ਕੌਜਪਾ : ਅਸਹਿਮਤੀ, ਅਸੰਤੁਸ਼ਟੀ, ਅਣਗੌਲੇਪਨ, ਅਕਰੋਸ਼ ਦੇ ਮੈਟਾਫਰ ਵਜੋਂ ਉੱਭਰਿਆ ਕੌਕਰੋਚ !

ਕੌਕਰੋਚ ਜਨਤਾ ਪਾਰਟੀ।

ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ।

13 ਮਈ ਨੂੰ ਦੇਸ਼ ਦੇ ਮੁੱਖ ਨਿਆਇਧੀਸ਼ ਜਸਟਿਸ ਸੂਰੀਆ ਕਾਂਤ ਨੇ ਨੌਜਵਾਨਾਂ ਦੇ ਇਕ ਹਿਸੇ ਲਈ ‘ਕੌਕਰੋਚ’ ਅਤੇ ‘ਪਰਜੀਵੀ’ ਵਰਗੀਆਂ ਬੜੀਆਂ ਚੁੱਭਵੀਆਂ ਟਿੱਪਣੀਆਂ ਦੀ ਵਰਤੋਂ ਕੀਤੀ ਅਤੇ ਦੂਸਰੇ ਦਿਨ ਹੀ ਇਸ ਬਾਰੇ ਸਪੱਸ਼ਟੀਕਰਨ ਵੀ ਜਾਰੀ ਕੀਤਾ। ਪਰ ਸਪੱਸ਼ਟੀਕਰਨ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅਮਰੀਕਾ ਦੀ ਬੌਸਟਨ ਯੂਨੀਵਰਸਿਟੀ ਦੇ ਇਕ ਗਰੈਜੂਏਟ ਅਭਿਜੀਤ ਦੀਪਕੇ ਨੇ 16 ਮਈ ਨੂੰ ਵਿੰਗਮਈ ਮੀਮਜ਼ ਰਾਹੀਂ ਇਕ ਔਨਲਾਈਨ ਮਜ਼ਾਕੀਆ ਪਾਰਟੀ ‘ਕੌਕਰੋਚ ਜਨਤਾ ਪਾਰਟੀ’ ਲਾਂਚ ਕਰ ਮਾਰੀ। ਸ਼ੁਗਲ ਮੁਗਲ ਵਿਚ ਲਾਂਚ ਹੋਈ ਇਸ ਪਾਰਟੀ ਨੂੰ ਜੁੰਮਾ ਜੁੰਮਾ ਅਜੇ ਅੱਠ ਦਿਨ ਵੀ ਨਹੀਂ ਸਨ ਬੀਤੇ ਕਿ ਇੰਸਤਾਗਰਾਮ ਉਪਰ ਇਸ ਦੇ 2.4 ਕਰੋੜ (22 ਮਿਲੀਅਨ) ਫੋਲੋਅਰਜ਼ ਹੋ ਗਏ! ਇਹ ਗਿਣਤੀ ਸਾਡੇ ਦੇਸ਼ ਦੀ ਸਭ ਤੋਂ ਵਡੀ ਤੇ ਮੌਜੁਦਾ ਸੱਤਾਧਾਰੀ ਪਾਰਟੀ ਭਾਜਪਾ ਦੇ ਇੰਸਟੱਗਰਾਮ ਤੇ ਫੌਲੋਅਰਜ਼ ਨੂੰ ਟੱਪ ਗਈ ਤੇ ਭਾਜਪਾਈਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ! ਤੇ ਭਾਜਪਾਈਆਂ ਨੇ ਝਟਪਟ ਮੋੜਵਾਂ ਦੋਸ਼ ਲਾਇਆ ਕਿ ਇਸ ਮੁਹਿੰਮ ਨੂੰ ਪਾਕਿਸਤਾਨ ਵਲੋਂ ਸੋਸ਼ਲ ਮੀਡੀਆ ਰਾਹੀਂ ਸਮਰਥਨ ਮਿਲ ਰਿਹੈ।

ਕੌਕਰੋਚ ਇੱਕ ਬੜਾ ਹੀ ਅਪ੍ਰਿਯ/ਘ੍ਰਿਣਤ ਕੀੜਾ ਹੈ।ਪਰ ਇਹ ਮੁਸ਼ਕਿਲ ਹਾਲਾਤ ‘ਚ ਜੀਂਦੇ ਰਹਿਣ/ਜੀਦਾਰੀ ਲਈ ਵੀ ਜਾਣਿਆਂ ਜਾਂਦੈ। ਅੰਗਰੇਜ਼ੀ ਵਾਲੇ ਅਜਿਹੀ ਅਵੱਸਥਾ ਲਈ ਸ਼ਬਦ ‘ਰਿਜ਼ੀਲੀਐਂਸ’ (ਲਚਕੀਲਾਪਨ/ਔਖੇ ਹਾਲਾਤ ‘ਚ ਜੀਊਂਦੇ ਰਹਿਣ ਦੀ ਸਮਰੱਥਾ) ਵਰਤਦੇ ਹਨ।
ਆਪਣੀ ਜ਼ਿੰਦਗੀ ਵਿਚ ਅਸੀਂ ਕਿਸੇ ‘ਰਿਪੱਲਸਿਵ’ (ਘਿਨਾਉਣੇ) ਕੀੜੇ-ਮਕੌੜੇ ਦੀ ਰਾਤੋ-ਰਾਤ ਐਨੀ ਜੈ-ਜੈ ਕਾਰ ਅਤੇ ਪ੍ਰਸਿੱਧੀ/ਪ੍ਰਵਾਨਗੀ ਨਹੀਂ ਸੁਣੀ/ਦੇਖੀ। ਸ਼ਾਇਦ ਹੀ ਕੋਈ ਅਜਿਹਾ ਕੀੜਾ ਹੋਵੇ ਜਿਸ ਦੇ ਤ੍ਰਿਸਕਾਰ ਵਜੋਂ ਚੀਫ ਜਸਟਿਸ ਆਫ ਇੰਡੀਆ ਇਸ ਦੀ ਤਸ਼ਬੀਹ ਵਰਤਦਾ ਹੋਵੇ ਅਤੇ ਉਸ ‘ਤ੍ਰਿਸਕਾਰਿਤ’ ਕੀੜੇ ਦੇ ‘ਸਤਿਕਾਰਿਕਤ’ ਨਾਮ ਤੇ ਇਕ ਡਿਜਿਟਲ ਪਾਰਟੀ ਦਾ ਨਾਮਕਰਨ ਕੀਤਾ ਗਿਆ ਹੋਵੇ,ਬੇਸ਼ਕ ਮਜ਼ਾਕ ਮਜ਼ਾਕ ਵਿਚ ਹੀ ਸਹੀ! ਹੈ ਨਾਂ ਕਮਾਲ! ਹੈ ਨਾ ਕ੍ਰਿਸ਼ਮਾਂ!

“ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ’।। (ਸ.ਗ.ਗ.ਸ.ਅੰਗ-੧੪੪)

ਆਖਿਰਕਾਰ ਕੌਕਰੋਚ ਜਨਤਾ ਪਾਰਟੀ, ਜਿਸ ਦੇ ਸੋਸ਼ਲ ਪਲੈਟਫੌਰਮਾਂ ਤੇ ਹੁਣ ਕਈ ਕਿਸਮ ਦੀਆਂ ਪਾਬੰਦੀਆਂ ਲਗ ਚੁੱਕੀਆ ਹਨ,ਐਡੀ ਜਲਦੀ ਲੋਕਪ੍ਰਿਯ ਕਿਉਂ ਹੋ ਗਈ?

ਇਹ ਇਸ ਲਈ ਕਿਉਂਕਿ ਇਸ ਨੇ ਦੇਸ਼ ਦੇ ਪੜ੍ਹੇ-ਲ਼ਿਖੇ ਬੇਰੁਜ਼ਗਾਰ, ਨਿਰਾਸ਼, ਅਣਗੌਲੇ, ਅਸੰਤੁਸ਼ਟ, ਅਸਹਿਮਤ ਅਤੇ ਅਸਫਲ ਵਿੱਵਸਥਾ ਤੋਂ ਅੱਕੇ ਹੋਏ ਬੇਚੈਨ ਨੌਜਵਾਨਾਂ ਨੂੰ ਆਪਣਾ ਰੋਸ ਪ੍ਰਗਟ ਕਰਨ, ਗੁੱਭ-ਘੁਲਾਟ ਕੱਢਣ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਪਲੈਟਫੌਰਮ ਪ੍ਰਦਾਨ ਕੀਤਾ। ਬੇਸ਼ਕ ਇਹ ਵਿੰਗਮਈ ਸੋਸ਼ਲ ਮੀਡੀਆ ਦੀਆਂ ਮੀਮਜ਼ ਦੁਆਰਾ ਹੀ ਹਾਸਿਲ ਹੋਇਆ। ਦੀਪਕੇ ਨੇ ਕੌਕਰੋਚ ਜਨਤਾ ਪਾਰਟੀ ਲਾਂਚ ਕਰਨ ਸਮੇਂ ਕਿਹਾ ਕਿ ‘ਇਹ ਪਾਰਟੀ ਆਲਸੀਆਂ ਅਤੇ ਬੇਰੁਜ਼ਗਾਰਾਂ ਦੀ ਆਵਾਜ਼ ਹੈ’! ਉਸ ਨੇ ਇਸ ਪਾਰਟੀ ‘ਚ ਸ਼ਾਮਿਲ ਹੋਣ ਲਈ ਜੋ ਯੋਗਤਾਵਾਂ ਰੱਖੀਆਂ ਹਨ ਉਹਨਾਂ ‘ਚ ਬੇਰੁਜ਼ਗਾਰ ਹੋਣਾ, ਆਲਸੀ ਹੋਣਾ, ਹਮੇਸ਼ਾਂ ਆਨਲਾਈਨ ਰਹਿਣਾ ਅਤੇ ਪੇਸ਼ਾਵਰ ਤਰੀਕੇ ਨਾਲ ਆਪਣੀ ਭੜਾਸ ਕੱਢਣ ਦੀ ਯੋਗਤਾ ਹੋਣਾ ਸ਼ਾਮਿਲ ਹਨ।
ਭਲਾ ਅਜੋਕੀ ਨੌਜਵਾਨ ਪੀੜ੍ਹੀ, ਜਿਸ ਨੂੰ ਜੈਨਰੇਸ਼ਨ ਜ਼ੈਡ (ਜੈਨ-ਜ਼ੈਡ) ਕਿਹਾ ਜਾਂਦੇ, ਨਿਰਾਸ਼ ਅਤੇ ਰੋਹ/ਰੋਸ ‘ਚ ਕਿਉਂ ਹੈ? ਤੁਸੀਂ ਪੁੱਛ ਸਕਦੇ ਓਂ ਕਿ ‘ਇਹ ਵੀ ਕੋਈ ਸਵਾਲ ਹੋਇਆ’? ਬਿਲਕੁਲ ਠੀਕ ਕਿਹਾ ਤੁਸੀਂ। ਜਦ ਲੱਖਾਂ ਪ੍ਰੀਖਿਆਰਥੀ ਦਿਨ-ਰਾਤ ਇੱਕ ਕਰਕੇ ਨੀਟ ਦਾ ਪੇਪਰ ਦੇਣ ਲਈ ਤਤਪਰ ਹੋਣ ਤਾਂ ਅਚਾਨਕ ਪਤਾ ਲਗੇ ਕਿ ਪੇਪਰ ਤਾਂ ਲੀਕ ਹੋ ਗਿਆ ਅਤੇ ਹੁਣ ਇਹ ਮਈ ਦੀ ਬਜਾਏ ਜੂਨ ਵਿਚ ਹੋਵੇਗਾ ਤਾਂ ਨੌਜਵਾਨਾਂ ਨੇ ਅੱਗ-ਬਗੂਲਾ ਤਾਂ ਹੋਣਾ ਈ ਹੋਇਆ। ਜਦ ਕਰੋੜਾਂ ਪੜ੍ਹੇ ਲਿਖੇ ਨੋਜਵਾਨ ਬੇਰੁਜ਼ਗਾਰ ਹੋਣ, ਰੁਜ਼ਗਾਰ ਲਈ ਥਾਂ ਥਾਂ ਧੱਕੇ ਖਾਂਦੇ ਫਿਰਨ, ਆਪਣੇ ਘਰ-ਘਾਟ ਜਾਂ ਘਰ-ਪਰਿਵਾਰ ਬਨਾਉਣ/ਵਸਾਉਣ ਦੀਆਂ ਰੀਝਾਂ ਨੂੰ ਵਿਰਾਮ ਦੇਣ ਲਈ ਮਜਬੂਰ ਹੋਣ, ਸਿਸਟਮ ਦੀ ਬੇਰੁਖੀ, ਭਰਿਸ਼ਟਾਚਾਰ, ਸੱਤਾਧਾਰੀਆਂ/ਸਿਆਸਤਾਦਾਨਾਂ ਦੀ ਲੀਪਾ-ਪੋਚੀ ਦਾ ਸ਼ਿਕਾਰ ਹੋਣ ਤਾਂ ਰੋਸ ਤਾਂ ਹੋਣਾ ਈ ਹੋਇਆ। ਚਾਅਵਾਂ/ਰੀਝਾਂ ਦੀ ਸੰਘੀ ਘੁੱਟੇ ਜਾਣ ਉਪਰ ਜਸ਼ਨ ਤਾਂ ਨਹੀਂ ਨਾਂ ਮਨਾਇਆਂ ਜਾ ਸਕਦਾ,ਰੋਸ ਹੀ ਕੀਤਾ ਜਾ ਸਕਦੇ ਤੇ ਜਾਂ ਫਿਰ ਸੰਘਠਤ ਹੋ ਕੇ ਰੋਹ/ਵਿਦਰੋਹ।

