ਅਹਿਮਦਾਬਾਦ – ਇੰਡੀਅਨ ਪ੍ਰੀਮੀਅਰ ਲੀਗ 2022 ਦਾ ਸਫਰ ਕਰੀਬ ਦੋ ਮਹੀਨੇ ਅਤੇ 74 ਮੈਚਾਂ ਦੇ ਸਫਰ ਤੋਂ ਬਾਅਦ ਸਮਾਪਤ ਹੋ ਗਿਆ ਹੈ। ਗੁਜਰਾਤ ਟਾਈਟਨਸ ਨੇ ਆਪਣੇ ਡੈਬਿਊ ਸੀਜ਼ਨ ‘ਚ ਹੀ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਈ ਪੀ ਐੱਲ ਦੇ 15ਵੇਂ ਸੀਜ਼ਨ ਦੇ ਵਿੱਚ ਪਹਿਲੀ ਵਾਰ ਆਈ ਪੀ ਐਲ ਖੇਡ ਰਹੀ ਗੁਜਰਾਤ ਟਾਈਟਨਜ਼ ਨੇ ਪਹਿਲੇ ਹੀ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਤੋਂ ਬਾਅਦ ਗੁਜਰਾਤ ਨੂੰ ਬੀ ਸੀ ਸੀ ਆਈ ਤੋਂ ਕਾਫੀ ਪੈਸਾ ਵੀ ਮਿਲਿਆ ਅਤੇ ਟਰਾਫੀ ਦੇ ਨਾਲ 20 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲੀ ਹੈ। ਉਪ ਜੇਤੂ ਰਾਜਸਥਾਨ ਨੂੰ ਵੀ 12.5 ਕਰੋੜ ਰੁਪਏ ਮਿਲੇ ਹਨ ਜਦਕਿ ਤੀਜੇ ਨੰਬਰ ‘ਤੇ ਰਹੀ ਬੰਗਲੌਰ ਨੂੰ 7 ਕਰੋੜ ਅਤੇ ਚੌਥੇ ਨੰਬਰ ‘ਤੇ ਰਹੀ ਲਖਨਊ ਨੂੰ 6.5 ਕਰੋੜ ਰੁਪਏ ਦਾ ਨਕਦ ਇਨਾਮ ਮਿਲਿਆ ਹੈ।
ਆਈ ਪੀ ਐੱਲ ਦੀਆਂ ਜੇਤੂ ਟੀਮਾਂ ਤੋਂ ਇਲਾਵਾ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਵੀ ਖੂਬ ਕਮਾਈ ਕੀਤੀ ਹੈ। ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਰਾਜਸਥਾਨ ਦੇ ਯੁਜਵੇਂਦਰ ਚਾਹਲ ਨੂੰ ‘ਪਰਪਲ ਕੈਪ’ ਦੇ ਨਾਲ 10 ਲੱਖ ਰੁਪਏ ਮਿਲੇ ਹਨ। ਚਾਹਲ ਨੇ ਸੀਜ਼ਨ ‘ਚ 27 ਵਿਕਟਾਂ ਲਈਆਂ।
ਇਸ ਦੇ ਨਾਲ ਹੀ ਸੀਜ਼ਨ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੂੰ ਓਰੇਂਜ ਕੈਪ ਦੇ ਨਾਲ 10 ਲੱਖ ਰੁਪਏ ਮਿਲੇ ਹਨ। ਬਟਲਰ ਨੇ 17 ਮੈਚਾਂ ‘ਚ 863 ਦੌੜਾਂ ਬਣਾਈਆਂ।
ਫਾਈਨਲ ਦੇ ਮੈਨ ਆਫ ਦਿ ਮੈਚ ਹਾਰਦਿਕ ਪੰਡਯਾ ਨੂੰ 5 ਲੱਖ ਰੁਪਏ ਮਿਲੇ ਹਨ। ਇਸ ਤੋਂ ਇਲਾਵਾ ਅੰਤਮ ਪੇਸ਼ਕਾਰੀ ਸਮਾਰੋਹ ਵਿੱਚ ਉਭਰਦੇ ਪਲੇਅਰ ਆਫ ਦਿ ਈਅਰ, ਸੁਪਰ ਸਟ੍ਰਾਈਕਰ ਆਫ ਦਾ ਸੀਜ਼ਨ, ਮੋਸਟ ਵੈਲਯੂਏਬਲ ਪਲੇਅਰ ਆਫ ਦਿ ਈਅਰ, ਗੇਮਚੇਂਜਰ ਆਫ ਦਾ ਈਅਰ, ਪਾਵਰ ਪਲੇਅਰ ਆਫ ਦਿ ਈਅਰ ਅਤੇ ਮੈਕਸਿਮ ਸਿਕਸ ਐਵਾਰਡ ਵੀ ਦਿੱਤੇ ਗਏ ਹਨ।
ਭਾਰਤ ਦੇ 5 ਫਲਾਪ ਸਿਤਾਰੇ
ਆਈ ਪੀ ਐੱਲ 2022 ਖਤਮ ਹੋ ਗਿਆ ਹੈ ਅਤੇ ਇਸ ਸੀਜ਼ਨ ‘ਚ ਜਿੱਥੇ ਭਾਰਤ ਨੂੰ ਭਵਿੱਖ ਲਈ ਕਈ ਨੌਜਵਾਨ ਖਿਡਾਰੀ ਮਿਲੇ, ਉੱਥੇ ਹੀ ਕਈ ਦਿੱਗਜ ਖਿਡਾਰੀ ਪੂਰੀ ਤਰ੍ਹਾਂ ਫਲਾਪ ਸਿੱਧ ਹੋਏ। ਟੀ-20 ਵਿਸ਼ਵ ਕੱਪ ਨਵੰਬਰ ‘ਚ ਆਸਟ੍ਰੇਲੀਆ ਦੇ ਵਿੱਚ ਹੋਣਾ ਹੈ। ਅਜਿਹੇ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਕਈ ਖਿਡਾਰੀਆਂ ਦੀ ਖਰਾਬ ਫਾਰਮ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਰੋਹਿਤ ਸ਼ਰਮਾ
ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਇਸ ਆਈਪੀਐਲ ਦੇ ਸਭ ਤੋਂ ਫਲਾਪ ਭਾਰਤੀ ਖਿਡਾਰੀਆਂ ਵਿੱਚੋਂ ਇੱਕ ਹਨ। ਆਈਪੀਐਲ -15 ਉਸ ਦੇ ਕਰੀਅਰ ਦਾ ਸਭ ਤੋਂ ਖ਼ਰਾਬ ਸੀਜ਼ਨ ਸਾਬਤ ਹੋਇਆ। 14 ਮੈਚਾਂ ਵਿੱਚ ਉਸਨੇ ਸਿਰਫ 268 ਦੌੜਾਂ ਬਣਾਈਆਂ ਅਤੇ ਇੱਕ ਵੀ ਅਰਧ ਸੈਂਕੜਾ ਉਸਨੇ ਨਹੀਂ ਬਣਾਇਆ। ਉਸਦਾ ਸਰਵੋਤਮ ਸਕੋਰ 48 ਰਿਹਾ। ਰੋਹਿਤ ਸ਼ਰਮਾ ਪੂਰੇ ਸੀਜ਼ਨ ‘ਚ ਸਿਰਫ 6 ਵਾਰ 20 ਦਾ ਅੰਕੜਾ ਪਾਰ ਕਰ ਸਕੇ ਹਨ। ਮੁੰਬਈ ਇੰਡੀਅਨਜ਼ ਨੂੰ ਵੀ ਰੋਹਿਤ ਦੀ ਖ਼ਰਾਬ ਫਾਰਮ ਦਾ ਖ਼ਮਿਆਜ਼ਾ ਭੁਗਤਣਾ ਪਿਆ ਅਤੇ ਟੀਮ ਸਿਰਫ਼ 4 ਮੈਚ ਜਿੱਤ ਕੇ ਆਈਪੀਐਲ ਇਤਿਹਾਸ ਵਿੱਚ ਪਹਿਲੀ ਵਾਰ ਅੰਕ ਸੂਚੀ ਵਿੱਚ ਆਖਰੀ ਸਥਾਨ ’ਤੇ ਰਹੀ। ਹਾਲ ਹੀ ‘ਚ ਰੋਹਿਤ ਸ਼ਰਮਾ ਨੂੰ ਤਿੰਨੋਂ ਫਾਰਮੈਟਾਂ ‘ਚ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਅਜਿਹੇ ‘ਚ ਉਸ ਦੀ ਖਰਾਬ ਫਾਰਮ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਟੀ-20 ਵਿਸ਼ਵ ਕੱਪ ਵੀ ਇਸੇ ਸਾਲ ਨਵੰਬਰ ‘ਚ ਖੇਡਿਆ ਜਾਣਾ ਹੈ। ਜੇਕਰ ਰੋਹਿਤ ਵਿਸ਼ਵ ਕੱਪ ਤੋਂ ਪਹਿਲਾਂ ਫਾਰਮ ‘ਚ ਨਹੀਂ ਆਉਂਦੇ ਹਨ ਤਾਂ ਟੀਮ ਇੰਡੀਆ ਲਈ ਮੁਸੀਬਤ ਖੜ੍ਹੀ ਹੋ ਜਾਵੇਗੀ।
ਵਿਰਾਟ ਕੋਹਲੀ
ਪਿਛਲੇ ਦੋ ਸਾਲਾਂ ਤੋਂ ਕ੍ਰਿਕਟ ਦੇ ਮੈਦਾਨ ‘ਤੇ ਔਸਤ ਪ੍ਰਦਰਸ਼ਨ ਕਰ ਰਹੇ ਵਿਰਾਟ ਕੋਹਲੀ ਦਾ ਬੱਲਾ ਆਈਪੀਐਲ -15 ‘ਚ ਵੀ ਸ਼ਾਂਤ ਰਿਹਾ। ਕੋਹਲੀ ਸੀਜ਼ਨ ਦੇ 16 ਮੈਚਾਂ ‘ਚ 22.73 ਦੀ ਔਸਤ ਨਾਲ 341 ਦੌੜਾਂ ਹੀ ਬਣਾ ਸਕੇ। 2009 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਹਲੀ ਨੇ ਆਈਪੀਐਲ ਦੇ ਕਿਸੇ ਸੀਜ਼ਨ ਵਿੱਚ 25 ਤੋਂ ਘੱਟ ਦੀ ਔਸਤ ਬਣਾਈ ਹੈ। ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਸਿਰਫ ਬੱਲੇਬਾਜ਼ ਦੇ ਤੌਰ ‘ਤੇ ਖੇਡ ਰਹੇ ਵਿਰਾਟ ਨੂੰ ਆਈਪੀਐਲ-15 ਦੇ ਦੋਵੇਂ ਨਾਕ ਆਊਟ ਮੈਚਾਂ ‘ਚ ਵੀ ਜਲਦੀ ਆਊਟ ਹੋ ਗਏ। ਇੱਕ ਵਾਰ ਆਈਪੀਐਲ ਵਿੱਚ 4 ਸੈਂਕੜੇ ਲਗਾਉਣ ਵਾਲੇ ਕੋਹਲੀ ਨੇ ਆਈਪੀਐਲ-15 ਵਿੱਚ ਸਿਰਫ਼ ਦੋ ਅਰਧ ਸੈਂਕੜੇ ਬਣਾਏ, ਜਿਨ੍ਹਾਂ ਵਿੱਚੋਂ ਇੱਕ ਅਰਧ ਸੈਂਕੜੇ 109 ਦੇ ਸਧਾਰਨ ਸਟ੍ਰਾਈਕ ਰੇਟ ਨਾਲ ਆਏ। ਵਿਰਾਟ ਕੋਹਲੀ ਵੀ ਇਸ ਆਈਪੀਐਲ 2022 ਨੂੰ ਭੁੱਲਣਾ ਚਾਹੁਣਗੇ ਕਿਉਂਕਿ ਇਸ ਸੀਜ਼ਨ ਦੇ 3 ਮੈਚਾਂ ‘ਚ ਉਹ ਗੋਲਡਨ ਡੱਕ ‘ਤੇ ਯਾਨੀ ਆਪਣੀ ਪਾਰੀ ਦੀ ਪਹਿਲੀ ਗੇਂਦ ‘ਤੇ ਆਊਟ ਹੋ ਗਏ। ਜੇਕਰ ਕੋਹਲੀ ਦਾ ਇਹ ਪ੍ਰਦਰਸ਼ਨ ਜਾਰੀ ਰਿਹਾ ਤਾਂ ਆਉਣ ਵਾਲੇ ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ਦੀਆਂ ਉਮੀਦਾਂ ‘ਤੇ ਵੀ ਪਾਣੀ ਫਿਰ ਸਕਦਾ ਹੈ।
ਰਵਿੰਦਰ ਜਡੇਜਾ
ਆਈਪੀਐਲ-15 ਤੋਂ ਪਹਿਲਾਂ ਰਵਿੰਦਰ ਜਡੇਜਾ ਨੂੰ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਦੀ ਕਪਤਾਨੀ ‘ਚ ਟੀਮ ਦਾ ਪ੍ਰਦਰਸ਼ਨ ਨਾ ਸਿਰਫ ਖਰਾਬ ਰਿਹਾ, ਸਗੋਂ ਟੀਮ ਵੀ ਕੁਝ ਖਾਸ ਨਹੀਂ ਕਰ ਸਕੀ। ਇਸ ਦਾ ਅਸਰ ਇਹ ਹੋਇਆ ਕਿ ਜਡੇਜਾ ਨੂੰ ਸੀਜ਼ਨ ਦੇ ਵਿਚਕਾਰ ਹੀ ਕਪਤਾਨੀ ਛੱਡਣੀ ਪਈ। ਇਸ ਤੋਂ ਬਾਅਦ ਸਭ ਤੋਂ ਫਿੱਟ ਕ੍ਰਿਕਟਰਾਂ ‘ਚ ਗਿਣੇ ਜਾਣ ਵਾਲੇ ਜਡੇਜਾ ਸੱਟ ਕਾਰਨ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ। ਟੂਰਨਾਮੈਂਟ ਦੇ ਮੱਧ ‘ਚ ਜਡੇਜਾ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮਤਭੇਦਾਂ ਦੀ ਖਬਰ ਵੀ ਸਾਹਮਣੇ ਆਈ ਸੀ। ਹਰਫਨਮੌਲਾ ਰਵਿੰਦਰ ਜਡੇਜਾ ਨੇ ਆਈਪੀਐਲ 2022 ਵਿੱਚ ਚੇਨਈ ਲਈ 10 ਮੈਚ ਖੇਡੇ। ਇਸ ‘ਚ ਉਸਨੇ ਸਿਰਫ 116 ਦੌੜਾਂ ਹੀ ਬਣਾਈਆਂ। ਟੀਮ ‘ਚ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਾਲੇ ਜਡੇਜਾ ਸਿਰਫ 118 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਸਕੇ। ਗੇਂਦਬਾਜ਼ੀ ‘ਚ ਵੀ ਜਡੇਜਾ ਨੇ 10 ਮੈਚਾਂ ‘ਚ ਸਿਰਫ 5 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ ਦੁਨੀਆ ਦੇ ਬਿਹਤਰੀਨ ਫੀਲਡਰਾਂ ‘ਚ ਗਿਣੇ ਜਾਣ ਵਾਲੇ ਜਡੇਜਾ ਨੇ ਮੈਦਾਨ ‘ਤੇ ਕਈ ਆਸਾਨ ਕੈਚ ਵੀ ਛੱਡ ਦਿੱਤੇ।
ਰਿਸ਼ਭ ਪੰਤ
ਦਿੱਲੀ ਦੇ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ-15 ‘ਚ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ। ਪੰਤ ਸੀਜ਼ਨ ਦੇ 14 ਮੈਚਾਂ ‘ਚ 30.91 ਦੀ ਔਸਤ ਨਾਲ ਸਿਰਫ 340 ਦੌੜਾਂ ਹੀ ਬਣਾ ਸਕੇ ਅਤੇ ਉਸਨੇਂ ਇਕ ਵੀ ਅਰਧ ਸੈਂਕੜਾ ਨਹੀਂ ਬਣਾਇਆ। ਹਾਲ ਹੀ ‘ਚ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਲਈ ਭਾਰਤੀ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਇਹ ਖਿਡਾਰੀ ਪੂਰੇ ਸੀਜ਼ਨ ਦੌਰਾਨ ਕਪਤਾਨੀ ਦੇ ਦਬਾਅ ‘ਚ ਨਜ਼ਰ ਆਇਆ। ਦਿੱਲੀ ਕੈਪੀਟਲਸ ਦੇ ਆਖਰੀ ਕਰੋ ਜਾਂ ਮਰੋ ਮੈਚ ਵਿੱਚ ਪੰਤ ਨੇ ਕਈ ਆਸਾਨ ਕੈਚ ਛੱਡੇ ਅਤੇ ਸਮੇਂ ਸਿਰ ਰਿਵਿਊ ਵੀ ਨਹੀਂ ਲਿਆ। ਆਪਣੀ ਧਮਾਕੇਦਾਰ ਬੱਲੇਬਾਜ਼ੀ ਸ਼ੈਲੀ ਲਈ ਜਾਣੇ ਜਾਂਦੇ ਰਿਸ਼ਭ ਪੰਤ ਸੀਜ਼ਨ ਦੇ 14 ਮੈਚਾਂ ਵਿੱਚ ਸਿਰਫ਼ 16 ਛੱਕੇ ਹੀ ਲਗਾ ਸਕੇ।
ਮੁਹੰਮਦ ਸਿਰਾਜ
ਆਈਪੀਐਲ 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸਿਰਾਜ ਨੂੰ ਆਰਸੀਬੀ ਨੇ 2022 ਵਿੱਚ 7 ਕਰੋੜ ਰੁਪਏ ਦੇ ਕੇ ਬਰਕਰਾਰ ਰੱਖਿਆ ਸੀ, ਪਰ ਉਹ ਆਪਣੇ ਪ੍ਰਸ਼ੰਸਕਾਂ ਅਤੇ ਟੀਮ ਦੀਆਂ ਉਮੀਦਾਂ ‘ਤੇ ਖਰੇ ਨਹੀਂ ਉਤਰੇ। ਟੂਰਨਾਮੈਂਟ ਦੇ 15 ਮੈਚਾਂ ‘ਚ ਸਿਰਾਜ ਨੇ 57.11 ਦੀ ਔਸਤ ਨਾਲ ਸਿਰਫ 9 ਵਿਕਟਾਂ ਲਈਆਂ। ਇੰਨਾ ਹੀ ਨਹੀਂ ਸਿਰਾਜ ਦੀ ਗੇਂਦਬਾਜ਼ੀ ਆਰਸੀਬੀ ਲਈ ਬਹੁਤ ਮਹਿੰਗੀ ਸਾਬਤ ਹੋਈ ਅਤੇ ਉਸ ਨੇ 10.08 ਪ੍ਰਤੀ ਓਵਰ ਦੀ ਦੇ ਨਾਲ ਦੌੜਾਂ ਲੁਟਾਈਆਂ। ਇਸ ਦੇ ਨਾਲ ਹੀ ਉਹ ਆਈਪੀਐਲ ਦੇ ਕਿਸੇ ਵੀ ਸੀਜ਼ਨ ਵਿੱਚ 30 ਤੋਂ ਵੱਧ ਛੱਕੇ ਮਾਰਨ ਵਾਲਾ ਪਹਿਲਾ ਗੇਂਦਬਾਜ਼ ਵੀ ਬਣ ਗਿਆ ਹੈ। 15 ਮੈਚਾਂ ਵਿੱਚ ਇੱਕ ਵੀ ਮੈਚ ਨਹੀਂ ਸੀ ਜਦੋਂ ਉਸਨੇ ਆਪਣੀ ਛਾਪ ਛੱਡੀ ਸੀ। ਇਹ ਸਾਰੇ ਖਿਡਾਰੀ ਟੀਮ ਇੰਡੀਆ ਦੇ ਰੈਗੂਲਰ ਮੈਂਬਰ ਹਨ। ਅਜਿਹੇ ‘ਚ ਟੀਮ ਇੰਡੀਆ ਨੂੰ ਆਪਣੀ ਖਰਾਬ ਫਾਰਮ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।