ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਬਨਾਮ ਗ਼ੈਰ ਜਿੰਮੇਵਾਰਾਨਾ ਸਿਆਸੀ ਬਿਆਨਬਾਜੀ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਵਿੱਚ ਅੱਜ ਇਕ ਬਹੁਤ ਹੀ ਦੁੱਖਦ ਤੇ ਹਿਰਦੇ ਵਲੂੰਧਰ ਘਟਨਾ ਵਾਪਰੀ ਹੈ, ਨੌਜਵਾਨਾਂ ਦੇ ਹਰਮਨ ਪਿਆਰੇ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਪੂਰਾ ਨਾਮ ਸ਼ੁਭਦੀਪ ਸਿੰਘ ਨੂੰ ਦਿਨ ਦਿਹਾੜੇ ਰਾਹ ਰਸਤੇ ਵਿੱਚ ਅੰਧਾ ਧੁੰਦ ਗੋਲੀਆ ਚਲਾ ਕੇ ਕੁੱਜ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ । ਹਮਲਾਵਰਾਂ ਨੇ ਘਟਨਾ ਨੂੰ ਅੰਜਾਮ ਦੇਣ ਵਾਸਤੇ ਏ ਕੇ ਸੰਤਾਲੀ ਸਮੇਤ ਹੋਰ ਵੀ ਦੋ ਤਿੰਨ ਤਰਾਂ ਦੇ ਮਾਰੂ ਹਥਿਆਰਾਂ ਨਾਲ ਤੀਹ ਚਾਲੀ ਗੋਲੀਆ ਚਲਾਈਆਂ ਜਿਹਨਾ ਵਿੱਚੋਂ ਅਠਾਰਾਂ ਤੋ ਵੀਹ ਤੱਕ ਗੋਲੀਆ ਸਿੱਧੂ ਮੂਸੇਵਾਲੇ ਨੂੰ ਛਲਣੀ ਕਰ ਗਈਆ ਤੇ ਉਹ ਦਮ ਤੋੜ ਗਿਆ । ਸਿੱਧੂ ਮੂਸੇਵਾਲਾ ਛੋਟੀ ਉਮਰੇ ਹੀ ਇਕ ਬਹੁਤ ਮਕਬੂਲ ਗਾਇਕ ਬਣ ਗਿਆ, ਉਸ ਦੇ ਲਿਖੇ ਤੇ ਗਾਏ ਗੀਤ ਨੌਜਵਾਨ ਤਬਕੇ ਨੂੰ ਬਹੁਤ ਪਸੰਦ ਆਏ, ਆਪਣੋ ਬਹੁਤੇ ਗੀਤਾਂ ਨੂੰ ਉਹ ਬੇਸ਼ੱਕ ਨਿੱਜਮੁਖੀ ਸ਼ੰਬੋਧਿਨ ਕਰਕੇ ਲਿਖਦਾ ਤੇ ਗਾਉਂਦਾ ਸੀ, ਪਰ ਜਿਸ ਵਿਲੱਖਣ ਅੰਦਾਜ਼ ਵਿੱਚ ਗਾਉਂਦਾ ਸੀ, ਉਸ ਦਾ ਉਹ ਅੰਦਾਜ਼ ਦੁਨੀਆ ਭਰ ਚ ਉਸ ਦੀ ਆਪਣੀ ਤੇ ਉਸਦੇ ਪਿੰਡ ਮੂਸੇਵਾਲ ਦੀ ਪਹਿਚਾਣ ਬਣ ਗਿਆ।
ਸਿੱਧੂ ਮੂਸੇਵਾਲੇ ਦੀ ਗਾਇਕੀ ਨਾਲ ਬਹੁਤ ਸਾਰੇ ਲੋਕਾਂ ਦੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ ਤੇ ਰਹੀ ਵੀ ਜੋ ਕਿ ਇਕ ਕੁਦਰਤੀ ਵਰਤਾਰਾ ਹੈ, ਪਰ ਜਿਸ ਨਿਰਦੈਤਾ ਨਾਲ ਉਸ ਨੂੰ ਕਤਲ ਕੀਤਾ ਗਿਆ ਹੈ, ਉਹ ਨਿਸ਼ਚੇ ਹੀ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ।
