇ ਖਾਵਣ ਖੀਰਾਂ,ਬੰਦੇ ਤਰਸਣ ਬੁੱਸੀਆਂ ਨੂੰ’! ‘ਬਿਸਕੁਟ ਖਾਂਦੇ ਕੁੱਤੇ,/ ‘ਤੇ ਬੰਦੇ, ਟੁੱਕਰ ਸੁੱਕੇ’!

ਜਾਣੀ ‘ਕੁੱਤੇ ਖਾਣ ਜਲੇਬੀਆਂ, ਪ੍ਰੋਹਤ ਭੁੱਖੇ’! ਅਸੀਂ ਆਪਣੇ ਆਪ ਨੂੰ ਬੜਾ ਸਮਝਾਉਂਦੇ ਹਾਂ ਕਿ ਇੱਕ ਨਾਂ ਇੱਕ ਦਿਨ ‘ਹਰ ਕੁੱਤੇ ਦੇ ਦਿਨ ਆਉਂਦੇ ਹਨ’ ਅਤੇ ‘ਆਪਨਾ ਟਾਈਮ ਵੀ ਆਏਗਾ’ ਪਰ ਕਰੀਏ ਕੀ, ਭੈੜਾ ਮਨ ਮਸੋਸਿਆ ਜਾਂਦੈ ਕਾਲੇ ਕੁੱਤੇ ਦੀ ਆਉ-ਭਗਤ ਦੇਖ ਕੇ। ਅਸੀਂ ਕਈ ਵਾਰ ਉਦਾਸ/ਮਾਯੂਸ ਮਨ ਨੂੰ ਇਹ ਵੀ ਦਿਲਾਸਾ ਦਿਤੈ ਕਿ ‘ਕੁੱਤਿਆਂ ਦੇ ਲਕਿਆਂ ਸਮੁੰਦਰ ਨਈਂ ਪਲੀਤ/ਖਾਲੀ ਹੁੰਦੇ’ ਤੇ ‘ਕੁਤਾ ਰਾਜ ਬਹਾਲੀਐ, ਫਿਰ ਚਕੀ ਚਟੈ’ (ਭਾਈ ਗੁਰਦਾਸ ਜੀ) ਪਰ ਗੱਲ ਜਿਹੀ ਨਾਂ ਬਣੀ, ਉਲਟੀ ਕੁੱਤੇ ਖਾਣੀ ਜਾਂ ਕੁੱਤੇ ਦੀ ਬਾਬ ਹੀ ਹੋਈ।

ਸਾਡੇ ਇਸ ਕਾਲੇ ਕੁੱਤੇ ਦਾ ਇੱਕ ਪੂਰਾ ਗੈਂਗ ਹੈ, ਜਿਸ ਵਿੱਚ ਚਿੱਟੇ, ਭੁਰੇ, ਡੱਬ-ਖੜੱਬੇ ਤੇ ਹੋਰ ਬਹੁ-ਰੰਗੇ ਅਵਾਰਾ ‘ਦਰਵੇਸ਼’ ਸ਼ਾਮਿਲ ਹਨ। ਕਾਲੂ ਨਾਲ ਇਹਨਾਂ ‘ਦਰਵੇਸ਼ਾਂ’ ਦਾ ਵੀ ਹਲਵੇ-ਮੰਡੇ ਦਾ ਦਾਅ ਲਗਦਾ ਰਹਿੰਦੈ। ਇਹ ਗੈਂਗ ਕਿਸੇ ਓਪਰੇ ਕੁੱਤੇ ਜਾਂ ਬੰਦੇ ਨੂੰ ਆਪਣੇ ਇਲਾਕੇ ਦੇ ਨੇੜੇ ਨਹੀਂ ਫਟਕਣ ਦਿੰਦਾ। ਕੁੱਤਾ ਤਾਂ ਉਂਝ ਹੀ ਆਪਣੀ ਗਲੀ ਵਿੱਚ ਸ਼ੇਰ ਹੁੰਦੈ! ਇਸ ਲਈ ਜੇ ਕੋਈ ‘ਘੁਸਪੈਂਠੀਆ’ ਹੱਦ ਪਾਰ ਕਰਨ ਦਾ ਦੁਸਾਹਸ ਕਰ ਲਵੇ ਤਾਂ ਸਾਰਾ ਗੈਂਗ ਹੀ ਹੱਥ ਧੋ ਕੇ ਉਸ ਦੇ ਮਗਰ ਪੈ ਜਾਂਦੈ। ਇਸ ਮੌਕੇ ਇਹ ਸਾਰੇ ‘ਦਰਵੇਸ਼’ ਖੂੰਖਾਰ ਦਰਿੰਦੇ ਬਣ ਜਾਂਦੇ ਐ ਤੇ ‘ਬਾਹਰਲੇ’ ਨੂੰ ਨੋਚ ਨੋਚ ਖਾਣ ਤਕ ਜਾਂਦੇ ਐ।ਉਂਝ ਵੀ ਬੱਚੇ, ਬਜ਼ੁਰਗ, ਔਰਤਾਂ ਇਹਨਾਂ ਦੇ ਚਾਕੂਆਂ ਵਰਗੇ ਦੰਦਾਂ ਤੇ ਦਾਤਰ ਵਰਗੀਆਂ ਨਹੁੰਦਰਾਂ ਦੇ ‘ਸਾਫਟ ਟਾਰਗੈਟ’ ਬਣਦੇ ਰਹਿੰਦੇ ਹਨ।