ਸਾਡੀ ਰਾਜਨੀਤਕ ਵਿਵੱਸਥਾ,ਖਾਸ ਕਰਕੇ ਸੱਤਾਧਾਰੀ ਪ੍ਰਬੰਧ, ਧਰਤੀ ਦੀਆਂ ਹਕੀਕਤਾਂ ਨਾਲੋਂ ਟੁੱਟਾ ਹੋਇਆ ਹੈ। ਇਹ ਸੜਿਹਾਂਦ ਮਾਰਦਾ ਸਿਸਟਮ ਲੀਪਾ-ਪੋਤੀ, ਡੰਗ-ਟਪਾਊ, ਬੁੱਤਾ-ਸਾਰੂ ਨੀਤੀਆਂ ਉਪਰ ਟੇਕ ਰਖਦੈ। ‘ਟੋਕਨਿਜ਼ਮ’ (ਸੰਕੇਤਕਤਾ) ਦਾ ਸਹਾਰਾ ਲੈਦੈ। ਦੇਸ਼ ‘ਚ ਕਰੋੜਾਂ ਬੇਰੁਜ਼ਗਾਰ ਹਨ, ਚਲੋ ਕੁਝ ਕੁ ਹਜ਼ਾਰ ਨੂੰ ਨੌਕਰੀਆਂ ਦੇ ਕੇ ਲੀਪਾ-ਪੋਚੀ ਕਰ ਲਉ। ਚੋਣਾਂ ਤੋਂ ਪਹਿਲਾਂ ਨੌਕਰੀਆਂ ਜਾਂ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕਰ ਲਉ, ‘ਰੇਵੜੀਆਂ’/ਫ੍ਰੀਬੀਜ਼ ਵੰਡ ਕੇ ਵੋਟਰਾਂ ਨੂੰ ਭੁਚਲਾ/ਭਰਮਾ ਲਉ ਤੇ ਬਾਅਦ ‘ਚ ਫਿਰ ਉਹੀ ਢਾਕ ਕੇ ਤੀਨ ਪਾਤ। ਮੁਫਤਖੋਰਿਆਂ ਦਾ ਲਾਮ-ਲਸ਼ਕਰ ਖੜ੍ਹਾ ਕਰੋ,ਪੜ੍ਹੇ ਲਿਖੇ ਨੌਜਵਾਨਾਂ ਨੂੰ ਆਵਾਜ਼ ਚੁੱਕਣ ਜੋਗੇ ਨਾਂ ਛੱਡੋ ਤੇ ਜਾਂ ਆਵਾਜ਼ ਚੁੱਕਣ ਹੀ ਨਾਂ ਦਿਉ।

ਰੋਸ ਤਾਂ ਫਿਰ ਹੋਣਾ ਹੀ ਹੈ।

‘ਜੈਨ-ਜ਼ੈਡ’ ਡਿਜਿਟਲ ਸੰਸਾਰ ਦੇ ‘ਮੂਲ-ਨਿਵਾਸੀ’ ਹਨ।

ਜ਼ਰਾ ਇਸ ਮੀਮਜ਼ ਰਾਹੀ ਬਣੀ ਡਿਜਿਟਲ ਪਾਰਟੀ ਦੇ ਵਿਅੰਗਮਈ ਮੈਨੀਫੈਸਟੋ/ਮੰਗਾਂ ਉਪਰ ਤਾਂ ਝਾਤ ਮਾਰੋ,ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ:

1. ਸੁਪਰੀਮ ਕੋਰਟ ਦੇ ਸੇਵਾ-ਮੁਕਤ ਹੋਣ ਵਾਲੇ ਮੁੱਖ ਜੱਜਾਂ ਨੂੰ ਰਾਜ ਸਭਾ ਜਾਂ ਹੋਰ ਸਰਕਾਰੀ ਅਹੁਦਿਆਂ ਤੇ ਨਿਯੁਕਤ ਨਾ ਕੀਤਾ ਜਾਵੇ।
2. ਹਾਲ ਹੀ ‘ਚ ਨੀਟ ਮੈਡੀਕਲ ਪ੍ਰੀਖਿਆ ਦੇ ਲੀਕ ਹੋਏ ਪੇਪਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪਰਧਾਨ ਅਸਤੀਫਾ ਦੇਣ (ਇਸ ਬਾਰੇ ਇਸ ਪਾਰਟੀ ਨੇ ਆਨਲਾਈਨ ਦਸਤਖਤੀ ਮੁਹਿੰਮ ਵੀ ਚਲਾਈ ਜਿਸ ਤਹਿਤ ਲੱਖਾਂ ਲੋਕਾਂ ਦੇ ਹਸਤਾਖਰ ਪ੍ਰਾਪਤ ਹੋਏ)।
3. ਸੰਸਦ ਅਤੇ ਵਿਧਾਨ ਸਭਾਵਾਂ ‘ਚ ਔਰਤਾਂ ਲਈ 50% ਰਾਖਵਾਂਕਰਨ ਹੋਵੇ। ਜੇ ਕਰ ਚੋਣਾਂ ‘ਚ ਹੇਰਾ-ਫੇਰੀ ਹੁੰਦੀ ਹੈ ਜਾਂ ਵੋਟ ਚੋਰੀ ਹੁੰਦੇ ਹਨ ਤਾਂ ਮੁੱਖ-ਚੋਣ ਕਮਿਸ਼ਨਰ ਉਪਰ ਯੁਏਪੀਏ ਲਗਾ ਕੇ ਉਸ ਨੂੰ ਜੇਲ੍ਹ ਭੇਜਿਆ ਜਾਵੇ।
4. ਦਲ ਬਦਲੀ ਕਰਨ ਵਾਲੇ ਲੀਡਰ ‘ਤੇ 20 ਸਾਲ ਤਕ ਚੋਣ ਲੜਨ ਦੀ ਪਾਬੰਦੀ ਲਗਾਈ ਜਾਵੇ।
5. ਸੱਤਾ ਸਮੱਰਥਕ ਮੀਡੀਆ (ਗੋਦੀ ਮੀਡੀਆ) ਦੇ ਐਂਕਰਾਂ ਅਤੇ ਅਜਿਹੇ ਮੀਡੀਆ ਦੇ ਮਾਲਿਕਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ।