ਆਪਣੀ ਲੇਖਣੀ ਤੇ ਸ਼ੋਸ਼ਲ ਮੀਡੀਏ ਉੱਤੇ ਬਿਆਨਬਾਜੀ ਨਾਲ ਹਮੇਸ਼ਾ ਹੀ ਚਰਚਾ ਵਿੱਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਅਜੇ ਬਹੁਤ ਛੋਟੀ ਉਮਰ ਦਾ ਸਿਤਾਰਾ ਸੀ ਜਿਸ ਤੋਂ ਸਾਨੂੰ ਸਭ ਨੂੰ ਵੱਡੀਆ ਆਸਾਂ ਤੇ ਉਮੀਦਾਂ ਸਨ।
ਜਿਸ ਢੰਗ ਨਾਲ ਉਸਦਾ ਕਤਲ ਹੋਇਆ ਹੈ ਤੇ ਸਿਆਸੀ ਲੋਕ ਜਲਦਬਾਜੀ ਚ ਬਿਨਾ ਸੋਚੇ ਸਮਝੇ ਬਿਆਨਬਾਜੀ ਕਰ ਰਹੇ ਹਨ, ਇਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਣ ਦਾ ਖ਼ਦਸ਼ਾ ਬਹੁਤ ਵੱਧ ਗਿਆ ਹੈ । ਸਰਕਾਰ ਵਿਰੋਧੀ ਸਿਆਸੀ ਪਾਰਟੀਆਂ ਦੇ ਨੇਤਾ ਇਸ ਕਤਲ ਵਾਸਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਕਹਿਕੇ ਜ਼ੁੰਮੇਵਾਰ ਠਹਿਰਾ ਰਹੇ ਹਨ ਕਿ ਸਰਕਾਰ ਵਲੋਂ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈਣ ਕਰਕੇ ਇਹ ਭਾਣਾ ਵਰਤਿਆ ਹੈ ਜਦ ਕਿ ਅਸਲੀਅਤ ਇਹ ਹੈ ਕਿ ਜੂਨ 84 ਦੇ ਘੱਲੂਘਾਰਾ ਹਫ਼ਤੇ ਨੂੰ ਮੁੱਖ ਰੱਖਕੇ ਪੰਜਾਬ ਦੇ ਹਾਲਾਤਾਂ ਨੂੰ ਵਧੀਆ ਢੰਗ ਨਾਲ ਕੰਟਰੋਲ ਕਰਨ ਲਈ ਪੰਜਾਬ ਦੇ 424 ਵਿਅਕਤੀਆਂ ਦੀ ਸੁਰੱਖਿਆ ਚ ਕਟੌਤੀ ਕੀਤੀ ਗਈ ਸੀ ਜਿਹਨਾ ਵਿੱਚੋਂ ਸਿੱਧੂ ਮੂਸੇਵਾਲੇ ਨੂੰ ਦਿੱਤੇ ਗਏ ਚਾਰ ਪੁਲਿਸ ਕਮਾਡੋਜ ਵਿੱਚੋਂ ਦੋ ਵਾਪਸ ਲਏ ਗਏ ਸਨ, ਪਰ ਘਟਨਾ ਵਾਪਰਨ ਵੇਲੇ ਨਾ ਹੀ ਉਹ ਦੋ ਕਮਾਡੋ ਵੀ ਨਾ ਹੀ ਉਸ ਦੇ ਨਾਲ ਸਨ ਤੇ ਨਾ ਹੀ ਉਸ ਵੇਲੇ ਉਹ ਆਪਣੀ ਪ੍ਰਾਈਵੇਟ ਬੁਲਟ ਪਰੂਫ ਕਾਰ ਵਿੱਚ ਹੀ ਸਵਾਰ ਸੀ । ਸੋ ਸਿਆਸੀ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਨੂੰ ਇਸ ਕਤਲ ਦੇ ਮਾਮਲੇ ਚ ਸੁਰੱਖਿਆ ਵਾਪਸੀ ਦਾ ਮੁੱਦਾ ਬਣਾ ਕੇ ਭੰਡਣਾ ਤੇ ਜਨਤਾ ਦੇ ਕਟਹਿਰੇ ਚ ਖੜ੍ਹਾ ਕਰਨਾ ਕਿਸੇ ਵੀ ਤਰਾਂ ਤਰਕਸੰਗਤ ਨਹੀਂ ਜਾਪਦਾ ।
ਇਹ ਗੱਲ ਬਿਲਕੁਲ ਦਰੁਸਤ ਹੈ ਕਿ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਸਰਕਾਰ ਦਾ ਸਭ ਤੋ ਪਹਿਲਾ ਫਰਜ ਹੈ, ਪਰ ਇਹ ਗੱਲ ਵੀ ਉਨੀ ਹੀ ਸੱਚ ਹੈ ਕਿ ਹਰ ਇਕ ਸ਼ਹਿਰੀ ਨੂੰ ਸਰਕਾਰ ਬਾਡੀ-ਗਾਰਡ ਮੁਹੱਈਆ ਨਹੀ ਕਰ ਸਕਦੀ । ਦੂਜੇ ਸ਼ਬਦਾਂ ਵਿੱਚ ਇੰਜ ਕਹਿ ਸਕਦੇ ਹਾਂ ਕਿ ਜੋ ਲੋਕ ਸਜਦੇ ਪੁੱਜਦੇ ਹਨ ਉਹਨਾ ਨੂੰ, ਸਰਕਾਰੀ ਸੁਰੱਖਿਆ ਜਾਂ ਪੁਲਿਸ ਗੰਨਮੈਨਾ ਦੀ ਝਾਕ ਛੱਡਕੇ, ਆਪਣੀ ਸੁਰੱਖਿਆ ਦਾ ਜਿੰਮਾ ਆਪ ਵੀ ਲੈਣਾ ਚਾਹੀਦਾ ਹੈ । ਇਸ ਵੇਲੇ ਜੋ ਬਿਆਨਬਾਜੀ ਮੀਡੀਏ ‘ਤੇ ਵੱਖ ਵੱਖ ਪਾਰਟੀਆਂ ਦੇ ਨੇਤਾ ਇਸ ਕਤਲ ਨੂੰ ਲੈ ਕੇ ਕਰ ਰਹੇ ਰਨ, ਉਸ ਵਿੱਚੋਂ ਮਿਰਤਕ ਦੇ ਕਤਲ ਨਾਲ ਸੰਬੰਧਿਤ ਹਮਦਰਦੀ ਦੀ ਬਿਆਨਬਾਜੀ ਘੱਟ ਹੈ ਜਦ ਕਿ ਵਾਪਸ ਲਈ ਗਈ ਪੁਲਿਸ ਸੁਰੱਖਿਆ ਦੀ ਰੰਜਿਸ਼ ਦੀ ਬੋਅ ਵੱਧ ਆ ਰਹੀ ਹੈ, ਇਸ ਕਤਲ ਨੂੰ ਸਿਆਸੀ ਰੋਟੀਆ ਸੇਕਣ ਲਈ ਵਰਤੋ ਵਿੱਚ ਲਿਆਉਣ ਦੀ ਕੇਸ਼ਿ਼ਸ਼ ਕੀਤੀ ਜਾ ਰਹੀ ਹੈ ਜੋ ਕਿ ਕਦਾਚਿਤ ਵੀ ਨਾ ਹੀ ਉਹਨਾਂ ਲੋਕਾਂ ਦੇ ਹਿਤ ਚ ਹੈ ਜੋ ਬਿਆਨਬਾਜੀ ਕਰ ਰਹੇ ਹਨ ਤੇ ਨਾ ਹੀ ਪੰਜਾਬ ਦੇ ਹਿਤ ਚ ਹੈ । ਇਸ ਕਤਲ ਦੀ ਪੂਰੀ ਜਾਂਚ ਪੜਤਾਲ ਤੋ ਪਹਿਲਾਂ ਹੀ ਬਿਆਨਬਾਜੀ ਕਰਨੀ ਕਿਸੇ ਵੀ ਤਰਾਂ ਬਚਕਾਨਾ ਤੇ ਹੋਸ਼ੇਪਨ ਤੋ ਘੱਟ ਨਹੀਂ ਮੰਨੀ ਜਾ ਸਕਦੀ । ਇਸ ਤਰਾਂ ਕਰਨਾ ਕਾਨੂੰਨੀ ਜੁਰਮ ਵੀ ਹੈ ਤੇ ਬਿਨਾ ਸਿਰ ਪੈਰ ਜਾਂ ਕਿਸੇ ਵੀ ਠੋਸ ਸਬੂਤ ਤੋਂ ਇਲਜ਼ਾਮ ਤਰਾਸ਼ੀ ਕਰਨ ਵਿਰੁੱਧ ਕਾਨੂੰਨ ਦੀਆ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਹੋ ਸਕਦਾ ਹੈ।
ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਤਾਜਾ ਜਾਣਕਾਰੀ ਮੁਤਾਬਿਕ, ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਪੰਜਾਬ ਵਿਚਲੇ ਲੱਕੀ ਪਟਿਆਲ਼ਾ ਤੇ ਬਿਸ਼ਨੋਈ ਗੈਂਗ ਦੀ ਆਪਸੀ ਖਹਿਬਾਜੀ ਦਾ ਮਾਮਲਾ ਹੈ ਜਿਸ ਦੇ ਤਾਰ ਆਸਟਰੇਲੀਆ ਅਤੇ ਕਨੇਡਾ ਵਿੱਚ ਬੈਠੇ ਇਹਨਾ ਗਰੁੱਪਾਂ ਦੇ ਗੈਂਗਸਟਰਾਂ ਨਾਲ ਜੁੜਦੇ ਹਨ । ਲੱਕੀ ਬਰਾੜ ਨਾਮ ਦੇ ਇਕ ਕਨੇਡਾ ਚ ਬੈਠੇ ਗੈਂਗਸਟਰ ਨੇ ਇਸ ਕਤਲ ਦੀ ਟਵੀਟ ਕਰਕੇ ਜ਼ੁੰਮੇਵਾਰੀ ਵੀ ਲਈ ਹੈ । ਸੋ ਪੰਜਾਬ ਦੇ ਸਿਆਸੀ ਲੋਕਾਂ ਨੂੰ ਇਸ ਮਾਮਲੇ ਨਾਲ ਸੰਬੰਧਿਤ ਕਾਹਲਬਾਜੀ ਚ ਕਿਸੇ ਵੀ ਤਰਾਂ ਦੀ ਗ਼ੈਰ ਜਿਮੇਵਾਰਾਨਾ ਬਿਆਨਬਾਜੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸਿੱਧੂ ਮੂਸੇਵਾਲੇ ਦਾ ਕਤਲ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ, ਉਸ ਨੌਜਵਾਨ ਤੋ ਪੰਜਾਬੀਆ ਨੂੰ ਵੱਡੀਆ ਆਸਾਂ ਸਨ , ਜਿਸ ਨੇ ਵੀ ਇਹ ਬੁਜਦਿਲਾਨਾ ਕਾਰਾ ਕੀਤਾ ਹੈ, ਉਸ ਨੂੰ ਜਲਦ ਹੀ ਕਾਨੂੰਨ ਦੀ ਪਕੜ ਵਿੱਚ ਲਿਆ ਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ਚ ਇਸ ਤਰਾਂ ਦੀ ਕੋਈ ਹੋਰ ਘਟਨਾ ਮੁੜ ਕਦੇ ਵੀ ਨਾ ਵਾਪਰ ਸਕੇ ।
ਸਿੱਧੂ ਮੂਸੇਵਾਲੇ ਦੇ ਇਸ ਘਿਨਾਉਣੇ ਕਤਲ ਦੀ ਇਕ ਵਾਰ ਫਿਰ ਕਠੋਰ ਸ਼ਬਦਾਂ ਚ ਨਿੰਦਾ ਕਰਦਾ ਹੋਇਆ ਉਸ ਦੇ ਪਰਿਵਾਰ ਤੇ ਸਮੂਹ ਪਰਸੰਸਕਾ ਨਾਲ ਦੁੱਖ ਦਾ ਇਜ਼ਹਾਰ ਕਰਦਾ ਹੋਇਆ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ । ਕਲਾਕਾਰ ਤੇ ਲਿਖਾਰੀ ਕੌਮਾਂ ਦਾ ਸ਼ਰਮਾਇਆ ਹੁੰਦੇ ਹਨ ਤੇ ਸਰਕਾਰ ਨੂੰ ਇਹਨਾ ਦੀ ਸੁਰੱਖਿਆ ਸਮੇਤ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਅਪੀਲ ਕਰਦਾ ਹਾਂ ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