‘ਨਾਉਂ ਦਮੋਦਰ ਜਾਤ ਗਲਹਾਟੀ, ਆਇਆ ਸੁੱਕ ਸਿਆਲੀਂ

ਹੀਰ ਰਾਂਝਾ।

ਲੇਖਿਕਾ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਪੰਜਾਬੀ ਸਾਹਿਤ ਦਾ ਪਹਿਲਾ ਕਿੱਸਾਕਾਰ ਜਿਸ ਨੇ ਪੰਜਾਬੀ ਸਾਹਿਤ ਵਿੱਚ ਕਿੱਸਾ ਕਾਵਿ ਦੀ ਨੀਂਹ ਰੱਖੀ, ਉਹ ਹੈ: ਦਮੋਦਰ ਗੁਲਾਟੀ। ਆਪਣੀ ਕਲਮ ਨਾਲ ਉਸ ਨੇ ਹੀਰ-ਰਾਂਝੇ ਦੇ ਜੀਵਨ ਵਿੱਚ ਵਾਪਰੀ ਪ੍ਰੇਮ ਗਾਥਾ ਨੂੰ ਹਕੀਕੀ ਰੂਪ ਦੇ ਕੇ ਅਮਰ ਕਰ ਦਿੱਤਾ। ਹੀਰ-ਰਾਂਝੇ ਦੇ ਕਿੱਸੇ ਨੇ ਅਜਿਹੀ ਲੋਅ ਜਗਾਈ ਕਿ ਇਸ ਤੋਂ ਉਪਰਾਂਤ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਕਿੱਸਿਆਂ ਦੀ ਇੱਕ ਲੜੀ ਹੀ ਜੁੜ ਗਈ। ਦਮੋਦਰ ਨੇ ਸਿੱਧ ਕਰ ਦਿੱਤਾ, ਸਿਰਜਣਾਤਮਕਿਤਾ ਹੀ ਕਿਸੇ ਸਾਹਿਤਕ ਪਰੰਪਰਾ ਦੀ ਨਹੀਂ ਬਣਦੀ ਹੈ।

ਅੱਜ ਇਹ ਹਥਲੀ ਕਲਮ ਉਸ ਛਲਾਵੇ ਨੂੰ ਦੂਰ ਕਰੇਗੀ ਜੋ ਦਮੋਦਰ ਨਾਲ ਪੰਜਾਬੀ ਸਾਹਿਤ ਵਿੱਚ ਵਾਪਰਿਆ ਹੈ। ਦਮੋਦਰ ਦੇ ਕਿੱਸੇ ਵਿਚਲੀ ਕਹਾਣੀ ਦੀ ਪੂਰਨਤਾ 1472 ਈ. ਵਿੱਚ ਹੁੰਦੀ ਹੈ, ਜਦੋਂ ਕਿ ਵਾਰਿਸ ਸ਼ਾਹ ਦਾ ਜੀਵਨ 1722-1798 ਵਿਚਕਾਰ ਵਾਪਰਦਾ ਹੈ। ਵਾਰਿਸ ਸ਼ਾਹ ਨੇ ਦਮੋਦਰ ਦੀ ਕਹਾਣੀ ਚੋਰੀ ਕਰਕੇ ਆਪਣੇ ਨਾਂ ਹੇਠ ਹੀਰ-ਰਾਂਝੇ ਦਾ ਨਵਾਂ ਕਿੱਸਾ ਲਿਖ ਦਿੱਤਾ ਅਤੇ ਸਮਾਪਤੀ ਤੇ ਜਾ ਕੇ ਕਹਾਣੀ ਵੀ ਬਦਲ ਦਿੱਤੀ। ‘ਚੋਰੀ ਕਰਕੇ’ ਸ਼ਬਦ ਇਸ ਲਈ ਲਿਖਿਆ ਗਿਆ ਹੈ ਕਿਉਂਕਿ ਇਸ ਨੇ ਦਮੋਦਰ ਦਾ ਨਾਂ ਨਹੀਂ ਲਿਆ। ਦਮੋਦਰ ਦੇ ਧਾਰਮਿਕ ਪਛੋਕੜ ਦਾ ਵਖਰੇਵਾਂ ਹੋਣ ਕਾਰਨ ਅਤੇ ਦਮੋਦਰ ਦੇ ਕਿੱਸੇ ਵਿੱਚ ਭਾਰਤੀ ਸੰਸਕ੍ਰਿਤੀ ਦਾ ਅਧਾਰ ਹੋਣਾ ਰਾਸ ਨਾ ਆਇਆ, ਦੋਵੇਂ ਪਾਸੇ ਪੰਜਾਬ ਦੇ ਲਿਖਾਰੀਆਂ ਨੇ ਦਮੋਦਰ ਨੂੰ ਭੁਲਾ ਕੇ ਵਾਰਿਸ ਸ਼ਾਹ ਦੇ ਕਿੱਸੇ ਨੂੰ ਵੱਡੀ ਮਾਨਤਾ ਦੇ ਦਿੱਤੀ। 18ਵੀਂ ਸਦੀ ਵਿੱਚ ਹੀ ਮੁਕਬਲ ਹੋਇਆ ਹੈ, ਉਸਨੇ ਵਾਰਿਸ ਸ਼ਾਹ ਤੋਂ ਥੋੜਾ ਪਹਿਲਾਂ ਹੀਰ-ਰਾਂਝੇ ਦੇ ਕਿੱਸੇ ਦੀ ਰਚਨਾ ਕੀਤੀ, ਉਸਨੇ ਵੀ ਕਿਤੇ ਦਮੋਦਰ ਦਾ ਨਾਂ ਨਹੀਂ ਲਿਆ, ਇਸ ਤੋਂ ਬਾਅਦ ਅਹਿਮਦ ਯਾਰ ਮਰਾਲਵੀ (18ਵੀਂ ਸਦੀ ਵਿੱਚ) ਅਤੇ ਹਾਸਿਮ ਸ਼ਾਹ (18ਵੀਂ ਸਦੀ) ਵਿੱਚ ਹੀਰ-ਰਾਂਝੇ ਦੇ ਕਿੱਸੇ ਰਚਦੇ ਹਨ, ਇਹਨਾਂ ਨੇ ਵੀ ਕਿਤੇ ਦਮੋਦਰ ਦਾ ਨਾਂ ਨਹੀਂ ਲਿਆ, ਇਹ ਵੀ ਚੋਰੀ ਦੇ ਇਲਜ਼ਾਮ ਤੋਂ ਮੁਕਤ ਨਹੀਂ ਹੋ ਸਕਦੇ।

