ਜਦੋਂ ਭਾਰਤ ‘ਚ ਪਹਿਲੀ ਵਾਰ ‘ਨਕਲੀ ਮੀਂਹ’ ਪੈਂਦਾ-ਪੈਂਦਾ ਰਹਿ ਗਿਆ !

ਭਾਰਤ ਦੇ ਵਿੱਚ ਪਹਿਲੀ ਵਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਵਿਗਿਆਨਕ ਤੌਰ 'ਤੇ ਪਹਿਲੀ ਵਾਰ ਟੈਸਟ ਕੀਤਾ ਗਿਆ।

ਭਾਰਤ ਦੇ ਵਿੱਚ ਪਹਿਲੀ ਵਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਵਿਗਿਆਨਕ ਤੌਰ ‘ਤੇ ਪਹਿਲੀ ਵਾਰ ਟੈਸਟ ਕੀਤਾ ਗਿਆ। ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਗਿਆ ਅਤੇ ਇਸ ਸਮੱਸਿਆ ਤੋਂ ਦਿੱਲੀ ਦੇ ਵਾਸੀਆਂ ਨੂੰ ਰਾਹਤ ਪਹੁੰਚਾੳੇੁਣ ਦੇ ਲਈ ਸੂਬੇ ਦੀ ਸਰਕਾਰ ਦੇ ਵਲੋਂ ਦਿੱਲੀ ਦੇ ਵਿੱਚ ‘ਨਕਲੀ ਮੀਂਹ’ ਪਾਉਣ ਦੇ ਲਈ ‘ਕਲਾਉਡ ਸੀਡਿੰਗ’ ਟੈਕਨੀਕ ਨੂੰ ਵਰਤਣ ਦਾ ਫੈਸਲਾ ਕੀਤਾ ਗਿਆ। ਦਿੱਲੀ ਸਰਕਾਰ ਵਲੋਂ ਇਸ ਸਬੰਧੀ ਆਈਆਈਟੀ ਕਾਨਪੁਰ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਇਸ ਸਮਝੌਤੇ ਦੇ ਅਨੁਸਾਰ ਉੱਤਰ-ਪੱਛਮੀ ਦਿੱਲੀ ਵਿੱਚ ਪੰਜ ਨਕਲੀ ਮੀਂਹ ਦੇ ਟੈਸਟ ਕੀਤੇ ਜਾਣੇ ਸਨ। ਦਿੱਲੀ ਕੈਬਨਿਟ ਨੇ ਇਸ ਪ੍ਰਯੋਗ ਦੇ ਲਈ 3.21 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਕਲਾਉਡ ਸੀਡਿੰਗ ਪ੍ਰਯੋਗਾਂ ਨੂੰ ਮਨਜ਼ੂਰੀ ਦਿੱਤੀ ਸੀ। ਇਹ ਟੈਸਟ ਸਰਦੀਆਂ ਦੇ ਮਹੀਨਿਆਂ ਦੌਰਾਨ ਪ੍ਰਦੂਸ਼ਣ ਘਟਾਉਣ ਅਤੇ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਦਿੱਲੀ ਸਰਕਾਰ ਦੀ ਵਿਆਪਕ ਯੋਜਨਾ ਦਾ ਹਿੱਸਾ ਸੀ। ਜੇਕਰ ਇਹ ਪ੍ਰਯੋਗ ਸਫਲ ਹੁੰਦਾ ਤਾਂ ਫਰਵਰੀ ਤੱਕ ਦਿੱਲੀ ਸਰਕਾਰ ਵਲੋਂ ਲੰਬੇ ਸਮੇਂ ਦੇ ਲਈ ਇਸਨੂੰ ਲਾਗੂ ਕਰਨ ਦੀ ਯੋਜਨਾ ਤਿਆਰ ਕੀਤੀ ਜਾਣੀ ਸੀ। ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਦਿੱਲੀ ਵਿੱਚ ਨਕਲੀ ਮੀਂਹ ਪੁਆਉਣ ਦੀ ਯੋਜਨਾ ਤਿਆਰ ਕੀਤੀ ਗਈ ਸੀ। ਹਾਲਾਂਕਿ, ਇਸਦਾ ਜ਼ਿਕਰ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਸਰਕਾਰ ਦੌਰਾਨ ਕੀਤਾ ਗਿਆ ਸੀ। 2023 ਵਿੱਚ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਇਸ ਖੇਤਰ ਵਿੱਚ ਨਕਲੀ ਮੀਂਹ ਬਣਾਉਣ ਦੀ ਇਜਾਜ਼ਤ ਮੰਗੀ ਸੀ।

ਇਸ ਸਬੰਧੀ ਆਈਆਈਟੀ ਕਾਨਪੁਰ ਦੀ ਟੀਮ ਨੇ ਇਹ ਟੈਸਟ ਦਿੱਲੀ ਤੋਂ ਲਗਭਗ 25 ਸਮੁੰਦਰੀ ਮੀਲ ਲੰਬੇ ਅਤੇ 4 ਸਮੁੰਦਰੀ ਮੀਲ ਚੌੜੇ ਖੇਤਰ ਵਿੱਚ ਕੀਤੀ। ਪਹਿਲੇ ਪੜਾਅ ਵਿੱਚ ਜ਼ਮੀਨੀ ਪੱਧਰ ਤੋਂ ਲਗਭਗ 4,000 ਫੁੱਟ ਦੀ ਉਚਾਈ ‘ਤੇ ਛੇ ਫਲੇਅਰ ਛੱਡੇ ਗਏ ਜਦੋਂ ਕਿ ਦੂਜੇ ਪੜਾਅ ਵਿੱਚ ਲਗਭਗ 5,000-6,000 ਫੁੱਟ ਦੀ ਉਚਾਈ ‘ਤੇ ਅੱਠ ਫਲੇਅਰਾਂ ਨੂੰ ਛੱਡਿਆ ਗਿਆ।

‘ਕਲਾਉਡ ਸੀਡਿੰਗ’ ਜਾਣੀ ਕਿ ‘ਨਕਲੀ ਮੀਂਹ’ ਇੱਕ ਵਿਗਿਆਨਕ ਤਕਨੀਕ ਹੈ ਜਿਸ ਵਿੱਚ ਸਿਲਵਰ ਆਇਓਡਾਈਡ ਜਾਂ ਸੁੱਕੀ ਬਰਫ਼ (ਠੋਸ ਕਾਰਬਨ ਡਾਈਆਕਸਾਈਡ), ਨਮਕ ਜਾਂ ਹੋਰ ਰਸਾਇਣਕ ਕਣ ਬੱਦਲਾਂ ਵਿੱਚ ਛਿੜਕਾਏ ਜਾਂਦੇ ਹਨ। ਇਸ ਨਾਲ ਬੱਦਲਾਂ ਵਿੱਚ ਨਮੀ ਬੂੰਦਾਂ ਜਾਂ ਬਰਫ਼ ਦੇ ਕ੍ਰਿਸਟਲ ਵਿੱਚ ਸੰਘਣੀ ਹੋ ਜਾਂਦੀ ਹੈ ਅਤੇ ਜਦੋਂ ਇਹ ਕਣ ਭਾਰੀ ਹੋ ਜਾਂਦੇ ਹਨ ਤਾਂ ਇਹ ਮੀਂਹ ਦੇ ਰੂਪ ਵਿੱਚ ਜ਼ਮੀਨ ‘ਤੇ ਡਿੱਗਦੇ ਹਨ। ਇਸ ਵਿਧੀ ਨੂੰ ਨਕਲੀ ਮੀਂਹ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਲਈ ਢੁਕਵੇਂ ਬੱਦਲ ਕਿਸਮਾਂ ਅਤੇ ਵਾਯੂਮੰਡਲੀ ਦੀਆਂ ਸਥਿਤੀਆਂ ਅਤਿ ਜਰੂਰੀ ਹੁੰਦੀਆਂ ਹਨ। ਇਸਦਾ ਉਦੇਸ਼ ਬੱਦਲਾਂ ਵਿੱਚ ਵਿਸ਼ੇਸ਼ ਰਸਾਇਣਾਂ ਦਾ ਛਿੜਕਾਅ ਕਰਕੇ ਮੀਂਹ ਪਾਉਣਾ ਹੈ। ਇਹ ਟੈਕਨੀਕ ਖਾਸ ਤੌਰ ‘ਤੇ ਘੱਟ ਕੁਦਰਤੀ ਮੀਂਹ ਵਾਲੇ ਖੇਤਰਾਂ ਵਿੱਚ ਮਹੱਤਵਪੂਰਨ ਹੈ। ਜਦੋਂ ਰਸਾਇਣਾਂ ਨੂੰ ਨਿਸ਼ਕਿਰਿਆ ਬੱਦਲਾਂ ‘ਤੇ ਲਗਾਇਆ ਜਾਂਦਾ ਹੈ ਤਾਂ ਵਾਯੂਮੰਡਲ ਵਿੱਚ ਪਾਣੀ ਦੀ ਭਾਫ਼ ਛੋਟੇ ਕਣਾਂ ਦੇ ਆਲੇ-ਦੁਆਲੇ ਇਕੱਠੀ ਹੋ ਜਾਂਦੀ ਹੈ ਅਤੇ ਬੂੰਦਾਂ ਵਿੱਚ ਇਕੱਠੇ ਹੋ ਜਾਂਦੀ ਹੈ। ਇਹ ਲੂਣ ਕਣ ਇਨ੍ਹਾਂ ਬੂੰਦਾਂ ਲਈ ਇੱਕ ਵਾਧੂ ਨਿਊਕਲੀਅਸ ਵਜੋਂ ਕੰਮ ਕਰਦੇ ਹਨ। ਇਸ ਨਿਊਕਲੀਅਸ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕ ਤੋਂ ਬਾਅਦ ਇੱਕ ਭਾਫ਼ ਇਕੱਠੀ ਕਰਕੇ ਬੂੰਦਾਂ ਬਣਾਉਂਦਾ ਹੈ। ਜਿਵੇਂ-ਜਿਵੇਂ ਇਹ ਬੂੰਦਾਂ ਵਧਦੀਆਂ ਅਤੇ ਭਾਰੀ ਹੁੰਦੀਆਂ ਜਾਂਦੀਆਂ ਹਨ, ਉਨ੍ਹਾਂ ਦੇ ਟਕਰਾਅ ਵਧਦੇ ਹਨ। ਇਹੀ ਬੱਦਲਾਂ ਨੂੰ ਸਰਗਰਮ ਕਰਦਾ ਹੈ ਅਤੇ ਮੀਂਹ ਦਾ ਕਾਰਣ ਬਣਦਾ ਹੈ। ਇਸ ਪੂਰੀ ਪ੍ਰਕਿਰਿਆ ਵਿੱਚ ਇੱਕ ਮਹੱਤਵਪੂਰਨ ਗੱਲ ਧਿਆਨ ਦੇਣ ਯੋਗ ਹੈ ਕਿ ਬੱਦਲ ਬੀਜਣ ਨਾਲ ਮੀਂਹ ਨਹੀਂ ਪੈਂਦਾ, ਸਗੋਂ ਬੱਦਲਾਂ ਦੀ ਗਤੀਵਿਧੀ ਵਧਦੀ ਹੈ। ਇਸ ਗਤੀਵਿਧੀ ਨੂੰ ਇਸ ਹੱਦ ਤੱਕ ਵਧਾਇਆ ਜਾਣਾ ਚਾਹੀਦਾ ਹੈ ਕਿ ਇਸਦੇ ਅੰਦਰਲੀਆਂ ਬੂੰਦਾਂ ਵੱਡੀਆਂ ਹੋ ਜਾਣ ਅਤੇ ਧਰਤੀ ‘ਤੇ ਮੀਂਹ ਪੈ ਜਾਣ। ਜੇਕਰ ਇਹ ਬੂੰਦਾਂ ਛੋਟੀਆਂ ਰਹਿੰਦੀਆਂ ਹਨ ਤਾਂ ਬੱਦਲ ਜਾਂ ਤਾਂ ਸਰਗਰਮ ਨਹੀਂ ਹੋਵੇਗਾ ਜਾਂ ਬੂੰਦਾਂ ਉੱਪਰਲੇ ਵਾਯੂਮੰਡਲ ਵਿੱਚ ਡਿੱਗਦੇ ਹੀ ਭਾਫ਼ ਬਣ ਜਾਣਗੀਆਂ। ਹਰ ਵਾਤਾਵਰਣ ਵਿੱਚ ਨਕਲੀ ਮੀਂਹ ਪੈਦਾ ਨਹੀਂ ਕੀਤਾ ਜਾ ਸਕਦਾ। ਇਸ ਲਈ ਖਾਸ ਕਿਸਮ ਦੇ ਬੱਦਲਾਂ ਅਤੇ ਇੱਕ ਖੇਤਰ ਵਿੱਚ ਉਨ੍ਹਾਂ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ। ਵਿਗਿਆਨੀਆਂ ਦੇ ਅਨੁਸਾਰ ਕੋਈ ਵੀ ਬੱਦਲ ਜੋ ਨਕਲੀ ਮੀਂਹ ਪੈਦਾ ਕਰਨ ਲਈ ਕਿਰਿਆਸ਼ੀਲ ਹੁੰਦੇ ਹਨ ਉਨ੍ਹਾਂ ਵਿੱਚ ਪਹਿਲਾਂ ਹੀ ਕੁਝ ਨਮੀ ਜਾਂ ਪਾਣੀ ਦੀ ਭਾਫ਼ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਸ ਖੇਤਰ ਵਿੱਚ ਜਿੱਥੇ ਮੀਂਹ ਪੈਣਾ ਹੈ, ਵੱਡੀ ਗਿਣਤੀ ਵਿੱਚ ਬੱਦਲਾਂ ਅਤੇ ਉਨ੍ਹਾਂ ਦੇ ਵੱਡੇ ਪੁੰਜ ਦੀ ਮੌਜੂਦਗੀ ਵੀ ਇੱਕ ਪੂਰਵ ਸ਼ਰਤ ਹੁੰਦੀ ਹੈ।

ਕਲਾਊਡ ਸੀਡਿੰਗ ਪ੍ਰਦੂਸ਼ਣ ਕਰਨ ਵਾਲੇ ਕਣਾਂ ਨੂੰ ਸਿੱਧੇ ਤੌਰ ‘ਤੇ ਨਹੀਂ ਹਟਾਉਂਦੀ ਪਰ ਇਹ ਮੀਂਹ ਦੁਆਰਾ ਹਵਾ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾ ਸਕਦੀ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਧੂੜ, ਪਰਾਗ ਅਤੇ ਹਵਾ ਵਿੱਚ ਲਟਕਦੇ ਹੋਰ ਪ੍ਰਦੂਸ਼ਕ ਪਾਣੀ ਦੀਆਂ ਬੂੰਦਾਂ ਨਾਲ ਮਿਲ ਜਾਂਦੇ ਹਨ ਅਤੇ ਜ਼ਮੀਨ ‘ਤੇ ਡਿੱਗਦੇ ਹਨ। ਇਸ ਤਰ੍ਹਾਂ ਮੀਂਹ ਹਵਾ ਨੂੰ ਸਾਫ਼ ਕਰਦਾ ਹੈ। ਇਹ ਖਾਸ ਤੌਰ ‘ਤੇ ਸ਼ਹਿਰਾਂ ਜਾਂ ਉਦਯੋਗਿਕ ਖੇਤਰਾਂ ਵਿੱਚ ਲਾਭਦਾਇਕ ਹੋ ਸਕਦਾ ਹੈ ਜਿੱਥੇ ਹਵਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੁੰਦੀ ਹੈ।

