ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਹੋਈ ਅੱਜ ਗ੍ਰੰਥੀ ਅਖੰਡਪਾਠੀ ਸਿੰਘ ਦੀ ਮੀਟਿੰਗ ਦੌਰਾਨ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ, “ਸਰਕਾਰ ਵੱਲੋਂ ਨਵੇਂ ਬਣਾਏ ਗਏ ਕਨੂੰਨ ਵਿਚ ਬੇਅਦਬੀ ਦੀ ਪਰਿਭਾਸ਼ਾ ਬਾਰੇ ਨਹੀਂ ਦੱਸਿਆ ਗਿਆ ਕਿ ਕਿਸ ਕਿਸ ਕੁਤਾਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਾਂ ਗੁਟਕਾ-ਪੋਥੀ ਸਾਹਿਬ ਦਾ ਨਿਰਾਦਰ ਭਾਵ ਬੇਅਦਬੀ ਸਮਝਿਆ ਜਾਵੇਗਾ। ਕੀ ਸ਼ਰਾਬ ਪੀਕੇ ਗੁਰਦੁਵਾਰਿਆ ਵਿਚ ਜਾਣ ਵਾਲਾ ਤੇ ਸ਼ਰਾਬ ਪੀ ਕੇ ਵਿਧਾਨ ਸਭਾ ‘ਚ ਬੋਲਣ ਵਾਲਾ ਮੁੱਖ ਮੰਤਰੀ ਜਾਂ ਕੋਈ ਗੁਰਮਤਿ ਵਿਹੂਣਾ ਪੁਲਿਸ ਵਾਲਾ ਗ੍ਰੰਥੀ ਸਿੰਘ ਤੇ ਪ੍ਰਬੰਧਕਾ ਨੂੰ ਸਿੱਖ ਰਹਿਤ ਮਰਯਾਦਾ ਦਾ ਪਾਲਣ ਕਰਨਾ ਸਿਖਾਵੇਗਾ? ਵੇਸੇ ਵੀ ਸਿੱਖ ਭਾਈਚਾਰੇ ਵਿਚ ਇਹ ਖਦਸਾ ਹੈ ਕਿ ਇਸ ਕਨੂੰਨ ਨੂੰ ਹੋਂਦ ਵਿਚ ਲਿਆਉਣ ਨਾਲ ਬੇਅਦਬੀ ਵਰਗੀਆਂ ਦੁਖਦਾਇਕ ਘਟਨਾਵਾਂ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਨਿੱਜੀ ਰੰਜਿਸਾਂ ਨੂੰ ਕੱਢਦਿਆਂ ਹੋਇਆਂ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਕੁਝ ਲੋਕ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਦੀ ਰੱਜ ਕੇ ਦੁਰਵਰਤੋਂ ਕਰਨਗੇ।”
ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਦੱਸਿਆ ਕਿ, “ਇਲਾਕੇ ਦੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਆਪਣੇ ਘਰਾਂ ਵਿਚ ਰੱਖੇ ਗੁਟਕਾ ਸਾਹਿਬ ਤੇ ਗੁਰਬਾਣੀ ਦੀਆਂ ਪੋਥੀਆਂ ਗੁਰਦਵਾਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਜਮ੍ਹਾ ਕਰਵਾਉਣ ਲਈ ਫੋ਼ਨ ‘ਤੇ ਸੰਪਰਕ ਕੀਤਾ ਜਾ ਰਿਹਾ ਹੈ। ਕਾਫੀ ਸਮੇਂ ਤੋਂ ਪੰਥ ਦਰਦੀਆਂ ਦੀ ਭਾਵਨਾ ਸੀ ਕਿ ਲੰਮੇ ਸਮੇਂ ਤੋ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਤੇ ਦੋਸ਼ੀਆ ਦੀ ਠੀਕ ਨਿਸ਼ਾਨਦੇਹੀ ਕਰਕੇ ਅਤੇ ਇਨ੍ਹਾਂ ਦੇ ਪਿਛੇ ਛਿਪੇ ਮਾਸਟਰ ਮਾਇਡਾਂ ਨੂੰ ਸਾਹਮਣੇ ਲਿਆਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ਅਤੇ ਸਖ਼ਤ ਕਨੂੰਨ ਬਣਾਇਆ ਜਾਵੇ। ਲੇਕਿਨ ਮੌਜੁਦਾ ਪੰਜਾਬ ਸਰਕਾਰ ਨੇ ਸਿੱਖਾਂ ਦੀ ਸ਼ਰਧਾ ਭਾਵਨਾ ਦੇ ਬੁਰਕੇ ਹੇਠ ਆਪਣੇ ਵੋਟ ਬੈਂਕ ਵਿਚ ਵਾਧਾ, ਸਿਆਸੀ ਰੋਟੀਆਂ ਸੇਕਣ, ਗੁਰੂ ਗ੍ਰੰਥ ਤੇ ਗੁਰੁ ਪੰਥ ਨੂੰ ਨੀਵਾ ਵਿਖਾਉਣ ਦਾ ਜਿੱਥੇ ਹੀਆ ਕੀਤਾ ਹੈ ਉਥੇ ਸ੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿਚ ਸਿੱਧੀ ਦਖਲ ਅੰਦਾਜੀ ਕਰਕੇ ਸਰਕਾਰੀ ਕੰਟਰੋਲ ਹੇਠ ਲਿਆਉਣ ਅਤੇ ਸਿੱਖਾ ਦੇ ਮਨਾਂ ਅੰਦਰ ਡਰ ਪੈਦਾ ਕਰਕੇ ਉਨਾਂ ਪਾਸੋ ਗੁਰਬਾਣੀ ਨੂੰ ਖੋਹਣ ਦੀ ਕੋਝੀ ਕੌਸਿਸ਼ ਕੀਤੀ ਹੈ ਜੋ ਕਿ ਹਰਗਿਜ਼ ਗਲ਼ਤ ਹੈ। ਗਿਆਨੀ ਨਿਸਾਨ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਬੇਸ਼ੱਕ ਫੜਿਆ ਨਾ ਜਾਵੇ ਜਾਂ ਉਹ ਦੋਸੀ ਨਾ ਵੀ ਸਾਬਤ ਹੋਵੇ ਪਰ ਕਸਟੋਡੀਅਨ ਨੂੰ ਜਰੂਰ ਪੰਜ ਸਾਲ ਦੀ ਸਜਾ ਅਤੇ ਦੱਸ ਲੱਖ ਰੁਪਇਆ ਜੁਰਮਾਨਾ ਪਾਇਆ ਜਾਵੇਗਾ। ਮੰਨ ਲੋ ਬੇਅਦਬੀ ਕਰਨ ਵਾਲਾ ਆਪਣਾ ਕੰਮ ਕਰਕੇ ਭੱਜ ਗਿਆ ਤਾਂ ਮਗਰੋ ਫੜ੍ਹੇ ਜਾਣਗੇ ਗ੍ਰੰਥੀ ਸਿੰਘ ਤੇ ਗੁਰਦਵਾਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਤੇ ਮੀਡੀਏ ਵਿਚ ਇਹ ਵਿਖਾਇਆ ਪ੍ਰਚਾਰਿਆ ਜਾਵੇਗਾ ਕਿ ਵੇਖੋ ਇਹ ਸਿੱਖ ਆਪ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਨਾਲ ਸਿੱਖਾਂ ਦੀ ਵਿਸ਼ਵ ਵਿਚ ਕਿਰਦਾਰਕੁਸੀ ਕਰਕੇ ਸਿੱਖ ਪੰਥ ਨੂੰ ਢਾਹ ਲਾਉਣ ਦੀ ਕੋਝੀ ਕੋਸਿਸ਼ ਕੀਤੀ ਜਾਵੇਗੀ। ਇਸ ਲਈ ਅਸੀਂ ਬਣਾਏ ਗਏ ਕਨੂੰਨ ਦੇ ਵਿਰੋਧੀ ਨਹੀਂ ਹਾਂ ਪਰ ਉਸ ਵਿਚ ਛਿਪੀ ਸਰਾਰਤੀ ਤੇ ਸ਼ੈਤਾਨੀ ਮਨਸਾ ਕਿਸੇ ਵੀ ਸੁਹਿਰਦ ਸਿੱਖ ਨੂੰ ਮਨਜੂਰ ਨਹੀਂ ਹੈ। ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਤਾਂ ਇਹ ਵੀ ਕਿਹਾ ਕਿ ਸਰਕਾਰ ਦੱਸੇ ਕਿ ਹੁਣ ਤੱਕ ਚਾਰ ਸਾਲ ਦੇ ਸਮੇਂ ਵਿਚ ਗੁਰਬਾਣੀ ਦੇ ਨਿਰਾਦਰ ਕਰਨ ਵਾਲੇ ਕਿੰਨੇ ਦੋਸ਼ੀਆ ਨੂੰ ਸਜਾ ਦੇ ਚੁੱਕੀ ਹੈ? ਖਾਲਸਾ ਪੰਥ ਆਪਣੇ ਗੁਰੁ ਦੇ ਅਦਬ ਸਤਿਕਾਰ ਬਹਾਲ ਰੱਖਣ ਵਾਸਤੇ ਕਨੂੰਨੀ ਨਿਯਮਾਂ ਨੂੰ ਨਹੀਂ ਉਡੀਕਦਾ। ਮੁੱਖ-ਮੰਤਰੀ ਭਗਵੰਤ ਮਾਨ ਵਿਧਾਨ ਸਭਾ ਵਿਚ ਬੋਲਦਾ ਹੈ ਕਿ ਅਗਰ ਕੋਈ ਮੰਦ ਬੁੱਧੀ ਵੀ ਬੇਅਦਬੀ ਕਰਦਾ ਹੈ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਕਨੂੰਨੀ ਕਿਲਾਵੇ ਵਿਚ ਲਿਆ ਜਾਵੇਗਾ ਪਰ ਜੋ ਕਨੂੰਨੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਵਿਚ ਇਸ ਗੱਲ ਦਾ ਰਤਾ ਭਰ ਵੀ ਜਿਕਰ ਨਹੀਂ ਕੀਤਾ ਗਿਆ। ਸੋ ਇਸ ਕਰਕੇ ਸਰਕਾਰ ਦੀ ਮਨਸਾ ਉੱਪਰ ਸ਼ੱਕ ਜਾਹਰ ਹੁੰਦਾ ਹੈ।”
ਇਸ ਸਮੇਂ ਭਾਈ ਮਹਿਲ ਸਿੰਘ ਲਾਲੂਘੁੰਮਣ ਨੇ ਵੀ ਸੰਬੋਧਨ ਹੁੰਦਿਆ ਕਹਿਆ ਕਿ ਇਸ ਨਵੇਂ ਬਣੇ ਕਨੂੰਨ ਵਿੱਚੋਂ ਸਿਆਸੀ ਬੋ ਆਉਂਦੀ ਹੈ ਇਸ ਵਾਸਤੇ ਗਰਦੁਆਰਿਆ ਦੇ ਸਮੂੰਹ ਗ੍ਰੰਥੀ ਸਾਹਿਬਾਨ ਤੇ ਪ੍ਰਬੰਧਕ ਕਮੇਟੀਆਂ ਸੁਚੇਤ ਹੋਣ ਅਤੇ ਉਹਨਾਂ ਨੂੰ ਇਹੋ ਜਿਹੇ ਕਨੂੰਨਾਂ ਦਾ ਸਖਤ ਵਿਰੋਧ ਕਰਨਾ ਚਾਹੀਦਾ ਹੋ ਜੋ ਸਿੱਖ ਭਰਾਵਾਂ ਨੂੰ ਹੀ ਆਪਸ ਵਿਚ ਲੜਾਉਣ ਤੇ ਕਨੂਨੀ ਸਕੰਜਿਆ ਵਿਚ ਫਸਾਉਣ ਵਾਸਤੇ ਬਣਾਇਆ ਗਿਆ ਹੋਵੇ।
ਇਸ ਇਕੱਤਰਤਾ ਵਿਚ ਭਾਈ ਨਿਰਮਲ ਸਿੰਘ ਇੰਚਾਰਜ ਅਖੰਡਪਾਠੀ ਸਾਹਿਬਾਨ, ਰਿਕਾਰਡ ਕੀਪਰ ਭਾਈ ਬਿਕਰਮਜੀਤ ਸਿੰਘ, ਭਾਈ ਧਰਮ ਜਿੰਘ, ਭਾਈ ਨਿਰਮਲ ਸਿੰਘ ਧੁੰਨ, ਭਾਈ ਗੁਰਪਾਲ ਸਿੰਘ ਛੀਨਾ, ਭਾਈ ਜਸਪਾਲ ਸਿੰਘ ਗੰਡੀਵਿੰਡ ਅਤੇ ਭਾਈ ਮੱਸਾ ਸਿੰਘ ਝੁਬਾਲ ਆਦਿ ਹਾਜ਼ਰ ਸਨ।