ਹੁਣ ਗੱਲ ਕਰਦੇ ਹਾਂ ਕਵੀ ਗੁਰਦਾਸ ਗੁਣੀ ਦੀ ਜਿਸਨੇ ਹੀਰ-ਰਾਂਝੇ ਦੀ ਪ੍ਰੇਮਗਾਥਾ ਨੂੰ ਹਿੰਦੀ ਵਿੱਚ ਲਿਖਿਆ, ਪਰ ਉਸ ਦੀ ਆਤਮਾ ਉਸ ਨੂੰ ਚੋਰੀ ਨਹੀਂ ਕਰਨ ਦਿੰਦੀ, ਉਹ ਆਪਣੇ ਕਿੱਸੇ ਦੇ ਆਰੰਭ ਵਿੱਚ ਹੀ ਸਤਿਕਾਰ ਨਾਲ ਇਸ ਨੂੰ ਦਮੋਦਰ ਗਲਾਟੀ ਦੀ ਸਿਰਜਣਾ ਦੱਸਦਾ ਹੈ। ਗੁਰਦਾਸ ਗੁਣੀ ਹੀਰ-ਰਾਂਝੇ ਦੇ ਕਿੱਸੇ ਦੀ ਰਚਨਾ ਵਾਰਿਸ ਸ਼ਾਹ ਤੋਂ ਵੀ ਪਹਿਲਾਂ 1706 ਵਿੱਚ ਕਰਦਾ ਹੈ।

ਦਮੋਦਰ ਦੀ ਇਸ ਮਹਾਨ ਰਚਨਾ ਨੂੰ ਸ਼ਰੀਰ ਰੂਪ ਵਿੱਚ ਲੋਕਾਈ ਵਿੱਚ ਦਾਖਲ ਕਰਵਾਉਣ ਦਾ ਸੇਹਰਾ ਬਾਵਾ ਗੰਗਾ ਸਿੰਘ ਬੇਦੀ ਨੂੰ ਜਾਂਦਾ ਹੈ, ਜਿਸਨੇ 1927 ਵਿੱਚ ਇਸ ਕਿੱਸੇ ਦੀ ਸੰਪਾਦਨਾ ਵਜੀਰ ਹਿੰਦ ਪ੍ਰੈਸ ਅੰਮ੍ਰਿਤਸਰ ਰਾਹੀਂ ਗੁਰਮੁਖੀ ਲਿੱਪੀ ਵਿੱਚ ਕਰਵਾਕੇ, ਇਸ ਨੂੰ ਸਦਾ ਲਈ ਅਮਰ ਕਰ ਦਿੱਤਾ। ਇਸ ਦੇ 960 ਬੰਦ ਹਨ। ਕਿੱਸੇ ਦੀ ਯੁਗਤ ਦਵਯਾ ਛੰਦ ਵਿੱਚ ਕੀਤੀ ਗਈ ਹੈ। ਭਾਸ਼ਾ ਦੀ ਸੁਰ ਕੇਂਦਰੀ ਪੰਜਾਬੀ ਅਤੇ ਨਾਟਕੀ ਅੰਦਾਜ ਵਿਚੋ ਪਾਤਰਾਂ ਦੇ ਸਵਾਲ-ਜਵਾਬ ਝਾਂਗੀ-ਸਿਆਲੀ ਬੋਲੀ ਵਿੱਚ ਹਨ। ਦਮੋਦਰ ਦੀ ਮੁਢਲੀ ਲਿਖਤ ਟਾਕਰੀ ਵਿੱਚ ਹੈ। ਦਮੋਦਰ ਦੇ ਕਿੱਸੇ ਵਿੱਚ ਪ੍ਰਕ੍ਰਿਤੀ ਦਾ ਚਿਤਰਨ, ਹੀਰ-ਰਾਂਝੇ ਦੀ ਸੁੰਦਰਤਾ ਅਤੇ ਹੀਰ ਦੀਆਂ ਸਹੇਲੀਆਂ ਦੀ ਚੰਚਲਤਾ ਨਾਲ ਸ਼ਿੰਗਾਰ ਰਸ ਦੀ ਪ੍ਰਧਾਨਤਾ ਮੁੱਢ ਤੋਂ ਲੈਕੇ ਅਖੀਰ ਤਕ ਰਹਿੰਦੀ ਹੈ। ਦਮੋਦਰ ਕੋਈ ਸਥਾਪਿਤ ਸਾਹਿਤਕਾਰ ਨਹੀਂ ਹੈ, ਉਹ ਕਿੱਸੇ ਵਿੱਚ ਵੀ ਆਪਣੇ ਆਪ ਨੂੰ ਇੱਕ ਹੱਟੀਦਾਰ ਦੱਸਦਾ ਹੈ। ਕਿੱਸਾ ਕਿਤੋਂ ਵੀ ਕੋਈ ਗਲਪ ਰਚਨਾ ਨਜ਼ਰ ਨਹੀਂ ਆਉਂਦੀ, ਇਹ ਪੂਰੇ ਦਾ ਪੂਰਾ ਯਥਾਰਥ ਨਜ਼ਰ ਆਉਂਦਾ ਹੈ। ਇਸ ਕਰਕੇ ਕਿੱਸੇ ਵਿੱਚ ਦਮੋਦਰ ਨੇ ਅੱਖੀ ਡਿੱਠਾ ਸ਼ਬਦ ਵਾਰੀ-ਵਾਰੀ ਪ੍ਰਯੋਗ ਕੀਤਾ ਹੈ। ਦਮੋਦਰ ਲਿਖਦਾ ਹੈ: ‘ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕਾਈ’

ਆਪਣੀ ਸਾਰੀ ਲਿਖਤ ਵਿੱਚ ਦਮੋਦਰ ਆਪਣੀ ਧਰਤੀ ਦੀ ਸੰਸਕ੍ਰਿਤੀ ਦਾ ਪੱਲਾ ਰੱਤੀ ਭਰ ਵੀ ਛੱਡਦਾ ਨਜ਼ਰ ਨਹੀਂ ਆਉਂਦਾ। ਅਰਬੀ-ਫਾਰਸੀ ਲਿਪੀ ਤਾਂ ਕੀ ਉਹ ਆਪਣੇ ਸਾਰੇ ਕਿੱਸੇ ਵਿੱਚ ਉਸ ਦਾ ਇੱਕ ਸ਼ਬਦ ਤੱਕ ਨਹੀਂ ਵਰਤਦਾ।

ਦਮੋਦਰ ਕਿੱਸੇ ਦਾ ਆਰੰਭ ਆਪਣੇ ਨਾਮ ਤੋ ਹੀ ਕਰਦਾ ਹੈ:
‘ਨਾਉਂ ਦਮੋਦਰ ਜਾਤ ਗਲਹਾਟੀ, ਆਇਆ ਸੁੱਕ ਸਿਆਲੀਂ,
ਆਪਣੇ ਮਨ ਵਿੱਚ ਮਸਲਤ ਕੀਤੀ, ਬੈਠ ਉਥਾਈ ਜਾਲੀ’
ਦਮੋਦਰ ਝੰਗ ਸਿਆਲਾਂ ਵਿੱਚ ਆਪਣੀ ਹੱਟੀ ਬਾਰੇ ਕਹਿੰਦਾ ਹੈ:
‘ਚੂਚਕ ਬਹੂੰ ਦਿਲਾਸਾ ਕੀਤਾ ਤਾਂ ਦਿਲਗੀਰੀ ਲਾਹੀ,
ਆਖ ਦਮੋਦਰ ਹੋਇਆ ਦਿਲਾਸਾ, ਹੱਟੀ ਇੱਥੇ ਪਾਈ’

ਦਮੋਦਰ, ਚੂਚਕ ਦੇ ਘਰ ਹੀਰ ਦੇ ਜੰਮਣ ਤੇ ਕਬੀਲੇ ਦੀ ਖੁਸ਼ੀ ਦਾ ਪ੍ਰਗਟਾਵਾ ਇੰਜ ਕਰਦਾ ਹੈ:

