ਚੰਗੇ ਮੌਕੇ ਦੀ ਤਲਾਸ਼ ਵਿੱਚ ਰਹਿੰਦੀ ਹਾਂ : ਕੁਬਰਾ ਸੇਠ

ਫਿਲਮ ’ਜਵਾਨੀ ਜਾਨੇਮਨ’, ’ਗਲੀ ਬੁਆਏ’ ਵਿੱਚ ਕੰਮ ਕਰ ਚੁੱਕੀ ਕੁਬਰਾ ਸੇਠ ਨੂੰ ਪਛਾਣ ਮਿਲੀ ਵੈੱਬ ਸ਼ੋਅ ’ਸੇਕ੍ਰੇਡ ਗੇਮਸ’ ਦੇ ਕਿਰਦਾਰ ਕੁਕੂ ਤੋਂ। ਵੂਟ ਸਿਲੈਕਟ ਦੇ ਸ਼ੋਅ ’ਇਲਲੀਗਲ’ ਵਿੱਚ ਕੈਦੀ ਦੀ ਭੂਮਿਕਾ ਵਿੱਚ ਪਿੱਛੇ ਜਿਹੇ ਉਸ ਦਾ ਅਲੱਗ ਅੰਦਾਜ਼ ਵਿੱਚ ਨਜ਼ਰ ਆਇਆ। ਪੇਸ਼ ਹਨ ਉਸ ਨਾਲ ਮੁਲਾਕਾਤ ਦੇ ਕੁਝ ਅੰਸ਼ :
& ਗਲੈਮਰਸ ਕੁਕੂ ਤੋਂ ਇਲਾਵਾ ’ਇਲਲੀਗਲ’ ਵਿੱਚ ਤੁਸੀਂ ਡੀ-ਗਲੈਮ ਅਵਤਾਰ ਵਿੱਚ ਹੋ। ਕਿਰਦਾਰਾਂ ਦੇ ਮੁਤਾਬਕ ਖੁਦ ਨੂੰ ਬਦਲਣ ਵਿੱਚ ਤੁਹਾਡਾ ਕਿੰਨਾ ਯੋਗਦਾਨ ਹੁੰਦਾ ਹੈ?
-ਮੈਂ ਕਿਸੇ ਕਿਰਦਾਰ ਨੂੰ ਜੱਜ ਨਹੀਂ ਕਰਦੀ। ਜਦ ਤੁਸੀਂ ਕਿਰਦਾਰ ਨੂੰ ਬਿਨਾਂ ਜੱਜ ਕੀਤੇ ਨਿਭਾਓ ਤਾਂ ਨਿਆਂ ਕਰ ਸਕੋਗੇ। ’ਇਲਲੀਗਲ’ ਵਿੱਚ ਮੇਰਾ ਕਿਰਦਾਰ ਮੌਤ ਦੀ ਸਜ਼ਾ ਦੇ ਇੰਤਜ਼ਾਰ ਵਿੱਚ ਹੈ। ਕਿਰਦਾਰ ਦੇ ਲੁਕ ਨੂੰ ਘੜਨ ਵਿੱਚ ਮੇਰਾ ਯੋਗਦਾਨ ਰਿਹਾ। ਚਿਹਰੇ ’ਤੇ ਕੱਟ ਦੇ ਨਿਸ਼ਾਨ ਸਨ। ਮੈਂ ਕਹਿੰਦੀ ਸੀ ਕਿ ਹੋਰ ਵੱਧ ਨਿਸ਼ਾਨ ਬਣਾ ਦਿਓ। ਤਾਂ ਕਿ ਕਿਰਦਾਰ ਅਸਲੀ ਲੱਗੇ।
& ਇਸ ਸ਼ੋਅ ਦੇ ਲਈ ਅਸਲ ਜੇਲ੍ਹ ਵਿੱਚ ਸ਼ੂਟਿੰਗ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
