ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਾਲ ਦਹਿਸ਼ਤ ਫੈਲੀ

ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ 'ਤੇ ਹੈ।

ਪੰਜਾਬ ਵਿੱਚ ਸਰਕਾਰੀ ਇਮਾਰਤਾਂ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ। ਜਲੰਧਰ ਦੇ ਬੀਐਸਐਫ ਚੌਕ ਨੇੜੇ ਐਕਟਿਵਾ ਬੰਬ ਧਮਾਕੇ ਤੋਂ ਬਾਅਦ, ਪ੍ਰਾਈਵੇਟ ਸਕੂਲਾਂ ਨੂੰ ਮਿਲੀਆਂ ਧਮਕੀਆਂ ਨੇ ਪ੍ਰਸ਼ਾਸਨ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਇਹਨਾਂ ਘਟਨਾਵਾਂ ਨੇ ਮਾਪਿਆਂ ਅਤੇ ਬੱਚਿਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਲੰਧਰ ਦੇ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਹਾਈ ਅਲਰਟ ‘ਤੇ ਹੈ।

ਬੀਐਮਸੀ ਚੌਕ ਸਥਿਤ ਏਪੀਜੇ ਸਕੂਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਕਾਰਨ ਸਕੂਲ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਛੁੱਟੀ ਦੇ ਦਿੱਤੀ ਅਤੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਘਰ ਭੇਜ ਦਿੱਤਾ। ਧਮਕੀ ਮਿਲਣ ‘ਤੇ ਸਕੂਲ ਕੈਂਪਸ ਵਿੱਚ ਦਹਿਸ਼ਤ ਫੈਲ ਗਈ, ਅਤੇ ਪੁਲਿਸ ਅਤੇ ਪ੍ਰਸ਼ਾਸਨਿਕ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਪੂਰੇ ਖੇਤਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਕੂਲ ਦੇ ਅਹਾਤੇ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ। ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।

ਇਸ ਦੌਰਾਨ ਏਡੀਸੀਪੀ ਆਕਰਸ਼ੀ ਜੈਨ ਨੇ ਕਿਹਾ ਹੈ ਕਿ, “ਸ਼ਹਿਰ ਦੇ ਪੰਜ ਤੋਂ ਛੇ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰੇਕ ਐਂਗਲ ਤੋਂ ਜਾਂਚ ਕਰ ਰਹੀਆਂ ਹਨ, ਜਦੋਂ ਕਿ ਸਾਈਬਰ ਕ੍ਰਾਈਮ ਟੀਮ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਹੀ ਹੈ।”

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਵੀ ਅੱਜ ਜਲੰਧਰ ਵਿੱਚ ਹਨ, ਜਿਸ ਕਾਰਣ ਇੱਥੇ ਸੁਰੱਖਿਆ ਸਖ਼ਤ ਹੈ। ਇਸ ਦੇ ਬਾਵਜੂਦ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਮੰਗਲਵਾਰ ਨੂੰ ਬੀਐਸਐਫ ਚੌਕ ਅਤੇ ਅੰਮ੍ਰਿਤਸਰ ਆਰਮੀ ਏਰੀਆ ਦੇ ਬਾਹਰ ਸਕੂਟਰ ‘ਤੇ ਧਮਾਕਾ ਹੋਇਆ ਸੀ। ਪੰਜਾਬ ਵਿੱਚ ਬੰਬ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।

ਪਾਕਿਸਤਾਨ ਆਪਣੀ ਸਰਹੱਦ ਦੇ ਨਾਲ ਲਗਦੇ ਭਾਰਤੀ ਸੂਬੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲਾਉਣਾ ਚਾਹੁੰਦਾ ਹੈ। ਪੰਜਾਬ ਦੇ ਵਿੱਚ ਪਿਛਲੇ ਕੁੱਝ ਦਿਨਾਂ ਅੰਦਰ ਬੰਬ ਧਮਾਕਿਆਂ ਦੀਆਂ ਵਾਪਰੀਆਂ ਤਾਜ਼ਾ ਘਟਨਾਵਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ਼ ਆਈ ਦੇ ਇਸ਼ਾਰੇ ‘ਤੇ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਘਟਨਾਵਾਂ ਭਾਰਤ ਦੇ ਵਲੋਂ ਕੀਤੇ ਗਏ ਆਪ੍ਰੇਸ਼ਨ ‘ਸਿੰਧੂਰ’ ਦੇ ਜਵਾਬ ਵਿਚ ਪਾਕਿਸਤਾਨ ਵੱਲੋਂ ਚਲਾਏ ਗਏ ਆਪ੍ਰੇਸ਼ਨ ‘ਬੁਨਿਆਨ ਉਨ ਮਰਸੂਸ’ ਨਾਲ ਜੁੜੀਆਂ ਹੋ ਸਕਦੀਆਂ ਹਨ। ਭਾਰਤ ਵੱਲੋਂ 6-7 ਮਈ 2025 ਦੇ ਦਰਮਿਆਨ ਆਪ੍ਰੇਸ਼ਨ ‘ਸਿੰਧੂਰ’ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਜਵਾਬ ਵਿਚ ਪਾਕਿਸਤਾਨ ਨੇ 10 ਮਈ ਨੂੰ ਆਪ੍ਰੇਸ਼ਨ ‘ਬੁਨਿਆਨ ਉਨ ਮਰਸੂਸ’ ਦੀ ਸ਼ੁਰੂਆਤ ਕੀਤੀ ਸੀ।

Related posts

ਕੀ ਪੰਜਾਬ ਸਿਆਸੀ ਖਿਲਾਅ ਵਿੱਚੋਂ ਨਿਕਲ ਸਕੇਗਾ ?

ਤੁਰ ਗਿਆ ਨਿਸ਼ਾਨੇਬਾਜ਼ੀ ਦਾ ਬਾਦਸ਼ਾਹ ਰਾਜਾ ਰਣਧੀਰ ਸਿੰਘ !

ਪੰਜਾਬ ਵਿੱਚ ਜਨਮ ਦਰ ਅਤੇ ਬੱਚੇ ਪੈਦਾ ਕਰਨ ਦੀ ਸਮਰੱਥਾ ਬਹੁਤ ਘੱਟ ਹੈ !