‘ਹੀਰ ਛੋਹਰ ਜੰਮੀ ਹੈ ਲੋਕਾ, ਸੂਰਤ ਨੰਦ ਨਾ ਕਾਈ
ਪੱਟ ਵਲ੍ਹੇਟੀ, ਮੱਖਣ ਪਾਲੀ ਕੁੱਛੜ ਕੀਤੀ ਦਾਈ’

ਹੀਰ ਦੇ ਬਾਪ ਦਾ ਨਾਮ ਚੂਚਕ ਹੈ, ਉਹ ਆਪਣੇ ਕਬੀਲੇ ਦਾ ਚੌਧਰੀ ਹੈ, ਵੱਡਾ ਜਮੀਂਦਾਰ ਹੈ, ਮਾਂ ਦਾ ਨਾਮ ਮਲਕੀ ਹੈ, ਝਨਾਅ ਦੇ ਕਿਨਾਰੇ ਪਿੰਡ ਝੰਗ ਵਿਖੇ ਰਹਿੰਦੇ ਹਨ, ਗੋਤ ਵੱਜੋਂ ਸਿਆਲ ਅਖਵਾਉਂਦੇ ਹਨ। ਕਿੱਸੇ ਵਿੱਚ ਹੀਰ ਨੂੰ ਹੀਰ, ਰੰਝੇਟੀ, ਸਲੇਟੀ, ਜਟੇਟੀ ਅਤੇ ਚਕੇਟੀ ਕਿਹਾ ਗਿਆ ਹੈ। ਹੀਰ ਦੀਆਂ 360 ਸਹੇਲੀਆਂ ਹਨ ਅਤੇ ਹੱਸੀ ਉਸ ਦੀ ਸਭ ਤੋਂ ਵੱਧ ਵਫਾਦਾਰ ਸਹੇਲੀ ਹੈ।

ਰਾਂਝੇ ਦਾ ਪਿੰਡ ਤਖਤਹਜਾਰਾ ਹੈ, ਉਸ ਦੇ ਬਾਪ ਦਾ ਨਾਂ ਮੌਜੂ ਚੌਧਰੀ ਹੈ, ਤਾਹਿਰ, ਜਾਹਿਰ ਅਤੇ ਜੀਵਨ ਰਾਂਝੇ ਦ ਭਰਾ ਹਨ। ਰਾਂਝਾ ਘਰ ਵਿੱਚ ਸਭ ਤੋਂ ਛੋਟਾ ਅਤੇ ਲਾਡਲਾ ਸੀ, ਇਸ ਲਈ ਉਸ ਨੂੰ ਖੇਤੀ ਦੇ ਸਖਤ ਕੰਮ ਤੋਂ ਦੂਰ ਰੱਖਿਆ ਜਾਂਦਾ ਸੀ, ਪਰ ਆਪਣੇ ਪਸ਼ੂਆਂ ਦੇ ਵੱਗ ਕੋਲ ਜਾਂਦਾ ਸੀ, ਜਿੱਥੇ ਉਹ ਬੰਸਰੀ (ਵੰਝਲੀ) ਵਜਾਉਣਾ ਸਿੱਖ ਗਿਆ। ਕਿੱਸੇ ਵਿੱਚ ਰਾਂਝੇ ਨੂੰ ਧੀਦੋ, ਰੰਝੇਟਾ, ਚਾਕ ਅਤੇ ਰਾਂਝਾ ਆਦਿ ਨਾਮਾਂ ਨਾਲ ਸੰਬੋਧਨ ਕੀਤਾ ਗਿਆ ਹੈ। ਮਾਂ-ਬਾਪ ਦੇ ਮਰਨ ਉਪਰਾਂਤ ਰਾਂਝੇ ਨਾਲ ਭਰਾਵਾਂ ਵੱਲੋਂ ਭਾਰੀ ਧੱਕਾ ਕੀਤਾ ਜਾਂਦਾ ਹੈ, ਉਸ ਨਾਲ ਜਮੀਨ ਦੀ ਵੰਡ ਵਿੱਚ ਬੇ-ਇਂਸਾਫੀ ਹੁੰਦੀ ਹੈ ਤਾਂ ਉਹ ਤਖਤ ਹਜਾਰਾ ਛੱਡ ਦਿੰਦਾ ਹੈ, ਦਮੋਦਰ ਰਾਂਝੇ ਦੇ ਲਿਬਾਸ ਬਾਰੇ ਵੀ ਦੱਸਦਾ ਹੈ:

‘ਤਾਂ ਕਰ ਵਿਦਾ ਭਰਾਵਾਂ ਨਾਲੋਂ, ਰਾਂਝਾ ਘਰੋਂ ਸਿਧਾਇਆ
ਖੂੰਡੀ ਤੇ ਹੱਥ ਵੰਝਲੀ ਕੀਤੀ ਚਲਣ ਤੇ ਚਿੱਤ ਚਾਇਆ
ਚੀਰਾ ਲਾਲ ਅਤੇ ਅੰਬਰੀ ਹਿੰਝ ਨੀਲਾ ਖੇਸ ਬੰਨ੍ਹਾਇਆ
ਨੱਕ ਬਲਾਕ ਤੇ ਕੁਨੀਨ ਲੁੜ੍ਹਕੇ ਚੁਣੀਆਂ ਰੰਜ ਨ ਲਾਇਆ’
ਦਮੋਦਰ ਦੇ ਅਨੁਸਾਰ ਰਾਂਝੇ ਨੇ ਅੱਠ ਤੱਕ ਵਿੱਦਿਆ ਲੈ ਲਈ ਸੀ।
‘ਅੱਠ ਵਿੱਦਿਆ ਲੈ ਚੱਲਿਆ ਧੀਦੋ, ਚੱਲਣ ਤੇ ਚਿੱਤ ਚਾਇਆ,
ਆਖ ਦਮੋਦਰ ਬਣੀ ਹਕੀਕਤ ਸੁੱਕ ਸਿਆਲੀਂ ਆਇਆ’

ਦਮੋਦਰ ਨੂੰ ਭਾਰਤੀ ਸੰਸਕ੍ਰਿਤੀ ਅਤੇ ਵੈਦਿਕ ਰਾਗਾਂ ਦਾ ਪੂਰਨ ਗਿਆਨ ਹੈ, ਲਿਖਦਾ ਹੈ:

‘ਲਲਿਤ ਰਾਗ ਵਿੱਚ ਵਾਹੀ ਵੰਝਲੀ, ਪੈਰਾਂ ਚੰਗੀ ਭਾਈ

ਦਮੋਦਰ ਦੇ ਕਿੱਸੇ ਵਿੱਚ ਕਿਸ਼ਤੀ ਦਾ ਮਲਾਹ ਲੁੱਡਣ ਜਾਤੀ ਦਾ ਝਿਉਰ ਦੀ ਭੂਮਿਕਾ ਬਹੁਤ ਸੁਖਾਵੀਂ ਹੁੰਦੀ ਹੈ। ਰਾਂਝਾ ਉਸ ਦੀ ਕਿਸ਼ਤੀ ਰਾਹੀਂ ਹੀ ਚੂਚਕ ਦੇ ਖੇਤਾਂ ਵਿਚਲੇ ਖੂਹ ਕੋਲ ਪਹੁੰਚਦਾ ਹੈ, ਜਿੱਥੇ ਉਸ ਦੀ ਮਿਲਣੀ ਹੀਰ ਨਾਲ ਹੁੰਦੀ ਹੈ। ਹੀਰ ਦੇ ਕਹਿਣ ਤੇ ਚੂਚਕ ਰਾਂਝੇ ਨੂੰ ਮੱਝਾਂ ਦਾ ਪਾਲੀ ਰੱਖ ਲੈਂਦਾ ਹੈ। ਦਮੋਦਰ ਦੇ ਕਿੱਸੇ ਮੁਤਾਬਿਕ ਜਦੋਂ ਹੀਰ 12 ਵਰ੍ਹਿਆਂ ਦੀ ਹੁੰਦੀ ਹੈ ਤਾਂ ਰਾਂਝੇ ਨਾਲ ਪਿਆਰ ਕਰ ਬੈਠਦੀ ਹੈ।

‘ਬਾਰ੍ਹਾਂ ਵਰ੍ਹਿਆਂ ਦੀ ਛੋਹਰ ਹੋਈ ਤਾਂ ਰਾਂਝੇ ਅੱਖੀਆਂ ਲਾਈਆਂ’

ਹੀਰ ਆਪਣੇ ਨਗਰ ਵਿੱਚ ਰਾਜ ਕੁਮਾਰੀ ਵਾਂਗ ਵਿਚਰਦੀ ਹੈ। ਨੂਰਾ ਚੰਦੜ ਕਈ ਕਿਸ਼ਤੀਆਂ ਦਾ ਮਾਲਕ ਹੈ, ਉਹ ਲੁੱਡਣ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਲੁੱਡਣ ਨੂੰ ਮਾਰਨ ਨੂੰ ਫਿਰਦਾ ਹੈ, ਹੀਰ ਦੇ ਮਾਪਿਆਂ ਨੇ ਲੁੱਡਣ ਨੂੰ ਆਪਣੇ ਕੋਲ ਸ਼ਰਨ ਦਿੱਤੀ, ਹੀਰ ਨੇ ਆਪਣੀਆਂ ਸਹੇਲੀਆਂ ਦੀ ਫੌਜ ਲੈ ਕੇ ਨੂਰੇ ਦੀ ਧੌਣ ਵੱਡ ਦਿੱਤੀ। ਦਮੋਦਰ ਲਿਖਦਾ ਹੈ:

‘ਹੀਰ ਧਰੋਹ ਕਰ ਮਾਰੀ ਮਿਸਰੀ, ਸਿਰ ਨੂਰੇ ਦੇ ਸਿਟੀ
ਅੱਧਾ ਧੜ ਹੁਣੇ ਵਿੱਚ ਫਾਥਾ, ਅੱਧਾ ਢੱਠਾ ਧਰਤੀ’

ਦਮੋਦਰ ਰਾਂਝੇ ਦੇ ਕਿਰਦਾਰ ਵਿੱਚੋਂ ਕ੍ਰਿਸ਼ਨ ਨੂੰ ਦੇਖਦਾ ਹੈ, ਰਾਂਝਾ ਵੰਝਲੀ ਦੀ ਸੁਰ ਛੇੜ ਕੇ ਮੱਝਾਂ ਨੂੰ ਬਲਾਉਂਦਾ ਸੀ:

‘ਆਖ ਦਮੋਦਰ ਕੀਕਣ ਧੀਰਨ ਗੋਪੀਆਂ ਕ੍ਰਿਸ਼ਨ ਬੁਲਾਈਆਂ’

ਕੈਦੋਂ (ਹੀਰ ਦਾ ਚਾਚਾ) ਹੀਰ ਅਤੇ ਰਾਂਝੇ ਦੇ ਪ੍ਰੇਮ ਦੀ ਗੱਲ ਹੀਰ ਦੇ ਬਾਪ ਕੋਲ ਕਰ ਦਿੰਦਾ ਹੈ। ਗੁੱਸੇ ਵਿੱਚ ਹੀਰ ਕੈਦੋਂ ਦੀ ਝੁੱਗੀ ਸਾੜ ਦਿੰਦੀ ਹੈ।

‘ਜਲ ਬਲ ਕੋਲਾ ਕੀਤੀ ਝੁੱਗੀ, ਕੈਦੋਂ ਨੂੰ ਕਹੀਂ ਸੁਣਾਇਆ’

ਹੀਰ ਆਪਣੀ ਮਾਂ ਨੂੰ ਕਹਿੰਦੀ ਹੈ:

‘ਮਾਏ! ਸੌ ਰਾਂਝਾ ਦਰ ਦੇਵੀਂ ਮੈਨੂੰ, ਨਿੱਤ ਸੁਹਾਗ ਢਹਿਵੇ’

ਰਾਂਝਾ ਹੀਰ ਨੂੰ ਆਪਣੇ ਪਛੋਕੜ ਬਾਰੇ ਦੱਸਦਾ ਹੈ:

‘ਨਾ ਹੱਸ ਚਾਕ ਚਰੋਕਾ ਹੀਰੇ! ਮੈਂ ਭੀ ਰਾਠਾਂ ਜਾਇਆ’

ਸੈਦਾ ਖੇੜਾ ਹੀਰ ਨੂੰ ਵਿਆਹੁਣ ਆਉਂਦਾ ਹੈ:

‘ਬਹੁਤੀ ਜੰਜ ਖੇੜਿਆਂ ਦੀ ਆਈ, ਬਹੁਤਾ ਰੰਗ ਹਨ ਭੀ ਰੀ’

ਦਮੋਦਰ ਹੀਰ ਦੀ ਸਹੇਲੀ ਹੱਸੀ ਦੇ ਭਾਵ ਇੰਜ ਪ੍ਰਕਟ ਕਰ ਰਿਹਾ ਹੈ:

‘ਰੋਵੇ ਹੱਸੀ, ਕੋਲ ਖਲੋਤੀ, ਜਾਂ ਵੇਖੇ ਹੀਰੇ ਤਾਈਂ
ਤੇਡੇਂ ਵਿਛੋੜੇ ਹੀਰੇ ਕੁੜੀਏ, ਜੀਵਨ ਮੇਂਡਾ ਨਾਹੀਂ’

ਦਮੋਦਰ ਹੀਰ ਤੋਂ ਸੁੰਨੇ ਵਿਹੜੇ ਬਾਰੇ ਲਿਖਦਾ ਹੈ:

‘ਰੋਂਦੇ ਆ ਤਨ ਤੇ ਰੋਂਦੇ ਵਿਹੜੇ ਜਿਉਂ ਜਿਉਂ ਵਿਦਾ ਕਰੇਂਦੀ
ਰੋਵਣ ਵਿਰਖ, ਬਬੂਲ ਪਨਘੀਰੋ, ਸਹੀਂਆਂ ਵਾਰੇ ਦਿੰਦੀ’

ਹੀਰ ਦੇ ਤੁਰ ਜਾਣ ਪਿਛੋਂ ਹੀਰ ਦੀਆਂ ਸਹੇਲੀਆਂ ਰਾਂਝੇ ਨੂੰ ਕਹਿੰਦੀਆਂ ਹਨ:

‘ਤੂੰ ਉਹੋ ਰਾਂਝਾ ਤੇ ਅਸੀਂ ਉਹੋ ਕੁੜੀਆਂ, ਨੂਤਨ ਇਸ਼ਕ ਲਈ ਹਾਂ
ਆਖ ਦਮੋਦਰ ਜੇ ਹੋਵੇਂ ਰਾਜੀ, ਤਾਂ ਉੱਦਮ ਇਹ ਕਿਰਿਆਆਂ’

ਦਮੋਦਰ ਖੇੜਿਆਂ ਦੇ ਘਰ ਵਿੱਚ ਹੀਰ ਦਾ ਹਾਲ ਸੁਣਾਉਂਦਾ ਹੈ:

‘ਬੈਠੀ ਹੀਰ, ਉਡਾਵੇ ਕਾਂਵਾਂ, ਇਹੋ ਜਿਕਰ ਕਰੇਂਦੀ,
ਆਖ ਦਮੋਦਰ ਵਿੱਥਾਂ ਪਈਆਂ, ਮੈਂ ਮਰਸਾਂ ਖੋਜ ਢੁਢੇਂਦੀ’

ਜਿਵੇਂ ਪਹਿਲਾਂ ਵੀ ਕਿਹਾ ਗਿਆ ਹੈ, ਦਮੋਦਰ ਭਾਰਤੀ ਸੰਸਕ੍ਰਿਤੀ ਦਾ ਪੱਲਾ ਫੜ ਕੇ ਚੱਲਦਾ ਹੈ, ਹੀਰ ਆਪਣਾ ਹਾਲ ਪੱਥਰ ਦੀ ਅਹੁਲਿਆ ਵਾਂਗ ਦੱਸਦੀ ਹੈ:

‘ਮਰਨ ਅਹੁਲਿਆ, ਸੱਚ ਸਿਆਲੀਂ, ਮੈਂ ਭਲੀ ਦਾ ਸ਼ਰਮ ਤਸਾ ਨਹੀਂ
ਆਖ ਦਮੋਦਰ ਧੀਦੋ ਬਾਝੋਂ ਜੀਵਨ ਮੇਂਡਾ ਨਾਹੀਂ’

ਦਮੋਦਰ ਇਸ ਬੰਦ ਨਾਲ ਹੀਰ-ਰਾਂਝੇ ਦੇ ਪਿਆਰ ਨੂੰ ਹਕੀਕੀ ਰੂਪ ਵਿੱਚ ਪ੍ਰਕਟ ਕਰਦਾ ਹੈ”

‘ਉਲਟੀ ਹੀਰ, ਹੀਰੇ ਵਿੱਚ ਰਾਂਝਾ, ਹਾਲ ਨਾ ਜਾਨੇਂ ਕੋਈ
ਰਾਂਝਾ-ਰਾਂਝਾ ਕਿਹਨੂੰ ਆਖਾਂ ਮੈਂ ਆਪੇ ਰਾਂਝਣ ਹੋਈ,
ਰਾਂਝਾ ਹੀਰ ਤੇ ਹੀਰ ਰਾਂਝੇ ਦੀ ਰਤੀ ਫਰਕ ਨਾ ਕੋਈ
ਰਾਤੀ ਦੇਹਾਂ ਬਾਝ ਰੰਝੇਟੇ, ਉਸ ਨੂੰ ਜਿਕਰ ਨਾ ਕੋਈ’

ਹੀਰ ਦੀ ਉਸ ਦੀ ਨਨਦ ਸਹਿਤੀ ਨਾਲ ਪ੍ਰਸ਼ਨੋ-ਉੱਤਰੀ ਚੱਲਦੀ ਹੈ, ਦਮੋਦਰ ਹੀਰ ਦੇ ਬਿਆਨਾਂ ਨੂੰ ਇੰਜ ਚਿਤਰਦਾ ਹੈ:

ਜਿਹੀ ਪ੍ਰੀਤ ਦਸਰਥ ਸੱਤ ਨੰਦਨ, ਦੂਜੀ ਸੀਤਾ ਆ ਹੀ,
ਜਿਹੀ ਪ੍ਰੀਤ ਨੰਦ ਕੇ ਨੰਦਨ, ਔਰ ਵਿਰਖ ਭਾਣ ਕੀ ਜਾਈ
ਹੁਣ ਤੈਂਡੀ, ਮੈਂਡੀ ਪ੍ਰੀਤ ਅਜਿਹੀ ਜਾ ਨੈਣ ਸਭ ਲੋਕਾਈ
ਆ ਦਮੋਦਰ ਸਨ ਮੀਆਂ ਰਾਂਝਾ, ਤੂੰ ਮੈਂਡਾ ਸਿਰ ਸਾਈਂ’

ਰਾਂਝਾ ਜੋਗੀਆਂ ਟਿੱਲੇ ਨਾਥ ਜੋਗੀ ਤੋਂ ਜੋਗ ਲੈਣ ਜਾਂਦਾ ਹੈ। ਸਾਰੇ ਕਿੱਸੇ ਵਿੱਚ ਕਿਤੇ ਗੋਰਖ ਦਾ ਨਾਮ ਨਹੀਂ ਆਉਂਦਾ, ਦਮੋਦਰ ਸਿੱਧ ਬਗਾਈ ਦਾ ਨਾਮ ਲੈਂਦਾ ਹੈ, ਜਿਸ ਤੋਂ ਰਾਝਾ ਜੋਗ ਲੈਂਦਾ ਹੈ। ਇਸ ਤੋਂ ਭਾਵ ਗੋਰਖਨਾਥ ਇਹਨਾਂ ਤੋਂ ਪਹਿਲਾਂ ਹੋਏ ਸਨ। ਦਮੋਦਰ ਹਰ ਪਲ ਭਾਰਤੀ ਸੰਸਕ੍ਰਿਤੀ ਵਿੱਚ ਰੰਗਿਆ ਹੋਇਆ ਲਿਖਦਾ ਹੈ:

‘ਸਰਨੀ ਤੇਰੀ ਆਇਆ ਆ ਹੂੰ, ਰਾਂਝੇ ਸੁਖਨ ਕੇਤੂ ਈ
ਜਿਹਨਾ ਤੇ ਕਿਰਿਆ ਤੁਮਰੀ ਹੋਈ, ਜੱਗ ਤੇ ਤੁਰਿਆ ਸੌ ਈ
ਜੋਗ ਲਿਆ ਗੋਪੀ ਚੰਦ, ਭਰਥਰੀ, ਮੈਂ ਗਰੀਬ ਕੀ ਹੋਈ
ਆਖ ਦਮੋਦਰ ਰਾਂਝਾ ਟਿੱਲੇ, ਚਰਨੀ ਆ ਪਿਓ ਈ’

ਜੋਗ ਲੈਣ ਤੋਂ ਬਾਦ ਰਾਂਝਾ ਖੇੜਿਆਂ ਦੇ ਪਿੰਡ ਡੇਰਾ ਲਾਉਂਦਾ ਹੈ, ਸਹਿਤੀ ਹੀਰ ਨੂੰ ਜੋਗੀ ਨਾਲ ਮਿਲਾਉਂਦੀ ਹੈ:

ਹੀਰ ਕਹਿੰਦੀ ਹੈ:

‘ਸਨ ਵੇ ਨਿੱਘਰਿਆ ਜੋਗੀਆ! ਰੋਗ ਨਾ ਮੈਂਡਾ ਛੀੜਾ
ਅੰਦਰ ਸਲਗੇ ਜਾਮਕੀ, ਲਾਟ ਬੱਲੇ ਬਣ ਤੇਲ
ਢੋਲ ਨਾ ਕਾਈ ਬਾਤੜੀ ਮਾਰ ਨਾ ਮੈਂਨੂੰ ਸੈਲੱ
ਜੇ ਤੁਧ ਰੋਗ ਵਣਜਾਰਨਾ, ਤਾਂ ਚਾਕ ਅਸਾਂ ਨੂੰ ਮੇਲ’

ਰਾਂਝਾ ਹੀਰ ਸਾਹਮਣੇ ਆਪਣਾ ਭੇਤ ਖੋਲਦਾ ਹੈ:

‘ਤਖਤ ਹਜਾਰਾ ਜਮ ਹੈ, ਚੰਦਲ ਵਹਿੰਦੀ ਨੀਰ
ਸਿੱਧ ਬਗਾਈ ਦੀ ਥਾਪਣਾ ਜਿਹੜਾ ਟਿੱਲੇ ਦਾ ਪੀਰ
ਆ ਯਮ ਕਪਰ ਝਾਗ ਕੇ, ਨੀਂ ਬੂਟੇ ਝੱਲ ਚੀਰ
ਅਖੀਂ ਵੇਖ ਸਨਜਾਨ ਤੋਂ, ਮੈਂ ਰਾਂਝਾ ਤੇ ਤੋਂ ਹੀਰ’

ਸਹਿਤੀ ਇੱਕ ਔਰਤ ਦੀਆਂ ਭਾਵਨਾਵਾਂ ਅਤੇ ਸੱਚੇ ਪ੍ਰੇਮ ਦੇ ਦਰਦ ਨੂੰ ਸਮਝਦੀ ਹੈ। ਕਿਉਕਿ ਉਸ ਦਾ ਆਪਣਾ ਪ੍ਰੇਮ ਮੁਰਾਦ ਬਲੋਚ ਨਾਲ ਹੁੰਦਾ ਹੈ। ਉਹ ਹੀਰ ਅਤੇ ਰਾਂਝੇ ਨੂੰ ਮੁੜ ਤੋਂ ਮਿਲਾਉਣ ਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਸ ਦੇ ਕਹਿਣ ਤੇ ਹੀ ਰਾਂਝਾ ਹੀਰ ਨੂੰ ਉਧਾਲ ਕੇ ਲੈ ਜਾਂਦਾ ਹੈ। ਖੇੜਿਆਂ ਦੇ ਘੋੜਸਵਾਰ ਅੱਗੇ ਜ ਕੇ ਦੋਹਾਂ ਨੂੰ ਫੜ ਲੈਂਦੇ ਹਨ ਅਤੇ ਰਾਂਝੇ ਤੇ ਹਮਲਾ ਕਰ ਦਿੰਦੇ ਹਨ। ਜਦੋਂ ਚੂਚਕ ਨੂੰ ਇਸ ਘਟਨਾ ਦਾ ਪਤਾ ਲਗਦਾ ਹੈ ਤਾਂ ਉਹ ਇਸ ਮਸਲੇ ਨੂੰ ਕੋਟ ਕਬੂਲੇ, ਅਬੁਲ ਫਤੈਹ ਦੀ ਕਚਹਰੀ ਵਿੱਚ ਪੇਸ਼ ਕਰ ਦਿੰਦਾ ਹੈ। ਕਾਜੀ ਮੂਹਰੇ ਹੀਰ ਆਪਣਾ ਜਵਾਬ ਦਾਵਾ ਆਪ ਦਿੰਦੀ ਹੈ:

‘ਸੰਨ ਕਾਜੀ ਦਿਲ ਨਹੀਂ ਰਾਜੀ, ਤੁਧ ਕੀ ਪਾਈ ਬਾਜੀ?
ਮੈਂ ਤਾਂ ਰਾਂਝੇ ਨਿਉਂ ਚਰੋਕਾ, ਜਾਂ ਸਾਹਿਬ ਖਲਕਤ ਸਾਜੀ
ਰੱਬ ਨਿਕਾਹ ਦਿਲਾਂ ਦੇ ਬੱਧੇ, ਤੂੰ ਕੀ ਬਨਹਸੀ ਕਾਜੀ
ਸਹੀ ਸ਼ਰ੍ਹਾ ਨਿਆਉਂ ਚਕਾਈ, ਜੇ ਇਸ਼ਕ ਨਾ ਚੱਖੀਆ ਭਾਜੀ’

ਹੀਰ ਫੇਰ ਕਹਿੰਦੀ ਹੈ:

‘ਤੂੰ ਕਿਉਂ ਜੋਰੀ ਕਰਨਾ ਐਂ ਕਾਜੀ, ਡਰੀਂ ਖੁਦਾ ਤੋਂ ਨਾਹੀਂ
ਮੇਰਾ ਹੱਕ ਰੰਝੇਟਾ ਇਹੋ, ਜਾਣੇ ਸਭ ਲੋਕਾਈ
ਲੈ ਕਰ ਵੱਢੀ ਹੱਕ ਗਵਾਈਂ, ਕੱਢ ਕਿਤਾਬ ਵਿਖਾਈ
ਆਖ ਦਮੋਦਰ ਹੀਰ ਆਖੇ ਕਾਜਾ! ਭਲਾ ਨਿਆਉਂ ਚੁਕਾਈ’

ਕਾਜੀ ਖੇੜਿਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਾ ਹੈ:

‘ਖੇੜਾ ਤੇਰਾ ਹੱਕ ਜੋ ਹੀਰੇ, ਤੈਨੂੰ ਨਾਂਹ ਛੜੀਸੀ
ਕੀਕਣ ਹੋਵੇ ਇਹ ਸੁਣ ਹੀਰੇ ਖਸਮ ਸੁੱਟ ਕੇ ਯਾਰ ਮਨੀਸੀ’

ਜਦੋਂ ਕਾਜੀ ਨੇ ਹੀਰ ਖੇੜਿਆਂ ਨੂੰ ਦੇ ਦਿੱਤੀ ਤਾਂ ਨਗਰ ਵਿੱਚ ਭਾਰੀ ਅੱਗ ਲੱਗ ਗਈ:

‘ਤਾਂ ਕਲਰ ਕੋਟ ਕਬੂਲੇ ਸੁਣਦੇ, ਅੱਗ ਲੱਗੀ ਦਰਵਾਜੇ’

ਇਸ ਫੈਸਲੇ ਦੇ ਖਿਲਾਫ ਨਗਰ ਦੇ ਲੋਕ ਉੱਠ ਖੜੇ ਹੋਏ, ਕੈਦੋਂ ਫੈਸਲੇ ਦੇ ਹੱਕ ਵਿੱਚ ਸੀ, ਪਰ ਚੂਚਕ ਫੈਸਲੇ ਦੇ ਵਿਰੁੱਧ ਸੀ। ਅੰਤ ਨੂੰ ਕਾਜੀ ਨੂੰ ਆਪਣਾ ਫੈਸਲਾ ਬਦਲਣਾ ਪਿਆ।

‘ਸਭਾ ਪਈ ਜੋਗੀ ਦੇ ਪੈਰੀਂ, ਅਜਮਤ ਚਾਕ ਵਿਖਾਈ
ਕਾਜੀ, ਮੁਫਤੀ ਤੇ ਕੱਲ੍ਹ ਆਲਮ ਸਭਾ ਮਿਨੰਤ ਆਈ
ਗੱਲ ਵਿੱਚ ਪਲ, ਦਸਤ ਪੈਰਾਂ ਤੇ ਅਜਮਤ ਭਲੀ ਵਿਖਾਈ
ਆਖ ਦਮੋਦਰ ਹੀਰ ਹੱਕ ਤੈਂਡਾ, ਮਿਲ ਜੋਗੀ ਥੇ ਆਈ’

ਲੋਕਾਂ ਨੇ ਖੇੜਿਆਂ ਨੂੰ ਭਜਾ ਦਿੱਤਾ:

‘ਸਭਾ ਆ ਪੈਰਾਂ ਨੂੰ ਲੱਗੀ, ਅਜਮਤ ਚਾਕ ਵਿਖਾਈ
ਹਾਕਮ, ਕਾਜੀ ਤੇ ਕੱਲ੍ਹ ਆਲਮ, ਸਭਾ ਜਿਆਰਤ ਆਈ
ਪਹਿਲੋਂ ਮਾਰ ਕੱਢੇ ਖੀੜਿਆਦ ਨੂੰ, ਵਿੱਤ ਨਾ ਦੇਣ ਵਿਖਾਈ
ਆਖ ਦਮੋਦਰ ਕੱਢੇ ਖੇੜੇ ਤਾਂ ਸੱਤ ਚਿੱਟੇ ਸਿਰ ਛਾਈਂ’

ਹੁਣ ਦਮੋਦਰ ਕਿੱਸੇ ਦੀ ਸਮਾਪਤੀ ਵੱਲ ਵਧਦਾ ਹੈ:

ਪੰਦਰਾ ਸੌ ਅੰਤਰੀ, ਸੰਮਤ ਬਿਕਰਮ ਰਾਏ
ਹੀਰ ਤੇ ਰਾਂਝਾ ਹੋਏ ਇੱਕਠੇ ਝੇੜੇ ਰੱਬ ਚੁਕਾਏ
ਪਾਤਸ਼ਾਹੀ ਜੋ ਅਕਬਰ ਸੁਣਦੀ, ਦਿਨ ਦਿਨ ਚੜ੍ਹੇ ਸਿਵਾਏ
ਆਖ ਦਮੋਦਰ ਰਈਏ ਅਸੀਸਾਂ ਸ਼ਹਿਰੋਂ ਬਾਹਰ ਆਏ

ਦਮੋਦਰ ਦੇ ਕਿੱਸੇ ਮੁਤਾਬਿਕ ਹੀਰ ਤੇ ਰਾਂਝਾ ਮੱਕੇ ਵੱਲ ਜਿਆਰਤ ਕਰਨ ਤੁਰ ਜਾਂਦੇ ਹਨ। ਦਮੋਦਰ ਕਿੱਸੇ ਦਾ ਆਖਰੀ ਬੰਦ ਆਪਣੀ ਆਤਮਾ ਨੂੰ ਪਾਠਕਾਂ ਅੱਗੇ ਰੱਖ ਕੇ ਲਿਖਦਾ ਹੈ:

‘ਪੂਰੀ ਭਈ ਕਥਾ ਹੀਰੇ ਦੀ, ਇਸ ਸਮ ਇਸ਼ਕ ਨਾ ਕੋਈ
ਜਿਉਂ ਚਾਈਂ ਤੋੜ ਨਿਭਾਈ ਜਾਨਤ ਹੈ ਤੁਰੇ ਲੋਈ
ਨਾਉ ਦਮੋਦਰ ਜਾਤ ਗਲਹਾਟੀ, ਡਿੱਠਾ ਸੋ ਲਿਖਿਓ ਈ
ਵਿੱਚ ਸਿਆਲੀ ਪਾਸ ਚੂਚਕ ਦੇ ਅਸਾਂ ਤਾਂ ਰਹਿਣ ਕੇਤੂ ਈ’

ਦਮੋਦਰ ਦੇ ਕਿੱਸੇ ਦੀ ਸਮਾਪਤੀ ਪੂਰੀ ਤਰਾਂ ਸੁਖਾਂਤਕ ਹੈ, ਕਿੱਸੇ ਦੀ ਕਹਾਣੀ ਦੀ ਬਣਤਰ ਵਿੱਚ ਕਿਤੇ ਵੀ ਗਲਪ ਦੀ ਨਿਸ਼ਾਨੀ ਨਜ਼ਰ ਨਹੀਂ ਆਉਂਦੀ। ਕਹਾਣੀ ਦੀ ਬਣਤਰ ਦਮੋਦਰ ਦੁਆਰਾ ਅੱਖੀਂ ਡਿੱਠਾ ਯਥਾਰਥ ਦਾ ਚਿਤਰਣ ਹੈ। ਜੇਕਰ ਕਿੱਸੇ ਵਿੱਚ ਦਮੋਦਰ ਦੇ ਲਿਖੇ ਹੋਏ ਸ਼ਬਦਾਂ ਅਤੇ ਤੱਥਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਘਟਨਾਵਾਂ ਸਮੇਂ ਅਨੁਸਾਰ ਸਹੀ ਬੈਠਦੀਆਂ ਹਨ। ਕੋਟ ਕਬੂਲੇ, ਅਬੁਲ ਫਤੈਹ ਵੇਲੇ ਪੰਜਾਬ ਅਤੇ ਦਿੱਲੀ ਵਿੱਚ ਲੋਧੀ ਵੰਸ਼ ਦਾ ਰਾਜ ਸੀ। ਦਮੋਦਰ ਹੀਰ ਤੇ ਰਾਂਝੇ ਦੇ ਦੁਬਾਰਾ ਮੇਲ ਦਾ ਸਮਾਂ ਪੰਦਰਾਂ ਸੌ ਅੰਤਰੀ ਸੰਮਤ ਬਿਕਰਮੀ ਲਿਖਦਾ ਹੈ, ਇਹ 1472 ਈ. ਸਨ ਬਣਦਾ ਹੈ। ਦਮੋਦਰ ਨੇ ਹੀਰ ਦੇ ਪਿੰਡ ਜਿਹੜੀ ਹੱਟੀ ਪਾਈ ਸੀ, ਲਗਦੈ ਉਹ 1460-65 ਦੇ ਵਿਚਕਾਰ ਪਾਈ ਹੋਵੇਗੀ। ਪਾਣੀਪਤ ਦੇ ਦੂਜੇ ਯੁੱਧ ਵਿੱਚ ਅਕਬਰ ਜੇਤੂ ਹੋਇਆ ਸੀ ਅਤੇ ਹਿੰਦੂਸਤਾਨ ਦੀ ਗੱਦੀ ਤੇ ਬੈਠਿਆ ਸੀ, ਇਹ ਸਮਾਂ ਸੀ 1556 ਈ. ਸਨ, ਹੋ ਸਕਦੈ ਦਮੋਦਰ ਨੇ ਇਹ ਕਿੱਸਾ 1556-65 ਦੇ ਵਿਚਕਾਰ ਲਿਖਿਆ ਹੋਵੇ ਜਦੋਂ ਹਿੰਦੂਸਤਾਨ ਉੱਪਰ ਅਕਬਰ ਦਾ ਰਾਜ ਸੀ ਅਤੇ ਇਸ ਹਿਸਾਬ ਨਾਲ ਦਮੋਦਰ ਦੀ ਉਮਰ 110 ਵਰ੍ਹਿਆਂ ਦੀ ਹੋਵੇ, ਭਾਵ ਉਸ ਦਾ ਜਨਮ 1450 ਈ. ਸਨ ਦੇ ਆਸ ਪਾਸ ਹੋਵੇ, ਇੰਜ ਉਹ ਹੀਰ ਦਾ ਹਾਣੀ ਹੋਇਆ। ਬਾਬਾ ਸ਼੍ਰੀ ਚੰਦ ਜੀ ਨੇ ਵੀ 125 ਵਰ੍ਹਿਆਂ ਦੀ ਉਮਰ ਹੰਢਾਈ ਸੀ। ਦਮੋਦਰ ਨੇ ਖੁਦ ਕਿੱਸੇ ਵਿੱਚ ਇਸ ਵੱਲ ਇਸ਼ਾਰਾ ਵੀ ਕੀਤਾ ਹੈ: ਜਦੋਂ ਰਾਂਝਾ ਸਹਿਤੀ ਨਾਲ ਗੱਲਾਂ ਕਰਦਾ ਹੈ:

‘ਸਨ ਵੇ ਚਾਕਾ! ਛਾਹ ਪਿਆਕਾ, ਤੈਨੂੰ ਮਤ ਨਾ ਆਈ
ਹੀਰ ਨਾ ਤੁਧ ਪਰਬਤ ਤੇ ਚਾੜ੍ਹੀ, ਨਾ ਤੁਧ ਸਿੰਧ ਲੰਘਾਈ
ਫਿਰ ਫਿਰ ਝੰਗ ਸਿਆਲਾਂ ਦੇ ਵਿੱਚ, ਸੰਜੇ ਬਾਜੀ ਪਾਈ
ਆਖ ਦਮੋਦਰ ਭੌਂਦੀ ਹੈ ਤੱਤੀ ਦੇ ਸਿਰ ਆਈ’

ਇੱਥੇ ਦਮੋਦਰ ਮਹਾਂਭਾਰਤ ਵਾਲੇ ਸੰਜੇ ਦੀ ਗੱਲ ਕਰਦਾ ਹੈ, ਜੋ ਦੂਰ ਬੈਠਾ ਯੁੱਧ ਦਾ ਸਾਰਾ ਹਾਲ ਧ੍ਰਿਤਰਾਸ਼ਟਰ ਨੂੰ ਸੁਣਾਉਂਦਾ ਹੈ। ਦਮੋਦਰ ਦੀ ਆਤਮਾ ਸੰਜੇ ਵਾਂਗ ਉਸ ਦੇ ਬਚਪਨ ਅਤੇ ਨੌਜਵਾਨੀ ਵਿੱਚ ਅੱਖੀਂ ਦੇਖੀਆਂ ਸਾਰੀਆਂ ਘਟਨਾਵਾਂ ਨੂੰ ਅਕਬਰ ਦੇ ਰਾਜਵੇਲੇ ਆਪਣੀ ਮਾਂ ਬੋਲੀ ਝਾਂਗੀ ਅਤੇ ਲਿੱਪੀ ਟਾਕਰੀ ਵਿੱਚ ਕਲਮਬੰਦ ਕਰਦਾ ਹੈ। ਉਸ ਦਾ ਦਿਲ ਅਤੇ ਮਨ ਗੰਗਾ ਜਲ ਵਾਂਗ ਪਵਿੱਤਰ ਹੈ, ਸਾਰੇ ਕਿੱਸੇ ਵਿੱਚ ਕਿਤੇ ਕੋਈ ਫਰੇਬ ਜਾਂ ਮਨਘੜੰਤ ਗੱਲ ਨਜ਼ਰ ਨਹੀਂ ਆਉਂਦੀ। ਨੂਰੇ ਚੰਦੜ ਦੀ ਘਟਨਾ ਕਹਾਣੀ ਦਾ ਭਾਗ ਨਾ ਹੁੰਦੇ ਹੋਏ ਵੀ, ਕਿੱਸੇ ਵਿੱਚ ਅਹਿਮ ਸਥਾਨ ਰੱਖਦੀ ਹੈ, ਜੇਕਰ ਇਹ ਰਚਨਾ ਗਲਪ ਹੁੰਦੀ ਤਾਂ ਇਸ ਘਟਨਾ ਦਾ ਜ਼ਿਕਰ ਨਾ ਆਉਂਦਾ। ਯਥਾਰਥ ਕਾਰਨ ਹੀ, ਇਹ ਘਟਨਾ ਕਿੱਸੇ ਵਿੱਚ ਸ਼ਾਮਿਲ ਹੋ ਗਈ। ਭਾਈ ਗੁਰਦਾਸ (1551-1636) ਜੀ ਆਪਣੀ ਬਾਣੀ ਵਿੱਚ ਇੱਕ ਵਿਦਵਾਨ ਦੇ ਤੌਰ ਤੇ ਦਮੋਦਰ ਦਾ ਜ਼ਿਕਰ ਕਰਦੇ ਹਨ ਅਤੇ ਆਪਣੀ 27 ਵੀਂ ਵਾਰ ਵਿੱਚ ਲਿਖਦੇ ਹਨ:

‘ਰਾਂਝਾ-ਹੀਰ ਵਿਖਾਣੀਐ ਉਹ ਪਿਰਮ ਪਰਾਤੀ’

ਹਥਲੀ ਲਿਖਤ, ਹੀਰ-ਰਾਂਝੇ ਦੀ ਅਮਰ ਕਹਾਣੀ ਨੂੰ ਕਿੱਸੇ ਦੇ ਰੂਪ ਵਿੱਚ ਬੋਹੜ ਦੀ ਇੱਕ ਟਾਹਣੀ, ਪੰਜਾਬ ਦੀ ਧਰਤੀ ਵਿੱਚ ਲਾਉਣ ਵਾਲੇ ਦਮੋਦਰ ਗਲਾਟੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

Related posts

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਪਾਬੰਦੀ ਦੇ ਬਾਵਜੂਦ ਚੋਣ-ਪ੍ਰਚਾਰ ਕਰਨ ‘ਤੇ ਕਾਂਗਰਸ ਆਗੂ ਨੂੰ ਨੋਟਿਸ ਜਾਰੀ

ਕੌਜਪਾ : ਅਸਹਿਮਤੀ, ਅਸੰਤੁਸ਼ਟੀ, ਅਣਗੌਲੇਪਨ, ਅਕਰੋਸ਼ ਦੇ ਮੈਟਾਫਰ ਵਜੋਂ ਉੱਭਰਿਆ ਕੌਕਰੋਚ !