ਬਿਕਰਮ ਮਜੀਠੀਆ ਨੇ ਜਮਾਨਤ ਮਿਲਣ ਤੋਂ ਬਾਅਦ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਹਨਾਂ ਨੂੰ ਸਿਆਸੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਗਿਆ, ਝੂਠੇ ਇਲਜ਼ਾਮ ਲਗਾਏ ਗਏ, ਪਰਚੇ ਦਰਜ ਕੀਤੇ ਗਏ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਪਰ ਗੁਰੂ ਸਾਹਿਬ ਦੀ ਮਿਹਰ ਅਤੇ ਲੋਕਾਂ ਦੇ ਵਿਸ਼ਵਾਸ ਨੇ ਹਰ ਸਾਜ਼ਿਸ਼ ਨੂੰ ਨਾਕਾਮ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਜਿੱਤ ਕਿਸੇ ਇੱਕ ਵਿਅਕਤੀ ਦੀ ਜਿੱਤ ਨਹੀਂ, ਸਗੋਂ ਉਹਨਾਂ ਲੱਖਾਂ ਵਰਕਰਾਂ, ਨੌਜਵਾਨਾਂ, ਮਾਵਾਂ-ਭੈਣਾਂ ਅਤੇ ਪੰਜਾਬ ਦੇ ਆਮ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਧੱਕੇਸ਼ਾਹੀ ਦੇ ਬਾਵਜੂਦ ਸੱਚ ਦਾ ਸਾਥ ਨਹੀਂ ਛੱਡਿਆ ਪੰਜਾਬ ਦੇ ਕੋਨੇ ਕੋਨੇ ਤੋ ਵਰਕਰਾਂ ਅਤੇ ਆਮ ਲੋਕਾਂ ਦੀ ਆਵਾਜ਼ ਆ ਰਹੀ ਸੀ ਲੇਕਿਨ ਜਿਹੜੇ ਵਰਕਰਾਂ ਦੇ ਘਰਾਂ ਵਿੱਚ ਛਾਪੇ ਪਏ, ਜਿਨ੍ਹਾਂ ਨੂੰ ਧਮਕਾਇਆ ਗਿਆ, ਜਿਨ੍ਹਾਂ ਉੱਤੇ ਪਰਚੇ ਕੀਤੇ ਗਏ, ਜਿਨ੍ਹਾਂ ਦੇ ਪਰਿਵਾਰਾਂ ਨੇ ਤਕਲੀਫ਼ਾਂ ਸਹੀਆਂ, ਅੱਜ ਦੀ ਜਿੱਤ ਸਭ ਤੋਂ ਪਹਿਲਾਂ ਉਹਨਾਂ ਦੀ ਹੈ।
ਮਜੀਠੀਆ ਨੇ ਕਿਹਾ ਕਿ ਉਹ ਆਪਣੇ ਹਰ ਵਰਕਰ ਅੱਗੇ ਸਿਰ ਝੁਕਾ ਕੇ ਨਮਨ ਕਰਦੇ ਹਨ ਕਿਉਂਕਿ ਔਖੇ ਸਮੇਂ ਵਿੱਚ ਜਦੋਂ ਬਹੁਤ ਸਾਰੇ ਲੋਕ ਪਿੱਛੇ ਹਟ ਜਾਂਦੇ ਹਨ ਉਦੋਂ ਅਸਲ ਸਾਥੀ ਹੀ ਮੈਦਾਨ ਵਿੱਚ ਡਟੇ ਰਹਿੰਦੇ ਹਨ। “ਮੇਰੇ ਵਰਕਰਾਂ ਨੇ ਸਿਰਫ਼ ਮੇਰਾ ਨਹੀਂ, ਸੱਚ ਅਤੇ ਇਨਸਾਫ਼ ਦਾ ਸਾਥ ਦਿੱਤਾ ਹੈ। ਇਤਿਹਾਸ ਗਵਾਹ ਰਹੇਗਾ ਕਿ ਧੱਕੇਸ਼ਾਹੀ ਦੇ ਦੌਰ ਵਿੱਚ ਵੀ ਉਹ ਡਰੇ ਨਹੀਂ, ਝੁਕੇ ਨਹੀਂ ਅਤੇ ਵਿਕੇ ਨਹੀਂ।” ਉਨ੍ਹਾਂ ਕਿਹਾ ਕਿ ਇਹ ਲੜਾਈ ਸਿਰਫ਼ ਬਿਕਰਮ ਮਜੀਠੀਆ ਦੀ ਨਹੀਂ ਸੀ। ਇਹ ਉਹਨਾਂ ਹਜ਼ਾਰਾਂ ਪਰਿਵਾਰਾਂ ਦੀ ਲੜਾਈ ਹੈ ਜੋ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ, ਉਹਨਾਂ ਨੌਜਵਾਨਾਂ ਦੀ ਲੜਾਈ ਹੈ ਜਿਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਪੰਜਾਬੀਆਂ ਦੀ ਲੜਾਈ ਹੈ ਜੋ ਅੱਜ ਵੀ ਇਨਸਾਫ਼ ਦੀ ਉਮੀਦ ਨਾਲ ਖੜ੍ਹੇ ਹਨ।