ਵੈਸੇ ਵੀ ਸਾਡੇ ਦੇਸ਼ ‘ਚ ਅੱਜ-ਕੱਲ੍ਹ ਕੁੱਤਿਆਂ ਨੂੰ ਲੈ ਕੇ ਬੜੀ ਕੁੱਤਾ-ਚੀਕੀ ਮਚੀ ਹੋਈ ਹੈ। ਕੁੱਤਾ-ਪ੍ਰੇਮੀਆਂ ਅਤੇ ਅਵਾਰਾ ਕੁੱਤਿਆਂ ਦਾ ਵਿਰੋਧ ਕਰਨ ਵਾਲੇ ਕੁੱਤਿਉ-ਕੁੱਤੀ ਹੋਏ ਪਏ ਹਨ। ਦੋ ਖੇਮਿਆਂ ‘ਚ ਵੰਡ ਹੋ ਗਈ ਹੈ। ਕਈ ਚੈਨਲਾਂ ਤੇ ਬਹਿਸਾਂ ਚਲ ਰਹੀਆਂ ਹਨ। ਅਦਾਲਤਾਂ ‘ਚ ਕੇਸ ਚਲੇ ਗਏ ਹਨ।ਸਰਬ-ਉੱਚ ਅਦਾਲਤ ਕਦੀ ਕੋਈ ਤੇ ਕਦੀ ਹੋਰ ਕੋਈ ਫੈਸਲਾ ਸੁਣਾ ਰਹੀ ਹੈ। ਇੱਕ ਬੈਂਚ ਦਾ ਫੈਸਲਾ ਦੂਜਾ ਬੈਂਚ ਅਗੇ-ਪਿਛੇ ਕਰ ਰਿਹੈ। ਫਿਰ ਹੋਰ ਵਡਾ ਬੈਂਚ ਕੋਈ ਹੋਰ ਫੈਸਲਾ ਸੁਣਾ ਦਿੰਦੈ। ਪਿਛਲੇ ਮਹੀਨੇ (ਮਈ) ਅਵਾਰਾ ਕੁੱਤਿਆਂ ਨੂੰ ਜਨਤਕ ਥਾਂਵਾਂ ਤੋਂ ਹਟਾ ਕੇ ਡੌਗ ਸ਼ੈਲਟਰਾਂ ‘ਚ ਰਖਣ ਦਾ, ਨਸਬੰਦੀ ਕਰਨ, ਆਕਰਮਕ, ਹਿੰਸਕ, ਹਲਕਾਅ-ਮਾਰਿਆਂ, ਲਾਇਲਾਜ ਬੀਮਾਰੀਆਂ ਤੋਂ ਪੀੜਤ ਜਾਂ ਵੱਢਖਾਣੇ ਕੁੱਤਿਆਂ ਨੂੰ ਮਾਰਨ ਦਾ ਫੈਸਲਾ ਦਿਤਾ ਗਿਆ।ਅਵੱਗਿਆ ਕਰਨ ਵਾਲਿਆਂ ਨੂੰ ਵਡੇ ਜੁਰਮਾਨਿਆਂ ਦੀ ਵਿਵਸਥਾ ਕੀਤੀ ਗਈ। ਅਜਿਹੇ ਫੈਸਲਿਆਂ ਤੇ ਪਸ਼ੂ-ਪ੍ਰੇਮੀ ਗੁੱਸੇ ‘ਚ ਅੱਗ-ਬਗੂਲਾ ਹੋ ਗਏ ਪਰ ਕੁੱਤਿਆਂ ਦੇ ਵੱਢਣ/ਕਟਣ ਦੇ ਸ਼ਿਕਾਰ ਪ੍ਰਸੰਨ। ਇਸ ਫੇਸਲੇ ਵਿਰੁੱਧ ਪਸ਼ੂ-ਪ੍ਰੇਮੀਆਂ ਨੇ ਇੱਕ ਪਟੀਸ਼ਨ ਵੀ ਪਾ ਦਿਤੀ ਹੈ।

ਦਰਅਸਲ, ਇੱਕ ਅੰਦਾਜ਼ੇ ਅਨੁਸਾਰ ਸਾਡੇ ਦੇਸ਼ ਵਿੱਚ ਵਿਸ਼ਵ ਭਰ ਨਾਲੋਂ ਵਧੇਰੇ ਅਵਾਰਾ ਕੁੱਤੇ ਹਨ, ਕਰੀਬ 15.3 ਮਿਲ਼ੀਅਨ ਤੋਂ 60 ਮਿਲੀਅਨ ਤੋਂ ਵਧੇਰੇ। ਹਰ ਸਾਲ ਕੁੱਤਿਆਂ ਦੇ ਵੱਢਣ ਦੇ ਕਰੀਬ 3.7 ਮਿਲੀਅਨ ਤੋਂ 15 ਮਿਲੀਅਨ ਕੇਸ ਹੁੰਦੇ ਹਨ। ਕਿਹਾ ਜਾਂਦੈ ਕਿ ਹਰ ਸਾਲ ਸਾਡੇ ਹਲਕੇ ਕੁੱਤਿਆ ਦੇ ਵੱਢਣ ਕਾਰਨ 18000-20000 ਮੌਤਾਂ ਹੁੰਦੀਆਂ ਹਨ! ਜੋ ਵਿਸ਼ਵ ‘ਚ ਹੋਣ ਵਾਲੀਆਂ ਅਜਿਹੀਆਂ ਕੁੱਲ ਮੌਤਾਂ ਦਾ 35% ਤੋਂ ਵੀ ਵਧ ਹੈ! ਕਈ ਤਾਂ ਇਹਨਾਂ ਮੌਤਾਂ ਦੇ  ਅੰਕੜੇ  ਔੋਸਤ 10000 ਹਰ ਰੋਜ਼ ਦਸਦੇ ਹਨ!

ਜਾਣੀ ਦੇਸ਼ ਕੁੱਤਿਆਂ ਦੇ ਇੱਕ ਗੰਭੀਰ ਮਸਲੇ ‘ਚ ਫਸਿਆ ਹੋਇਆ ਹੈ। ਇਹ ਮਸਲਾ ਇਸ ਕਦਰ ਗੰਭੀਰ ਹੈ ਕਿ ਊਰਜਾ ਸੰਕਟ, ਮਹਿੰਗਾਈ ਦੀ ਮਾਰ,ਪੈਟਰੋਲ/ਡੀਜ਼ਲ/ਰਸੋਈ ਗੈਸ ਦੀਆਂ ਅੰਬਰੀਂ ਪੁੱਜੀਆਂ ਕੀਮਤਾਂ, ਬੇਰੁਜ਼ਗਾਰੀ ਦਾ ਤਾਂਡਵ, ਨੀਟ ਪੇਪਰ ਦੇ ਲੀਕ ਹੋਣ ਕਾਰਨ 22 ਲਖ ਮੈਡੀਕਲ ਪ੍ਰੀਖਿਆਰਥੀਆਂ ਅਤੇ ਸੀ.ਬੀ.ਐੇਸ.ਈ.ਔਨਲਾਈਨ-ਸਕਰੀਨ ਮਾਰਕਿੰਗ ਘੁਟਾਲੇ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਪ੍ਰਭਾਵਿਤ ਹੋਣ, ਕਈ ਪ੍ਰੀਖਿਆਰਥੀਆਂ ਵਲੋਂ ਖੁਦਕੁਸ਼ੀ ਕਰਨ ਅਤੇ ਦੇਸ਼ ਨੂੰ ਦਰਪੇਸ਼ ਹੋਰ ਮਸਲਿਆਂ ਬਾਰੇ ਸੋਚਣ ਦੀ ਕਿਸੇ ਕੋਲ ਵਿਹਲ ਹੀ ਨਹੀਂ ਹੈ। ਆਪਣੀ 134 ਵੀਂ ‘ਮਨ ਕੀ ਬਾਤ’ ਵਿਚ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇਸ਼ਵਾਸੀਆਂ ਨੂੰ ਵੱਖ ਵੱਖ ਅੰਬਾਂ ਦੀਆਂ ਕਿਸਮਾਂ ਤੇ ਸਵਾਦਾਂ,ਗਰਮੀ ਤੋਂ ਬਚਣ ਲਈ ‘ਦੇਸੀ ਪੇਜਲ’ ਰਸੋਈ-ਨੁਸਖੇ ‘ਸੱਤੂ/ਲੱਸੀ’, ਪਾਣੀ-ਪੀਣ ਆਦਿ ਦੀ ਕੀਮਤੀ ਸਲਾਹ ਦੇਣ ‘ਚ ਹੀ ਰੁੱਝੇ ਰਹੇ, ਪਰ ਉਪਰੋਕਤ ਮਸਲਿਆਂ ਬਾਰੇ ਇੱਕ ਸ਼ਬਦ ਬੋਲਣਾ ਵੀ ਮੁਨਾਸਬ ਨਹੀਂ ਸਮਝਿਆ। (ਬਹੁਤ ਦੇਰ ਪਹਿਲਾਂ ਉਹ ਆਪਣੀ ਇੱਕ ‘ਮਨ ਕੀ ਬਾਤ’ ਵਿੱਚ ਦੇਸੀ ਕੁੱਤਿਆਂ ਦੀਆਂ ਖਾਸ ਨਸਲਾਂ ਦੀ ਮਹਿਮਾ ਕਰ ਚੁੱਕੇ ਹਨ ਤੇ ਉਹਨਾਂ ਦੀ ਮਹੱਤਤਾ ਬਾਰੇ ਵੀ ਦਸ ਚੁੱਕੇ ਹਨ)।

ਹਾਂ, ਆਪਣੀ ਤਾਜ਼ਾ ‘ਮਨ ਕੀ ਬਾਤ’ ‘ਚ ਮੋਦੀ ਜੀ ਨੇ ਦੋ ਬਾ-ਕਮਾਲ ਦੌੜਾਕਾਂ ਗੁਰਿੰਦਰਵੀਰ ਸਿੰਘ ਅਤੇ ਅਨਿਮੇਸ਼ ਕੁਜੂਰ ਨੂੰ ਥਾਪੜਾ ਦੇ ਕੇ ਅੱਛਾ ਕੀਤਾ।

ਖੈਰ,ਕੁੱਤਿਆਂ ਵਲ ਮੁੜਦੇ ਹਾਂ।

ਜਦੋਂ ਦਾ ਬੰਦੇ ਨੇ ਬੰਦੇ ਦੀ ਬਜਾਏ ਕੁੱਤਿਆਂ ਉਪਰ ਵਧੇਰੇ ਭਰੋਸਾ ਕਰਨਾਂ ਸ਼ੁਰੂ ਕੀਤੈ ਅਤੇ ਕਈ ਬੰਦੇ/ਬੰਦੀਆਂ ਨੇ ਆਪਣੇ ਬੈੱਡ-ਰੂਮਾਂ ਵਿੱਚ ਆਪਣੇ ਪਾਲਤੂ ਕੁੱਤਿਆਂ ਨੂੰ ਪਹਿਲ ਦੇਣ ਦੀ ਪਿਆਰੀ ਮਾਡਰਨ ਪ੍ਰਥਾ ਅਰੰਭ ਕੀਤੀ ਐ, ਕੁੱਤੇ ਬੜੇ ਤੀਂਘੜ ਤੀਂਘੜ,ਆਕੜ-ਆਕੜ ਫਿਰਦੇ ਹਨ ਤੇ ਬੰਦਿਆਂ ਨੂੰ ਟਿੱਚ ਸਮਝਦੇ ਹਨ! ਸ਼ੇਖ ਫਰੀਦ ਨੇ ਇਹ ਕਹਿ ਕੇ ਜ਼ਰੂਰ ਕੁੱਤੇ ਨੂੰ ਜ਼ਰਾ ਕੁੱਤੇ-ਸਿਰ ਕੀਤੈ- “ਫਰੀਦਾ ਬੇ ਨਿਮਾਜਾ ਕੁਤਿਆ ਏਹ ਨ ਭਲੀ ਰੀਤਿ।। ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ।। (ਸ.ਗ.ਗ.ਸ.ਅੰਗ-1381)। ਪਰ ਬਾਬਾ ਬੁੱਲੇ ਸ਼ਾਹ ਨੇ ਇਸ ਨਾਮੁਰਾਦ ਨੂੰ ਬੰਦੇ ਤੋਂ ਉਪਰ ਦਸ ਕੇ ਇਸ ਦੇ ਕੁੱਤਪੁਣੇ ਨੂੰ ਪੱਠੇ ਪਾ ਛਡੇ- “ਰਾਤੀਂ ਜਾਗਣ ਕਰਨ ਇਬਾਦਤ,/ਰਾਤੀਂ ਜਾਗਣ ਕੁੱਤੇ,/ਕੁੱਤੇ ਸਾਥੋਂ ਉੱਤੇ’। (ਵੈਸੇ ਗੁਰਬਾਣੀ ਵਿੱਚ ਕੁੱਤੇ/ਕੂਕਰ/ਸੁਆਨ ਦੀ ਵਫਾਦਾਰੀ/ਸਵਾਮੀ ਭਗਤੀ ਦੀ ਸਿਫਤ ਅਤੇ ਇਸ ਦੇ ਲੋਭ ਲਾਲਚ ਦੀ ਨਿੰਦਾ ਕੀਤੀ ਗਈ ਹੈ)