ਕੌਕਰੋਚ ਜਨਤਾ ਪਾਰਟੀ ਨੂੰ ਸੈਲੀਬਰਿਟੀਜ਼ ਵਲੋਂ ਧੜਾ ਧੜ ਐਂਡੋਰਸਮੈਂਟਾਂ ਮਿਲ ਰਹੀਆਂ ਹਨ। ਮਸ਼ਹੂਰ ਬੌਲੀਵੁੱਡ ਹਸਤੀਆਂ ਅਨੁਰਾਗ ਕਸ਼ਯਪ, ਦੀਯਾ ਮਿਰਜ਼ਾ, ਸੋਨਾਕਸ਼ੀ ਸਿਨਹਾ, ਕਾਮੇਡੀਅਨ ਕੁਨਾਲ ਕਾਮਰਾ ਨੇ ਇਸ ਦੇ ਇੰਸਤਾਗਰਾਮ ਪੇਜ ਨੂੰ ਫੌਲੋਅ ਕੀਤੈ। ਕਈ ਸਿਆਸੀ ਪਾਰਟੀਆਂ ਦੇ ਆਗੂ ਵੀ ਇਸ ਦੀ ਹਮਾਇਤ ਕਰ ਰਹੇ ਹਨ। ਵਾਤਾਵਰਨ ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਨੇ ਇਸ ਦੀ ਹਮਾਇਤ ਕਰਦਿਆਂ ਆਪਣੇ ਆਪ ਨੂੰ ‘ਅੋਨਰੇਰੀ ਕੌਕਰੋਚ’ ਦਸਦਿਆਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਨੌਜਵਾਨਾਂ ਦੇ ਡਿਜਿਟਲ ਪ੍ਰਗਟਾਵੇ ਨੂੰ ਦਬਾਉਣ ਦੀ ਬਜਾਏ ਉਹਨਾਂ ਵਲੋਂ ਦਰਸਾਏ ਜਾ ਰਹੇ ਸਰੋਕਾਰਾਂ ਵਲ ਧਿਆਨ ਦੇਵੇ। ਵਾਂਗਚੁਕ ਨੇ ਕਿਹਾ ਇਸ ਮੁਹਿੰਮ ਨੂੰ ਜਮਹੂਰੀ ਫੀਡਬੈਕ ਵਜੋਂ ਦੇਖਿਆ ਜਾਣਾ ਚਾਹੀਦੈ ਨਾਂ ਕਿ ਖਤਰੇ ਵਜੋਂ। ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਤੇ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਨੇ ਕਿਹਾ ਕਿ ਸੰਕਟ ‘ਚ ਫਸੇ ਲੋਕਾਂ ਪ੍ਰਤੀ ਧਿਆਨ ਨਾਂ ਦੇਣ ਕਾਰਨ ਹੀ ਕੌਕਰੋਚ ਜਨਤਾ ਪਾਰਟੀ ਜਿਹੇ ਅੰਦੋਲਨਾਂ ਦਾ ਉਭਾਰ ਹੋ ਰਿਹੈ। ਬੁੱਧੀਜੀਵੀ ਕਾਂਗਰਸੀ ਆਗੂ ਤੇ ਸਾਂਸਦ ਸ਼ਸ਼ੀ ਥਰੂਰ ਨੇ ਕੌਕਰੋਚ ਜਨਤਾ ਪਾਰਟੀ ਦੇ ਐੇਕਸ ਖਾਤੇ ਨੂੰ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹੈ ਕਿ ਲੋਕਤੰਤਰਾਂ ਨੂੰ ਨੌਜਵਾਨਾਂ ਦੇ ਨਿਰਾਸ਼ਾ,ਅਸਹਿਮਤੀ/ਵਿਰੋਧ ਤੇ ਵਿਅੰਗ ਪ੍ਰਗਟ ਕਰਨ ਲਈ ਰਾਹ ਪ੍ਰਦਾਨ ਕਰਨੇ ਚਾਹੀਦੇ ਹਨ ਨਾਂ ਕਿ ਇਹਨਾਂ ਨੂੰ ਦਬਾਉਣਾ ਚਾਹੀਦਾ ਹੈ।

ਪਰ ਸਰਕਾਰਾਂ ਉਹ ਹੀ ਕਰ ਰਹੀਆਂ ਹਨ ਜੋ ਅਕਸਰ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਹਨ। ਪਹਿਲਾਂ ਇਸ ਪਾਰਟੀ ਦਾ ਭਾਰਤ ਵਿਚਲਾ ਐਕਸ ਖਾਤਾ ਬੰਦ ਕੀਤਾ। ਭਲਾ ਕੌਕਰੋਚ ਐਡੀ ਜਲਦੀ ਕਦੋਂ ਮਰਦੈ! ਦੀਪਕੇ ਨੇ ਪੋਸਟਰ ਦੇ ਰੂਪ ‘ਚ ਇਸ ਐਲਾਨ-ਨਾਮੇ ਨਾਲ ਕਿ ‘ਕੌਕਰੋਚ ਕਦੀ ਨਹੀਂ ਮਰਦੇ’ ਇੱਕ ਨਵਾਂ ਖਾਤਾ ਚਲਾ ਮਾਰਿਆ- “ਕੌਕਰੋਚ ਇਜ਼ ਬੈਕ’ (ਕੌਕਰੋਚ ਵਾਪਿਸ ਆ ਗਿਐ!)। ਪਰ ਬਾਅਦ ‘ਚ ਦੀਪਕੇ ਨੇ ਕਿਹਾ ਕਿ ਇਸ ਵਿਅੰਗਆਤਮਕ ਡਿਜਿਟਲ ਸੰਗਠਨ ਵਿਰੁੱਧ ਕਾਰਵਾਈਆਂ ਕੀਤੇ ਜਾਣ ਕਾਰਨ,ਕਈ ਖਾਤੇ ਹਟਾਏ ਜਾਣ ਅਤੇ ਹੈਕਿੰਗ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸੰਗਠਨ ਦੇ ਕਿਸੇ ਵੀ ਸੋਸ਼ਲ ਮੀਡੀਆ ਖਾਤੇ ਤਕ ਰਸਾਈ ਨਹੀਂ ਰਹਿ ਗਈ। ਦੀਪਕੇ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦਾ ਵੀ ਜ਼ਿਕਰ ਕੀਤਾ ਹੈ।