– ਅਸੀਂ ਮੁੰਬਈ ਦੇ ਮਾਹਿਮ ਵਿੱਚ ਜੁਵੇਨਾਈਲ ਡਿਟੈਂਸ਼ਨ ਸੈਂਟਰ ਵਿੱਚ ਸ਼ੂਟ ਕੀਤਾ ਸੀ। ਜੇਲ੍ਹ ਦੇ ਅੰਦਰ ਜਾਣ ਦੇ ਬਾਅਦ ਮਾਈਂਡਸੈਟ ਪੂਰੀ ਤਰ੍ਹਾਂ ਬਦਲ ਜਾਂਦਾ ਸੀ। ਸ਼ਾਮ ਸਾਢੇ ਛੇ ਵਜੇ ਦੇ ਬਾਅਦ ਸਾਨੂੰ ਸ਼ੂਟਿੰਗ ਕਰਨ ਦੀ ਇਜਾਜ਼ਤ ਨਹੀਂ ਸੀ। ਸਾਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਆਪਣਾ ਸਾਮਾਨ ਅਤੇ ਗੱਡੀਆਂ ਸੁਰੱਖਿਅਤ ਜਗ੍ਹਾ ਖੜ੍ਹੀਆਂ ਕਰੋ। ਹਮੇਸ਼ਾ ਚੌਕੰਨਾ ਰਹਿਣਾ ਹੁੰਦਾ ਸੀ। ਤੇਜ਼ ਆਵਾਜ਼ ਵਿੱਚ ਗੱਲ ਨਹੀਂ ਕਰ ਸਕਦੇ ਸੀ।
& ਗੰਭੀਰ ਕਿਰਦਾਰਾਂ ’ਚੋਂ ਨਿਕਲਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
– ਇੱਕ ਕਲਾਕਾਰ ਦਾ ਸਫਰ ਸਿਰਫ ਐਕਸ਼ਨ ਅਤੇ ਕੱਟ ਵਿੱਚ ਹੁੰਦਾ ਹੈ। ਉਸੇ ਦਰਮਿਆਨ ਕਿਰਦਾਰ ਨੂੰ ਜਿਊਣਾ ਹੁੰਦਾ ਹੈ। ਉਸ ਕਿਰਦਾਰ ਨੂੰ ਘਰ ਲੈ ਕੇ ਨਹੀਂ ਜਾਣਾ ਚਾਹੀਦਾ। ਮੈਂ ਇਹੀ ਕਰਦੀ ਹਾਂ।
& ਤੁਸੀਂ ਛੋਟੇ ਕਿਰਦਾਰ ਵੀ ਕੀਤੇ ਹਨ। ਕਿਰਦਾਰ ਦੀ ਲੰਬਾਈ ਕਿੰਨੀ ਮਾਇਨੇ ਰੱਖਦੀ ਹੈ?
– ਮੈਂ ਹਰ ਉਹ ਮੌਕਾ ਦੇਖਦੀ ਹਾਂ, ਜਿੱਥੇ ਚੰਗੇ ਲੋਕ ਕੰਮ ਕਰਦੇ ਹਨ ਅਤੇ ਸਿੱਖਣ ਦਾ ਮੌਕਾ ਮਿਲਦਾ ਹੈ। ’ਗਲੀ ਬੁਆਏ’ ਵਿੱਚ ਮੇਰਾ ਸਿਰਫ ਇੱਕੋ ਸੀਨ ਹੈ, ਪਰ ਮੈਂ ਉਹ ਕੰਮ ਦਿਲ ਨਾਲ ਕੀਤਾ ਸੀ। ਮੈਨੂੰ ਰਣਵੀਰ ਸਿੰਘ ਤੇ ਜ਼ੋਇਆ ਅਖਤਰ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ।
& ਜਦ ਲੋਕ ਤੁਹਾਨੂੰ ਵੈੱਬ ਐਕਟਰ ਕਹਿੰਦੇ ਹਨ ਤਾਂ ਤੁਹਾਡਾ ਜਵਾਬ ਕੀ ਹੁੰਦਾ ਹੈ?
