ਕੋਰੋਨਾ ਮਹਾਂਮਾਰੀ ਦੌਰਾਨ ਸੋਸ਼ਲ ਤੇ ਇਲੈਕਟ੍ਰੋਨਿਲ ਮੀਡੀਆ ‘ਤੇ ਫ਼ਿਰਕੂ ਅਫ਼ਵਾਹਾਂ ਹੜ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਭਾਰਤ ਇਸ ਵੇਲੇ ਕਰੋਨਾ ਵਾਇਰਸ ਨਾਮਕ ਭਿਆਨਕ ਆਫਤ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਸ ਮੌਕੇ ਕਈ ਬਦਮਾਸ਼ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਬਜਾਏ ਅਫਵਾਹਾਂ ਫੈਲਾਉਣ ਵਿੱਚ ਰੁਝੇ ਹੋਏ ਹਨ। ਕੁਝ ਦਿਨ ਪਹਿਲਾਂ ਆਪੇ ਬਣਿਆ ਇੱਕ ਰਾਜਸਥਾਨੀ ਹਕੀਮ ਪੁਲਿਸ ਨੇ ਪਕੜਿਆ ਹੈ ਜੋ ਉੱਲੂ ਦੇ ਟੂਣੇ ਰਾਹੀਂ ਕਰੋਨਾ ਦਾ ਇਲਾਜ਼ ਕਰਨ ਦਾ ਦਾਅਵਾ ਕਰ ਰਿਹਾ ਸੀ। ਇੱਕ ਹੋਰ ਧਰਮ ਗੁਰੁ ਸੋਸ਼ਲ ਮੀਡੀਆ ‘ਤੇ ਕੁਫਰ ਤੋਲ ਰਿਹਾ ਸੀ ਕਿ ਲਿਆਉ ਕਰੋਨਾ ਦਾ ਮਰੀਜ਼, ਮੈਂ ਉਸ ਨੂੰ ਜੱਫੀ ਪਾਉਂਦਾ ਹਾਂ। ਕਰੋਨਾ ਨਾਮ ਦੀ ਬਿਮਾਰੀ ਹੈ ਹੀ ਨਹੀਂ, ਇਹ ਸਿਰਫ ਸਰਮਾਏਦਾਰ ਦੇਸ਼ਾਂ ਵੱਲੋਂ ਆਪਣਾ ਮਾਲ ਵੇਚਣ ਲਈ ਬਣਾਇਆ ਗਿਆ ਢਕਵੰਜ ਹੈ। ਕਈ ਸਿਆਣੇ ਗੋਹਾ ਖਾਣ ਅਤੇ ਗਾਂ ਦਾ ਮੂਤਰ ਪੀਣ ਦੀ ਸਲਾਹ ਦੇ ਰਹੇ ਹਨ। ਕਈਆਂ ਨੇ ਤਾਂ ਬੇਸ਼ਰਮੀ ਦੀ ਹੱਦ ਹੀ ਕਰ ਦਿੱਤੀ ਹੈ। ਉਹਨਾਂ  ਨੇ ਸੋਸ਼ਲ਼ ਮੀਡੀਆ ‘ਤੇ ਇਹ ਅਫਵਾਹ ਫੈਲਾ ਦਿੱਤੀ ਕਿ ਡਾਕਟਰ (ਜੋ ਆਪਣੀ ਜਾਨ ‘ਤੇ ਖੇਡ ਕੇ ਕਰੋਨਾ ਦੇ ਖਿਲਾਫ ਡਟੇ ਹੋਏ ਹਨ), ਮੁਸਲਮਾਨਾਂ ਨੂੰ ਕਰੋਨਾ ਦੇ ਟੀਕੇ ਲਗਾ ਕੇ ਇਸਲਾਮ ਨੂੰ ਬਦਨਾਮ ਕਰ ਰਹੇ ਹਨ। ਇਸ ਅਫਵਾਹ ਕਾਰਨ ਕਈ ਥਾਵਾਂ ‘ਤੇ ਭੜਕੇ ਹੋਏ ਲੋਕਾਂ ਨੇ ਹੈੱਲਥ ਵਰਕਰਾਂ ‘ਤੇ ਹਮਲੇ ਕੀਤੇ ਹਨ।   ਇੱਕ ਮੂਰਖ ਦਾਅਵਾ ਕਰ ਰਿਹਾ ਹੈ ਕਿ ਨਸਵਾਰ ਸੁੰਘਣ ਨਾਲ ਕਰੋਨਾ ਠੀਕ ਹੋ ਜਾਂਦਾ ਹੈ।

ਕੁਝ ਦਿਨ ਪਹਿਲਾਂ ਸੜਕ ‘ਤੇ ਘੁੰਮ ਰਹੇ ਇੱਕ ਸ਼ੇਰ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਕਿ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਲੋਕਾਂ ਨੂੰ ਘਰਾਂ ਅੰਦਰ ਡੱਕਣ ਲਈ ਸੜਕਾਂ ‘ਤੇ 1000 ਸ਼ੇਰ ਛੱਡ ਦਿੱਤੇ ਹਨ। ਅਸਲ ਵਿੱਚ ਇਹ ਪੁਰਾਣੀ ਤਸਵੀਰ ਦੱਖਣੀ ਅਫਰੀਕਾ ਦੇ ਸ਼ਹਿਰ ਜੌਹਨਜ਼ਬਰਗ ਦੀ ਹੈ ਜਿੱਥੇ ਇੱਕ ਸ਼ੇਰ ਚਿੜੀਆਘਰ ਤੋਂ ਭੱਜ ਗਿਆ ਸੀ। ਖਾਲੀ ਸੜਕਾਂ ਵੇਖ ਕੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਇੱਕ ਤੇਂਦੂਆ ਆ ਗਿਆ ਸੀ ਜੋ ਜੰਗਲਾਤ ਵਿਭਾਗ ਨੇ ਉਸੇ ਵੇਲੇ ਪਕੜ ਲਿਆ ਹੈ। ਪਰ ਹੁਣ ਸ਼ੈਤਾਨ ਲੋਕ ਉਸ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ਼ ਮੀਡੀਆ ‘ਤੇ ਪਾ ਕੇ ਕਦੇ ਉਸ ਦੀ ਮੌਜੂਦਗੀ 42 ਸੈਕਟਰ ਵਿੱਚ ਵਿਖਾ ਰਹੇ ਹਨ ਤੇ ਕਦੇ 47 ਵਿੱਚ। ਇਸ ਕਾਰਨ ਕਈ ਡਰਾਕਲ ਲੋਕ ਘਰਾਂ ਨੂੰ ਕੁੰਡੇ ਮਾਰ ਕੇ ਅੰਦਰ ਤੜੇ ਹੋਏ ਹਨ। ਅਜਿਹੀਆਂ ਝੂਠੀਆਂ ਅਤੇ ਨੈਗੇਟਿਵ ਖਬਰਾਂ ਨੂੰ ਮਿੰਟੋ ਮਿੰਟੀ ਚਾਰੇ ਕੂਟਾਂ ਵਿੱਚ ਖਿਲਾਰ ਦਿੱਤਾ ਜਾਂਦਾ ਹੈ।