ਮੀਡੀਆ ‘ਚ ਇਹ ਵੀ ਰਿਪੋਰਟਾਂ ਆਈਆਂ ਹਨ ਕਿ ਦੀਪਕੇ ਦੇ ਜੱਦੀ ਇਲਾਕੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਦੇ ਅੇਮ.ਆਈ.ਡੀ.ਸੀ. ਵਾਲੂਜ ਵਿਚਲੇ ਨਿਵਾਸ ਸਥਾਨ ਤੇ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਤਾਂ ਕਿ,ਬਕੌਲ ਪੁਲਿਸ ਅਧਿਕਾਰੀ, ‘ਉਨ੍ਹਾਂ (ਦੀਪਕੇ) ਦੇ ਘਰ ਤੇ ਭੀੜ ਇਕੱਠੀ ਨਾ ਹੋਵੇ ਕਿਉਂਕਿ ਸੀ.ਜੇ.ਪੀ. ਦਾ ਮੁੱਦਾ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਟਰੈਂਡ ਕਰ ਰਿਹਾ ਹੈ’।

ਓਧਰ ਤਾਮਿਲ ਨਾਡੂ ‘ਚ ਮਦੁਰਾਇ ਅਤੇ ਵਲੂਪੁਰਮ ਵਿੱਚ 24 ਮਈ ਨੂੰ ਇਸ ਨਵੀਂ ਡਿਜਿਟਲ ਪਾਰਟੀ ਦੇ ਸਮਰਥਨ ਨਾਲ ਬੇਰੁਜ਼ਗਾਰੀ ਖਿਲਾਫ ਆਪਣੀ ਕਿਸਮ ਦੀ ਪਹਿਲੀ ‘ਕੌਕਰੋਚ ਰੈਲੀ’ ਕੱਢੀ ਗਈ। ਡੈਮੋਕਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਵਲੋਂ ਸਾਂਝੇ ਤੌਰ ਤੇ ਕੱਢੀ ਗਈ ਇਸ ਰੈਲੀ ‘ਚ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕੇਂਦਰ ਉਪਰ  ਰੁਜ਼ਗਾਰ ਮਹੱਈਆ ਕਰਵਾਉਣ ਸਮੇਤ ਹੋਰ ਵਾਅਦੇ ਪੂਰਾ ਨਾਂ ਕਰਨ ਦੇ ਦੋਸ਼ ਲਗਾਏ। ਇਸ ‘ਚ ਮੁੱਖ ਜੱਜ ਵਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਕੌਕਰੋਚਾਂ ਨਾਲ ਤੁਲਨਾਉਣ ਦੀ ਅਲੋਚਨਾਂ ਵੀ ਕੀਤੀ ਗਈ।

ਸੋਸ਼ਲ ਮੀਡੀਆ ਉਪਰ ਚਲੇ ਇਸ ਨਿਵੇਕਲੇ ਕੌਕਰੋਚ ਜਨਤਾ ਪਾਰਟੀ ਅੰਦੋਲਨ ਦਾ ਰੁਖ ਕਿਧਰ ਜਾਏਗਾ? ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਊਠ ਕਿਸ ਕਰਵਟ ਬੈਠੇਗਾ। ਪਰ ਇਤਿਹਾਸਕ ਤੌਰ ਤੇ ਨਿਵੇਕਲੀਆਂ ਲੋਕ-ਲਹਿਰਾਂ ਦੇ ਉਭਾਰ ‘ਚ ਅਜਿਹੇ ਡਿਜਿਟਲ ਰੋਸ ਇੱਕ ਸਭਿਆਚਾਰਕ ਅਗਰਦੂਤ ਵਜੋਂ ਕੰਮ ਕਰਦੇ ਹਨ। ਅੰਨਾ ਹਜ਼ਾਰੇ ਦਾ ਲੋਕ-ਅੰਦੋਲਨ ਸੋਸ਼ਲ ਮੀਡੀਆ ਰਾਹੀਂ ਹੀ ਉਭਰਿਆ ਸੀ ਅਤੇ ਉਸ ਨੇ ਦੇਸ਼ ਦੀ ਰਾਜਨੀਤੀ ‘ਚ ਨਵੀਂ ਕਤਾਰਬੰਦੀ ਕਰ ਦਿਤੀ ਸੀ।

ਨੌਜਵਾਨਾਂ ਦੇ ਰੋਸ ਦੀ ਅਣਦੇਖੀ ਕਰਨਾਂ ਜਾਂ ਇਸ ਨੂੰ ਦਬਾਉਣਾ ਰੋਸ ਨੂੰ ਰੋਹ ਜਾਂ ਵਿਦਰੋਹ ਦੇ ਰਾਹ ਪਾਉਣ ਤੁਲ ਹੋਵੇਗਾ। ਸੱਤਧਾਰੀਆਂ ਨੂੰ ਸੱਤਾ ਦੇ ਨਸ਼ੇ ਨੂੰ ਛਡ ਕੇ ਨੌਜਵਾਨਾਂ ਦੇ ਸਰੋਕਾਰਾਂ, ਖਾਸ ਕਰਕੇ ਬੇਰੁਜ਼ਗਾਰੀ, ਨੂੰ ਹਲ ਕਰਨ ਵਲ ਧਿਆਨ ਦੇਣਾ ਚਾਹੀਦੈ। ਇਥੇ ਇਹ ਵੀ ਯਾਦ ਰਖਣਾ ਚਾਹੀਦੇ ਕਿ ਸਾਡੇ ਗੁਆਂਢੀ ਮੁਲਕਾਂ ਨੇਪਾਲ,ਬੰਗਲਾਦੇਸ਼ ਅਤੇ ਸ਼੍ਰੀ ਲੰਕਾ ‘ਚ ਨੌਜਵਾਨਾਂ ਨੇ ਹੀ ਹੇਠਲੀ ਉੱਤੇ ਕਰ ਦਿਤੀ ਸੀ। ਸੱਤਾ ਦਾ ਨਸ਼ਾ ਬੰਦੇ ਨੂੰ ਮਗਰੂਰ ਕਰ ਦਿੰਦੈ ਤੇ ਬੰਦਾ,ਬੰਦਾਇਗੀ ਛਡ ਬੰਦਾਪਰਵਰੀ ਦੇ (ਕੁ) ਰਾਹ ਪੈ ਜਾਂਦੈ,ਜਿਸ ਸੇ ਨਤੀਜੇ ਮਾੜੇ ਨਿਕਲਦੇ ਹਨ ਤੇ ਭੁਗਤਣੇ ਵੀ ਪੈਂਦੇ ਹਨ। ਕਿਉਂਕਿ ‘ਯੇਹ ਜੋ ਪਬਲਿਕ ਹੈ ਯੇਹ ਸਭ ਜਾਨਤੀ ਹੈ’! (ਹਿੰਦੀ ਫਿਲਮ ‘ਰੋਟੀ’,੧੯੭੪)।

ਗੁਰਬਾਣੀ ਵਿੱਚ ਫੁਰਮਾਨ ਹੈ-

‘ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ।।
ਦਰਿ ਮੰਗਨਿ ਭਿਖ ਨ ਪਾਇਦਾ।। (ਸ.ਗ.ਗ.ਸ.ਅੰਗ-੪੭੨)

ਪ੍ਰਸਿੱਧ ਉਰਦੂ ਸ਼ਾਇਰ ਹਬੀਬ ਜਾਲਿਬ ਨੇ ਅਜਿਹੇ ‘ਖੁਦਾਵਾਂ’ ਬਾਰੇ ਬਾਕਮਾਲ ਕਿਹੈ-

“ਤੁਮ ਸੇ ਪਹਿਲੇ ਵੋ ਜੋ ਏਕ ਸ਼ਖਸ ਯਹਾਂ ਤਖਤ-ਨਸ਼ੀਂ ਥਾ,
ਉਸ ਕੋ ਭੀ ਅਪਨੇ ਖੁਦਾ ਹੋਨੇ ਪੇ ਇਤਨਾ ਹੀ ਯਕੀਂ ਥਾ”।

Related posts

‘ਨਾਉਂ ਦਮੋਦਰ ਜਾਤ ਗਲਹਾਟੀ, ਆਇਆ ਸੁੱਕ ਸਿਆਲੀਂ

ਭਾਰਤੀਆਂ ਦੇ ਵਲੋਂ ਵਿਦੇਸ਼ੀ ਯਾਤਰਾਵਾਂ ਵਿੱਚ ਕਟੌਤੀ ਦਾ ਰੁਝਾਨ

ਭਾਰਤ ਵਿੱਚ ਲਿੰਗ ਅਨੁਪਾਤ ਅਤੇ ਬਾਲ ਮੌਤ ਦਰ ਵਿੱਚ ਸੁਧਾਰ