– ਮੈਂ ਬੱਸ ਇਹੀ ਕਹਿੰਦੀ ਹਾਂ ਕਿ ਕਲਾਕਾਰ ਸਿਰਫ ਕਲਾਕਾਰ ਹੁੰਦਾ ਹੈ। ਕਈ ਵੱਡੇ ਕਲਾਕਾਰਾਂ ਦੀਆਂ ਫਿਲਮਾਂ ਅੱਜ ਵੈਬ ’ਤੇ ਰਿਲੀਜ਼ ਹੋ ਰਹੀਆਂ ਹਨ। ਵੈੱਬ ਪ੍ਰਫਾਰਮੈਂਸ ਦੇ ਲਈ ਬਿਹਤਰੀਨ ਪਲੇਟਫਾਰਮ ਹੈ।
& ਤੁਸੀਂ ਫਿਲਵਮ ’ਡੌਲੀ ਕਿੱਟੀ ਔਰ ਵੋ ਚਮਕਤੇ ਸਿਤਾਰੇ’ ਵਿੱਚ ਹੋ, ਕੀ ਉਹ ਫਿਲਮ ਵੈਬ ’ਤੇ ਆਏਗੀ?
– ਫਿਲਮ ਵਿੱਚ ਮੈਂ ਇੱਕ ਸਿਰਫਿਰੀ, ਮੂੰਹਫਟ ਲੜਕੀ ਬਣੀ ਹਾਂ। ਕਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਫਿਲਹਾਲ ਮੈਨੂੰ ਨਹੀਂ ਪਤਾ ਕਿ ਫਿਲਮ ਵੈੱਬ ’ਤੇ ਆਏਗੀ ਜਾਂ ਨਹੀਂ।
ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਇਮੇਜ ਨੂੰ ਫਰਕ ਨਹੀਂ ਪੈਂਦਾ : ਵਿਦਿਆ ਬਾਲਨ
ਔਰਤਾਂ ’ਤੇ ਅਤਿਆਚਾਰ ਦੇ ਮੁੱਦੇ ’ਤੇ ਬਣੀ ਵਿਦਿਆ ਬਾਲਨ ਦੀ ਸ਼ਾਰਟ ਫਿਲਮ ’ਨਟਖਟ’ ਪਿੱਛੇ ਜਿਹੇ ਰਿਲੀਜ਼ ਹੋਈ ਹੈ। ਇਸ ਖਾਸ ਗੱਲਬਾਤ ਵਿੱਚ ਵਿਦਿਆ ਨੇ ਇਸ ਫਿਲਮ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
& ’ਨਟਖਟ’ ਕਿਸ ਤਰ੍ਹਾਂ ਦੇ ਗੰਭੀਰ ਮੁੱਦਿਆਂ ਨੂੰ ਟਚ ਕਰ ਰਹੀ ਹੈ?
– ਸਾਡੇ ਪੁਰਸ਼ ਪ੍ਰਧਾਨ ਸਮਾਜ ਵਿੱਚ ਮਰਦ ਅਤੇ ਔਰਤ ਨੂੰ ਅੱਜ ਵੀ ਕਿਸ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਹੈ, ਇਹ ਉਸ ਫਿਲਮ ਵਿੱਚ ਦਿਖਾਇਆ ਗਿਆ ਹੈ। ਸਮਾਜ ਵਿੱਚ ਔਰਤਾਂ ਦੀ ਜਗ੍ਹਾ ਕੀ ਹੈ, ਇਸ ਬਾਰੇ ’ਨਟਖਟ’ ਵਿੱਚ ਕਈ ਸਵਾਲ ਉਠਾਏ ਗਏ ਹਨ। ਇਨ੍ਹਾਂ ਸਾਰੇ ਸਵਾਲਾਂ ਨੂੰ ਮਾਂ-ਬੇਟੇ ਦੇ ਰਿਸ਼ਤੇ ਨਾਲ ਉਠਾਇਆ ਗਿਆ ਹੈ। ਮਾਂ ਆਪਣੇ ਬੱਚੇ ਨੂੰ ਕਹਾਣੀ ਦੇ ਜ਼ਰੀਏ ਸਮਝਾਉਂਦੀ ਹੈ ਕਿ ਉਸ ਦੇ ਆਲੇ ਦੁਆਲੇ ਜੋ ਸਮਾਜ ਦੇ ਮਰਦ ਹਨ, ਉਹ ਉਨ੍ਹਾਂ ਵਰਗਾ ਨਾ ਬਣੇ।
& ਇਸ ਤੋਂ ਪਹਿਲਾਂ ਵੀ ਲਿੰਗਿਕ ਅਸਮਾਨਤਾ, ਘਰੇਲੂ ਹਿੰਸਾ ਤੇ ਰੇਪ ’ਤੇ ਫਿਲਮਾਂ ਆਈਆਂ ਹਨ। ਇਥੇ ਕਿਨ੍ਹਾਂ ਪਹਿਲੂਆਂ ’ਤੇ ਗੱਲ ਕੀਤੀ ਗਈ ਹੈ?