ਓਧਰ ਪਾਧੇ ਨੇ ਕਈਆਂ ਨੂੰ ਕਾਲੇ-ਕੁੱਤੇ ਵਾਲਾ ਉਪਾ ਦਸਿਐ। ਸੋ,ਹਰ ਰੋਜ਼ ਦੁੱਧ ਪੀ-ਪੀ ਤੇ ਚੰਗੀਆਂ-ਚੋਖੀਆਂ ਖਾ-ਖਾ ਸਾਡੇ ਮੁਹੱਲੇ ਵਾਲਾ ਕਾਲਾ-ਕੁੱਤਾ ਨਾਨਕ ਸਿੰਘ ਦੀ ਕਹਾਣੀ ‘ਭੂਆ’  ਵਿਚਲੀ ਪ੍ਰਾਹੁਣਚਾਰੀ ਦੇ ਮਾਰੇ ਭਤੀਜੇ ਵਾਂਗ ‘ਅੱਤ-ਮਹਿਮਾਨ ਨਿਵਾਜ਼ੀ’ ਦਾ ਸ਼ਿਕਾਰ ਹੈ। ਉਹ ਇਸ ‘ਭੂਆਗੀਰੀ’ ਤੋਂ ਡਰਦਾ ਮਾਰਾ ਕਿਧਰੇ ਲੁਕ-ਛਿਪ ਜਾਂਦੈ ਪਰ ਕੁੱਤਾ-ਪ੍ਰੇਮਣਾਂ ਉਸ ਨੂੰ ਐਂ ਲੱਭ ਲੈਂਦੀਆਂ ਹਨ ਜਿਵੇਂ ਮਾਣੋ ਬਿੱਲੀ ਖੁੱਡ ‘ਚ ਲੁਕੇ ਹੋਏ ਚੂਹੇ ਨੂੰ! ‘ਗੋਰਾ ਰਾਜਾ’ (ਕਾਲੂ) ਇਸ ‘ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਏ’ ਵਰਗੀ ਪ੍ਰਾਹੁਣਚਾਰੀ ਕਾਰਨ ਅੱਜ-ਕੱਲ੍ਹ ਢਿੱਲਾ-ਮੱਠਾ ਰਹਿਣ ਲਗ ਪਿਐ। ਉਹੜ-ਪੁਹੜ ਤਾਂ ਬਥੇਰੇ ਕੀਤੇ ਜਾ ਰਹੇ ਹਨ, ‘ਵੈੱਟਜ਼’ ਦੀਆਂ ਦਸੀਆਂ ਦਵਾਈਆਂ ਵੀ ਦਿਤੀਆਂ ਜਾ ਰਹੀਆਂ ਹਨ ਪਰ ਅਜੇ ਉਹ ਸਿਹਤਯਾਬ ਨਹੀਂ ਹੋਇਆ। ਹੈ ਤਾਂ ਇਹ ਗੱਲ ‘ਕੁੱਤੇ ਦਾ ਕੁੱਤਾ ਵੈਰੀ’ ਵਾਲੀ ਹੀ ਪਰ ਸਾਨੂੰ ਕਾਲੂ ਦੇ ਢਿੱਲੇ-ਮੱਠੇ ਹੋਣ ‘ਤੇ ਬੜਾ ਹੀ ਸੁਖ ਦਾ ਸਾਹ ਆਇਆ ਪਰ ਭੁੱਖ ਨੂੰ ਰਤੀ ਭਰ ਵੀ ਸਾਹ ਨਹੀਂ ਆਇਆ। ਕਿਉਂਕਿ ਸਾਡੀ ਕੁੱਤਾ-ਪ੍ਰੇਮਣ ਪਰ ਪਤੀ-ਬਰਤਾ ਪਤਨੀ ਹੁਣ ਇਸ ਕਦਰ ‘ਕੁੱਤਾ-ਕੇਂਦਰਤ’ ਤੇ ਪ੍ਰੇਸ਼ਾਨ ਰਹਿਣ ਲਗ ਪਈ ਹੈ ਕਿ ਸਾਨੂੰ ਬਹੀ-ਬੁੱਸੀ ਬੁਰਕੀ ਵੀ ਨਸੀਬ ਹੋਣੋ ਜਾਂਦੀ ਰਹੀ!

ਹਾਲਾਤ-ਏ-ਹਾਜ਼ਿਰਾ ‘ਕੁੱਤੇ ਦੇ ਠੀਕਰੇ ਪਾਣੀ ਪਿਲਾਉਣ/ਪੀਣ’ ‘ਤੇ ‘ਕੁੱਤੇ ਦੀ ਮੌਤ ਮਰਨ’ ਵਾਲੀ ਹੋਈ ਪਈ ਹੈ!

Related posts

ਗਿਣਤੀ, ਜ਼ਮੀਨ ਅਤੇ ਲੀਡਰਸ਼ਿਪ: ਪੰਜਾਬ ਵਿੱਚ ਜੱਟ ਸਿੱਖਾਂ ਦਾ ਪ੍ਰਭਾਵ

ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ – ਨਾਪਾ

ਨਵੰਬਰ/ਦਸੰਬਰ ਵਿਧਾਨਸਭਾ ਚੋਣਾਂ ਲਈ ਪੰਜਾਬ ‘ਚ ਛਿੜੇਗੀ ‘ਮਹਾਂਭਾਰਤ’!