ਸੋਸ਼ਲ਼ ਮੀਡੀਆ ਅਫਵਾਹਾਂ ਫੈਲਾਉਣ ਦਾ ਬਹੁਤ ਵੱਡਾ ਹਥਿਆਰ ਬਣ ਚੁੱਕਾ ਹੈ। ਇਸ ਨਾਲ ਸੈਂਕੜੇ ਕਰੋੜ ਲੋਕ ਜੁੜੇ ਹੋਏ ਹਨ। ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਸ ਵਿੱਚੋਂ ਫੇਸਬੁੱਕ ਦੀ ਇਸ ਵੇਲੇ ਕਰੀਬ 25 ਕਰੋੜ, ਵੱਟਸਐੱਪ 21 ਕਰੋੜ, ਮੈਸੇਂਜਰ 19 ਕਰੋੜ, ਇੰਸਟਾਗਰਾਮ 40 ਕਰੋੜ, ਟਿਕ ਟਾਕ 10 ਕਰੋੜ, ਟਵਿੱਟਰ 32 ਕਰੋੜ, ਸਨੈਪਚੈਟ 21 ਕਰੋੜ ਅਤੇ ਯੂ ਟਿਊਬ ਦੀ ਕਰੀਬ 52 ਕਰੋੜ ਲੋਕ ਵਰਤੋਂ ਕਰ ਰਹੇ ਹਨ। ਅੱਜ ਲੋਕ ਸਵੇਰੇ ਉੱਠ ਕੇ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਫੋਨ ਚੈੱਕ ਕਰਦੇ ਹਨ ਕਿ ਰਾਤ ਕੋਈ ਮੈਸੇਜ਼ ਤਾਂ

ਨਹੀਂ ਆਇਆ। ਕਰੋੜਾਂ ਲੋਕ ਅਜਿਹੇ ਹਨ ਜੋ ਸੋਸ਼ਲ ਮੀਡੀਆ ‘ਤੇ ਆਏ ਹੋਏ ਕਿਸੇ ਵੀ ਊਲ ਜਲੂਲ ਸੰਦੇਸ਼ ਨੂੰ ਸੱਚ ਸਮਝਦੇ ਹਨ। ਸੱਚੀਆਂ ਖਬਰਾਂ ਸਿਰਫ ਅਖਬਾਰਾਂ ਵਿੱਚ ਛਪਦੀਆਂ ਹਨ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਅੱਜ ਦੇ ਯੁੱਗ ਵਿੱਚ ਵੀ ਭਾਰਤ ਦੀ ਅੱਧੇ ਤੋਂ ਵੱਧ ਅਬਾਦੀ ਅਖਬਾਰਾਂ ਤੋਂ ਦੂਰ ਹੈ। ਕਿਸੇ ਜਗ੍ਹਾ ਅਖਬਾਰ ਪਹੁੰਚਦੀ ਹੀ ਨਹੀਂ ਤੇ ਬਹੁਤੇ ਲੋਕ ਅਖਬਾਰ ਖਰੀਦ ਕੇ ਪੜ੍ਹਨਾ ਪਸੰਦ ਨਹੀਂ ਕਰਦੇ। ਮੇਰਾ ਪਿੰਡ ਅੰਮ੍ਰਿਤਸਰ ਤੋਂ ਸਿਰਫ 16 ਕਿ.ਮੀ. ਦੂਰ ਹੈ ਪਰ ਅਖਬਾਰ ਉਥੇ ਲੰਝੇ ਡੰਗ ਹੀ ਪਹੁੰਚਦੀ ਹੈ ਤੇ ਉਹ ਵੀ 12 ਵਜੇ ਤੋਂ ਬਾਅਦ। ਜੇ ਪੰਜਾਬ ਦੇ ਪਿੰਡਾਂ ਦਾ ਇਹ ਹਾਲ ਹੈ ਤਾਂ ਫਿਰ ਹਿਮਾਚਲ-ਜੰਮੂ ਕਸ਼ਮੀਰ ਦੇ ਦੂਰ ਦੁਰਾਡੇ ਪਹਾੜੀ ਪਿੰਡਾਂ ਵਿੱਚ ਅਖਬਾਰ ਕਿੱਥੋਂ ਪਹੁੰਚਦੀ ਹੋਣੀ ਹੈ? ਜਦੋਂ ਦਾ ਕਰਫਿਊ ਲੱਗਾ ਹੈ ਪਿੰਡਾਂ ਵਿੱਚ ਅਖਬਾਰਾਂ ਬਿਲਕੁਲ ਵੀ ਨਹੀਂ ਪਹੁੰਚ ਰਹੀਆਂ, ਜਿਸ ਕਾਰਨ ਲੋਕ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਅਫਵਾਹਾਂ ਦੇ ਚੱਕਰ ਵਿੱਚ ਫਸ ਰਹੇ ਹਨ। ਚੰਗੀ ਕਿਸਮਤ ਨੂੰ ਤਰਨ ਤਾਰਨ ਜਿਲ੍ਹੇ ਵਿੱਚ ਅਜੇ ਤੱਕ ਕਰੋਨਾ ਦਾ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਪਰ ਅਖਬਾਰਾਂ ਦੀ ਅਣਹੋਂਦ ਕਾਰਨ ਪਿੰਡਾਂ ਵਿੱਚ ਅਫਵਾਹ ਫੈਲੀ ਹੋਈ ਹੈ ਕਿ ਇਥੇ 50-60 ਵਿਅਕਤੀ ਮਰ ਚੁੱਕੇ ਹਨ ਤੇ ਹਸਪਤਾਲਾਂ ਵਿੱਚ ਕਰੋਨਾ ਕਾਰਨ ਬਿਮਾਰ ਹੋਏ ਮਰੀਜ਼ਾਂ ਨੂੰ ਰੱਖਣ ਲਈ ਜਗ੍ਹਾ ਨਹੀਂ ਬਚੀ।

ਇਸ ਸੰਕਟ ਦੀ ਘੜੀ ਵਿੱਚ ਇਲੈੱਕਟਰੌਨਿਕ ਮੀਡੀਆ ਵੀ ਬਹੁਤ ਹੀ ਨਕਾਰਾਤਮਿਕ ਭੂਮਿਕਾ ਨਿਭਾ ਰਿਹਾ ਹੈ। ਇਹ ਦੇਸ਼ ਵਾਸੀਆਂ ਨੂੰ ਕਰੋਨਾ ਤੋਂ ਬਚਣ ਦੀ ਸਿੱਖਿਆ ਦੇਣ ਦੀ ਬਜਾਏ ਇੱਕ ਵਿਸ਼ੇਸ਼ ਪਾਰਟੀ ਦਾ ਧੁੱਤੂ ਬਣ ਕੇ ਭਾਰਤ ਵਿੱਚ ਫਿਰਕੂ ਨਫਰਤ ਫੈਲਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹ ਤਾਂ ਲੋਕ ਹੀ ਸਿਆਣੇ ਹਨ ਨਹੀਂ ਇਹਨਾਂ ਨੇ ਤਾਂ ਹੁਣ ਤੱਕ ਦਿੱਲੀ ਵਰਗੇ ਫਿਰਕੂ ਦੰਗੇ ਦੁਬਾਰਾ ਭੜਕਾ ਦੇਣੇ ਸਨ। ਪਹਿਲਾਂ ਸ਼ਾਹੀਨ ਬਾਗ ਧਰਨੇ ਦੇ ਖਿਲਾਫ ਮਹੀਨਾ ਭਰ ਖਬਰਾਂ ਚੱਲੀਆਂ ਕਿ ਉਹ ਹੀ ਦਿੱਲੀ ਵਿੱਚ ਫੈਲ ਰਹੇ ਕਰੋਨਾ ਦੀ ਨਰਸਰੀ ਹੈ। ਇਸ ਤੋਂ ਬਾਅਦ ਇਹ ਇਲਜ਼ਾਮ ਭੂੱਖ ਦੇ ਮਾਰੇ ਦਿੱਲੀ ਛੱਡ ਕੇ ਆਪਣੇ ਸੂਬਿਆਂ ਵੱਲ ਹਿਜ਼ਰਤ ਕਰ ਰਹੇ ਲੱਖਾਂ ਪਰਵਾਸੀ ਮਜ਼ਦੂਰਾਂ ਦੇ ਸਿਰ ‘ਤੇ ਥੋਪ ਦਿੱਤਾ ਗਿਆ। ਬਜਾਏ ਕਿ ਸਰਕਾਰ ਦੀ ਇਸ ਗੱਲ ਤੋਂ ਨੁਕਤਾਚੀਨੀ ਕਰਨ ਦੇ ਕਿ ਉਸ ਨੇ ਇਹਨਾਂ ਦੇ ਰਹਿਣ ਤੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕੀਤਾ, ਉਹਨਾਂ ਨੂੰ ਕਰੋਨਾ ਵਾਇਰਸ ਦਾ ਵਾਹਕ ਘੋਸ਼ਿਤ ਕਰ ਦਿੱਤਾ ਗਿਆ। ਚੈਨਲਾਂ ‘ਤੇ ਪ੍ਰਵਾਸੀਆਂ ਦੀਆਂ ਭੀੜਾਂ ਦਿਖਾ ਕੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਬਾਰੇ ਨਫਰਤ ਭਰਨ ਵਾਲੀਆਂ ਖਬਰਾਂ ਨਸ਼ਰ ਕੀਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪ੍ਰਵਾਸੀ ਆਪਣੇ ਗ੍ਰਹਿ ਸੂਬਿਆਂ ਵਿੱਚ ਹੀ ਦੁਰਕਾਰੇ ਜਾਣ ਲੱਗੇ। ਉੱਥੇ ਪਹੁੰਚਣ ‘ਤੇ ਉਹਨਾਂ ਨੂੰ ਜਾਨਵਰਾਂ ਵਾਂਗ ਸਕੂਲਾਂ – ਕਮਿਊਨਿਟੀ ਸੈਂਟਰਾਂ ਵਿੱਚ ਬੰਦ ਕਰ ਦਿੱਤਾ ਗਿਆ। ਅਖੀਰ ਜਦੋਂ ਉਹ ਅਜ਼ਾਦ ਹੋ ਕੇ ਭੁੱਖ ਪਿਆਸ ਤੋਂ ਨਿਢਾਲ ਆਪਣੇ ਘਰੀਂ ਪਹੁੰਚੇ ਤਾਂ ਕਥਿੱਤ ਮੋਹਤਬਰਾਂ ਨੇ ਕਈ ਕਈ ਦਿਨ ਉਹਨਾਂ ਨੂੰ ਪਿੰਡਾਂ ਵਿੱਚ ਨਾ ਵੜਨ ਦਿੱਤਾ।

ਹੁਣ ਸਾਰੇ ਚੈਨਲ ਹੱਥ ਧੋ ਕੇ ਤਬਲੀਗੀ ਜ਼ਮਾਤ ਦੇ ਪਿੱਛੇ ਪੈ ਗਏ ਹਨ। ਫਿਰਕੂ ਜ਼ਹਿਰ ਨਾਲ ਭਰੀਆਂ ਖਬਰਾਂ ਸੁਣ ਕੇ ਆਮ ਲੋਕਾਂ ਨੂੰ ਵੀ ਲੱਗਣ ਲੱਗ ਪਿਆ ਹੈ ਕਿ ਸ਼ਾਇਦ ਕਰੋਨਾ ਚੀਨ ਨੇ ਨਹੀਂ, ਸਗੋਂ ਤਬਲੀਗੀ ਜ਼ਮਾਤ ਨੇ ਪੈਦਾ ਕੀਤਾ ਹੈ। ਕੁਝ ਨਾਸਮਝ ਧਾਰਮਿਕ ਨੇਤਾਵਾਂ ਦੀ ਮੂਰਖਤਾ ਕਾਰਨ ਪਿੱਛ ਲੱਗ ਲੋਕ ਜ਼ਮਾਤ ਦੇ ਸਮਾਗਮ ਜਾਣ ਦੀ ਗਲਤੀ ਕਰ ਬੈਠੇ ਸਨ ਤੇ ਰੌਲਾ ਪੈਣ ‘ਤੇ ਡਰ ਕੇ ਘਰਾਂ ਨੂੰ ਖਿਸਕ ਗਏ। ਪ੍ਰਸ਼ਾਸ਼ਨ ਦੀ ਕੋਈ ਗਲਤੀ ਕੱਢਣ ਦੀ ਬਜਾਏ (ਜਿਸ ਨੇ ਇਹ ਸਮਾਗਮ ਹੋਣ ਦਿੱਤਾ), ਸਾਰੇ ਚੈਨਲ ਡਾਂਗ ਲੈ ਕੇ ਤਬਲੀਗੀਆਂ ਦੇ ਪਿੱਛੇ ਪਏ ਹੋਏ ਹਨ। ਸਮਾਗਮ ਦੇ ਮੁੱਖ ਪ੍ਰਬੰਧਕ ਮੌਲਾਣਾ ਸਾਦ ਦੀਆਂ ਤਸਵੀਰਾਂ ਦਿਨ ਵਿੱਚ ਸੈਂਕੜੇ ਵਾਰ ਟੀ.ਵੀ. ‘ਤੇ ਇਸ ਤਰਾਂ ਵਿਖਾਈਆਂ ਜਾ ਰਹੀਆਂ ਹਨ ਜਿਵੇਂ ਉਹ ਉਸਾਮਾ ਬਿਨ ਲਾਦੇਨ ਹੋਵੇ। ਇਹ ਠੀਕ ਹੈ ਕਿ ਤਬਲੀਗੀਆਂ ਕਾਰਨ ਸੈਂਕੜੇ ਬੇਗੁਨਾਹਾਂ ਨੂੰ ਕਰੋਨਾ ਦੀ ਲਾਗ ਲੱਗ ਗਈ ਹੈ। ਪਰ ਇਹ ਵੀ ਸੱਚਾਈ ਹੈ ਕਿ ਬਹੁਤੇ ਤਬਲੀਗੀਆਂ ਨੂੰ ਲੱਭ ਕੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਮੌਲਾਨਾ ਸਾਦ ‘ਤੇ ਮੁਕੱਦਮਾ ਦਰਜ਼ ਹੋ ਚੁੱਕਾ ਹੈ। ਜਿਸ ਨੇ ਗਲਤੀ ਕੀਤੀ ਸੀ, ਉਹ ਹੁਣ ਭੁਗਤ ਰਿਹਾ ਹੈ। ਇਸ ਗੱਲ ਨੂੰ ਹੁਣ ਛੱਡ ਦਿੱਤਾ ਜਾਣਾ ਚਾਹੀਦਾ ਹੈ ਤੇ ਚੈਨਲਾਂ ਵੱਲੋਂ ਇਹ ਮਸਲਾ ਲਗਾਤਾਰ ਭੜਕਾਈ ਰੱਖਣਾ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ। ਇਹ ਕੂੜ ਪ੍ਰਚਾਰ ਸੁਣ ਕੇ ਹੀ ਮਹਾਰਾਸ਼ਟਰ ਦੇ ਫਲਾਪ ਹੋਏ ਰਾਜ ਠਾਕਰੇ ਵਰਗੇ ਫਿਰਕੂ ਲੀਡਰ ਬਿਆਨ ਦੇ ਰਹੇ ਹਨ ਕਿ ਤਬਲੀਗੀਆਂ ਦਾ ਇਲਾਜ਼ ਕਰਨ ਦੀ ਬਜਾਏ ਉਹਨਾਂ ਨੂੰ ਮਰਨ ਲਈ ‘ਕੱਲਾ ਛੱਡ ਦਿੱਤਾ ਜਾਣਾ ਚਾਹੀਦਾ ਹੈ।

ਅੱਜ ਦੇ ਅਧੁਨਿਕ ਯੁੱਗ ਵਿੱਚ ਸੋਸ਼ਲ ਅਤੇ ਇਲੈੱਕਟਰੋਨਿਕ ਮੀਡੀਆ ਇਨਸਾਨੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ। ਹਿਟਲਰ ਦਾ ਪ੍ਰਾਪੇਗੰਡਾ ਮੰਤਰੀ ਗੋਬਲਜ਼ ਕਿਹਾ ਕਰਦਾ ਸੀ ਕਿ ਜੇ ਇੱਕ ਝੂਠ ਨੂੰ ਸੌ ਵਾਰ ਦੁਹਰਾਇਆ ਜਾਵੇ ਤਾਂ ਉਹ ਸੱਚ ਬਣ ਜਾਂਦਾ ਹੈ। ਕਰਫਿਊ ਕਾਰਨ ਵਿਹਲੇ ਬੈਠੇ ਲੋਕਾਂ ਕੋਲ ਸਾਰਾ ਦਿਨ ਟੀ.ਵੀ. ਨੂੰ ਚੰਬੜੇ ਰਹਿਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਉਹ ਟੀ.ਵੀ. ਅਤੇ ਸੋਸ਼ਲ਼ ਮੀਡੀਆ ਦੀ ਹਰੇਕ ਖਬਰ ਤੋਂ ਅੱਗੇ ਨਾਲੋਂ ਕਿਤੇ ਵੱਧ ਪ੍ਰਭਾਵਿਤ ਹੋ ਰਹੇ ਹਨ। ਚੈਨਲਾਂ ਵਾਸਤੇ ਸਿਰਫ ਟੀ.ਆਰ.ਪੀ. ਵਧਾਉਣ, ਸਰਕਾਰੀ ਸਰਪ੍ਰਸਤੀ ਹਾਸਲ ਕਰਨ ਅਤੇ ਵੱਧ ਤੋਂ ਵੱਧ ਇਸ਼ਤਿਹਾਰ ਪ੍ਰਾਪਤ ਕਰ ਕੇ ਮਾਲ ਕਮਾਉਣ ਦੀ ਹੋੜ ਵਿੱਚ ਅਜਿਹਾ ਫਿਰਕੂ ਪ੍ਰਚਾਰ ਕਰ ਕੇ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਭਰਨਾ ਬਹੁਤ ਹੀ ਗਲਤ ਹੈ। ਜਨਤਾ ਨੂੰ ਵੀ ਚਾਹੀਦਾ ਹੈ ਅਜਿਹੀਆਂ ਵਾਹਯਾਤ ਗੱਲਾਂ ‘ਤੇ ਯਕੀਨ ਕਰਨ ਤੋਂ ਪਹਿਲਾਂ ਅਖਬਾਰਾਂ ਜਰੂਰ ਪੜ੍ਹ ਲਿਆ ਕਰਨ। ਜੇ ਪਿੰਡਾਂ ਵਿੱਚ ਅਖਬਾਰ ਨਹੀਂ ਪਹੁੰਚ ਰਹੀ ਤਾਂ ਮੋਬਾਇਲਾਂ ‘ਤੇ ਬੇਸਿਰ ਪੈਰ ਦੀਆਂ ਪੋਸਟਾਂ ਵੇਖਣ ਦੀ ਬਜਾਏ ਅਖਬਾਰਾਂ ਦੇ ਆਨਲਾਈਨ ਐਪ ਡਾਊਨਲੋਡ ਕਰ ਲੈਣ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਐਂਬੂਲੈਂਸ ਵਿਕਟੋਰੀਆ ਦੀ ਕ੍ਰਾਂਤੀਕਾਰੀ VAT ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ

ਜਦੋਂ ਭਾਰਤ ‘ਚ ਪਹਿਲੀ ਵਾਰ ‘ਨਕਲੀ ਮੀਂਹ’ ਪੈਂਦਾ-ਪੈਂਦਾ ਰਹਿ ਗਿਆ !