ਚੈੱਕ ਹੋਣਗੀਆਂ ਈ.ਵੀ.ਐਮ. ਮਸ਼ੀਨਾਂ! ਭਾਜਪਾ ਵਲੋਂ ਜਿੱਤੀਆਂ 2 ਸੀਟਾਂ ਤੇ ਚੋਣ ਕਮਿਸ਼ਨ ਕਰਵਾਏਗਾ ਜਾਂਚ

ਚੰਡੀਗੜ੍ਹ – ਹਰਿਆਣਾ ’ਚ ਈ.ਵੀ.ਐਮ. ਖਰਾਬ ਹੋਣ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਚੋਣਾਂ ਦੌਰਾਨ ਗੜਬੜੀ ਦੀ ਸੰਭਾਵਨਾ ਨੂੰ ਲੈ ਕੇ ਕਾਂਗਰਸੀ ਉਮੀਦਵਾਰਾਂ ਦੀ ਸ਼ਿਕਾਇਤ ਤੋਂ ਬਾਅਦ ਈ.ਸੀ.ਆਈ. ਨੇ ਹਰਿਆਣਾ ਦੀਆਂ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ’ਤੇ ਈ.ਵੀ.ਐਮ. ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਕਾਂਗਰਸੀ ਉਮੀਦਵਾਰਾਂ ਨੇ ਸ਼ਿਕਾਇਤ ਕੀਤੀ ਸੀ
ਦੱਸ ਦੇਈਏ ਕਿ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਈ.ਵੀ.ਐਮ. ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਫਰੀਦਾਬਾਦ ਤੋਂ ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਸਿੰਘ ਨੇ ਵੀ ਗੜਬੜੀ ਦਾ ਖਦਸ਼ਾ ਪ੍ਰਗਟਾਇਆ ਸੀ। ਭਾਰਤੀ ਚੋਣ ਕਮਿਸ਼ਨ ਦੀ ਵਲੋਂ ਕਿਹਾ ਗਿਆ ਹੈ ਕਿ ਈ.ਵੀ.ਐਮ. ਵਿਚ ਖ਼ਰਾਬੀ ਦੀ ਸ਼ਿਕਾਇਤ ਕਰਨ ਵਾਲੀਆਂ 8 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚ ਹਰਿਆਣਾ ਦੀਆਂ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ਦੇ ਨਾਂ ਸ਼ਾਮਲ ਹਨ। ਲੋਕ ਸਭਾ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਲਈ ਵੀ 3 ਅਰਜ਼ੀਆਂ ਨਤੀਜੇ ਐਲਾਨਣ ਤੋਂ ਬਾਅਦ ਆਈਆਂ ਸਨ। ਇਨ੍ਹਾਂ ਵਿਚ ਈ.ਵੀ.ਐਮ. ਦੀ ਬਰਨ ਮੈਮੋਰੀ, ਮਾਈਕ੍ਰੋਕੰਟਰੋਲਰ ਦੀ ਜਾਂਚ ਅਤੇ ਵੈਰੀਫਿਕੇਸ਼ਨ ਦੀਆਂ ਸ਼ਿਕਾਇਤਾਂ ਸ਼ਾਮਲ ਸਨ।
ਕਰਨਾਲ-ਫਰੀਦਾਬਾਦ ਸੀਟਾਂ ’ਤੇ ਬੀਜੇਪੀ ਦੀ ਜਿੱਤ
ਹਰਿਆਣਾ ਦੀ ਕਰਨਾਲ ਅਤੇ ਫਰੀਦਾਬਾਦ ਲੋਕ ਸਭਾ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਜਿਸ ਵਿਚ ਸਾਢੇ ਨੌਂ ਸਾਲ ਤੱਕ ਹਰਿਆਣਾ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਨੇ ਕਰਨਾਲ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦਿਵਯਾਂਸ਼ੂ ਬੁੱਧੀਰਾਜਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਅਤੇ ਹੁਣ ਮੋਦੀ ਕੈਬਨਿਟ ਵਿਚ ਊਰਜਾ ਮੰਤਰੀ ਬਣ ਗਏ ਹਨ। ਇਸ ਦੇ ਨਾਲ ਹੀ ਫਰੀਦਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੇ ਕ੍ਰਿਸ਼ਨ ਪਾਲ ਗੁਰਜਰ ਨੇ ਕਾਂਗਰਸ ਦੇ ਮਹਿੰਦਰ ਪ੍ਰਤਾਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਗੁਰਜਰ ਨੂੰ ਮੋਦੀ ਕੈਬਨਿਟ ਵਿਚ ਤੀਜੀ ਵਾਰ ਰਾਜ ਮੰਤਰੀ ਵੀ ਬਣਾਇਆ ਗਿਆ ਹੈ।

Related posts

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਦੀ ਤਬੀਅਤ ਮੁੜ ਨਾਸਾਜ਼ !

ਕੈਨੇਡਾ ਦੇ ਤਿੰਨ ਮੈਂਬਰ ਪਾਰਲੀਮੈਂਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