ਨਵੀਂ ਦਿੱਲੀ – ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਗੇਂਦਬਾਜ਼ ਦੀਪਤੀ ਸ਼ਰਮਾ ਵਾਪਸ ਦੇਸ਼ ਮੁੜ ਚੁੱਕੀ ਹੈ ਤੇ ਜਦ ਉਨ੍ਹਾਂ ਤੋਂ ਚਾਰਲੋਟ ਡੀਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਦਾਨ ’ਤੇ ਉਹ ਵਾਰ-ਵਾਰ ਗੇਂਦ ਸੁੱਟਣ ਤੋਂ ਪਹਿਲਾਂ ਹੀ ਦੌੜ ਲੈਣ ਲਈ ਅੱਗੇ ਤੁਰ ਪੈਂਦੀ ਸੀ। ਇਸ ਬਾਰੇ ਟੀਮ ਇੰਡੀਆ ਨੇ ਅੰਪਾਇਰ ਨੂੰ ਸ਼ਿਕਾਇਤ ਕੀਤੀ ਸੀ ਪਰ ਜਦ ਅੰਗਰੇਜ਼ ਬੱਲੇਬਾਜ਼ ਨਹੀਂ ਮੰਨੀ ਤਾਂ ਫਿਰ ਮਜਬੂਰਨ ਉਨ੍ਹਾਂ ਨੂੰ ਆਊਟ ਕਰਨਾ ਪਿਆ।
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਅਜਿਹਾ ਹੋਇਆ ਸੀ। ਅਸੀਂ ਚੇਤਾਵਨੀ ਵੀ ਦਿੱਤੀ ਸੀ ਤੇ ਅੰਪਾਇਰ ਨੂੰ ਸ਼ਿਕਾਇਤ ਵੀ ਕੀਤੀ ਸੀ ਪਰ ਉਹ ਮੰਨ ਨਹੀਂ ਰਹੀ ਸੀ। ਇਸ ਤੋਂ ਬਾਅਦ ਅਸੀਂ ਯੋਜਨਾ ਬਣਾ ਕੇ ਆਊਟ ਕੀਤਾ। ਇਹ ਗ਼ਲਤ ਵੀ ਨਹੀਂ ਹੈ। ਪੂਰੀ ਤਰ੍ਹਾਂ ਨਿਯਮਾਂ ਦੇ ਆਧਾਰ ’ਤੇ ਇਹ ਕੀਤਾ ਗਿਆ ਸੀ। ਭਾਰਤੀ ਮਹਿਲਾਵਾਂ ਨੇ ਇੰਗਲੈਂਡ ਨੂੰ ਉਸ ਦੇ ਘਰ ਵਿਚ ਵਨ ਡੇ ਸੀਰੀਜ਼ ਵਿਚ 3-0 ਨਾਲ ਦਰੜਦੇ ਹੋਏ ਇਤਿਹਾਸਕ ਜਿੱਤ ਦਰਜ ਕੀਤੀ ਸੀ। ਮਹਾਨ ਝੂਲਨ ਗੋਸਵਾਮੀ ਨੂੰ ਇਸ ਤੋਂ ਸ਼ਾਨਦਾਰ ਵਿਦਾਈ ਨਹੀਂ ਦਿੱਤੀ ਜਾ ਸਕਦੀ ਸੀ। ਕ੍ਰਿਕਟ ਦੇ ਨਿਯਮਾਂ ਦੇ ਨਿਗਰਾਨ ਮੇਰਿਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਵੀ ਇੰਗਲੈਂਡ ਦੀ ਡੀਨ ਨੂੰ ਗੇਂਦਬਾਜ਼ੀ ਵਾਲੇ ਪਾਸੇ ਤੋਂ ਰਨ ਆਊਟ ਕਰਨ ’ਤੇ ਆਪਣੀ ਮੋਹਰ ਲਾ ਦਿੱਤੀ। ਇੰਗਲੈਂਡ ਦੀ ਆਖ਼ਰੀ ਬੱਲੇਬਾਜ਼ ਡੀਨ (47) ਨੂੰ ਗੇਂਦਬਾਜ਼ੀ ਵਾਲੇ ਪਾਸੇ ’ਤੇ ਕ੍ਰੀਜ਼ ਤੋਂ ਅੱਗੇ ਨਿਕਲਣ ’ਤੇ ਦੀਪਤੀ ਨੇ ਰਨ ਆਊਟ ਕਰ ਦਿੱਤਾ ਜਿਸ ਨਾਲ ਭਾਰਤੀ ਟੀਮ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਡੀਨ ਗੇਂਦਬਾਜ਼ੀ ਵਾਲੇ ਪਾਸੇ ਕ੍ਰੀਜ਼ ਤੋਂ ਬਾਹਰ ਨਿਕਲ ਗਈ ਸੀ ਤੇ ਦੀਪਤੀ ਨੇ ਉਨ੍ਹਾਂ ਨੂੰ ਰਨ ਆਊਟ ਕਰ ਦਿੱਤਾ। ਦੀਪਤੀ ਦਾ ਰਨ ਆਊਟ ਕਰਨਾ ਪੂਰੀ ਤਰ੍ਹਾਂ ਜਾਇਜ਼ ਸੀ ਪਰ ਫਿਰ ਵੀ ਇੰਗਲੈਂਡ ਦੇ ਕੁਝ ਖਿਡਾਰੀਆਂ ਨੇ ਇਸ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।