ਇਸ ਟੈਸਟ ਦੇ ਦੌਰਾਨ ਜਹਾਜ਼ ਵਿੱਚੋਂ ਥੋੜ੍ਹੀ ਮਾਤਰਾ ਵਿੱਚ ਸਿਲਵਰ ਆਇਓਡਾਈਡ ਅਤੇ ਸੋਡੀਅਮ ਕਲੋਰਾਈਡ ਮਿਸ਼ਰਣ ਛੱਡੇ ਗਏ ਜੋ ਕਿ ਨਕਲੀ ਮੀਂਹ ਪਾਉਣ ਲਈ ਵਰਤੇ ਜਾਂਦੇ ਹਨ। ਇਹ ਇੱਕ ਵੱਖਰੀ ਗੱਲ ਹੈ ਕਿ ਵਾਯੂਮੰਡਲੀ ਨਮੀ 20 ਪ੍ਰਤੀਸ਼ਤ ਤੋਂ ਘੱਟ ਹੋਣ ਦੇ ਕਾਰਣ ਆਮ ਤੌਰ ‘ਤੇ ਕਲਾਉਡ ਸੀਡਿੰਗ ਲਈ ਲੋੜੀਂਦੀ 50 ਪ੍ਰਤੀਸ਼ਤ ਦੇ ਮੁਕਾਬਲੇ ਦਿੱਲੀ ਦੇ ਵਿੱਚ ਮੀਂਹ ਨਹੀਂ ਪੈ ਸਕਿਆ। ਪ੍ਰਦੂਸ਼ਣ ਨੂੰ ਘੱਟ ਕਰਨ ਦੇ ਲਈ ਦਿੱਲੀ ਸਰਕਾਰ ਨੇ ਇਸ ਦੇ ਲਈ ਨਕਲੀ ਮੀਂਹ ਦਾ ਸਫਲਤਾਪੂਰਵਕ ਟੈਸਟ ਤਾਂ ਕੀਤਾ ਪਰ ਫਿਰ ਵੀ ਮੀਂਹ ਨਹੀਂ ਪਿਆ।

ਇਸੇ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਦੇ ਨਾਮ ‘ਤੇ ਨਕਲੀ ਮੀਂਹ ਦੇ ਭਾਜਪਾ ਸਰਕਾਰ ਦੇ ਦਾਅਵੇ ‘ਤੇ ਵੱਡਾ ਹਮਲਾ ਕਰਦਿਆਂ ਪਾਰਟੀ ਦੇ ਸੂਬਾ ਕਨਵੀਨਰ ਸੌਰਭ ਭਾਰਦਵਾਜ ਨੇ ਦੋਸ਼ ਲਗਾਇਆ ਕਿ, “ਸਰਕਾਰ ਨੇ ਨਕਲੀ ਮੀਂਹ ਦੇ ਨਾਮ ‘ਤੇ ਵੀ ਧੋਖਾਧੜੀ ਕੀਤੀ ਹੈ, ਕਿਉਂਕਿ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ। ਉਨ੍ਹਾਂ ਨੇ ਮਜ਼ਾਕ ਉਡਾਦਿਆਂ ਕਿਹਾ ਕਿ, “ਭਾਜਪਾ ਨੇ ਸ਼ਾਇਦ ਸੋਚਿਆ ਸੀ ਕਿ ਭਗਵਾਨ ਇੰਦਰ ਮੀਂਹ ਪਾਵੇਗਾ ਅਤੇ ਸਰਕਾਰ ਖਰਚੇ ਦਿਖਾਏਗੀ। ਪਰ ਅਜਿਹਾ ਕੋਈ ਸਾਧਨ ਜਾਂ ਪ੍ਰਣਾਲੀ ਨਹੀਂ ਹੈ ਜੋ ਦੱਸ ਸਕੇ ਕਿ ਭਗਵਾਨ ਇੰਦਰ ਮੀਂਹ ਪਾ ਰਿਹਾ ਹੈ ਜਾਂ ਭਾਜਪਾ ਸਰਕਾਰ। ਪਰ ਭਾਜਪਾ ਹਰ ਚੀਜ਼ ਦਾ ਸਿਹਰਾ ਲੈਣਾ ਚਾਹੁੰਦੀ ਹੈ ਅਤੇ ਹੁਣ ਇਹ ਭਗਵਾਨ ਇੰਦਰ ਦੇ ਕੰਮ ਦਾ ਸਿਹਰਾ ਵੀ ਲਵੇਗਾ। ਭਗਵਾਨ ਇੰਦਰ ਮੀਂਹ ਪਾਉਂਦੇ ਹਨ ਤਾਂ ਸਰਕਾਰ ਕੀਮਤ ਦਿਖਾਉਂਦੀ ਹੈ। ਜਦੋਂ ਮੀਂਹ ਨਹੀਂ ਪੈਂਦਾ ਤਾਂ ਸਰਕਾਰ ਚੁੱਪ ਰਹਿੰਦੀ ਹੈ।”

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !