ਗ੍ਰੰਥੀ ਸਿੰਘਾਂ ਦੇ ਵਫ਼ਦ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਵਿਸ਼ੇਸ਼ ਮੰਗ ਪੱਤਰ ਸੌਂਪਿਆ

ਗ੍ਰੰਥੀ ਸਿੰਘਾਂ ਦਾ ਵਫ਼ਦ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਵਿਸ਼ੇਸ਼ ਮੰਗ ਪੱਤਰ ਸੌਂਪਦਾ ਹੋਇਆ।

‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ’ ਪਾਸ ਹੋਣ ਤੋਂ ਬਾਅਦ ਪੈਦਾ ਹੋਏ ਹਾਲਾਤ ਅਤੇ ਗ੍ਰੰਥੀ ਸਿੰਘਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਅੱਜ ਵੱਖ-ਵੱਖ ਇਲਾਕਿਆਂ ਤੋਂ ਗ੍ਰੰਥੀ ਸਿੰਘਾਂ ਦਾ ਇੱਕ ਵਫ਼ਦ ਸਿੰਘ ਸਾਹਿਬ ਬਾਬਾ ਟੇਕ ਸਿੰਘ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਮਿਲਣ ਪਹੁੰਚਿਆ। ਇਸ ਦੌਰਾਨ ਗ੍ਰੰਥੀ ਸਿੰਘਾਂ ਵੱਲੋਂ ਜਥੇਦਾਰ ਸਾਹਿਬ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਸਮੁੱਚੇ ਗ੍ਰੰਥੀ ਸਿੰਘਾਂ, ਪ੍ਰਚਾਰਕਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਐਕਟ ਸਿੱਖਾਂ ਦੇ ਧਾਰਮਿਕ ਮਾਮਲਿਆਂ ਅੰਦਰ ਸਿੱਧਾ ਦਖਲ ਹੈ ਅਤੇ ਇਸ ਨਾਲ ਬੇਅਦਬੀ ਦੇ ਮਾਮਲਿਆਂ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ਉੱਤੇ ਕੇਂਦ੍ਰਿਤ ਹੋਣ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਗਤ, ਗ੍ਰੰਥੀ ਸਿੰਘਾਂ, ਉੱਤੇ ਵਧੇਰੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ। ਅਜਿਹੀ ਕਾਰਵਾਈ ਨਾਲ ਜਿੱਥੇ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਵੱਡੀਆਂ ਰੁਕਾਵਟਾਂ ਆਉਣਗੀਆਂ, ਉੱਥੇ ਹੀ ਸਿੱਖ ਸੰਗਤ ਵੀ ਗੁਰੂ ਸਾਹਿਬ ਨਾਲੋਂ ਟੁੱਟੇਗੀ। ਉਨ੍ਹਾਂ ਕਿਹਾ ਕਿ ਕਸਟੋਡੀਅਨ ਮਤ ਤਹਿਤ ਜਿਸ ਘਰ ‘ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਹੈ ਜਾਂ ਸ੍ਰੀ ਅਖੰਡ ਪਾਠ ਸਾਹਿਬ ਹੋਵੇਗਾ, ਉਸ ਦੀ ਜ਼ਿੰਮੇਵਾਰੀ ਤੈਅ ਹੋਵੇਗੀ, ਜਿਸ ਨਾਲ ਸੰਗਤ ‘ਚ ਡਰ ਅਤੇ ਸਹਿਮ ਦਾ ਮਾਹੌਲ ਹੈ।

ਇਸ ਮੁਲਾਕਾਤ ਦੌਰਾਨ ਗ੍ਰੰਥੀ ਸਿੰਘਾਂ ਨੇ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਪੈਦਾ ਹੋਣ ਵਾਲੀਆਂ ਸੰਭਾਵੀ ਮੁਸ਼ਕਲਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਵਫ਼ਦ ਨੇ ਕਿਹਾ ਕਿ ਨਵੇਂ ਐਕਟ ਦੇ ਪਾਸ ਹੋਣ ਨਾਲ ਸੰਗਤ ਵਿੱਚ ਡਰ ਪਾਇਆ ਜਾ ਰਿਹਾ ਹੈ। ਇਸੇ ਡਰ ਕਾਰਨ ਲੋਕ ਆਪਣੇ ਘਰਾਂ ਵਿੱਚੋਂ ਪਵਿੱਤਰ ਪੋਥੀਆਂ ਅਤੇ ਗੁਟਕਾ ਸਾਹਿਬ ਲਗਾਤਾਰ ਗੁਰਦੁਆਰਾ ਸਾਹਿਬਾਨ ਵਿਖੇ ਜਮ੍ਹਾ ਕਰਵਾ ਰਹੇ ਹਨ। ਵਫ਼ਦ ਨੇ ਖਦਸ਼ਾ ਪ੍ਰਗਟਾਇਆ ਕਿ ਕਿਸੇ ਵੀ ਮੰਦਭਾਗੀ ਘਟਨਾ ਜਾਂ ਅਣਗਹਿਲੀ ਦੀ ਸੂਰਤ ਵਿੱਚ, ਪ੍ਰਸ਼ਾਸਨ ਵੱਲੋਂ ਸਭ ਤੋਂ ਪਹਿਲਾਂ ਗ੍ਰੰਥੀ ਸਿੰਘਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਦੋਸ਼ੀ ਵਜੋਂ ਪੇਸ਼ ਕੀਤਾ ਜਾਵੇਗਾ। ਗ੍ਰੰਥੀ ਸਿੰਘਾਂ ਅਨੁਸਾਰ ਇਹ ਕਾਨੂੰਨ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸੇਵਾਵਾਂ ਵਿੱਚ ਮਾਨਸਿਕ ਦਬਾਅ ਪੈਦਾ ਕਰੇਗਾ, ਜਿਸ ਨਾਲ ਸਤਿਕਾਰ ਸਹਿਤ ਸੇਵਾ ਨਿਭਾਉਣੀ ਔਖੀ ਹੋ ਸਕਦੀ ਹੈ।

ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਗ੍ਰੰਥੀ ਸਿੰਘਾਂ ਦੀਆਂ ਦਲੀਲਾਂ ਨੂੰ ਬੜੇ ਧਿਆਨ ਨਾਲ ਸੁਣਿਆ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਸਿੱਖ ਸੰਸਥਾਵਾਂ ਅਤੇ ਤਖ਼ਤ ਸਾਹਿਬਾਨ ਹਮੇਸ਼ਾ ਸੇਵਾਦਾਰਾਂ ਦੇ ਹਿੱਤਾਂ ਦੀ ਰਾਖੀ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣਾ ਸਭ ਦਾ ਫਰਜ਼ ਹੈ, ਪਰ ਇਸ ਦੀ ਆੜ ਵਿੱਚ ਕਿਸੇ ਵੀ ਗ੍ਰੰਥੀ ਸਿੰਘ ਦਾ ਸ਼ੋਸ਼ਣ ਜਾਂ ਨਾਜਾਇਜ਼ ਤੰਗ-ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕਿਹਾ ਜਿਹੜਾ ਕਨੂੰਨ ਸੰਗਤ ਨੂੰ ਗੁਰੂ ਤੋਂ ਦੂਰ ਕਰਦਾ ਹੈ ਉਹ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ। ਬਾਬਾ ਟੇਕ ਸਿੰਘ ਜੀ ਨੇ ਕਿਹਾ ਕਿ ਇਸੇ ਮਸਲੇ ‘ਤੇ ਵਿਧਾਨ ਸਭਾ ਦੇ ਸਪੀਕਰ ਨੂੰ ਤਲਬ ਕੀਤਾ ਗਿਆ ਹੈ।

Related posts

ਆਮ ਆਦਮੀ ਪਾਰਟੀ ਹੁਣ ਰਾਜਨੀਤਿਕ ਦਲ ਵਾਂਗ ਨਹੀਂ, ਧੋਖਾ ਖਾਧੇ ਪ੍ਰੇਮੀ ਵਾਂਗ ਵਰਤਾਅ ਕਰ ਰਹੀ ਹੈ : ਰਾਘਵ ਚੱਢਾ

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਚੀਫ਼ ਖਾਲਸਾ ਦੀਵਾਨ ਦੀ ਪ੍ਰਬੰਧਕ ਕਮੇਟੀ ਤਲਬ

ਪਾਵਰਬੈਂਕ ਫਟਣ ਕਾਰਣ ਇੰਡੀਗੋ ਫਲਾਈਟ ਦੀ ਐਂਮਰਜੈਂਸੀ ਲੈਂਡਿੰਗ