ਮਜੀਠੀਆ ਨੇ ਨਿਆਂ ਪ੍ਰਣਾਲੀ, ਮਾਣਯੋਗ ਅਦਾਲਤਾਂ ਅਤੇ ਕਾਨੂੰਨੀ ਟੀਮ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਦਾਲਤ ਨੇ ਸਾਰੇ ਤੱਥ ਅਤੇ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਦਿੱਤਾ ਹੈ। ਇਹ ਫ਼ੈਸਲਾ ਸਾਬਤ ਕਰਦਾ ਹੈ ਕਿ ਦੇਰ ਹੋ ਸਕਦੀ ਹੈ ਪਰ ਨਿਆਂ ਮਿਲਦਾ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸੰਘਰਸ਼ ਅਜੇ ਖਤਮ ਨਹੀਂ ਹੋਇਆ। ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਸਿਆਸੀ ਧੱਕੇਸ਼ਾਹੀ ਤੋਂ ਮੁਕਤ ਕਰਵਾਉਣ ਦੀ ਲੜਾਈ ਅਜੇ ਜਾਰੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਹੋਰ ਕਿਹਾ ਕਿ ਕੁੱਝ ਲੋਕਾਂ ਨੂੰ ਲੱਗਦਾ ਸੀ ਕਿ ਪਰਚਿਆਂ, ਜੇਲ੍ਹਾਂ ਅਤੇ ਸਿਆਸੀ ਬਦਲਾਖੋਰੀ ਨਾਲ ਇਸ ਆਵਾਜ਼ ਨੂੰ ਚੁੱਪ ਕਰਵਾ ਦਿੱਤਾ ਜਾਵੇਗਾ। ਪਰ ਮੈਂ ਅੱਜ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਦ ਤੱਕ ਆਖ਼ਰੀ ਸਾਹ ਹੈ, ਇਹ ਆਵਾਜ਼ ਪੰਜਾਬ, ਪੰਜਾਬੀਆਂ, ਹੱਕ ਅਤੇ ਸੱਚ ਲਈ ਬੁਲੰਦ ਹੁੰਦੀ ਰਹੇਗੀ। ਨਾ ਅਸੀਂ ਝੁਕੇ ਸੀ, ਨਾ ਝੁਕਾਂਗੇ। ਨਾ ਅਸੀਂ ਡਰੇ ਸੀ, ਨਾ ਡਰਾਂਗੇ। ਜਿਹੜੇ ਵਰਕਰ ਮੇਰੇ ਨਾਲ ਖੜ੍ਹੇ ਰਹੇ, ਮੈਂ ਉਹਨਾਂ ਦੇ ਕਰਜ਼ੇ ਹੇਠ ਹਾਂ ਅਤੇ ਉਹਨਾਂ ਦੇ ਹੱਕਾਂ ਦੀ ਲੜਾਈ ਆਪਣੀ ਆਖ਼ਰੀ ਸਾਹ ਤੱਕ ਲੜਦਾ ਰਹਾਂਗਾ।” ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਹਮੇਸ਼ਾ ਉਹਨਾਂ ਨੂੰ ਇਹ ਬਲ ਬਖ਼ਸ਼ਦੇ ਰਹਿਣ ਕਿ ਉਹ ਸੱਚ ਲਈ ਖੜ੍ਹੇ ਰਹਿਣ, ਅਨਿਆਂ ਦੇ ਵਿਰੁੱਧ ਆਵਾਜ਼ ਚੁੱਕਦੇ ਰਹਿਣ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਿਣ। ਅਖੀਰ ਵਿੱਚ ਉਹਨਾਂ ਕਿਹਾ ਕਿ “ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ। ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਹੈ।”