– ਇਨ੍ਹਾਂ ਸਾਰੇ ਮੁੱਦਿਆਂ ’ਤੇ ਫਿਲਮਾਂ ਜ਼ਰੂਰ ਬਣੀਆਂ ਹਨ, ਪਰ ਇਹ ਸ਼ਾਇਦ ਅਜਿਹੀ ਪਹਿਲੀ ਫਿਲਮ ਹੈ, ਜਿਸ ਵਿੱਚ ਇੱਕ ਔਰਤ ਆਪਣੇ ਬੇਟੇ ਨੂੰ ਸਮਾਜ ਨੂੰ ਦੇਖਣ ਦਾ ਨਵਾਂ ਨਜ਼ਰੀਆ ਦੇ ਰਹੀ ਹੈ ਅਤੇ ਉਸ ਨੂੰ ਸਿਖਾ ਰਹੀ ਹੈ ਕਿ ਉਸ ਨੂੰ ਕੀ ਕਰਨਾ ਹੈ ਅਤੇ ਕੀ ਨਹੀਂ।
& ਇਹ ਕਿਰਦਾਰ ਨਿਭਾਉਣ ਦੀ ਖਾਤਿਰ ਦਿਹਾਤੀ ਪਰਿਵੇਸ਼ ਵਿੱਚ ਕਿਵੇਂ ਢਲੇ?
– ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਦ ਕਦੇ ਕੋਈ ਵੀ ਕਿਰਦਾਰ ਨਿਭਾਵਾਂ ਤਾਂ ਉਸ ਦਾ ਹਿੱਸਾ ਬਣ ਜਾਵਾਂ ਤੇ ਫਿਰ ਐਕਟਰ ਦਾ ਤਾਂ ਕੰਮ ਹੀ ਇਹੀ ਹੈ।
& ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਜਦ ਇਨ੍ਹਾਂ ਮੁੱਦਿਆਂ ’ਤੇ ਸਾਡੀਆਂ ਫਿਲਮਾਂ ਜਾਣ ਤਾਂ ਕੀ ਇਮੇਜ ਬਣਦੀ ਹੈ ਭਾਰਤ ਦੀ? ਕੀ ਇਹ ਬਦਲ ਸਕੇਗੀ?
-ਇਮੇਜ਼ ਨਾਲ ਕੀ ਫਰਕ ਪੈਂਦਾ ਹੈ, ਜਦ ਸਾਡੇ ਦੇਸ਼ ਦੀ ਇਹੀ ਸੱਚਾਈ ਹੈ। ਇਹ ਸ਼ਰਮਾਉਣ ਦੀ ਗੱਲ ਨਹੀਂ। ਅਸੀਂ ਇਹ ਫਿਲਮ ਦੂਸਰਿਆਂ ਲਈ ਨਹੀਂ ਬਣਾਈ। ਆਪਣੇ ਲੋਕਾਂ ਲਈ ਬਣਾਈ ਹੈ ਤੇ ਸੱਚ ਕਹਾਂ ਤਾਂ ਇਹ ਸਿਰਫ ਸਾਡੇ ਹੀ ਦੇਸ਼ ਦੀ ਨਹੀਂ, ਬਲਕਿ ਪੂਰੀ ਦੁਨੀਆ ਦੀ ਪ੍ਰਾਬਲਮ ਹੈ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !